ਵਿਸ਼ਵ ਜੰਗ ਦੌਰਾਨ ਭਾਰਤੀ ਫ਼ੌਜੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਉਸ ਰਾਤ ਟਿਗਰਿਸ ਨਦੀ ਦਾ ਪਾਣੀ ਕਿਨਾਰਿਆਂ ਤੋਂ ਉੱਤੇ ਵਹਿ ਰਿਹਾ ਸੀ। ਕੋਤਲਆਰਾ 'ਚ 6 ਇੰਡੀਅਨ ਡਿਵੀਜ਼ਨ ਘੇਰੇ 'ਚ ਆ ਗਈ ਸੀ।

ਘਿਰੇ ਹੋਏ ਸਿਪਾਹੀ ਜ਼ਿੰਦਾ ਰਹਿਣ ਲਈ ਘੋੜਿਆਂ ਨੂੰ ਮਾਰ ਕੇ ਖਾ ਰਹੇ ਸਨ, ਭੁੱਖ ਤੋਂ ਬਚਣ ਲਈ ਘਾਹ ਉਬਾਲੀ ਜਾ ਰਹੀ ਸੀ।

53ਵੀਂ ਸਿੱਖ ਬਟਾਲੀਅਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਇਸ ਘੇਰੇ ਨੂੰ ਤੋੜੇ। ਉਨ੍ਹਾਂ ਸਾਹਮਣੇ 2000 ਗਜ ਦਾ ਫ਼ਾਸਲਾ ਸੀ, ਜੋ ਸਾਫ਼ ਮੈਦਾਨ ਸੀ। ਕਵਰ ਲੈਣ ਲਈ ਕੋਈ ਦਰਖ਼ਤ ਤੱਕ ਨਹੀਂ ਸੀ।

ਜਦੋਂ ਤੁਰਕ ਠਿਕਾਣੇ 'ਤੇ ਪਹੁੰਚਣ ਲਈ 1200 ਗਜ ਰਹਿ ਗਏ ਤਾਂ ਉਸ ਵੇਲੇ ਹੌਲਦਾਰ ਅਰਜਨ ਸਿੰਘ ਨੇ ਦੇਖਿਆ ਕਿ ਬ੍ਰਿਟਿਸ਼ ਅਫ਼ਸਰ ਨੂੰ ਗੋਲੀ ਲੱਗ ਗਈ ਹੈ।

ਉਹ ਉਨ੍ਹਾਂ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਪਿੱਛੇ ਵੱਲ ਨੂੰ ਲੈ ਗਏ। ਇਸ ਦੇ ਲਈ ਉਨ੍ਹਾਂ ਨੂੰ ਇੰਡੀਆ ਡਿਸਟਿੰਗਵਿਸ਼ਡ ਸਰਵਿਸ ਮੈਡਲ ਦਿੱਤਾ ਗਿਆ।

ਅਰਜਨ ਦੇ ਪੋਤੇ ਸਕਵਾਡ੍ਰਨ ਲੀਡਰ ਰਾਣਾ ਤੇਜਪ੍ਰਤਾਪ ਸਿੰਘ ਛੀਨਾ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਨੂੰ ਉਨ੍ਹਾਂ ਦੀ ਬਰਾਂਡੀ ਨੇ ਬਚਾਇਆ ਸੀ।

ਇਹ ਵੀ ਪੜ੍ਹੋ:

ਬਰਾਂਡੀ ਫ਼ੌਜੀਆਂ ਦੇ ਲੰਬੇ ਕੋਟ ਨੂੰ ਕਿਹਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਬਰਾਂਡੀ ਵਾਂਗ ਗਰਮ ਰੱਖਦਾ ਸੀ।

ਜਦੋਂ ਅਰਜਨ ਸਿੰਘ 'ਤੇ ਫ਼ਾਇਰ ਆਇਆ, ਉਸ ਸਮੇਂ ਉਹ ਬਰਾਂਡੀ ਨੂੰ ਮੋੜ ਕੇ ਆਪਣੀ ਪਿੱਠ 'ਤੇ ਰੱਖੀ ਬੈਠੇ ਸਨ। ਗੋਲੀ ਲੱਗਣ ਨਾਲ ਉਹ ਡਿੱਗੇ ਜ਼ਰੂਰ, ਪਰ ਗੋਲੀ ਉਨ੍ਹਾਂ ਦੇ ਪਾਰ ਨਹੀਂ ਜਾ ਸਕੀ।

15 ਰੁਪਏ ਮਹੀਨੇ ਦੀ ਤਨਖ਼ਾਹ

ਭਾਰਤੀ ਸੰਦਰਭ ਨਾਲ ਪਹਿਲੀ ਵਿਸ਼ਵ ਜੰਗ ਦੀ ਕਹਾਣੀ ਅਜੇ ਤੱਕ ਸੁਣਾਈ ਹੀ ਨਹੀਂ ਗਈ ਹੈ। ਸਾਲ 1914 ਤੋਂ 1919 ਤੱਕ ਭਾਰਤ ਤੋਂ 11 ਲੱਖ ਫ਼ੌਜੀ ਵਿਦੇਸ਼ ਲੜਨ ਗਏ।

ਉਨ੍ਹਾਂ ਵਿੱਚੋਂ 74,000 ਕਦੇ ਵਾਪਸ ਨਹੀਂ ਆਏ। ਉਨ੍ਹਾਂ ਨੂੰ ਫ਼ਰਾਂਸ, ਗਰੀਸ, ਉੱਤਰੀ ਅਫ਼ਰੀਕਾ, ਫ਼ਲਸਤੀਨ ਅਤੇ ਮੇਸੋਪੋਟਾਮਿਆ 'ਚ ਹੀ ਦਫ਼ਨਾ ਦਿੱਤਾ ਗਿਆ।

74,000 ਲੋਕ ਵਾਪਿਸ ਜ਼ਰੂਰ ਆਏ, ਪਰ ਉਨ੍ਹਾਂ ਦਾ ਕੋਈ ਨਾ ਕੋਈ ਅੰਗ ਹਮੇਸ਼ਾ ਲਈ ਜਾ ਚੁੱਕਿਆ ਸੀ।

ਉਨ੍ਹਾਂ ਨੂੰ 9,200 ਤੋਂ ਵੱਧ ਬਹਾਦਰੀ ਪੁਰਸਕਾਰ ਮਿਲੇ, ਜਿਨ੍ਹਾਂ 'ਚ ਬਹਾਦਰੀ ਦੇ ਸਭ ਤੋਂ ਵੱਡੇ ਸਨਮਾਨ 11 ਵਿਕਟੋਰੀਆ ਕਰਾਸ ਵੀ ਸ਼ਾਮਿਲ ਹਨ।

ਇਨ੍ਹਾਂ ਫ਼ੌਜੀਆਂ ਤੋਂ ਇਲਾਵਾ ਇਸ ਲੜਾਈ 'ਚ ਭਾਰਤ ਤੋਂ ਹਜ਼ਾਰਾਂ ਧੋਬੀ, ਖ਼ਾਨਸਾਮੇ, ਨਾਈ ਅਤੇ ਮਜ਼ਦੂਰ ਵੀ ਫਰੰਟ 'ਤੇ ਗਏ ਸਨ।

ਇਸ ਤੋਂ ਇਲਾਵਾ ਭਾਰਤ ਨੇ ਅੱਠ ਕਰੋੜ ਪਾਉਂਡ ਦੇ ਉਪਕਰਨ ਅਤੇ ਸਾਢੇ 14 ਕਰੋੜ ਪਾਉਂਡ ਦੀ ਸਿੱਧੀ ਆਰਥਿਕ ਸਹਾਇਤਾ ਵੀ ਜੰਗੀ ਕਾਰਜਾਂ ਦੇ ਲਈ ਦਿੱਤੀ।

ਪੰਜਾਬ 'ਚ ਇਸ ਨੂੰ 'ਲਾਮ' ਜਾਂ ਲੰਬੀ ਲੜਾਈ ਕਿਹਾ ਗਿਆ। ਬ੍ਰਿਟੇਨ ਨੇ ਪਹਿਲੀ ਵਾਰ ਭਾਰਤੀ ਲੋਕਾਂ ਨੂੰ ਇੱਕ ਫ਼ੌਜੀ ਦੇ ਰੂਪ 'ਚ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।

ਭਾਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਆਮ ਆਦਮੀ ਦੀ ਲੜਾਈ ਸੀ, ਜੋ ਸਿਰਫ਼ 15 ਰੁਪਏ ਮਹੀਨੇ ਲਈ ਆਪਣਾ ਘਰ-ਪਰਿਵਾਰ ਛੱਡ ਕੇ ਵਿਦੇਸ਼ ਲੜਨ ਗਏ ਸਨ।

ਭਾਰਤੀ ਜ਼ਮੀਨ 'ਤੇ ਹੀ ਹੋ ਗਈ ਸੀ ਪਹਿਲੀ ਮੌਤ

ਦਿਲਚਸਪ ਗੱਲ ਇਹ ਹੈ ਕਿ ਪਹਿਲੀ ਵਿਸ਼ਵ ਜੰਗ 'ਚ ਪਹਿਲੇ ਭਾਰਤੀ ਦੀ ਮੌਤ ਨਾ ਤਾਂ ਪੱਛਮੀ ਮੋਰਚੇ 'ਤੇ ਹੋਈ ਸੀ ਅਤਾ ਨਾ ਹੀ ਮੇਸੋਪੋਟੇਮਿਆ ਜਾਂ ਅਫ਼ਰੀਕਾ ਦੇ ਬੀਹੜ ਗੇਗਿਸਤਾਨਾਂ 'ਚ।

ਦਰਅਸਲ, ਯੁੱਧ ਮੋਰਚੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਭਾਰਤੀ ਜ਼ਮੀਨ 'ਤੇ ਹੀ ਕੋਈ ਲੋਕਾਂ ਨੇ ਜਰਮਨੀ ਖ਼ਿਲਾਫ਼ ਜਾਨ ਦੇ ਦਿੱਤੀ ਸੀ।

22 ਸਤੰਬਰ, 1914 ਨੂੰ ਜਰਮਨ ਯੁੱਧ ਪੋਤ 'ਐਸਐਮਐਸ ਐਮਡੇਨ' ਨੇ ਹੌਲੀ ਜਿਹੇ ਬੰਗਾਲ ਦੀ ਖਾੜੀ 'ਚ ਦਾਖਲਾ ਕਰ ਕੇ ਮਦਰਾਸ ਬੰਦਰਗਾਹ ਤੋਂ ਢਾਹੀ ਹਜ਼ਾਰ ਗਜ ਦੂਰ ਲੰਗਰ ਪਾਇਆ।

ਉਸ ਸਮੇਂ ਮਿੱਤਰ ਦੇਸ ਦਾ ਕੋਈ ਵੀ ਪੋਤ ਮਦਰਾਸ ਬੰਦਰਗਾਹ ਦੀ ਨਿਗਰਾਨੀ ਨਹੀਂ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਆਰ ਕੇ ਲੋਚਨਰ ਆਪਣੀ ਕਿਤਾਬ 'ਦਿ ਲਾਸਟ ਜੇਂਟਲਮੇਨ ਆਫ਼ ਦਿ ਵਾਰ: ਦਿ ਰੇਡਰ ਐਕਸਪਲਾਇਟਸ ਆਫ਼ ਦਿ ਕ੍ਰੂਜ਼ਰ ਐਮਡੇਨ' 'ਚ ਲਿਖਦੇ ਹਨ, ''ਰਾਤ ਨੌ ਵੱਜ ਕੇ ਵੀਹ ਮਿੰਟ 'ਤੇ ਕਮਾਂਡੇਂਟ ਕਾਰਲ ਮੁਲਰ ਨੇ ਆਪਣੇ ਫ਼ੌਜੀਆਂ ਨੂੰ ਫ਼ਾਇਰ ਕਰਨ ਦਾ ਹੁਕਮ ਦਿੱਤਾ। ਐਮਡੇਨ ਤੋਂ ਫ਼ਾਇਰ ਕੀਤੇ ਗਏ ਗੋਲਿਆਂ ਨੇ ਬਰਮਾ ਆਇਲ ਕੰਪਨੀ ਦੇ ਟੈਂਕਰਾਂ 'ਚ ਅੱਗ ਲਗਾ ਦਿੱਤੀ।''

''ਉਨ੍ਹਾਂ 'ਚ 5000 ਟਨ ਕੈਰੋਸੀਨ ਦਾ ਤੇਲ ਭਰਿਆ ਹੋਇਆ ਸੀ। ਉਨ੍ਹਾਂ 'ਚੋਂ ਨਿਕਲਣ ਵਾਲੀਆਂ ਅੱਗ ਦੀਆਂ ਲਪਟਾਂ ਨੂੰ ਰਾਤ 'ਚ ਪੂਰੇ ਮਦਰਾਸ 'ਚ ਦੇਖਿਆ ਜਾ ਸਕਦਾ ਸੀ। ਮੁਲਰ ਪੂਰੇ ਸ਼ਹਿਰ 'ਚ ਦਹਿਸ਼ਤ ਫ਼ੈਲਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਪੋਤ ਤੋਂ ਨਿਕਲੇ ਗੋਲੇ ਮਦਰਾਸ ਹਾਈ ਕੋਰਟ, ਪੋਰਟ ਟਰੱਸਟ ਅਤੇ ਨੈਸ਼ਨਲ ਬੈਂਕ ਆਫ਼ ਇੰਡੀਆਂ ਦੀ ਇਮਾਰਤਾਂ 'ਤੇ ਡਿੱਗੇ। ਬੰਦਰਗਾਹ 'ਤੇ ਖੜ੍ਹਾ ਇੱਕ ਵਪਾਰਕ ਜਹਾਜ਼ ਵੀ ਡੁਬਾ ਦਿੱਤਾ ਗਿਆ।''

''ਪੰਜ ਮੱਲਾਹ ਮਾਰੇ ਗਏ ਅਤੇ 13 ਜ਼ਖ਼ਮੀ ਹੋ ਗਏ। 30 ਮਿੰਟ ਤੱਕ ਚੱਲੇ ਇਸ ਹਮਲੇ 'ਚ 'ਐਮਡੇਨ' ਨੇ ਕੁੱਸ 130 ਗੋਲੇ ਦਾਗੇ। ਜਦੋਂ ਤੱਕ ਬ੍ਰਿਟਿਸ਼ ਫ਼ੌਜੀ ਜਵਾਬੀ ਕਾਰਵਾਈ ਕਰਦੇ, 'ਐਮਡੇਨ' ਨੇ ਮਦਰਾਸ ਛੱਡ ਦਿੱਤਾ ਸੀ। ਜਰਮਨ ਪੋਤ 'ਤੇ ਦਾਗੇ ਗਏ ਨੌਂ ਗੋਲਿਆਂ ਵਿੱਚੋਂ ਇੱਕ ਵੀ ਉਸਨੂੰ ਨਹੀਂ ਲੱਗਿਆ।''

''ਮਦਰਾਸ 'ਤੇ ਹੋਏ ਇਸ ਹਮਲੇ ਦਾ ਇੰਨਾ ਜ਼ਬਰਦਸਤ ਅਸਰ ਹੋਇਆ ਕਿ ਤਮਿਲ ਸ਼ਬਦਕੋਸ਼ 'ਚ ਇੱਕ ਨਵਾਂ ਸ਼ਬਦ ਜੁੜ ਗਿਆ ਸੀ 'ਐਮਡੇਨ' ਜਿਸਦਾ ਅਰਥ ਹੁੰਦਾ ਹੈ ਹਿੰਮਤੀ ਵਿਅਕਤੀ ਜਿਸਦਾ ਨਿਸ਼ਾਨਾ ਕਦੇ ਨਹੀਂ ਖ਼ਾਲੀ ਜਾਂਦਾ।'

ਭਾਰਤੀ ਫ਼ੌਜੀਆਂ ਨੇ ਪਹਿਲੀ ਵਾਰ ਦੇਖਿਆ ਸੀ ਪਾਣੀ ਦਾ ਜਹਾਜ਼

ਇਹ ਅਜਿਹੇ ਲੋਕ ਸਨ ਜਿਨ੍ਹਾਂ ਨੇ ਇਸ ਪੱਧਰ ਦੀ ਲੜਾਈ ਦਾ ਕੋਈ ਅਨੁਭਵ ਨਹੀਂ ਸੀ। ਖਾਈ ਅਤੇ ਚਿੱਕੜ ਦੀ ਲੜਾਈ, ਟੈਂਕ, ਮਸ਼ੀਨ ਗਨ ਅਤੇ ਬੇਇੰਤਹਾ ਠੰਡ, ਇਹ ਸਭ ਉਨ੍ਹਾਂ ਲਈ ਨਵਾਂ ਤਜਰਬਾ ਸੀ।

ਅੰਗਰੇਜ਼ੀ ਮੈਗਜ਼ੀਨ 'ਦਿ ਵੀਕ' ਦੀ ਪੱਤਰਕਾਰ ਮੰਦਿਰਾ ਨੈਅਰ ਨੇ ਇਸ ਵਿਸ਼ੇ 'ਚ ਕਾਫ਼ੀ ਰਿਸਰਚ ਕੀਤੀ ਹੈ।

ਮੰਦਿਰਾ ਦੱਸਦੀ ਹੈ, ''ਭਾਰਤੀ ਫੌਜੀਆਂ ਨੇ ਇੰਨੇ ਆਧੁਨਿਕ ਹਥਿਆਰਾਂ ਨਾਲ ਲੈਸ ਅਤੇ ਸੰਗਠਿਤ ਫ਼ੌਜੀਆਂ ਨੇ ਕਦੇ ਲੜਾਈ ਨਹੀਂ ਕੀਤੀ ਸੀ। ਪਹਿਲੀ ਵਾਰ ਜਦੋਂ ਉਹ ਗਏ ਸੀ ਤਾਂ ਉਨ੍ਹਾਂ ਨੂੰ ਨਵੀਂ ਰਾਈਫ਼ਲ ਦਾ ਆਦੀ ਹੋਣ ਦੇ ਲਈ ਸਿਰਫ਼ ਤਿੰਨ-ਚਾਰ ਦਿਨ ਹੀ ਦਿੱਤੇ ਗਏ ਸਨ ਪਹਿਲੀ ਵਾਰ ਉਨ੍ਹਾਂ ਨੇ ਪਾਣੀ ਦਾ ਜਹਾਜ਼ ਦੇਖਿਆ ਸੀ।''

''ਪਹਿਲੀ ਵਾਰ ਉਹ ਰੇਫ੍ਰੀਜਰੇਟਰ 'ਚ ਰੱਖੇ ਖਾਣੇ ਅਤੇ ਗੁੱਟ 'ਤੇ ਬੰਨਣ ਵਾਲੀ ਘੜੀ ਨਾਲ ਰੂਬਰੂ ਹੋਏ ਸਨ। ਪਹਿਲਾ ਵਾਰ ਉਨ੍ਹਾਂ ਦਾ ਵਾਹ ਵਿਦੇਸ਼ੀ ਔਰਤਾਂ ਨਾਲ ਪਿਆ ਸੀ। ਇੱਕ ਸਕੈਂਡਲ ਵੀ ਹੋਇਆ ਸੀ, ਜਦੋਂ ਇੱਕ ਭਾਰਤੀ ਫ਼ੌਜੀ ਨੇ ਇੱਕ ਫਰੈਂਚ ਮਹਿਲਾ ਨਾਲ ਵਿਆਹ ਕਰ ਲਿਆ ਸੀ। ਉਸ ਨੇ ਘਰ ਚਿੱਠੀ ਲਿਖ ਕੇ ਦੱਸਿਆ ਸੀ ਕਿ ਇੰਗਲੈਂਡ ਦੇ ਮਹਾਰਾਜਾ ਨੇ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ।''

ਖ਼ੁਦਾਦਾਦ ਖ਼ਾਂ ਨੂੰ ਮਿਲਿਆ ਵਿਕਟੋਰੀਆ ਕ੍ਰਾਸ

ਅੰਗਰੇਜ਼ ਇਸ ਲੜਾਈ 'ਚ ਭਾਰਤੀ ਫ਼ੌਜੀਆਂ ਨੂੰ ਕੈਨਨ ਫ਼ਾਡਰ ਯਾਨੀ ਤੋਪ ਚਾਰੇ ਦੇ ਰੂਪ 'ਚ ਇਸਤੇਮਾਲ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੇ ਕਈ ਥਾਂ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ।

ਉਨ੍ਹਾਂ ਨੂੰ ਕੁੱਲ ਮਿਲਾ ਕੇ 9200 ਬਹਾਦਰੀ ਪੁਰਸਕਾਰ ਮਿਲੇ, ਜਿਨ੍ਹਾਂ ਵਿੱਚ 11 ਸਰਬਉੱਚ ਬਹਾਦਰੀ ਪੁਰਸਕਾਰ ਵਿਕਟੋਰੀਆ ਕ੍ਰਾਸ ਵੀ ਸ਼ਾਮਿਲ ਸਨ।

ਫੌਜੀ ਇਤਿਹਾਸਕਾਰ ਰਾਣਾ ਤੇਜਪ੍ਰਤਾਪ ਸਿੰਘ ਛੀਨਾ ਕਹਿੰਦੇ ਹਨ, ''ਖ਼ੁਦਾਦਾਦ ਖ਼ਾਂ ਬੇਲਜਿਅਮ 'ਚ ਹਾਲਬੀਕ ਦੇ ਕੋਲ ਇੱਕ ਮਸ਼ੀਨ ਗਨ ਡਿਟੈਚਮੈਂਟ ਦੇ ਅੰਦਰ ਸਨ। ਜਰਮਨੀ ਦੇ ਜ਼ਬਰਦਸਤ ਹਮਲਾ ਬੋਲਣ ਦੇ ਬਾਵਜੂਦ ਇਹ ਡਿਟੈਚਮੈਂਟ ਡਟੀ ਰਹੀ ਇੱਕ-ਇੱਕ ਕਰਕੇ ਉਨ੍ਹਾਂ ਦੇ ਸਿਪਾਹੀ ਮਰਦੇ ਰਹੇ।''

''ਆਖ਼ਿਰ 'ਚ ਸਿਰਫ਼ ਖ਼ੁਦਾਦਾਦ ਹੀ ਬਚੇ, ਉਹ ਵੀ ਪੂਰੀ ਤਰ੍ਹਾਂ ਜ਼ਖ਼ਮੀਂ ਹੋ ਕੇ ਡਿੱਗ ਪਏ। ਜਦੋਂ ਜਰਮਨ ਆਏ ਤਾਂ ਉਹ ਉਨ੍ਹਾਂ ਨੂੰ ਮਰਿਆ ਹੋਇਆ ਸਮਝ ਕੇ ਉਨ੍ਹਾਂ ਦੇ ਉੱਤੋਂ ਚਲੇ ਗਏ ਪਰ ਉਨ੍ਹਾਂ ਦੇ ਐਕਸ਼ਨ ਨਾਲ ਤੇਜ਼ੀ ਨਾਲ ਵਧਦੇ ਜਰਮਨ ਫ਼ੌਜੀਆਂ ਦਾ ਐਡਵਾਂਸ ਰੁੱਕ ਗਿਆ।''

ਜ਼ਹਰੀਲੀ ਗੈਸ ਛੱਡਣ ਦੇ ਬਾਅਦ ਲਾਸ਼ਾਂ ਨਾਲ ਲੈਸ ਹੋ ਗਿਆ ਮੈਦਾਨ

ਇਸ ਲੜਾਈ 'ਚ ਭਾਰਤੀ ਫ਼ੌਜੀਆਂ ਦੇ ਖ਼ਿਲਾਫ਼ ਜਰਮਨੀ ਨੇ ਪਹਿਲੀ ਵਾਰ ਜ਼ਹਰੀਲੀ ਗੈਸ ਦੀ ਵਰਤੋਂ ਕੀਤੀ ਜੋ ਉਨ੍ਹਾਂ ਲਈ ਬਹੁਤ ਨਵਾਂ ਅਨੁਭਵ ਸੀ।

ਮੰਦਿਰਾ ਨੈਅਰ ਦੱਸਦੀ ਹੈ, ''ਪਹਿਲੀ ਵਾਰ ਜਦੋਂ ਗੈਸ ਛੱਡੀ ਗਈ ਸੀ ਤਾਂ ਇੱਕ ਭਾਰਤੀ ਫ਼ੌਜੀ ਨੇ ਆਪਣੇ ਘਰ ਚਿੱਠੀ 'ਚ ਲਿਖਿਆ ਸੀ ਕਿ ਅਜਿਹਾ ਲੱਗ ਰਿਹਾ ਹੈ ਨਰਕ ਧਰਤੀ 'ਤੇ ਆ ਗਿਆ ਹੋਵੇ। ਜਿਵੇਂ ਭੋਪਾਲ ਗੈਸ ਤਰਾਸਦੀ ਹੋਈ ਸੀ, ਪੂਰਾ ਮੈਦਾਨ ਮਰੇ ਹੋਏ ਲੋਕਾਂ ਨਾਲ ਭਰ ਗਿਆ ਸੀ। ਲੋਕ ਮੱਖੀਆਂ ਵਾਂਗ ਮਰ ਰਹੇ ਸਨ।''

''ਇੱਕ ਫ਼ੌਜੀ ਮੀਰਦਾਦ ਅੱਠ ਬੇਹੋਸ਼ ਫ਼ੌਜੀਆਂ ਨੂੰ ਆਪਣੀ ਪਿੱਠ 'ਤੇ ਲੱਦ ਕੇ ਪਿੱਛਲੇ ਪਾਸੇ ਲੈ ਆਏ ਸੀ। ਉਨ੍ਹਾਂ ਨੂੰ ਇਸ ਲਈ ਵਿਕਟੋਰੀਆ ਕ੍ਰਾਸ ਦਿੱਤਾ ਗਿਆ। ਭਾਰਤੀ ਫ਼ੌਜੀਆਂ ਦੇ ਕੋਲ ਗੈਸ ਮਾਸਕ ਨਹੀਂ ਸਨ।''

''ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਕੱਪੜੇ 'ਤੇ ਪੇਸ਼ਾਬ ਲਗਾ ਕੇ ਜੇ ਉਸਨੂੰ ਨੱਕ ਦੇ ਕੋਲ ਰੱਖਿਆ ਜਾਵੇ ਤਾਂ ਗੈਸ ਦਾ ਅਸਰ ਘੱਟ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕੀਤਾ, ਪਰ ਇਸਦਾ ਕੋਈ ਲਾਭ ਨਾ ਹੋਇਆ।''

ਫ਼ਲੈਂਡਰਸ ਦੇ ਫ਼ੀਲ਼ ਮਿਊਜ਼ੀਅਮ 'ਚ ਇੱਕ ਤਸਵੀਰ ਹੈ ਜਿਸ 'ਚ ਇਸ ਗੈਸ ਦੇ ਅਸਰ ਨੂੰ ਦਿਖਾਇਆ ਗਿਆ। ਮੈਦਾਨ 'ਚ ਚਾਰੋ ਪਾਸੇ ਲਾਸ਼ਾਂ ਪਈਆਂ ਸਨ। ਇਸ ਲੜਾਈ 'ਚ 47 ਸਿੱਖ ਰੇਜੀਮੇਂਟ ਦੇ 78 ਫ਼ੀਸਦੀ ਫ਼ੌਜੀ ਮਾਰੇ ਗਏ ਸਨ।

ਰਾਜਮਹਿਲ 'ਚ ਹੋਇਆ ਇਲਾਜ

ਜ਼ਖ਼ਮੀਂ ਭਾਰਤੀ ਫ਼ੌਜੀਆਂ ਨੂੰ ਬ੍ਰਿਟੇਨ 'ਚ ਬ੍ਰਾਈਟਨ ਦੇ ਇੱਕ ਰਾਜਮਹਿਲ 'ਚ ਰੱਖਿਆ ਗਿਆ ਸੀ। ਬ੍ਰਿਟੇਨ ਦੇ ਮਹਾਰਾਜਾ ਨੇ ਕਈ ਸਾਲ ਪਹਿਲਾਂ ਇਸ ਮਹਿਲ ਨੂੰ ਬ੍ਰਾਈਟਨ ਕਾਰਪੋਰੇਸ਼ਨ ਨੂੰ ਵੇਚ ਦਿੱਤਾ ਸੀ ਪਰ ਬ੍ਰਿਟੇਨ ਨੇ ਇਨ੍ਹਾਂ ਅਫ਼ਵਾਹਾਂ ਨੂੰ ਚਿੰਗਾਰੀ ਦਿੱਤੀ ਕਿ ਰਾਜਾ ਨੇ ਜ਼ਖ਼ਮੀਂ ਭਾਰਤੀ ਫ਼ੌਜੀਆਂ ਦੇ ਲਈ ਆਪਣਾ ਰਾਜਮਹਿਲ ਖਾਲੀ ਕਰ ਦਿੱਤਾ।

ਮੰਦਿਰਾ ਨੈਅਰ ਦੱਸਦੀ ਹੈ, ''ਬ੍ਰਾਈਟਨ ਦੇ ਰਾਜਮਹਿਲ 'ਚ ਨੌਂ ਰਸੋਈਘਰ ਸਨ, ਹਰ ਧਰਮ ਦੇ ਫ਼ੌਜੀਆਂ ਦੇ ਲਈ ਵੱਖਰਾ ਰਸੋਈਘਰ। ਇੱਕ ਗੁਰਦੁਆਰਾ ਸੀ, ਨਮਾਜ਼ ਪੜ੍ਹਨ ਲਈ ਇੱਕ ਮਸਜਿਦ ਸੀ, ਇੱਕ ਮੰਦਿਰ ਵੀ ਸੀ। ਕਹਿੰਦੇ ਹਨ ਕਿ ਨਰਸਾਂ ਨੂੰ ਹਦਾਇਤ ਸੀ ਕਿ ਉਹ ਉਨ੍ਹਾਂ ਫ਼ੌਜੀਆਂ ਦੇ ਬਹੁਤਾ ਨੇੜਾ ਨਾ ਜਾਣ।''

''ਬ੍ਰਿਟਿਸ਼ ਸਾਮਰਾਜ ਇਹ ਪ੍ਰੋਪਾਗੈਂਡਾ ਕਰਨ 'ਚ ਸਫ਼ਲ ਹੋ ਗਿਆ ਸੀ ਕਿ ਭਾਰਤੀ ਫ਼ੌਜੀ ਉਨ੍ਹਾਂ ਨੂੰ ਇੰਨੇ ਅਜੀਜ਼ ਹਨ ਕਿ ਬ੍ਰਿਟਿਸ਼ ਰਾਜਾ ਨੇ ਉਨ੍ਹਾਂ ਲਈ ਆਪਣਾ ਮਹਿਲ ਖਾਲੀ ਕਰ ਦਿੱਤਾ ਸੀ। ਪੂਰੇ ਹਸਪਤਾਲ 'ਚ ਉਰਦੂ, ਗੁਰਮੁਖੀ ਅਤੇ ਹਿੰਦੀ 'ਚ ਸਾਈਨਬੋਰਡ ਲਗਾਏ ਗਏ ਸਨ।''

''ਮੁਸਲਮਾਨ ਫ਼ੌਜੀਆਂ ਦੇ ਲਈ ਹਲਾਲ ਗੋਸ਼ਤ ਦੀ ਵੀ ਵਿਵਸਥਾ ਕੀਤੀ ਗਈ। ਜਦੋਂ ਵੀ ਉਨ੍ਹਾਂ ਨੂੰ ਸਮੁੰਦਰੀ ਤਟ 'ਤੇ ਘੁੰਮਣ ਲਈ ਲਿਜਾਇਆ ਜਾਂਦਾ, ਬ੍ਰਾਈਟਨ ਦੇ ਨਾਗਰਿਕਾਂ 'ਚ ਉਨ੍ਹਾਂ ਨਾਲ ਹੱਥ ਮਿਲਾਉਣ ਹੋੜ ਲੱਗ ਜਾਂਦੀ ਅਤੇ ਉਹ ਉਨ੍ਹਾਂ ਦੇ ਹੱਥ 'ਚ ਸਿਗਰੇਟ ਅਤੇ ਚਾਕਲੇਟ ਫੜਾ ਦਿੰਦੇ। ਰਾਇਲ ਪਵੇਲਿਅਨ 'ਚ 4306 ਭਾਰਤੀ ਫ਼ੌਜੀਆਂ ਦਾ ਇਲਾਜ ਕੀਤਾ ਗਿਆ।''

ਕੁਝ ਲੋਕਾਂ ਦੀ ਉੱਥੇ ਹੀ ਮੌਤ ਵੀ ਹੋਈ। ਇਨ੍ਹਾਂ ਵਿੱਚੋਂ 53 ਹਿੰਦੂ ਅਤੇ ਸਿੱਖ ਫ਼ੌਜੀਆਂ ਦਾ ਬ੍ਰਾਈਟਨ ਦੇ ਬਾਹਰ ਇੱਕ ਪਿੰਡ 'ਚ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਅਸਥੀਆਂ ਸਮੁੰਦਰ 'ਚ ਵਹਾ ਦਿੱਤੀਆਂ ਗਈਆਂ, ਜਦੋਂਕਿ 21 ਮੁਸਲਿਮ ਫ਼ੌਜੀਆਂ ਨੂੰ ਵੋਕਿੰਗ ਦੀ ਮਸਜਿਦ ਦੇ ਅਹਾਤੇ 'ਚ ਦਫ਼ਨਾਇਆ ਗਿਆ।

ਲਾਸ਼ਾ ਦੇ ਉੱਤੇ ਸੌਂਣਾ ਪੈਂਦਾ ਸੀ

ਭਾਰਤੀ ਫੌਜੀਆਂ ਦੇ ਲੜਾਈ ਵਾਲੀ ਥਾਂ ਤੋਂ ਭੇਜੀਆਂ ਗਈਆਂ ਚਿੱਠੀਆਂ ਨੂੰ ਪੜ੍ਹਣ ਨਾਲ ਜੋ ਚੀਜ਼ ਜ਼ਹਿਨ 'ਚ ਆਉਂਦੀ ਹੈ ਉਹ ਹੈ ਖ਼ਤਰਨਾਕ ਹਾਲਾਤ ਅਤੇ ਚਾਰੋ ਪਾਸੇ ਹੋ ਰਹੀ ਬਰਬਾਦੀ ਦਾ ਸਜੀਵ ਚਿਤਰਨ।

ਰਾਈਫ਼ਲਮੈਨ ਅਮਰ ਸਿੰਘ ਰਾਵਤ ਨੇ ਫਰਾਂਸ ਦੇ ਮੋਰਚੇ ਤੋਂ ਆਪਣੇ ਦੋਸਤ ਨੂੰ ਲਿਖਿਆ, ''ਧਰਤੀ ਮਰੇ ਹੋਏ ਲੋਕਾਂ ਨਾਲ ਭਰ ਗਈ ਹੈ, ਕੋਈ ਵੀ ਥਾਂ ਖਾਲੀ ਨਹੀਂ ਬਚੀ ਹੈ। ਅੱਗੇ ਵਧਣ ਲਈ ਲਾਸ਼ਾਂ ਦੇ ਉੱਪਰੋਂ ਹੋ ਕੇ ਜਾਣਾ ਹੁੰਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਉੱਪਰ ਸੌਂਣਾ ਵੀ ਹੁੰਦਾ ਹੈ ਕਿਉਂਕਿ ਕੋਈ ਖਾਲੀ ਥਾਂ ਬਚੀ ਹੀ ਨਹੀਂ ਹੈ।''

ਅਫ਼ਰੀਕਾ ਅਤੇ ਯੂਰਪ 'ਚ ਲੜਦੇ ਹੋਏ ਇਨ੍ਹਾਂ ਭਾਰਤੀ ਫ਼ੌਜੀਆਂ ਨੂੰ ਅਕਸਰ ਅਜਿਹੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਸੀ ਜਿਸ ਦਾ ਅਨੁਭਵ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਹੋਇਆ ਸੀ।

ਸ਼੍ਰਬਨਿ ਬਸੁ ਆਪਣੀ ਕਿਤਾਬ 'ਫ਼ਾਰ ਕਿੰਗ ਐਂਡ ਐਨਅਦਰ ਕੰਟ੍ਰੀ' 'ਚ ਲਿਖੀ ਹੈ, ''ਇਨ੍ਹਾਂ ਫ਼ੌਜੀਆਂ ਨੂੰ ਅਕਸਰ ਉਨ੍ਹਾਂ ਅਫ਼ਸਰਾਂ ਦੀ ਕਮਾਨ 'ਚ ਰੱਖਿਆ ਜਾਂਦਾ ਸੀ ਜੋ ਹਿੰਦੁਸਤਾਨੀ ਨਹੀਂ ਬੋਲ ਪਾਉਂਦੇ ਸਨ। ਉਹ ਲੋਕ ਉਨ੍ਹਾਂ ਦੀਆਂ ਖਾਈਆਂ ਦਾ ਨਾਂ ਲੰਡਨ ਦੀਆਂ ਸੜਕਾਂ ਦੇ ਨਾਂ 'ਤੇ ਰੱਖਦੇ ਸਨ।''

''ਭਾਰਤੀ ਫ਼ੌਜੀਆਂ ਦੇ ਲਈ ਇਸਦਾ ਕੋਈ ਮਤਲਬ ਨਹੀਂ ਹੁੰਦਾ ਸੀ ਕਿਉਂਕਿ ਉਨ੍ਹਾਂ ਨੂੰ ਪਿਕੈਡਲੀ, ਰੀਜੇਂਟ ਸਟਰੀਟ ਅਤੇ ਟ੍ਰੇਫ਼ਲਗਰ ਸਕਵਾਇਰ ਦੇ ਵਿਚਾਲੇ ਦਾ ਫ਼ਰਕ ਪਤਾ ਹੀ ਨਹੀਂ ਸੀ। ਬਾਅਦ 'ਚ ਭਾਰਤੀ ਫ਼ੌਜੀਆਂ ਦੀ ਮਦਦ ਲਈ ਖਾਈਆਂ ਦੇ ਨਕਸ਼ੇ ਹਿੰਦੀ, ਪੰਜਾਈ ਅਤੇ ਉਰਦੂ 'ਚ ਲਿਖੇ ਜਾਣ ਲੱਗੇ।''

ਇਹ ਵੀ ਪੜ੍ਹੋ:

''ਪਰ ਇਸਦਾ ਵੀ ਕੋਈ ਖ਼ਾਸ ਅਸਰ ਨਹੀਂ ਪਿਆ, ਕਿਉਂਕਿ ਜ਼ਿਆਦਾਤਰ ਭਾਰਤੀ ਜਵਾਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਸੀ।''

ਸਮਾਜਿਕ ਅਤੇ ਆਰਥਿਕ ਜੀਵਨ 'ਚ ਬਦਲਾਅ

ਕਈ ਸਾਲ ਵਿਦੇਸ਼ 'ਚ ਲੜਨ ਤੋਂ ਬਾਅਦ ਭਾਰਤੀ ਫ਼ੌਜੀ ਉੱਥੋਂ ਕਈ ਨਵੀਆਂ-ਨਵੀਆਂ ਚੀਜ਼ਾਂ ਸਿੱਖ ਕੇ ਆਏ।

ਚਾਹ ਪੀਣ ਦਾ ਚਲਨ, ਫ਼ੁੱਟਬਾਲ ਦੀ ਖੇਡ ਅਤੇ ਗੁੱਟ ਵਾਲੀ ਘੜੀ ਪਾਉਣ ਦਾ ਰਿਵਾਜ਼ਸ ਭਾਰਤ 'ਚ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਹੀ ਸ਼ੁਰੂ ਹੋਇਆ।

ਇਸ ਤੋਂ ਇਲਾਵਾ ਉਨ੍ਹਾਂ ਦੇ ਵਿਦੇਸ਼ ਪਰਵਾਸ ਨੇ ਇੱਥੋਂ ਦੇ ਸਮਾਜਿਕ ਜੀਵਨ 'ਚ ਵੀ ਕਈ ਬਦਲਾਅ ਕੀਤੇ।

ਇਨ੍ਹਾਂ ਫ਼ੌਜੀਆਂ ਦੇ ਭੇਜੇ ਮਨੀ ਆਰਡਰਸ ਨੇ ਸਥਾਨਕ ਅਰਥਵਿਵਸਥਾ ਨੂੰ ਬਦਲ ਕੇ ਰੱਖ ਦਿੱਤਾ ਸੀ।

ਹਰਿਆਣਾ ਅਕਾਦਮੀ ਆਫ਼ ਹਿਸਟਰੀ ਐਂਡ ਕਲਚਰ ਦੇ ਨਿਦੇਸ਼ਕ ਕੇਸੀ ਯਾਦਵ ਦੱਸਦੇ ਹਨ, ''ਕਿਸਾਨਾਂ ਨੇ ਉੱਥੋਂ ਭੇਜੇ ਗਏ ਪੈਸਿਆਂ ਨਾਲ ਜ਼ਮੀਨ ਖ਼ਰੀਦੀ, ਉਨ੍ਹਾਂ ਨੇ ਸਕੂਲ ਬਣਵਾਏ, ਉਨ੍ਹਾਂ ਦੀ ਭਾਸ਼ਾ ਵਿੱਚ ਵੀ ਬਦਲਾਅ ਹੋਇਆ।''

''ਹਰਿਆਣਵੀ ਭਾਸ਼ਾ 'ਚ ਆਪ ਸ਼ਬਦ ਹੀ ਨਹੀਂ ਸੀ। ਸਾਰੇ ਲੋਕ ਇੱਕ-ਦੂਜੇ ਨੂੰ ਤੁਮ ਕਹਿ ਕੇ ਬੁਲਾਉਂਦੇ ਸਨ। ਉੱਥੋਂ ਆਉਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਆਪ ਸ਼ਬਦ ਦੀ ਵਰਤੋਂ ਕੀਤੀ। ਹੋਰ ਤਾਂ ਹੋਰ ਕਈ ਫਰੈਂਚ ਭਾਸ਼ਾ ਦੇ ਸ਼ਬਦ ਵੀ ਸਥਾਨਕ ਭਾਸ਼ਾ 'ਚ ਸ਼ਾਮਿਲ ਹੋ ਗਏ।''

ਇਸ ਲੜਾਈ ਨਾਲ ਕਈ ਸਮਾਜਿਕ ਦੂਰੀਆਂ ਵੀ ਘੱਟ ਹੋਈਆਂ। ਇੱਕ ਫ਼ੌਜੀ ਨੇ ਯੁੱਧ ਮੋਰਚੇ ਤੋਂ 'ਦਿ ਜਾਟ ਗਜਟ' ਦੇ ਸੰਪਾਦਕ ਸਰ ਛੋਟੂ ਰਾਮ ਨੂੰ ਚਿੱਠੀ ਲਿਖੀ, ''ਸਾਰੀਆਂ ਸਮਾਜਿਕ ਬੰਦੀਸ਼ਾਂ ਖ਼ਤਮ ਹੋ ਗਈਆਂ ਹਨ, 25 ਫ਼ੀਸਦੀ ਫ਼ੌਜੀ ਹੁਣ ਨਾਲ ਬੈਠ ਕੇ ਖਾਣਾ ਖਾਂਦੇ ਹਨ।''

ਦੇਸ ਪਰਤੇ ਫ਼ੌਜੀਆਂ ਦਾ ਰਾਜਨੀਤਿਕ ਰਸੂਖ਼ ਵੀ ਵਧਿਆ। ਸਾਲ 1920 ਦੀਆਂ ਇੱਕ ਚੋਣਾਂ 'ਚ ਮਾਮੂਲੀ ਰਿਸਾਲਦਾਰ ਸਵਰੂਪ ਸਿੰਘ ਨੇ ਦਿੱਗਡ ਜਾਟ ਆਗੂ ਸਰ ਛੋਟੂ ਰਾਮ ਨੂੰ ਹਰਾ ਦਿੱਤਾ ਸੀ।

ਮਾਚਿਸ ਅਤੇ ਸਿਗਰੇਟ ਦਾ ਅੰਧਵਿਸ਼ਵਾਸ

ਇਸ ਲੜਾਈ ਨਾਲ ਹੀ ਇਹ ਅੰਧਵਿਸ਼ਵਾਸ ਸ਼ੁਰੂ ਹੋਇਆ ਕਿ ਮਾਚਿਸ ਦੀ ਇੱਕ ਤੀਲੀ ਨਾਲ ਤਿੰਨ ਸਿਗਰੇਟ ਨਹੀਂ ਜਲਾਈ ਜਾਣੀਆਂ ਚਾਹੀਦੀਆਂ।

ਜਦੋਂ ਤੱਕ ਤੀਜੀ ਸਿਗਰੇਟ ਜਲਾਈ ਜਾਂਦੀ, ਵਿਰੋਧੀ ਸਨਾਈਪਰ ਨੂੰ ਫ਼ੌਜੀ ਦੇ ਠਿਕਾਣੇ ਦਾ ਪਤਾ ਚੱਲ ਜਾਂਦਾ।

ਬ੍ਰਿਟੇਨ ਵੱਲੋਂ ਯੁੱਧ 'ਚ ਸ਼ਾਮਿਲ ਹੋਏ ਮਸ਼ਹੂਰ ਲੇਖਕ ਐਚਐਚ ਮਨਰੋ ਨੂੰ ਆਂਕਰੇ ਦੀ ਲੜਾਈ 'ਚ ਜਦੋਂ ਗੋਲੀ ਲੱਗੀ ਤਾਂ ਉਨ੍ਹਾਂ ਦੇ ਆਖ਼ਰੀ ਸ਼ਬਦ ਸਨ, ''ਪੁਟ ਆਉਟ ਦੈਟ ਬਲੱਡੀ ਸਿਗਰੇਟ।''

ਇਤਿਹਾਸ ਦਾ ਨਿਰਾਦਰ

ਇਹ ਉਹ ਲੋਕ ਸਨ ਜਿਨ੍ਹਾਂ ਨੇ ਸੁਪਨੇ ਦੇਖੇ, ਜਿਨ੍ਹਾਂ ਨੂੰ ਫਰੈਂਚ ਮਹਿਲਾਵਾਂ ਤੋਂ ਅਨੇਕਾਂ ਪ੍ਰੇਮ ਪੱਤਰ ਮਿਲੇ...ਜੋ ਮਰੇ ਵੀ ਅਤੇ ਜਿਨ੍ਹਾਂ ਨੇ ਮਾਰਿਆ ਵੀ।

ਇਨ੍ਹਾਂ ਫ਼ੌਜੀਆਂ ਦੀ ਯਾਦ 'ਚ ਸ਼ਾਇਦ ਪਹਿਲਾ ਸਮਾਰਕ ਤਿੰਨ ਮੂਰਤੀ ਭਵਨ ਦੇ ਸਾਹਮਣੇ ਬਣਿਆ।

ਉੱਥੇ ਤਿੰਨ ਫ਼ੌਜੀਆਂ ਦੀ ਜੋ ਮੂਰਤੀਆਂ ਹਨ ਉਹ ਹੈਦਰਾਬਾਦ, ਮੈਸੂਰ ਅਤੇ ਜੋਧਪੁਰ ਦੇ ਉਨ੍ਹਾਂ ਫ਼ੌਜੀਆਂ ਦੀ ਯਾਦ 'ਚ ਬਣਾਈਆਂ ਗਈਆਂ ਹਨ ਜੋ 15ਵੀਂ ਇੰਪੀਰਿਅਲ ਕੈਵੇਲਰੀ ਬ੍ਰਿਗੇਡ ਦੇ ਮੈਂਬਰ ਸਨ।

ਬਾਅਦ ਵਿੱਚ ਇਨ੍ਹਾਂ ਦੀ ਯਾਦ 'ਚ ਇੰਡੀਆ ਗੇਟ ਬਣਾਇਆ ਗਿਆ ਜਿਸ 'ਤੇ ਪਹਿਲੀ ਵਿਸ਼ਵ ਜੰਗ 'ਚ ਆਪਣੀ ਜਾਣ ਦੇਣ ਵਾਲੇ ਫ਼ੌਜੀਆਂ ਦੇ ਨਾਂ ਲਿਖੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲੱਖਾਂ ਫ਼ੌਜੀਆਂ ਦੀ ਕੁਰਬਾਨੀ ਨੂੰ ਬੜੀ ਆਸਾਨੀ ਨਾਲ ਭੁਲਾ ਦਿੱਤਾ ਗਿਆ।

ਇੰਨੀ ਕੁਰਬਾਨੀ ਦੇਣ ਦੇ ਬਾਵਜੂਦ ਇਨ੍ਹਾਂ ਫ਼ੌਜੀਆਂ ਦਾ ਇਤਿਹਾਸ ਦੇ ਸਫ਼ਿਆਂ 'ਚ ਮਾਮੂਲੀ ਜ਼ਿਕਰ ਹੀ ਹੋਇਆ ਹੈ।

ਛੇ ਸਾਲਾਂ ਤੱਕ ਉਨ੍ਹਾਂ ਨੇ ਅੰਗਰੇਜ਼ਾਂ ਦੇ ਲ਼ਈ ਆਪਣਾ ਤਨ, ਮਨ, ਧਨ ਸਭ ਕੁਝ ਲੁਟਾ ਦਿੱਤਾ, ਪਰ ਨਾ ਤਾਂ ਉਨ੍ਹਾਂ ਨੂੰ ਇਤਿਹਾਸ 'ਚ ਥਾਂ ਮਿਲੀ ਅਤੇ ਨਾ ਹੀ ਭਾਰਤੀ ਲੋਕਾਂ ਦੇ ਦਿਲਾਂ 'ਚ।

ਲੜਾਈ ਦੇ ਬਾਅਦ

ਰਾਣਾ ਛੀਨਾ ਕਹਿੰਦੇ ਹਨ ਕਿ ਉਸ ਸਮੇਂ ਭਾਰਤੀ ਫ਼ੌਜੀਆਂ ਦੀ ਕੋਈ ਰਾਜਨੀਤਿਕ ਪਛਾਣ ਨਹੀਂ ਸੀ। ਲੜਾਈ ਦੇ ਬਾਅਦ ਅੰਗਰੇਜ਼ ਆਜ਼ਾਦੀ ਦੇਣ ਦੇ ਆਪਣੇ ਵਾਅਦੇ ਤੋਂ ਮੁਕਰ ਗਏ ਅਤੇ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ, ਇਸ ਲਈ ਇਨ੍ਹਾਂ ਫ਼ੌਜੀਆਂ ਦੇ ਯੋਗਦਾਨ ਨੂੰ ਵੀ ਭੁਲਾ ਦਿੱਤਾ ਗਿਆ।

ਇੱਕ ਅੰਗਰੇਜ਼ ਕਵੀ ਐਡਵਰਡ ਹਾਉਜ਼ਮੈਨ ਨੇ ਜ਼ਰੂਰ ਲਿਖਿਆ...

ਇਨ੍ਹਾਂ ਲੋਕਾਂ ਨੇ ਜਦੋਂ ਸਵਰਗ ਹੇਠਾਂ ਡਿੱਗ ਰਿਹਾ ਸੀ

ਅਤੇ ਧਰਤੀ ਦੀ ਨੀਂਹ ਹਿੱਲਣ ਲੱਗੀ ਸੀ,

ਕਿਰਾਏ 'ਤੇ ਲੜਨ ਦਾ ਅਨੁਰੋਧ ਸੁਣਿਆ

ਆਪਣੀ ਤਨਖ਼ਾਹ ਲਈ ਅਤੇ ਸਿਰ 'ਤੇ ਕਫ਼ਨ ਬੰਨ੍ਹ ਲਿਆ।

ਉਨ੍ਹਾਂ ਦੇ ਮੋਢਿਆਂ ਨੇ ਸੰਭਾਲਿਆ ਡਿੱਗਦੇ ਹੋਏ ਆਸਮਾਨ ਨੂੰ,

ਉਹ ਖੜ੍ਹੇ ਰਹੇ ਕਿ ਧਰਤੀ ਦੀ ਨੀਂਹ ਨਾ ਹਿੱਲ ਜਾਵੇ

ਜਿਸਨੂੰ ਈਸ਼ਵਰ ਨੇ ਵੀ ਛੱਡ ਦਿੱਤਾ

ਉਸਦੀ ਉਨ੍ਹਾਂ ਰੱਖਿਆ ਕੀਤੀ

ਆਪਣੀ ਜਾਨ ਦੀ ਆਖ਼ਰੀ ਕੀਮਤ ਚੁਕਾ ਕੇ

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)