ਵਰਵਰਾ ਰਾਓ : ਕਵੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਹਿਰਾਸਤ 'ਚ ਕਿਉਂ ਲਏ ਗਏ

29 ਅਗਸਤ ਤੋਂ ਘਰ ਵਿੱਚ ਨਜ਼ਰਬੰਦ ਮਨੁੱਖੀ ਅਧਿਕਾਰ ਕਾਰਕੁਨ ਵਰਵਰਾ ਰਾਓ ਨੂੰ ਪੁਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਵਰਵਰਾ ਰਾਓ ਦੇ ਪਰਿਵਾਰ ਨੇ ਬੀਬੀਸੀ ਪੱਤਰਕਾਰ ਦੀਪਤੀ ਬਾਥਿਨੀ ਨਾਲ ਗੱਲ ਕਰਦਿਆ ਦੱਸਿਆ ਕਿ ਪੁਣੇ ਪੁਲਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਵਰਵਰਾ ਰਾਓ ਨੂੰ ਰਾਤ 11 ਵਜੇ ਪੁਣੇ ਲਿਆਂਦਾ ਜਾਵੇਗਾ।

ਉਨ੍ਹਾਂ ਨੂੰ ਮੈਜਿਸਟ੍ਰੈਟ ਸਾਹਮਣੇ ਪੇਸ਼ ਕੀਤਾ ਜਾਵੇਗਾ।

ਪੁਣੇ ਪੁਲਿਸ ਵੱਲੋਂ 28 ਅਗਸਤ ਨੂੰ ਹੈਦਰਾਬਾਦ ਦੇ ਹਾਈ ਕੋਰਟ ਵਿੱਚ ਦਿੱਤੇ ਗਏ ਟ੍ਰਾਨਜ਼ਿਟ ਵਾਰੰਟ ਨੂੰ ਵਕੀਲ ਨੇ ਚੁਣੌਤੀ ਦਿੱਤੀ ਸੀ।

ਉਨ੍ਹਾਂ ਦੇ ਵਕੀਲ ਨੇ ਇਹ ਕਹਿੰਦਿਆਂ ਵਾਰੰਟ ਨੂੰ ਚੁਣੌਤੀ ਦਿੱਤੀ ਸੀ ਕਿ ਵਾਰੰਟ ਮਰਾਠੀ ਵਿੱਚ ਸੀ ਅਤੇ ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਅਦਾਲਤ ਨੇ ਵਰਵਰਾ ਰਾਓ ਦੀ ਗ੍ਰਿਫ਼ਤਾਰੀ ਨੂੰ ਮੁੱਖ ਰੱਖਦਿਆਂ ਚੁਣੌਤੀ ਨੂੰ ਰੱਦ ਕਰ ਦਿੱਤਾ।

ਉਨ੍ਹਾਂ ਦੇ ਭਤੀਜੇ ਵੇਣੂਗੋਪਾਲ ਨੇ ਕਿਹਾ, " ਅਦਾਲਤ ਪਟੀਸ਼ਨ ਦੇ ਤੱਥਾਂ 'ਚ ਨਹੀਂ ਗਈ ਅਤੇ ਕਿਹਾ ਕਿ ਟ੍ਰਾਨਜ਼ਿਟ ਵਾਰੰਟ ਖ਼ਤਮ ਹੋ ਗਿਆ ਹੈ। ਜੇਕਰ ਟ੍ਰਾਂਨਜ਼ਿਟ ਵਾਰੰਟ ਖ਼ਤਮ ਹੋ ਗਿਆ ਹੈ ਤਾਂ ਗ੍ਰਿਫ਼ਤਾਰੀ ਕਿਉਂ।"

ਇਹ ਵੀ ਪੜ੍ਹੋ-

"ਪੁਣੇ ਪੁਲਿਸ ਦੀ ਟੀਮ ਇੱਕ ਘੰਟਾ ਪਹਿਲਾਂ ਆਈ ਸੀ। ਉਨ੍ਹਾਂ ਕੋਲ ਕੋਈ ਤਾਜ਼ਾ ਵਾਰੰਟ ਜਾਂ ਹਾਈ ਕੋਰਟ ਦੇ ਆਦੇਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ। ਇਹ ਪੁਲਿਸ ਦੀਆਂ ਕਈ ਗ਼ੈਰ-ਕਾਨੂੰਨੀ ਕਾਰਵਾਈਆਂ ਵਿਚੋਂ ਇੱਕ ਹੈ।"

ਹੁਣ ਤੱਕ ਕੀ ਹੋਇਆ

ਅਗਸਤ ਵਿੱਚ ਪੁਲਿਸ ਨੇ ਭਾਰਤ ਦੇ ਕਈ ਇਲਾਕਿਆਂ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੇ ਘਰਾਂ ਉੱਤੇ ਛਾਪੇ ਮਾਰੇ ਸੀ। ਵਰਵਰਾ ਰਾਓ ਸਮੇਤ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਵਾਰਵਰਾ ਰਾਓ ਦਾ ਜਨਮ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਹੋਇਆ।

ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਹ ਬਰੀ ਹੋ ਗਏ।

ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।

ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)