You’re viewing a text-only version of this website that uses less data. View the main version of the website including all images and videos.
ਕੰਬੋਡੀਆ ਦੇ ਖ਼ਮੇਰ ਰੂਜ ਦੇ 4 ਸਾਲ ਦੇ ਕਥਿਤ ਸਮਾਜਵਾਦ 'ਚ ਕਿਵੇਂ 20 ਲੱਖ ਲੋਕ ਮਾਰੇ ਗਏ ਸਨ, ਸਜ਼ਾ ਭੁਗਤ ਰਹੇ Nuon Chea ਦੀ ਮੌਤ
ਕੰਬੋਡੀਆ ਵਿੱਚ 1970 ਜੇ ਦਹਾਕੇ ਵਿੱਚ ਦੇਸ 'ਤੇ ਰਾਜ ਕਰਨ ਵਾਲੇ ਖ਼ਮੇਰ ਰੂਜ ਦੇ ਦੋ ਸੀਨੀਅਰ ਨੇਤਾਵਾਂ ਨੂੰ ਨਵੰਬਰ 2018 ਵਿੱਚ ਪਹਿਲੀ ਵਾਰ 'ਕਤਲੇਆਮ' ਦਾ ਦੋਸ਼ੀ ਠਹਿਰਾਇਆ ਗਿਆ ਸੀ। ਜਿਨ੍ਹਾਂ ਵਿੱਚੋਂ ਨੁਓਨ ਚੀ ਦੀ ਮੌਤ ਹੋ ਗਈ ਹੈ।
93 ਸਾਲ ਦੇ ਨੁਓਨ ਚੀ ਖ਼ਮੇਰ ਰੂਜ ਸਰਕਾਰ ਵਿੱਚ ਵਿਚਾਰਧਾਰਾ ਪ੍ਰਮੁੱਖ ਮੰਨੇ ਜਾਂਦੇ ਸਨ ਅਤੇ 87 ਸਾਲ ਦੇ ਖਿਊ ਸੰਫਾਨ ਦੇਸ ਦੇ ਸਾਬਕਾ ਮੁਖੀ ਸਨ। ਇਹ ਦੋਵੇਂ ਉਮਰ ਕੈਦ ਦੀ ਸਜ਼ਾ ਕੱਟ ਰਹੇਸ ਸਨ।
ਇਨ੍ਹਾਂ ਆਗੂਆਂ 'ਤੇ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ ਇੱਕ ਕਮਿਸ਼ਨ ਨੇ 20 ਲੱਖ ਲੋਕਾਂ ਦੀ ਮੌਤ ਦਾ ਲਈ ਜ਼ਿੰਮੇਵਾਰ ਹੋਣ ਦਾ ਇਲਜ਼ਾਮ ਲਗਾਇਆ ਸੀ।
ਕਮਿਸ਼ਨ ਨੇ ਮੁਤਾਬਕ ਕੰਬੋਡੀਆ ਵਿੱਚ ਬੰਦੂਕ ਦੀ ਨੋਕ 'ਤੇ ਸੱਤਾ ਚਲਾਉਣ ਵਾਲੇ ਸੰਗਠਨ ਖ਼ਮੇਰ ਰੂਜ ਦੇ ਸ਼ਾਸ਼ਨ ਦੌਰਾਨ ਵਿਅਤਨਾਮੀ ਮੂਲ ਦੇ ਚਾਮ ਮੁਸਲਮਾਨਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਗਿਆ।
ਇਹ ਵੀ ਪੜ੍ਹੋ
ਖ਼ਮੇਰ ਰੂਜ ਸਰਕਾਰ ਦੇ ਤਿੰਨ ਨੇਤਾਵਾਂ ਖਿਲਾਫ ਇਹ ਮੁਕੱਦਮਾ ਸ਼ੁਰੂ ਕੀਤਾ ਗਿਆ ਸੀ। ਕੰਬੋਡੀਆ ਦੇ ਸਾਬਕਾ ਵਿਦੇਸ਼ ਮੰਤਰੀ ਲੇਂਗ ਸਾਰੀ ਤੀਜੇ ਮੁਲਜ਼ਮ ਸਨ ਜਿਨ੍ਹਾਂ ਦਾ ਸਾਲ 2013 ਵਿੱਚ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਨਵੰਬਰ 2018 ਵਿੱਚ ਜਜ ਨੀਲ ਨੂਨ ਨੇ ਕੋਰਟ ਵਿੱਚ ਪੀੜਤਾਂ ਸਾਹਮਣੇ ਆਪਣਾ ਫੈਸਲਾ ਪੜ੍ਹ ਕੇ ਸੁਣਾਇਆ ਸੀ।
ਅਦਾਲਤ ਨੇ ਦੋਨਾਂ ਨੇਤਾਵਾਂ ਨੂੰ ਮਨੁੱਖਤਾ ਦੇ ਵਿਰੁੱਧ ਅਪਰਾਧ, ਤਸ਼ੱਦਦ, ਧਾਰਮਿਕ ਸ਼ੋਸ਼ਣ, ਬਲਾਤਕਾਰ, ਜਬਰਨ ਵਿਆਹ ਅਤੇ ਕਤਲ ਕਰਵਾਏ ਜਾਣ ਦਾ ਦੋਸ਼ੀ ਠਹਿਰਾਇਆ।
ਕੀ ਸੀ ਪੂਰਾ ਘਟਨਾਕ੍ਰਮ
ਕੰਬੋਡੀਆ ਵਿਚ ਖ਼ਮੇਰ ਰੂਜ ਦੀ ਸੱਤਾ ਦੇ ਚਾਰ ਸਾਲ 20ਵੀਂ ਸਦੀ ਦੇ ਸਭ ਤੋਂ ਘਿਨਾਉਣੇ ਸਮੂਹਿਕ ਕਤਲੇਆਮ ਵਜੋਂ ਜਾਣੇ ਜਾਂਦੇ ਹਨ। ਇਹ ਸੱਤਾ 1975 'ਚੋਂ 1979 ਦਰਮਿਆਨ ਸੀ, ਜਿਸ ਦੌਰਾਨ 20 ਲੱਖ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।
ਕਮਿਊਨਿਸਟ ਆਗੂ ਪੋਲ ਪੋਟ ਦੀ ਅਗਵਾਈ ਵਿਚ ਖ਼ਮੇਰ ਰੂਜ ਨੇ ਕੰਬੋਡੀਆ ਨੂੰ ਮੱਧ ਯੁੱਗ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਲੱਖਾਂ ਲੋਕਾਂ ਨੂੰ ਸ਼ਹਿਰਾਂ ਤੋਂ ਉਜਾੜ ਕੇ ਪਿੰਡਾਂ ਵਿਚ ਖੇਤਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ।
ਇਸ ਘਿਨਾਉਣੇ ਸਮਾਜਕ ਬਦਲਾਅ ਦਾ ਭਾਰੀ ਮੁੱਲ ਤਾਰਨਾ ਪਿਆ। ਇਨ੍ਹਾਂ ਸਜ਼ਾਵਾਂ, ਭੁੱਖਮਰੀ, ਬਿਮਾਰੀਆਂ ਅਤੇ ਭਾਰੀ ਮੁਸ਼ੱਕਤ ਨੇ ਹਜ਼ਾਰਾਂ ਪਰਿਵਾਰ ਖ਼ਤਮ ਕਰ ਦਿੱਤੇ।
ਖ਼ਮੇਰ ਰੂਜ ਦੀ ਚੜ੍ਹਤ 1960ਵਿਆਂ ਦੌਰਾਨ ਹੁੰਦੀ ਹੈ। ਇਹ ਕੰਪੂਚੀਆ ਕਮਿਊਨਿਸਟ ਪਾਰਟੀ ਦਾ ਹਥਿਆਰਬੰਦ ਦਸਤਾ ਸੀ। ਮੁਲਕ ਦੇ ਉੱਤਰ -ਪੂਰਬ ਵਿਚ ਦੂਰ-ਦੁਰਾਡੇ ਜੰਗਲਾਂ ਵਿਚ ਇਨ੍ਹਾਂ ਦੇ ਕੈਂਪ ਸਨ।
ਜਦੋਂ ਸੱਜੇ ਪੱਖੀਆਂ ਨੇ 1970 ਵਿਚ ਸੂਬੇ ਦੇ ਯੁਵਰਾਜ ਨੋਰੋਦੋਮ ਸਿਹੌਂਕ ਦਾ ਤਖ਼ਤ ਪਲਟਾਇਆ ਤਾਂ ਖ਼ਮੇਰ ਰੂਜ ਨੇ ਉਸ ਨਾਲ ਗਠਜੋੜ ਕਰ ਲਿਆ ਅਤੇ ਹੌਲੀ-ਹੌਲੀ ਸਮਰਥਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ। ਘਰੇਲੂ ਖਾਨਾਜੰਗੀ ਪੰਜ ਸਾਲ ਜਾਰੀ ਰਹੀ ਅਤੇ ਇਸ ਦੌਰਾਨ ਇਸ ਨੇ ਮੁਲਕ ਉੱਤੇ ਕਬਜ਼ਾ ਕਰ ਲਿਆ।
ਖ਼ਮੇਰ ਰੂਜ ਨੇ ਆਖ਼ਰ 1975 ਵਿਚ ਰਾਜਧਾਨੀ ਫਿਨੋਮ ਫਨੇਹ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਇਸ ਸਮੇਂ ਦੌਰਾਨ ਪੋਲ ਪੋਟ ਉੱਤਰ-ਪੂਰਬੀ ਪਹਾੜੀ ਕਬਾਇਲੀਆਂ ਤੋਂ ਪ੍ਰਭਾਵਿਤ ਸੀ, ਜਿਹੜੇ ਆਪੋ-ਆਪਣੇ ਫਿਰਕਿਆਂ ਵਿਚ ਸਵੈ-ਨਿਰਭਰ ਸਨ। ਉਨ੍ਹਾਂ ਲਈ ਪੈਸੇ ਦਾ ਕੋਈ ਅਰਥ ਨਹੀਂ ਸੀ ਅਤੇ ਨਾ ਹੀ ਬੁੱਧ ਧਰਮ ਦਾ ਕੋਈ ਅਸਰ ਸੀ।
ਮੁਲਕ ਨੂੰ ਜ਼ੀਰੋ ਯੀਅਰ ਐਲਾਨਦਿਆਂ ਪੋਲ-ਪੋਟ ਨੇ ਆਪਣੇ ਲੋਕਾਂ ਨੂੰ ਦੁਨੀਆਂ ਤੋਂ ਅਲੱਗ ਥਲੱਗ ਕਰ ਦਿੱਤਾ। ਸ਼ਹਿਰਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਜੰਗਲਾਂ ਵਿਚ ਲੈ ਗਿਆ। ਉਨ੍ਹਾਂ ਤੋਂ ਪੈਸਾ ਲਿਆ, ਨਿੱਜੀ ਜਾਇਦਾਦਾਂ ਜ਼ਬਤ ਕਰ ਲਈਆਂ ਅਤੇ ਇੱਕ ਸਾਂਝਾ ਪੇਂਡੂ ਸਮਾਜ ਬਣਾ ਦਿੱਤਾ।
ਇਹ ਵੀ ਪੜ੍ਹੋ-
ਜੋ ਕੋਈ ਵੀ ਵਿਦਵਤਾ ਦੀ ਗੱਲ ਕਰਦਾ ਉਸ ਨੂੰ ਮਾਰ ਦਿੱਤਾ ਜਾਂਦਾ । ਇੱਥੋਂ ਤੱਕ ਕਿ ਲੋਕਾਂ ਨੂੰ ਐਨਕਾਂ ਪਹਿਨਣ ਅਤੇ ਵਿਦੇਸ਼ੀ ਭਾਸ਼ਾ ਸਿੱਖਣ ਦੀ ਵੀ ਮਨ੍ਹਾਹੀ ਸੀ।
ਹਜ਼ਾਰਾਂ ਪੜ੍ਹੇ-ਲਿਖੇ ਲੋਕਾਂ ਨੂੰ ਖ਼ਾਸ ਤਰ੍ਹਾਂ ਦੀਆਂ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਇਨ੍ਹਾਂ ਵਿੱਚੋਂ ਸਭ ਤੋਂ ਖ਼ਤਰਨਾਕ ਐਸ-21 ਜੇਲ੍ਹ ਸੀ, ਜਿੱਥੇ 17000 ਮਰਦ, ਔਰਤਾਂ ਅਤੇ ਬੱਚਿਆਂ ਤੋਂ 4 ਸਾਲਾਂ ਦੀ ਸੱਤਾ ਦੌਰਾਨ ਜਬਰੀ ਵਗਾਰ ਕਰਵਾਈ ਗਈ।
ਇਸ ਤੋਂ ਇਲਾਵਾਂ ਹਜ਼ਾਰਾਂ ਲੋਕ ਬਿਮਾਰੀ, ਭੁੱਖਮਰੀ ਅਤੇ ਹੱਡ-ਭੰਨਵੀਂ ਵਗਾਰ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ।
ਜ਼ਾਲਮ ਸੱਤਾ ਦਾ ਪਤਨ
ਖ਼ਮੇਰ ਰੂਜ ਸਰਕਾਰ ਦਾ ਆਖ਼ਰਕਾਰ 1979 ਵਿਚ ਵੀਅਤਨਾਮ ਫੌਜ਼ ਨੇ ਕਈ ਸਰਹੱਦੀ ਝੜਪਾਂ ਤੋਂ ਬਆਦ ਤਖ਼ਤਾ ਪਲਟ ਦਿੱਤਾ।
ਇਸ ਤੋਂ ਬਆਦ ਇਨ੍ਹਾਂ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ ਅਤੇ ਕੰਬੋਡੀਆਈ ਲੋਕਾਂ ਦਾ ਦੂਨੀਆਂ ਨਾਲ ਸੰਪਰਕ ਖੁੱਲ੍ਹ ਗਿਆ।
ਇਸ ਜਬਰ ਜ਼ੁਲਮ ਵਿਚ ਕੁਝ ਲੋਕਾਂ ਨੇ ਬਹੁਤ ਹੀ ਦਰਦਨਾਕ ਹੱਡਬੀਤੀਆਂ ਸਾਂਝੀਆਂ ਕੀਤੀਆਂ। ਇਨ੍ਹਾਂ ਹੀ ਕਹਾਣੀਆਂ ਉੱਤੇ ਆਧਾਰਿਤ ਹੈ ਹਾਲੀਵੁੱਡ ਦੀ ਫ਼ਿਲਮ 'ਦਿ ਕਿਲਿੰਗ ਫੀਲਡ'।
ਪੋਲ ਪੋਟ ਨੂੰ ਉਸ ਦੇ ਸਾਬਕਾ ਕਾਮਰੇਡਾਂ ਨੇ ਜ਼ਾਲਮ ਗਰਦਾਨ ਦਿੱਤਾ ਅਤੇ 1997 ਵਿਚ ਉਸਦੇ ਜੰਗਲ ਵਿਚਲੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ।
ਸਾਲ ਬਾਅਦ ਉਸਦੀ ਮੌਤ ਹੋ ਗਈ ਅਤੇ ਉਹ ਲੱਖਾਂ ਲੋਕਾਂ ਉੱਤੇ ਜ਼ੁਲਮ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਾ ਰਿਹਾ।
ਸੰਯੁਕਤ ਰਾਸ਼ਟਰ ਨੇ 2009 ਵਿਚ ਟ੍ਰਿਬਿਊਨਲ ਦਾ ਗਠਨ ਕਰਕੇ ਖ਼ਮੇਰ ਰੂਜ ਹੋਏ ਕੰਮਾਂ ਦਾ ਹਿਸਾਬ -ਕਿਤਾਬ ਕਰਨ ਲਈ ਕੇਸ ਸ਼ੁਰੂ ਕੀਤਾ।
ਇੱਕ ਡੱਚ ਵਿਅਕਤੀ ਕਿਆਂਗ ਗੂਏਕ ਏਵ ਨੂੰ ਸਭ ਤੋਂ ਖ਼ਤਰਨਾਕ ਜੇਲ੍ਹ ਚਲਾਉਣ ਲਈ 2012 ਵਿਚ ਜੇਲ੍ਹ 'ਚ ਬੰਦ ਕੀਤਾ ਗਿਆ।
ਪੋਲ ਪੋਟ ਦੀ ਸੱਜੀ ਬਾਂਹ ਸਮਝੇ ਜਾਂਦੇ ਨਾਓ ਚੀ, ਜੋ ਖੀਊ ਸੰਫਾਨ ਸੂਬੇ ਦਾ ਮੁਖੀ ਸੀ, ਨੂੰ 2014 ਵਿਚ ਮਨੁੱਖਤਾ ਉੱਤੇ ਅੱਤਿਆਚਾਰਾਂ ਕਾਰਨ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
ਨਵੰਬਰ 2018 ਵਿਚ ਇਨ੍ਹਾਂ ਨੂੰ ਲੋਕਾਂ ਦੇ ਕਤਲੇਆਮ ਦਾ ਦੋਸ਼ੀ ਠਹਿਰਾਇਆ ਗਿਆ ਹੈ।