You’re viewing a text-only version of this website that uses less data. View the main version of the website including all images and videos.
ਦੂਜੀ ਵਿਸ਼ਵ ਜੰਗ 'ਚ ਲਾਪਤਾ ਭਾਰਤੀ ਫੌਜੀਆਂ ਦਾ ਹੁਣ ਹੋਵੇਗਾ ਸਸਕਾਰ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਦੂਜੀ ਵਿਸ਼ਵ ਜੰਗ ਦੇ ਕਰੀਬ ਸਾਢੇ ਸੱਤ ਦਹਾਕਿਆਂ ਤੋਂ ਬਾਅਦ ਬਰਤਾਨੀਆ ਦੀ ਫੌਜ ਵੱਲੋਂ ਲੜਨ ਵਾਲੇ ਹਰਿਆਣਾ ਜ਼ਿਲ੍ਹੇ ਦੇ ਦੋ ਫੌਜੀਆਂ ਦੀ ਪਛਾਣ ਹੋਈ ਹੈ।
ਇਨ੍ਹਾਂ ਦੀ ਪਛਾਣ ਮੌਜੂਦਾ ਜ਼ਿਲ੍ਹੇ ਝੱਜਰ (ਪੁਰਾਣੇ ਰੋਹਤਕ) ਦੇ ਪਿੰਡ ਨੌਗਾਮਾ ਦੇ ਸਿਪਾਹੀ ਹਰੀ ਸਿੰਘ ਅਤੇ ਹਿਸਾਰ ਜ਼ਿਲ੍ਹੇ ਦੇ ਨਾਂਗਥਲਾ ਪਿੰਡ ਦੇ ਪਾਲੂ ਰਾਮ ਵਜੋਂ ਹੋਈ ਹੈ।
ਹਰਿਆਣਾ ਦੇ ਜ਼ਿਲ੍ਹਾ ਰੋਹਤਕ ਅਤੇ ਹਿਸਾਰ ਨਾਲ ਸਬੰਧਤ ਇਹ ਦੋਵੇਂ ਸੈਨਿਕ ਉਸ ਵੇਲੇ 'ਜੰਗ ਦੌਰਾਨ ਲਾਪਤਾ ਹੋ ਗਏ ਸਨ ਅਤੇ ਹੁਣ ਸਾਢੇ 7 ਦਹਾਕਿਆਂ ਤੋਂ ਬਾਅਦ ਇਨ੍ਹਾਂ ਦੇ ਸਰੀਰ ਦੇ ਕੁਝ ਹਿੱਸਿਆਂ ਤੋਂ ਇਨ੍ਹਾਂ ਦੀ ਪਛਾਣ ਕੀਤੀ ਗਈ ਹੈ।
ਹੁਣ ਇਨ੍ਹਾਂ ਬਚੇ ਹੋਏ ਹਿੱਸਿਆਂ ਦਾ ਅੰਤਿਮ ਸੰਸਕਾਰ ਇਟਲੀ ਦੇ ਫਲੋਰੈਂਸ ਵਿੱਚ ਜਿਰੋਨ ਮੌਨਿਊਮੈਂਟਲ ਸੀਮੈਂਟਰੀ 'ਚ ਕੀਤਾ ਜਾਵੇਗਾ।
ਸਿਪਾਹੀ ਹਰੀ ਸਿੰਘ 13 ਫਰੰਟੀਅਰ ਫੋਰਸ ਰਾਈਫਲ ਵਿੱਚ ਸਨ। ਪਰਿਵਾਰ ਨੇ ਦੂਜੀ ਵਿਸ਼ਵ ਜੰਗ ਦੇ ਮੈਡਲ 74 ਸਾਲ ਤੋਂ ਸੰਭਾਲ ਕੇ ਰੱਖੇ ਹੋਏ ਹਨ।
ਇਹ ਵੀ ਪੜ੍ਹੋ:
ਸਿਪਾਹੀ ਹਰੀ ਸਿੰਘ ਦੇ ਭਤੀਜੇ ਆਪਣੇ ਪਿਤਾ ਉਦੇ ਸਿੰਘ ਦੇ ਬਿਆਨ ਨੂੰ ਦੁਹਰਾਉਂਦਿਆਂ ਰਣ ਸਿੰਘ ਪੰਗਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਕਸਰ ਆਪਣੇ ਛੋਟੇ ਭਰਾ ਬਾਰੇ ਗੱਲ ਕਰਦੇ ਹੁੰਦੇ ਸਨ।
ਕਿਸਾਨ ਰਣ ਸਿੰਘ ਨੇ ਕਿਹਾ, "ਮੇਰੇ ਪਿਤਾ ਉਦੇ ਸਿੰਘ ਵੀ ਬਰਤਾਨਵੀ ਫੌਜ ਵਿੱਚ ਸਿਪਾਹੀ ਸਨ। 13 ਸਤੰਬਰ 1944 ਵਿੱਚ ਇਟਲੀ 'ਚ ਜਰਮਨੀ ਖ਼ਿਲਾਫ਼ ਲੜੇ ਸਨ। ਉਨ੍ਹਾਂ ਦੇ ਲਾਪਤਾ ਹੋਣ ਬਾਰੇ ਮੇਰੇ ਪਿਤਾ ਨੂੰ ਹੀ ਦੱਸਿਆ ਗਿਆ ਸੀ।"
ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਨੂੰ ਦਿੱਤੇ ਗਏ ਮੈਡਲ ਦਿਖਾਉਂਦਿਆਂ ਰਣ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਇਹ ਮੈਡਲ ਜ਼ਿੰਦਗੀ ਭਰ ਸੰਭਾਲ ਕੇ ਰੱਖੇ। ਉਨ੍ਹਾਂ ਨੇ ਪਰਿਵਾਰ ਨੂੰ ਵੀ ਮੈਡਲਾਂ ਨੂੰ ਜੰਗ ਦੇ ਹੀਰੋ ਦੀ ਯਾਦ ਵਜੋਂ ਸੰਭਾਲ ਕੇ ਰੱਖਣ ਦੀ ਹਦਾਇਤ ਦਿੱਤੀ ਸੀ।
ਉਹ ਕਹਿੰਦੇ ਹਨ, "ਮੇਰੇ ਪਿਤਾ ਆਪਣੇ ਛੋਟੇ ਭਰਾ ਦੀਆਂ ਗੱਲਾਂ ਬਹੁਤ ਚਾਅ ਨਾਲ ਯਾਦ ਕਰਦੇ ਸਨ। ਉਨ੍ਹਾਂ ਦੇ ਲਾਪਤਾ ਹੋਣ ਵੇਲੇ ਉਨ੍ਹਾਂ ਦੀ ਉਮਰ 17 ਸਾਲ ਸੀ। ਸਿਪਾਹੀ ਹਰੀ ਸਦਾ ਮੇਰੇ ਪਿਤਾ ਦੇ ਦਿਲ ਵਿੱਚ ਵੱਸਦੇ ਰਹੇ।"
ਪੁਰਾਣੇ ਦਿਨ ਯਾਦ ਕਰਦਿਆਂ ਹਰੀ ਸਿੰਘ ਦੇ 86 ਸਾਲਾ ਦੋਸਤ ਹੁਸ਼ਿਆਰ ਸਿੰਘ ਨੇ ਕਿਹਾ ਕਿ ਬਰਤਾਨਵੀ ਫੌਜ ਵਿੱਚ ਹਰੀ ਸਿੰਘ ਦੀ ਭਰਤੀ ਮਾਤਨਹੇਲ ਪਿੰਡ ਵਿੱਚ ਹੋਈ ਸੀ।
ਉਨ੍ਹਾਂ ਨੇ ਦੱਸਿਆ, "ਮਾਤਨਹੇਲ ਪਿੰਡ ਵਿੱਚ ਮੇਲਾ ਲੱਗਿਆ ਹੋਇਆ ਸੀ। ਮੇਲੇ ਦੌਰਾਨ ਹੁੰਦੀ ਭਰਤੀ ਰੈਲੀ ਦੌਰਾਨ ਹਰੀ ਸਿੰਘ ਦੀ ਚੋਣ ਹੋ ਗਈ ਸੀ। ਦੂਜੀ ਵਿਸ਼ਵ ਜੰਗ 'ਤੇ ਜਾਣ ਤੋਂ ਪਹਿਲਾਂ ਉਹ ਪਿੰਡ ਛੁੱਟੀ ਲੈ ਕੇ ਆਇਆ ਸੀ, ਬੱਸ ਉਸ ਨੂੰ ਮੁੜ ਨਹੀਂ ਦੇਖਿਆ, ਅਸੀਂ ਇਕੱਠੇ ਕਬੱਡੀ ਖੇਡਦੇ ਹੁੰਦੇ ਸੀ।"
ਇਹ ਵੀ ਪੜ੍ਹੋ:
'ਪਰਿਵਾਰ ਲਈ ਮਾਣ'
ਉਸ ਪਿੰਡ ਵਿੱਚ ਰਹਿਣੇ 77 ਸਾਲਾ ਸੇਵਾਮੁਕਤ ਕੈਪਟਨ ਰਤਨ ਸਿੰਘ ਜਾਖੜ ਕਹਿੰਦੇ ਹਨ ਕਿ ਸਿਪਾਹੀ ਹਰੀ ਸਿੰਘ ਦੇ ਪਿਤਾ ਮੋਲਰ ਸਿੰਘ ਆਪਣੇ ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ ਉਸ ਬਾਰੇ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ।
ਕੈਪਟਨ ਜਾਖੜ ਨੇ ਕਿਹਾ, "ਮੈਨੂੰ ਯਾਦ ਹੈ, ਮੋਲਰ ਸਿੰਘ ਕਿਹਾ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸੁਪਨੇ ਵਿੱਚ ਦੇਖਿਆ ਸੀ ਕਿ ਉਹ ਅੱਗ ਵਿੱਚ ਸੜ ਰਿਹਾ ਸੀ। ਉਹ ਆਪਣੇ ਦੋਵੇਂ ਪੁੱਤਰਾਂ ਹਰੀ ਸਿੰਘ ਅਤੇ ਉਦੇ ਸਿੰਘ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ।"
ਹਰੀ ਸਿੰਘ ਦੇ ਦੂਜੇ ਭਤੀਜੇ ਭੀਮ ਸਿੰਘ ਕਹਿੰਦੇ ਹਨ ਕਿ ਇਹ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਚਾਚਾ ਜੀ ਨੇ ਫੌਜ ਵਿੱਚ ਸੇਵਾ ਨਿਭਾਈ ਅਤੇ ਆਪਣੀ ਜ਼ਿੰਦਗੀ ਦਾਅ 'ਤੇ ਲਗਾਈ ਸੀ।
ਭੀਮ ਸਿੰਘ ਨੇ ਦੱਸਿਆ, "ਸਾਡੇ ਨਾਲ ਹਿਸਾਰ ਛਾਉਣੀ ਅਤੇ ਝੱਜਰ ਜ਼ਿਲ੍ਹਾ ਸੈਨਿਕ ਬੋਰਡ ਨੇ ਸੰਪਰਕ ਕੀਤਾ ਅਤੇ ਦੱਸਿਆ ਕਿ ਮੇਰੇ ਚਾਚਾ ਹਰੀ ਸਿੰਘ ਦੀਆਂ ਅਸਥੀਆਂ ਦੂਜੀ ਵਿਸ਼ਵ ਜੰਗ ਦੇ ਲਾਪਤਾ ਸੈਨਿਕਾਂ ਨਾਲ ਮੇਲ ਖਾਂਦੀਆਂ ਹਨ।"
ਉਨ੍ਹਾਂ ਨੇ ਕਿਹਾ ਕਿ ਹਰੀ ਸਿੰਘ ਦੀਆਂ ਅਸਥੀਆਂ ਦੇ ਅੰਤਿਮ ਸੰਸਕਾਰ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕਰਨਗੇ ਤਾਂ ਜੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਉਸ ਨੇ ਕਿਹਾ ਕਿ ਹਿੰਦੂ ਰੀਤੀ ਰਿਵਾਜ ਅਨੁਸਾਰ ਉਹ ਅਜੇ ਵੀ ਸਾਲ ਵਿੱਚ ਇੱਕ ਵਾਰੀ ਆਪਣੇ ਚਾਚੇ ਸਿਪਾਹੀ ਹਰੀ ਸਿੰਘ ਦੇ ਨਾਮ 'ਤੇ ਗਊ ਨੂੰ ਮਿੱਠੀ ਰੋਟੀ ਦਿੰਦੇ ਹਨ।
ਪਰਿਵਾਰ ਨੇ ਕੀਤੀ ਸ਼ਹੀਦੀ ਦਰਜੇ ਦੀ ਮੰਗ
ਹਰੀ ਸਿੰਘ ਦੇ ਦੋਵੇਂ ਭਤੀਜਿਆਂ ਭੀਮ ਸਿੰਘ ਅਤੇ ਰਣ ਸਿੰਘ ਨੇ ਕਿਹਾ ਹੈ ਕਿ ਪਿੰਡ ਵਿੱਚੋਂ ਹਰ ਦੂਜੇ ਘਰ ਦਾ ਬੰਦਾ ਫੌਜ ਵਿੱਚ ਦੇਸ ਦੀ ਸੇਵਾ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਹੈ ਸਾਡੇ ਚਾਚਾ ਜੀ ਇਟਲੀ ਵਿੱਚ ਦੂਜੀ ਵਿਸ਼ਵ ਜੰਗ ਵਿੱਚ ਡਿਊਟੀ ਦੌਰਾਨ ਮਾਰੇ ਗਏ ਸਨ ਤਾਂ ਭਾਰਤ ਸਰਕਾਰ ਦੀ ਸ਼ਹੀਦ ਦੇ ਪਰਿਵਾਰ ਨੂੰ ਲਾਭ ਦੇਣ।"
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਛੋਟੇ ਕਿਸਾਨ ਹਨ ਅਤੇ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਪਿੰਡ ਦੀ ਆਬਾਦੀ 6 ਹਜ਼ਾਰ ਤੋਂ ਵੱਧ ਹੈ।
ਮਿੱਟੀ ਲਿਆਂਦੀ ਜਾਵੇਗੀ
ਭਾਰਤੀ ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਦਾ ਕਹਿਣਾ ਹੈ ਕਿ ਦੋਵੇਂ ਭਾਰਤੀ ਫੌਜੀ ਹਰੀ ਸਿੰਘ ਅਤੇ ਪਾਲੂ ਸਿੰਘ ਦੇ ਅੰਤਿਮ ਸੰਸਕਾਰਾਂ ਲਈ ਮਿੱਟੀ ਇਟਲੀ ਦੇ ਫਲੌਰੈਂਸ ਵਿੱਚ ਜਿਰੋਨ ਮੌਨਿਊਮੈਂਟਲ ਸੀਮੈਂਟਰੀ ਤੋਂ ਭਾਰਤ ਲਿਆਂਦੀ ਜਾਵੇਗੀ।
ਕਰਨਲ ਆਨੰਦ ਨੇ ਕਿਹਾ, "ਅੰਤਿਮ ਸੰਸਕਾਰ ਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਕਬਰ ਦੀ ਮਿੱਟੀ ਭਾਰਤ ਲਿਆ ਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪੀ ਜਾਵੇਗੀ।"
ਉਨ੍ਹਾਂ ਨੇ ਕਿਹਾ ਕਿ ਫੌਜ ਅਸਥੀਆਂ ਨੂੰ ਦਫ਼ਨਾਉਣ ਦੇ ਤਰੀਕ 'ਤੇ ਕੰਮ ਕਰ ਰਹੀ ਹੈ।
ਝੱਜਰ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤੀ ਫੌਜ ਵੱਲੋਂ ਇੱਕ ਚਿੱਠੀ ਮਿਲੀ ਹੈ ਕਿ ਉਹ ਉਨ੍ਹਾਂ ਦੇ ਜੱਦੀ ਪਿੰਡ ਜਾ ਕੇ ਹਰੀ ਸਿੰਘ ਦੇ ਪਿਛੋਕੜ ਨੂੰ ਪ੍ਰਮਾਣਿਤ ਕਰ ਸਕਣ।
ਉਨ੍ਹਾਂ ਨੇ ਦੱਸਿਆ, "ਦਸਤਾਵੇਜ਼ਾਂ ਦੀ ਤਸਦੀਕ ਕਰਨ ਤੋਂ ਬਾਅਦ ਸਬੂਤ ਆਰਮੀ ਹੈੱਡਕੁਆਟਰ ਭੇਜ ਦਿੱਤਾ ਹੈ।"