ਬ੍ਰੈਗਜ਼ਿਟ ਸੰਕਟ: ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ

ਬਰਤਾਨੀਆ ਵਿੱਚ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ?

ਇਸ ਦਾ ਸੰਖ਼ੇਪ ਜਵਾਬ ਹੈ ਕਿ ਅਜਿਹਾ ਕੋਈ ਤੈਅਸ਼ੁਦਾ ਤਰੀਕਾ ਨਹੀਂ ਹੈ, ਜਿਸ ਨਾਲ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਜਾ ਸਕੇ।

ਇਹ ਨਿਰਭਰ ਕਰਦਾ ਹੈ ਕਿ ਕਿਹੜੀ ਪਾਰਟੀ ਸੱਤਾ ਵਿੱਚ ਹੈ। ਹਰੇਕ ਪਾਰਟੀ ਜਿਵੇਂ ਕੰਜ਼ਰਵੇਟਿਵ, ਲੇਬਰ ਅਤੇ ਹੋਰ ਪਾਰਟੀਆਂ ਵਿਚ ਇਹ ਪ੍ਰਕਿਰਿਆ ਵੱਖੋ-ਵੱਖਰੀ ਹੈ।

ਫਿਲਹਾਲ ਯੂਕੇ ਵਿੱਚ ਕੰਜ਼ਰਵੇਟਿਵ/ ਟੋਰੀ ਦੀ ਸਰਕਾਰ ਹੈ ਅਤੇ ਕੰਜ਼ਰਵੈਟਿਕ ਪਾਰਟੀ ਦੀ ਆਗੂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਟੈਰਿਜ਼ਾ ਮੇਅ ਹੈ।

ਇਹ ਵੀ ਪੜ੍ਹੋ-

ਜੇਕਰ ਉਨ੍ਹਾਂ ਦੀ ਪਾਰਟੀ ਆਪਣੇ ਨੇਤਾ ਨੂੰ ਬਦਲਣਾ ਚਾਹੁੰਦੀ ਹੈ ਤਾਂ ਉਨ੍ਹਾਂ ਖ਼ਿਲਾਫ਼ "ਬੇਭਰੋਸਗੀ ਮਤਾ" ਲਿਆਉਣਾ ਪਵੇਗਾ।

ਇਸ ਪ੍ਰਕਿਰਿਆ ਵਿੱਚ ਸੰਸਦ ਦੇ ਸਾਰੀਆਂ ਪਾਰਟੀਆਂ ਦੇ ਸਾਰੇ ਮੈਂਬਰ ਹਿੱਸਾ ਲੈਣਗੇ।

15 ਫੀਸਦ ਸੰਸਦ ਮੈਂਬਰਾਂ ਦੇ ਵੋਟ ਦੀ ਲੋੜ

ਕੰਜ਼ਰਵੇਟਿਵ ਪਾਰਟੀ ਵਿੱਚ ਇਹ ਮਤਾ ਤਾਂ ਹੀ ਲਿਆਂਦਾ ਜਾ ਸਕਦਾ ਹੈ, ਜੇਕਰ ਪਾਰਟੀ ਦੇ 15 ਫੀਸਦ ਸੰਸਦ ਮੈਂਬਰ ਇਸ ਦੀ ਮੰਗ ਲਈ ਪੱਤਰ ਲਿਖਣ।

ਪਾਰਲੀਮੈਂਟ ਵਿੱਚ ਮੌਜੂਦਾ ਸੰਸਦੀ ਮੈਂਬਰਾਂ ਦੇ ਅੰਕੜਿਆਂ ਮੁਤਾਬਕ ਕਰੀਬ 48 ਟੋਰੀ ਸੰਸਦੀ ਮੈਂਬਰਾਂ ਨੂੰ ਇਸ ਮੰਗ ਸੰਬੰਧੀ ਕਮੇਟੀ ਚੇਅਰਪਰਸਨ ਨੂੰ ਪੱਤਰ ਲਿਖਣ ਪਵੇਗਾ। ਜਿਸ ਨੂੰ ਕੰਜ਼ਰਵੇਟਿਵ ਪ੍ਰਾਈਵੇਟ ਮੈਂਬਰਜ਼ ਕਮੇਟੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਇਸ ਪੱਤਰ ਵਿੱਚ ਕਹਿਣਾ ਹੋਵੇਗਾ ਕਿ "ਉਨ੍ਹਾਂ ਨੂੰ ਆਪਣੀ ਆਗੂ 'ਤੇ ਭਰੋਸਾ ਨਹੀਂ ਰਿਹਾ।"

ਜੇਕਰ ਪ੍ਰਧਾਨ ਮੰਤਰੀ ਭਰੋਸਗੀ ਮਤਾ ਜਿੱਤ ਜਾਂਦੀ ਹੈ ਤਾਂ ਇਹ ਆਪਣੇ ਅਹੁਦੇ ਬਰਕਰਾਰ ਰਹਿ ਸਕਦੀ ਹੈ ਅਤੇ ਇੱਕ ਸਾਲ ਤੱਕ ਇਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ।

ਪਰ ਜੇਕਰ ਬਹੁਮਤ "ਬੇਭਰੋਸਗੀ ਮਤੇ" ਦੇ ਹੱਕ ਭੁਗਤ ਜਾਵੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।

ਹੁਣ ਸਵਾਲ ਇਹ ਉਠਦਾ ਹੈ ਕਿ ਇਸ ਅਹੁਦੇ ਲਈ ਅਗਲਾ ਉਮੀਦਵਾਰ ਕੌਣ ਹੋਵੇਗਾ।

ਅਗਵਾਈ ਲਈ ਮੁਕਾਬਲਾ

ਜੇਕਰ ਕੰਜ਼ਰਵੇਟਿਵ ਆਪਣੇ ਆਗੂ ਨੂੰ ਹਟਾ ਦਿੰਦੀ ਹੈ ਤਾਂ ਫੇਰ ਇਸ ਲਈ ਇੱਕ ਮੁਕਾਬਲਾ ਹੁੰਦਾ ਹੈ, ਜਿਸ ਵਿੱਚ ਭਰੋਸੇਗੀ ਮਤਾ ਹਾਰਿਆ ਪ੍ਰਧਾਨ ਮੰਤਰੀ ਹਿੱਸਾ ਨਹੀਂ ਲੈ ਸਕਦਾ।

ਸਾਧਾਰਨ ਤੌਰ 'ਤੇ ਸੰਸਦੀ ਮੈਂਬਰਾਂ ਕੋਲੋਂ ਦੋ ਉਮੀਦਵਾਰ ਚੁਣਨ ਦੀ ਆਸ ਕੀਤੀ ਜਾਂਦੀ ਹੈ, ਜਿੰਨਾਂ ਦੇ ਨਾਮ ਅੱਗੇ ਭੇਜੇ ਜਾ ਸਕਣ।

ਪਰ ਇਸ ਲਈ ਪ੍ਰਕਿਰਿਆ ਲਈ ਪੂਰਾ ਹਫ਼ਤਾ ਲੱਗ ਸਕਦਾ ਹੈ ਅਤੇ ਬ੍ਰੈਕਜ਼ਿਟ ਦੀ ਡੈਡਲਾਈਨ ਕਾਰਨ ਪਾਰਟੀ 'ਤੇ ਦਬਾਅ ਹੋ ਸਕਦਾ ਹੈ।

ਬ੍ਰੈਗਜ਼ਿਟ ਕਾਰਨ ਪਾਰਟੀ ਵਿੱਚ ਪਈਆਂ ਵੰਡੀਆਂ ਕਰਕੇ ਸਾਰੇ ਸੰਸਦੀ ਮੈਂਬਰਾਂ ਪਾਰਟੀ ਦੀ ਅਗਵਾਈ ਲਈ ਇੱਕ ਉਮੀਦਵਾਰ 'ਤੇ ਸਹਿਮਤ ਹੋਣਾ ਵੀ ਔਖਾ ਹੋ ਸਕਦਾ ਹੈ।

ਲੀਡਰਸ਼ਿਪ ਨੂੰ ਲੈ ਕੇ ਇਹ ਚੋਣਾਂ ਉਨ੍ਹਾਂ ਨੂੰ ਅੱਧ ਵਿਚਾਲੇ ਵੰਡ ਸਕਦੀਆਂ ਹਨ।

ਆਮ ਚੋਣਾਂ ਲਈ ਦਬਾਅ

ਪ੍ਰਧਾਨ ਮੰਤਰੀ ਦੇ ਬਦਲਾਅ ਲਈ ਆਮ ਚੋਣਾਂ ਲਈ ਦਬਾਅ ਵੀ ਬਣ ਸਕਦਾ ਹੈ ਅਤੇ ਇਸ ਲਈ ਸੱਤਾ ਧਿਰ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਹੈ।

ਬਰਤਾਨੀਆਂ ਵਿੱਚ ਆਮ ਚੋਣਾਂ ਕਰਵਾਉਣ ਦੇ ਦੋ ਤਰੀਕੇ ਹਨ-

  • ਜੇਕਰ ਕਿਸੇ ਵੀ ਪਾਰਟੀ ਦੇ ਦੋ-ਤਿਹਾਈ ਸੰਸਦੀ ਮੈਂਬਰ ਆਮ ਚੋਣਾਂ ਲਈ ਮਤਾ ਲੈ ਕੇ ਆਉਣ।

ਇਹ ਤਾਂ ਹੀ ਸੰਭਵ ਹੈ ਜੇਕਰ ਪਾਰਲੀਮੈਂਟ ਦੀਆਂ ਕੁੱਲ 650 ਸੀਟਾਂ ਵਿਚੋਂ 434 ਸੰਸਦੀ ਮੈਂਬਰ ਮਤਾ ਲੈ ਕੇ ਆਉਣ।

  • ਸੈਂਸਰ ਮੋਸ਼ਨ ਰਾਹੀਂ- ਸਰਕਾਰ ਵਿੱਚ ਬੇਭਰੋਸਗੀ ਮਤਾ

ਇੱਕ ਵਾਰ ਇਸ ਮਤੇ ਸਹਿਮਤੀ ਬਣੇ ਜਾਵੇ ਤਾਂ 14 ਦਿਨਾਂ ਦੇ ਅੰਤਰਾਲ ਵਿੱਚ ਨਵੀਂ ਸਰਕਾਰ ਬਣਾਈ ਜਾ ਸਕਦੀ ਹੈ, ਜਿਸ ਨੂੰ ਸੰਸਦੀ ਮੈਂਬਰਾਂ ਦਾ ਬਹੁਮਤ ਹਾਸਿਲ ਹੋਵੇ।

ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਾਰਲੀਮੈਂਟ ਭੰਗ ਹੋ ਜਾਂਦੀ ਹੈ ਅਤੇ ਆਮ ਚੋਣਾਂ ਹੁੰਦੀਆਂ ਹਨ।

ਜੇਕਰ ਕੰਜ਼ਰਵੇਟਿਵ ਸਰਕਾਰ ਫੇਲ੍ਹ ਹੋ ਜਾਂਦੀ ਹੈ ਤਾਂ ਇਹ ਟੈਰੀਜ਼ਾ ਮੇਅ 'ਤੇ ਨਿਰਭਰ ਕਰਦਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਗੇ ਜਾਂ ਨਹੀਂ।

ਉਹ ਅਜੇ ਵੀ ਅਗਲੀਆਂ ਚੋਣਾਂ ਲੜ ਸਕਦੀ ਹੈ ਅਤੇ ਕੇਵਲ ਉਦੋਂ ਹੀ ਬਦਲੀ ਜਾ ਸਕਦੀ ਹੈ ਜਦੋਂ ਤੱਕ ਕੋਈ ਹੋਰ ਬਹੁਮਤ ਹਾਸਿਲ ਨਹੀਂ ਕਰ ਲੈਂਦਾ।

ਹੁਣ ਤੱਕ ਕੀ-ਕੀ ਹੋਇਆ

ਬਰਤਾਨੀਆ ਦੀ ਸੰਸਦ ਵਿੱਚ ਬ੍ਰੈਗਜ਼ਿਟ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਮੈਂਬਰਾਂ ਦੇ ਸਵਾਲਾਂ ਦੀ ਬੁਛਾੜ ਅਤੇ ਮੰਤਰੀਆਂ ਦੇ ਅਸਤੀਫਿਆਂ ਦਾ ਸਾਹਮਣਾ ਕਰਨਾ ਪਿਆ।

ਟੈਰੀਜ਼ਾ ਮੇਅ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਜੋ ਡਰਾਫਟ ਬਣਾਇਆ ਗਿਆ ਹੈ, ਉਸ ਵਿੱਚ ਉਹ ਸਾਰੇ ਮੁੱਦੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਤੇ 2016 ਵਿੱਚ ਬ੍ਰਿਟਿਸ਼ ਲੋਕਾਂ ਨੇ ਵੋਟਾਂ ਪਈਆਂ ਸਨ।

ਬੁੱਧਵਾਰ ਨੂੰ ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਤਾਂ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਪਰ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ।

ਵੀਰਵਾਰ ਨੂੰ ਹਾਲਾਤ ਇਹ ਬਣੇ ਕਿ ਕੈਬਨਿਟ ਦੀ ਪ੍ਰਵਾਨਗੀ ਦੇ ਬਾਵਜੂਦ ਵੀ ਸੰਸਦ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਦੂਜੇ ਪਾਸੇ ਯੂਰਪੀ ਯੂਨੀਅਨ ਨੇ ਬ੍ਰਿਟੇਨ ਦਾ ਬ੍ਰੈਗਜ਼ਿਟ ਸਮਝੌਤਾ ਮਨਜ਼ੂਰ ਕਰ ਲਿਆ।

ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆ

ਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਬ ਨੇ ਜੁਲਾਈ ਵਿੱਚ ਹਾਈ ਪ੍ਰੋਫਾਈਲ ਮੰਤਰੀ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਮਗਰੋਂ ਅਹੁਦਾ ਸੰਭਾਲਿਆ ਸੀ।

ਰਾਬ 585 ਪੇਜਾਂ ਦਾ ਉਹ ਡਰਾਫਟ ਬਣਾਉਣ ਵਿੱਚ ਸ਼ਾਮਲ ਸਨ ਜਿਸ ਦੇ ਆਧਾਰ 'ਤੇ ਬ੍ਰਿਟੇਨ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲੇਗਾ।

ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।

ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ।

ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ''

ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ਼ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ।

ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)