ਬਰਗਾੜੀ ਮੋਰਚੇ 'ਚ ਬੋਲੇ ਮੰਡ - 'ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਦਿੱਲੀ ਦੀ ਕੇਂਦਰ ਸਰਕਾਰ ਨੂੰ ਸਿੱਧੇ ਸੰਬੋਧਿਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ।

ਨਵੰਬਰ 2015 ਵਿੱਚ ਅੰਮ੍ਰਿਤਸਰ ਦੇ ਚੱਬਾ ਪਿੰਡ ਵਿੱਚ ਹੋਏ 'ਸਰਬਤ ਖਾਲਸਾ' ਵਿੱਚ ਧਿਆਨ ਸਿੰਘ ਮੰਡ ਨੂੰ ਮੁਤਵਾਜੀ ਜਥੇਦਾਰ ਥਾਪਿਆ ਗਿਆ ਸੀ। ਇਸ ਫੈਸਲੇ ਮੁਤਾਬਕ ਮੰਡ ਸ੍ਰੀ ਅਕਾਲ ਤਖਤ ਸਾਹਿਬ ਦੇ 'ਕਾਰਜਕਾਰੀ ਜਥੇਦਾਰ' ਹਨ। ਮੰਡ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।

ਮੁਤਵਾਜੀ ਜਥੇਦਾਰਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਅਤੇ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕਾਰਵਾਈ ਹੋਵੇ।

14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕ ਧਰਨਾ ਦੇ ਰਹੇ ਸਨ।

ਇਹ ਵੀ ਪੜ੍ਹੋ꞉

ਸਿੱਖ ਜਥੇਬੰਦੀਆਂ ਦੇ ਆਗੂ ਵਾਰ ਵਾਰ ਕੇਂਦਰ ਸਰਕਾਰ 'ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਕਈ ਦਹਾਕਿਆਂ ਤੋਂ ਵਿਤਕਰਾ ਕਰਨ ਦੇ ਇਲਜ਼ਾਮ ਲਾਉਂਦੇ ਰਹੇ ।

ਹਾਲਾਂਕਿ ਕਈ ਸਿੱਖ ਆਗੂਆਂ ਨੇ ਖਾਸਤੌਰ 'ਤੇ ਜ਼ਿਕਰ ਕੀਤਾ ਕਿ ਇਸ ਇਕੱਠ ਤੋਂ ਜਾਂ ਬਰਗਾੜੀ ਮੋਰਚੇ ਤੋਂ ਇਹ ਨਾ ਸਮਝਿਆ ਜਾਵੇ ਕਿ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਨੂੰ ਕੋਈ ਖ਼ਤਰਾ ਹੈ।

ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਉੱਤੇ ਹਮਲਾ ਕਰਨ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਗੱਲ ਕੀਤੀ।

ਕੇਜਰੀਵਾਲ 'ਤੇ ਕੈਪਟਨ ਭੜਕੇ

ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ।

ਉਨ੍ਹਾ ਲਿਖਿਆ, ''ਇਹ ਦੁਖਦ ਹੈ ਕਿ ਕੈਪਟਨ ਸਰਕਾਰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਹੋ ਗਈ ਹੈ।''

ਇਸ ਟਵੀਟ ਉੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਜਰੀਵਾਲ ਉੱਤੇ ਹਮਲਾ ਕਰਦਿਆ ਜਵਾਬੀ ਟਵੀਟ ਕੀਤਾ।

ਉਨ੍ਹਾਂ ਲਿਖਿਆ, ''ਜਿਸ ਅਹੁਦੇ ਉੱਤੇ ਤੁਸੀਂ ਹੋ ਉਸਦਾ ਖਿਆਲ ਕਰਦਿਆਂ ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ। ਤੁਸੀਂ ਐੱਸਆਈਟੀ ਦੀ ਜਾਂਚ ਰਿਪੋਰਟ ਪੂਰੀ ਹੋਣ ਤੋਂ ਪਹਿਲਾਂ ਕਾਨੂੰਨ ਨੂੰ ਛੋਟਾ ਕਰਕੇ ਦੱਸ ਰਹੇ ਹੋ। ਬਾਦਲਾਂ ਤੋਂ ਮੰਗੀ ਆਪਣੀ ਮੁਆਫ਼ੀ ਨੂੰ ਯਾਦ ਰੱਖੋ।''

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਾਰੇ ਗਏ ਨੌਜਵਾਨਾਂ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਬਰਗਾੜੀ ਵਿੱਚ ਕਿਸ ਨੇ ਕੀ ਕਿਹਾ?

ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੰਚ ਤੋਂ ਐਲਾਨ ਕੀਤਾ ਕਿ ਸਰਕਾਰਾਂ ਸਿਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।

ਮੰਡ ਨੇ ਕਿਹਾ-

  • ਤੁਸੀਂ ਸਾਨੂੰ ਵੱਖਵਾਦੀ ਅਤੇ ਖਾੜਕੂ ਕਹਿੰਦੇ ਹੋ, ਦੇਸ ਲਈ ਖ਼ਤਰਾ ਕਹਿੰਦੇ ਹੋ। ਤੁਸੀਂ ਇਹ ਭੁਲ ਜਾਂਦੇ ਹੋ ਕਿ ਆਜ਼ਾਦੀ ਲਈ 80 ਫੀਸਦ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਸੀ।
  • ਅਮਰਿੰਦਰ ਸਿੰਘ ਦੀ ਮੈਂ ਗੱਲ ਨਹੀਂ ਕਰਦਾ, ਅਸੀਂ ਉਨ੍ਹਾਂ ਤੋਂ ਕੁਝ ਨਹੀਂ ਮੰਗਦੇ।
  • ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ।
  • ਅਸੀਂ ਤੁਹਾਡੇ ਤੋਂ ਜ਼ਿਆਦਾ ਸ਼ਾਂਤੀ ਪਸੰਦ ਹਾਂ। ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦੇ ਲੋਕ ਆਏ ਹਨ।
  • ਹਿੰਦੂਆਂ ਨੂੰ ਸਾਡੇ ਤੋਂ ਕੋਈ ਖ਼ਤਰਾ ਨਹੀ, ਘੱਟ ਗਿਣਤੀਆਂ ਨੂੰ ਸਾਡ਼ੇ ਤੋਂ ਕੋਈ ਖ਼ਤਰਾ ਨਹੀਂ।
  • ਸਾਡਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਜੇਕਰ ਇਨਸਾਫ਼ ਕਰਨਾ ਹੈ ਤਾਂ ਅਮਰਿੰਦਰ ਸਿੰਘ ਨੂੰ ਇੱਥੇ ਦਾਣਾ ਮੰਡੀ ਆ ਕੇ ਐਲਾਨ ਕਰਨਾ ਪਵੇਗਾ।
  • ਇਹ ਸਿਆਸਤ ਦਾ ਨਹੀਂ ਧਰਮ ਦਾ ਮੋਰਚਾ ਹੈ। ਲੋਕਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਹੀ ਸਾਡਾ ਪ੍ਰੋਗਰਾਮ ਹੈ।

ਦਲ ਖਾਲਸਾ ਵੱਲੋਂ ਕਾਰਵਾਈ ਦੀ ਮੰਗ

ਐਤਵਾਰ ਨੂੰ ਹੋਏ ਇਸ ਇਕੱਠ ਵਿੱਚ ਪੂਰੇ ਪੰਜਾਬ ਤੋਂ ਆਮ ਤੇ ਖਾਸ ਲੋਕ ਪਹੁੰਚੇ ਹੋਏ ਸਨ।

ਮੁਤਵਾਜ਼ੀ ਜਥੇਦਾਰ ਹੋਣ ਜਾਂ ਸਿਆਸੀ ਆਗੂ ਸਾਰਿਆਂ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, ''ਬੇਅਦਬੀ ਲਈ ਸੁਖਬੀਰ ਅਤੇ ਪ੍ਰਕਾਸ਼ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਜਿੰਮੇਵਾਰ ਹਨ ਅਤੇ ਇੰਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖ ਕੌਮ ਨੂੰ ਇਨਸਾਫ ਲਈ ਖੁਦ ਕਦਮ ਚੁੱਕਣੇ ਚਾਹੀਦੇ ਹਨ।''

ਸੰਗਰੂਰ ਤੋਂ ਆਮ ਆਦਪੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ''ਬਾਦਲਾਂ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ, ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਤੋਲਦੀ ਸੀ। ਬੇਅਦਬੀ ਦੇ ਦੋਸ਼ੀਆਂ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕਾਂਗਾ।''

ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਮੋਰਚਾ ਉਸ ਵੇਲੇ ਤੱਕ ਜਾਰੀ ਰਹੇਗਾ ਜਿੰਨੀ ਦੇਰ ਇਨਸਾਫ ਨਹੀਂ ਮਿਲ ਜਾਂਦਾ।

ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ, ''ਅਸੀਂ ਸਰਕਾਰ ਨੂੰ ਕਾਰਵਾਈ ਲਈ ਮਜਬੂਰ ਕਰ ਦਿਆਂਗੇ। ਹਰ ਹਾਲ ਵਿੱਚ ਸ਼ਾਂਤੀ ਕਾਇਮ ਖਣੀ ਹੈ। ਹਿੰਦੂ, ਸਿੱਖ, ਮੁਸਲਿਮ ਸਾਰੇ ਇਕੱਠੇ ਹਨ। ਪੰਜਾਬ ਸਾਰੇ ਪੰਜਾਬੀਆਂ ਦਾ ਹੈ।''

ਇਹ ਵੀ ਪੜ੍ਹੋ꞉

ਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)