ਡੇਰਾ ਮੁਖੀ ਨੂੰ ਮਾਫ਼ੀ ਦੇ ਮੁੱਦੇ 'ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਤੋੜੀ ਚੁੱਪ - 5 ਖ਼ਾਸ ਖਬਰਾਂ

ਦਿ ਟ੍ਰਿਬਿਊਨ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਲ 2015 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦੇ ਮੁੱਦੇ 'ਤੇ ਆਖਰ ਚੁੱਪੀ ਤੋੜ ਦਿੱਤੀ ਹੈ।

ਉਨ੍ਹਾਂ ਕਿਹਾ, "ਅਸੀਂ ਨਹੀਂ ਚਾਹਾਂਗੇ ਕਿ ਇਸ ਤਰ੍ਹਾਂ ਦੀ ਮਾਫ਼ੀ ਦਿੱਤੀ ਜਾਵੇ। ਉਦੋਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਹੀ ਦੱਸ ਸਕਦੇ ਹਨ ਕਿ ਡੇਰਾ ਮੁਖੀ ਨੂੰ ਮਾਫ਼ੀ ਕਿਉਂ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਆਪਣੇ ਫੈਸਲੇ ਨੂੰ ਸਹੀ ਕਿਉਂ ਠਹਿਰਾਇਆ ਸੀ।"

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਇਸ ਉੱਤੇ ਕਿਸੇ ਤਰ੍ਹਾਂ ਦਾ ਵਿਚਾਰ ਨਹੀਂ ਹੋ ਰਿਹਾ।

ਨਿਰੰਜਨ ਸਿੰਘ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਨਾ ਕਰਨ ਦੇਣ ਕਾਰਨ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਦਾਅਵਾ ਨਿਰੰਜਨ ਸਿੰਘ ਨੇ ਵਕੀਲ ਅਨੁਪਮ ਗੁਪਤਾ ਨੇ ਕੀਤਾ ਹੈ।

"ਨਿਰੰਜਨ ਸਿੰਘ ਨੇ ਪਿਛਲੇ ਹਫ਼ਤੇ ਬੇਹੱਦ ਨਿਰਾਸ਼ ਹੋ ਕੇ ਅਸਤੀਫ਼ਾ ਦਿੱਤਾ ਸੀ ਕਿਉਂਕਿ ਈਡੀ ਨੇ ਮਜੀਠੀਆ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਹ ਪਿਛਲੀ ਸਰਕਾਰ ਵਿੱਚ ਮਾਲ ਮੰਤਰੀ ਸਨ ਅਤੇ ਕੇਂਦਰ ਸਰਕਾਰ ਨਾਲ ਪਾਰਟੀ ਦਾ ਗਠਜੋੜ ਸੀ।"

ਪੰਥਕ ਅਸੰਬਲੀ' ਕੀਤੀ ਜਾਵੇਗੀ

ਹਿੰਦੁਸਤਾਨ ਟਾਈਮਜ਼ ਮੁਤਾਬਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਮਾਹੌਲ ਵਿਗੜਿਆ ਹੈ।

ਇਸ ਮਾਮਲੇ ਉੱਤੇ ਨਿਆਂ ਲਈ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਹੁਣ ਅੰਮ੍ਰਿਤਸਰ ਵਿੱਚ 20 ਅਤੇ 21 ਅਕਤੂਬਰ ਨੂੰ ਪੰਥਕ ਅਸੰਬਲੀ ਕਰਨ ਜਾ ਰਹੀਆਂ ਹਨ।

ਇਸ ਪੰਥਕ ਅਸੰਬਲੀ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ, ਜਿਸ ਵਿੱਚ ਗਿਆਨੀ ਕੇਵਲ ਸਿੰਘ, ਸੁਖਦੇਵ ਸਿੰਘ ਭੌਰ, ਜਗਮੋਹਨ ਸਿੰਘ, ਕੰਵਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਹਨ।

ਜਸਵਿੰਦਰ ਸਿੰਘ ਨੇ ਕਿਹਾ, "ਬਰਗਾੜੀ ਮਾਮਲੇ ਦਾ ਹੱਲ ਕਰਨ ਵਿੱਚ ਪੰਜਾਬ ਅਸੰਬਲੀ ਦੇ ਨਾਕਾਮਯਾਬ ਰਹਿਣ ਕਾਰਨ 'ਪੰਥਕ ਅਸੰਬਲੀ' ਕੀਤੀ ਜਾਵੇਗੀ।"

ਵਾਤਾਵਰਨ ਕਾਰਕੁਨ ਦਾ ਮਰਨ ਵਰਤ ਦੌਰਾਨ ਮੌਤ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਵਾਤਾਵਰਨ ਕਾਰਕੁਨ ਅਤੇ ਆਈਆਈਟੀ ਦੇ ਸਾਬਕਾ ਪ੍ਰੋਫੈਸਰ ਜੀਡੀ ਅਗਰਵਾਲ ਨੇ ਰਿਸ਼ੀਕੇਸ਼ ਹਸਪਤਾਲ ਵਿੱਚ ਆਖਿਰੀ ਸਾਹ ਲਏ। ਸਵਾਮੀ ਗਿਆਨਸਵਰੂਪ ਸਾਨੰਦ ਦੇ ਨਾਂ ਨਾਲ ਜਾਣੇ ਜਾਂਦੇ ਜੀਡੀ ਅਗਰਵਾਲ ਗੰਗਾ ਨੂੰ ਬਚਾਉਣ ਲਈ ਭੁੱਖ-ਹੜਤਾਲ 'ਤੇ ਸਨ।

ਉਨ੍ਹਾਂ ਨੇ 111ਵੇਂ ਦਿਨ ਪਾਣੀ ਵੀ ਤਿਆਗ ਦਿੱਤਾ ਸੀ। 86 ਸਾਲ ਦੇ ਅਗਰਵਾਲ 22 ਜੂਨ ਤੋਂ ਭੁੱਖ-ਹੜਤਾਲ 'ਤੇ ਸਨ।

ਉਹ ਗੰਗਾ ਵਿੱਚ ਗੈਰ-ਕਾਨੂੰਨੀ ਮਾਈਨਿੰਗ, ਡੈਮਾਂ ਦੀ ਉਸਾਰੀ ਨੂੰ ਰੋਕਣ ਅਤੇ ਉਸ ਦੀ ਸਫਾਈ ਲਈ ਲੰਬੇ ਸਮੇਂ ਤੋਂ ਆਵਾਜ਼ ਨੂੰ ਚੁੱਕਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਇਸ ਸਾਲ ਫਰਵਰੀ ਵਿੱਚ ਉਨ੍ਹਾਂ ਨੇ ਪੱਤਰ ਵੀ ਲਿਖਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਡੀ ਅਗਰਵਾਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਫਸਟ ਪੋਸਟ ਅਨੁਸਾਰ ਰੂਸ ਦਾ ਕਹਿਣਾ ਹੈ ਕਿ ਅਮਰੀਕੀ ਪਾਬੰਦੀਆਂ ਦਾ ਭਾਰਤ-ਰੂਸ ਡਿਫੈਂਸ ਡੀਲ ਉੱਤੇ ਕੋਈ ਅਸਰ ਨਹੀਂ ਪਏਗਾ।

ਭਾਰਤ ਲਈ ਰੂਸ ਦੇ ਐਂਬੈਸਡਰ ਨਿਕੋਲੇ ਕੁਡਾਸ਼ੇਵ ਦਾ ਕਹਿਣਾ ਹੈ, "ਅਮਰੀਕਾ ਵੱਲੋਂ ਲਾਈਆਂ ਗਈਆਂ ਸੀਏਏਟੀਐਸਏ ਪਾਬੰਦੀਆਂ ਭਾਰਤ-ਰੂਸ ਡਿਫੈਂਸ ਸਮਝੌਤੇ ਉੱਤੇ ਦਬਾਅ ਨਹੀਂ ਪਾ ਸਕਦੀਆਂ।"

ਇਹ ਵੀ ਪੜ੍ਹੋ:

ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ ਨੂੰ ਜਲਦੀ ਪਤਾ ਚੱਲ ਜਾਵੇਗਾ ਕਿ ਰੂਸ ਨਾਲ 5 ਬਿਲੀਅਨ ਡਾਲਰ ਦੇ ਸਮਝੌਤੇ ਤਹਿਤ ਐਸ-400 ਟ੍ਰਾਇਮਫ ਏਅਰ ਡਿਫੈਂਸ ਸਿਸਟਮ ਖਰੀਦਣ ਵਾਲੀ ਡੀਲ 'ਤੇ ਪਾਬੰਦੀਆਂ ਲਾਗੂ ਹੋਣਗੀਆਂ ਜਾ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)