ਇਨੈਲੋ 'ਚੋਂ ਅਜੇ ਚੌਟਾਲਾ ਦੀ ਛੁੱਟੀ 'ਤੇ ਦਿਗਵਿਜੇ ਬੋਲੇ ਓਮ ਪ੍ਰਕਾਸ਼ ਚੌਟਾਲਾ ਦੇ ਨਾਂ 'ਤੇ ਫੈਸਲੇ ਕਰਨ ਵਾਲਿਆਂ ਨੂੰ ਜਵਾਬ 17 ਨੂੰ ਦੇਵਾਂਗੇ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਪੱਤਰਕਾਰ, ਬੀਬੀਸੀ

ਇੰਡੀਅਨ ਨੈਸ਼ਨਲ ਲੋਕ ਦਲ ਦਾ ਆਪਸੀ ਰੌਲਾ ਖ਼ਤਮ ਹੀ ਨਹੀਂ ਹੋ ਰਿਹਾ। ਪਾਰਟੀ ਨੇਤਾ ਅਜੇ ਚੌਟਾਲਾ ਨੂੰ ਅੱਜ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਹਨ ਅਜੇ ਚੌਟਾਲਾ।

ਅਜੇ ਚੌਟਾਲਾ ਦੀ ਬਰਖ਼ਾਸਤਗੀ ਦਾ ਐਲਾਨ ਚੰਡੀਗੜ੍ਹ 'ਚ ਪਾਰਟੀ ਪ੍ਰਧਾਨ ਅਸ਼ੋਕ ਅਰੋੜਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਉਣ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰਨ ਦਾ ਐਲਾਨ ਕੀਤਾ। ਪ੍ਰੈੱਸ ਕਾਨਫ਼ਰੰਸ ਵਿਚ ਅਭੈ ਚੌਟਾਲਾ ਵੀ ਮੌਜੂਦਾ ਸਨ।

ਕੁਝ ਦਿਨ ਪਹਿਲਾਂ ਅਜੇ ਚੌਟਾਲਾ ਦੇ ਦੋਵੇਂ ਪੁੱਤਰ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਨੂੰ ਵੀ ਪਾਰਟੀ ਵਿਰੋਧੀ ਕਾਰਵਾਈ ਦੋਸ਼ ਤਹਿਤ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰਾਂ ਵਿੱਚੋਂ ਛੋਟੇ ਅਭੈ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ।

ਇਹ ਵੀ ਪੜ੍ਹੋ:

ਵੱਡੇ ਪੁੱਤਰ ਅਜੇ ਚੌਟਾਲਾ ਹਨ ਦੋ ਪੁੱਤਰ ਹਨ ਦੁਸ਼ਯੰਤ (ਹਿਸਾਰ ਤੋਂ ਮੌਜੂਦਾ ਸੰਸਦ ਮੈਂਬਰ) ਅਤੇ ਦਿਗਵਿਜੇ।

ਦਿਗਵਿਜੇ ਪਾਰਟੀ ਦੀ ਵਿਦਿਆਰਥੀ ਇਕਾਈ ਇੰਡੀਅਨ ਨੈਸ਼ਨਲ ਸਟੂਡੈਂਟ ਆਰਗਨਾਈਜ਼ੇਸ਼ਨ (ਇਨਸੋ )ਦੇ ਕੌਮੀ ਪ੍ਰਧਾਨ ਹਨ।

'ਇਹ ਇੱਕ ਸਾਜ਼ਿਸ਼ ਹੈ'

ਅਜੇ ਚੌਟਾਲਾ ਦੇ ਪੁੱਤਰ ਦਿਗਵਿਜੇ ਚੌਟਾਲਾ ਨੇ ਤਾਜ਼ਾ ਘਟਨਾਕ੍ਰਮ ਉੱਤੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ।

ਉਨ੍ਹਾਂ ਕਿਹਾ, ''ਓਮ ਪ੍ਰਕਾਸ਼ ਚੌਟਾਲਾ ਨੇ ਅਜੇ ਚੌਟਾਲਾ ਦੀ ਬਰਖ਼ਾਸਤਗੀ ਸਬੰਧੀ ਕੋਈ ਚਿੱਠੀ ਜਾਰੀ ਨਹੀਂ ਕੀਤੀ। ਪਾਰਟੀ ਵਰਕਰਾਂ ਦਾ ਮਨੋਬਲ ਕਾਫ਼ੀ ਉੱਚਾ ਹੈ ਅਤੇ ਇਸ ਦਾ ਪਤਾ 17 ਨਵੰਬਰ ਦੀ ਜੀਂਦ ਰੈਲੀ ਦੌਰਾਨ ਪਤਾ ਲੱਗਾ ਜਾਵੇਗਾ।''

ਦਿਗਵਿਜੇ ਨੇ ਅੱਗੇ ਕਿਹਾ ਕਿ ਬਰਖ਼ਾਸਤਗੀ ਸਬੰਧੀ ਚਿੱਠੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਰ ਐਸ ਚੌਧਰੀ ਦੇ ਘਰ 'ਚ ਟਾਈਪ ਕੀਤੀ ਗਈ ਹੈ।

ਉੱਧਰ ਦੁਸ਼ਯੰਤ ਚੌਟਾਲਾ ਨੇ ਵੀ ਕਿਹਾ, ''ਚਿੱਠੀ ਜਨਤਕ ਕਰੋ। ਇਹ ਓਮ ਪ੍ਰਕਾਸ਼ ਚੌਟਾਲਾ ਦਾ ਫੈਸਲਾ ਨਹੀਂ ਹੈ ਉਨ੍ਹਾਂ ਦਾ ਨਾਂ ਲੈ ਕੇ ਫੈਸਲੇ ਕੀਤੇ ਜਾ ਰਹੇ ਹਨ, ਜਵਾਬ 17 ਦੀ ਰੈਲੀ ਵਿੱਚ ਮਿਲੇਗਾ।''

ਇਹ ਵੀ ਪੜ੍ਹੋ:

ਇਸ ਮੁੱਦੇ ਬੀਬੀਸੀ ਪੰਜਾਬੀ ਨੇ ਆਰ ਐਸ ਚੌਧਰੀ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਆਖਿਆ, ''ਮੇਰਾ ਚਿੱਠੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਤੋਂ ਬਰਖ਼ਾਸਤ ਕੀਤਾ ਗਿਆ ਸੀ ਤਾਂ ਉਦੋਂ ਵੀ ਉਨ੍ਹਾਂ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਅਤੇ ਹੁਣ ਵੀ ਉਹ ਇਹੀ ਗੱਲ ਕਰ ਰਹੇ ਹਨ ਜਿਸ ਦੀ ਮੈਨੂੰ ਸਮਝ ਨਹੀਂ ਆ ਰਹੀ।''

ਚੌਟਾਲਾ ਪਰਿਵਾਰ ਦਾ ਵਿਵਾਦ ਕੀ ਹੈ

ਸ਼ੁਰੂਆਤ ਵਿੱਚ ਸੰਘਰਸ਼ ਅਭੇ ਚੌਟਾਲਾ ਅਤੇ ਉਨ੍ਹਾਂ ਦੇ ਭਤੀਜੇ ਦੁਸ਼ਯੰਤ ਚੌਟਾਲਾ ਵਿਚਾਲੇ ਸਾਹਮਣੇ ਆਇਆ।

ਇਨੈਲੋ ਵਿੱਚ ਆਪਸੀ ਕਾਟੋ ਕਲੇਸ਼ ਉਸ ਵੇਲੇ ਵਧਿਆ ਜਦੋਂ 7 ਅਕਤੂਬਰ ਨੂੰ ਗੋਹਾਣਾ 'ਚ ਮਰਹੂਮ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ 105ਵੇਂ ਜਨਮ ਦਿਵਸ ਮੌਕੇ ਇਨੈਲੋ ਦੀ ਰੈਲੀ ਸੀ।

ਦੋ ਹਫ਼ਤੇ ਦੀ ਪੈਰੋਲ 'ਤੇ ਜੇਲ੍ਹ ਵਿੱਚੋਂ ਬਾਹਰ ਆਏ ਉਮ ਪ੍ਰਕਾਸ਼ ਚੌਟਾਲਾ ਵੀ ਮੰਚ ਉੱਤੇ ਮੌਜੂਦ ਸਨ। ਭੀੜ ਦੇ ਇੱਕ ਹਿੱਸੇ ਨੇ ਅਭੇ ਚੌਟਾਲਾ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਨਤੀਜਾ ਇਹ ਹੋਇਆ ਕਿ ਓਮ ਪ੍ਰਕਾਸ਼ ਚੌਟਾਲਾ ਨੇ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਉਨ੍ਹਾਂ ਇਨੈਲੋ ਦੇ ਯੁਵਾ ਮੋਰਚੇ ਨੂੰ ਵੀ ਭੰਗ ਕਰ ਦਿੱਤਾ ਜਿਸਦੀ ਅਗਵਾਈ ਦਿਗਵਿਜੇ ਸਿੰਘ ਚੌਟਾਲਾ ਕ ਰਹੇ ਸਨ।

ਦੁਸ਼ਯੰਤ ਅਤੇ ਦਿਗਵਿਜੇ ਨੇ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਦਾ ਕਹਿਣਾ ਸੀ ਕਿ ਇਸਦਾ ਫੈਸਲਾ ਸਿਰਫ ਅਜੇ ਚੌਟਾਲਾ ਹੀ ਕਰ ਸਕਦੇ ਹਨ।

ਇਸ ਤੋਂ ਬਾਅਦ ਦੋਹਾਂ ਭਰਾਵਾਂ ਨੇ ਪੂਰੇ ਹਰਿਆਣਾ ਵਿੱਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਮੰਗ ਕੀਤੀ ਕਿ ਇਹ ਦੱਸਿਆ ਜਾਵੇ ਕਿ ਅਸੀਂ ਕਿਹੜਾ ਅਨੁਸ਼ਾਸ਼ਨ ਭੰਗ ਕੀਤਾ ਹੈ।

ਇਸ ਰੈਲੀ ਵਿੱਚ ਚੌਟਾਲਾ ਪਰਿਵਾਰ ਦੀ ਆਪਸੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਸੀ।

ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਪੂਰੇ ਘਟਨਾਕ੍ਰਮ ਨੂੰ ਪਾਰਟੀ ਦੀ ਅਨੁਸ਼ਾਸਨ ਸਮਿਤੀ ਦੇ ਹਵਾਲੇ ਕਰ ਦਿੱਤਾ ਸੀ। ਸਮਿਤੀ ਦੀ ਰਿਪੋਰਟ ਤੋਂ ਬਾਅਦ ਅਜੇ ਚੌਟਾਲਾ ਦੇ ਦੋਵੇਂ ਪੁੱਤਰਾਂ ਦੁਸਯੰਤ ਤੇ ਦਿਗਵਿਜੇ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਇਸ ਦੇ ਜਵਾਬ ਵਿਚ ਅਜੇ ਚੌਟਾਲਾ ਨੇ 17 ਨਵੰਬਰ ਨੂੰ ਜੀਂਦ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ।

ਬੁੱਧਵਾਰ ਨੂੰ ਚੰਡੀਗੜ੍ਹ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਪ੍ਰਧਾਨ ਅਸ਼ੋਕ ਅਰੋੜਾ ਨੇ ਜੀਂਦ ਰੈਲੀ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਆਖਿਆ ਸੀ ਕਿ ਪਾਰਟੀ ਦੀ ਕੋਈ ਵੀ ਮੀਟਿੰਗ ਬੁਲਾਉਣ ਦਾ ਅਧਿਕਾਰ ਸਿਰਫ਼ ਓਮ ਪ੍ਰਕਾਸ਼ ਚੌਟਾਲਾ ਨੂੰ ਹੈ ਹੋਰ ਕਿਸੇ ਨੂੰ ਵੀ ਨਹੀਂ।

ਇਹ ਵੀ ਪੜ੍ਹੋ:

2019 ਲਈ ਕੀ ਹਨ ਮਾਇਨੇ?

ਸਾਲ 2014 ਦੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਨੂੰ 24 ਫੀਸਦ ਵੋਟਾਂ ਮਿਲੀਆਂ ਸਨ। 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ 18 ਉੱਤੇ ਹੀ ਪਾਰਟੀ ਜਿੱਤੀ।

ਪਾਰਟੀ ਸੁਪਰੀਮੋ ਹੋਣ ਕਰਕੇ 2019 ਵਿੱਚ ਓਮ ਪ੍ਰਕਾਸ਼ ਚੌਟਾਲਾ ਹੀ ਤੈਅ ਕਰਨਗੇ ਕਿ ਹਿਸਾਰ ਤੋਂ ਦੁਸ਼ਯੰਤ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾਵੇ ਜਾਂ ਨਹੀਂ।

ਦਿਗਵਿਜੇ ਚੌਟਾਲਾ ਦੇ ਭਵਿੱਖ ਦਾ ਵੀ ਫੈਸਲਾ ਵੀ ਓਮ ਪ੍ਰਕਾਸ਼ ਚੌਟਾਲਾ ਹੀ ਕਰਨਗੇ। ਜ਼ਾਹਿਰ ਹੈ ਅਭੇ ਚੌਟਾਲਾ ਵੀ ਆਪਣੇ ਦੋਹਾਂ ਪੁੱਤਰਾਂ ਲਈ ਟਿਕਟਾਂ ਚਾਹੁਣਗੇ।

ਓਮ ਪ੍ਰਕਾਸ਼ ਚੌਟਾਲਾ ਤੇ ਅਜੇ ਚੌਟਾਲਾ ਨੂੰ ਟੀਚਰ ਭਰਤੀ ਘੁਟਾਲੇ ਕਰਕੇ 2013 ਵਿੱਚ ਸਜ਼ਾ ਹੋਈ, ਸਜ਼ਾ ਮੁਤਾਬਕ ਦੋਵੇਂ ਹੀ 6 ਸਾਲਾਂ ਤੱਕ ਚੋਣ ਨਹੀਂ ਲੜ ਸਕਦੇ।

ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਮੁਤਾਬਕ ਚੌਟਾਲਾ ਪਰਿਵਾਰ 'ਚ ਇਹ ਖਿੱਚੋਤਾਣ ਚਰਮ ਸੀਮਾ ਉੱਤੇ ਪਹੁੰਚ ਗਈ ਅਤੇ ਆਪਸੀ ਸਮਝੌਤੇ ਦਾ ਰਸਤਾ ਹੁਣ ਨਹੀਂ ਬਚਿਆ।

ਉਨ੍ਹਾਂ ਆਖਿਆ, ''ਇਨੈਲੋ ਨੇ ਕਈ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੀਤਾ ਹੈ ਅਤੇ 17 ਨਵੰਬਰ ਦੀ ਜੀਂਦ ਰੈਲੀ ਦੌਰਾਨ ਅਜੇ ਚੌਟਾਲਾ ਵੀ ਪਾਰਟੀ 'ਚ ਕਈ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੇ ਹਨ। ਇਨੈਲੋ ਹੁਣ ਧੜਿਆਂ 'ਚ ਵੰਡੀ ਜਾਵੇਗੀ ਅਤੇ ਚੋਣਾਂ ਸਿਰ ਉੱਤੇ ਹੋਣ ਕਾਰਨ ਪਾਰਟੀ ਕੋਲ ਚੋਣਾਂ ਦੀ ਤਿਆਰੀ ਸਬੰਧੀ ਸਮਾ ਨਹੀਂ ਬਚਿਆ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)