ਪੰਜਾਬ 'ਚ ਬਣ ਸਕਦੀ ਹੈ ਨਵੀਂ ਪੰਥਕ ਪਾਰਟੀ, 20-21 ਅਕਤੂਬਰ ਨੂੰ ਮੀਟਿੰਗ: 5 ਅਹਿਮ ਖ਼ਬਰਾਂ

ਬਰਗਾੜੀ 'ਚ 7 ਅਕਤੂਬਰ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਥਾਂ ਮੱਲਣ ਲਈ ਵੱਖ-ਵੱਖ ਪੰਥਕ ਅਦਾਰਿਆਂ ਨੇ ਇੱਕ ਨਵੀਂ ਪਾਰਟੀ ਬਣਾਉਣ ਦੀ ਕਵਾਇਦ ਲਈ 20-21 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਰੱਖੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਲਈ ਇੱਕ 10-ਮੈਂਬਰੀ ਕਮੇਟੀ ਬਣਾ ਲਈ ਗਈ ਹੈ।

ਇਸ ਵਿੱਚ ਮੁੱਖ ਖਿਡਾਰੀ ਹਨ – ਦਲ ਖਾਲਸਾ, ਸਿਮਰਨਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ਼ ਬਰਗਾੜੀ 'ਚ 1 ਜੂਨ ਤੋਂ ਧਰਨੇ 'ਤੇ ਬੈਠੇ ਸਿੱਖ ਧਰਮ ਪ੍ਰਚਾਰਕ।

ਸੁਖਪਾਲ ਸਿੰਘ ਖਹਿਰਾ ਦੀ ਅਗੁਆਈ ਵਾਲੇ ਆਮ ਆਦਮੀ ਪਾਰਟੀ ਦੇ ਬਾਗੀ ਧਿਰ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ

ਪੰਜਾਬੀ ਯੂਨੀਵਰਸਿਟੀ ਦੇ ਵੀ-ਸੀ ਨੂੰ ਬਣਾਇਆ 'ਬੰਧਕ'

ਹਿੰਦੁਸਤਾਨ ਟਾਈਮਜ਼ ਮੁਤਾਬਕ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਐਤਵਾਰ ਰਾਤ 10 ਵਜੇ ਤੋਂ ਲੈ ਕੇ ਤੜਕੇ 3 ਵਜੇ ਤੱਕ ਵਿਦਿਆਰਥਣਾਂ ਨੇ ਵਾਈਸ-ਚਾਂਸਲਰ ਬੀ.ਐੱਸ. ਘੁੰਮਣ ਤੇ ਹੋਰਨਾਂ ਅਧਿਕਾਰੀਆਂ ਨੂੰ ਕੈਂਪਸ 'ਚ ਇੱਕ ਗੈਸਟ ਹਾਊਸ ਅੰਦਰ 'ਬੰਧਕ' ਬਣਾ ਲਿਆ।

ਵੀਡੀਓ - ਕੀ ਹੈ ਹਾਸਟਲ ਦਾ ਮਸਲਾ

ਇਹ ਵਿਦਿਆਰਥੀ ਲਿੰਗਕ ਬਰਾਬਰਤਾ ਦਾ ਹਵਾਲਾ ਦਿੰਦਿਆਂ ਕਈ ਦਿਨਾਂ ਤੋਂ ਲੜਕੀਆਂ ਦੇ ਹੋਸਟਲ ਤੋਂ ਸਮੇਂ ਦੀ ਪਾਬੰਦੀ ਹਟਾਉਣ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਦਾ ਗੁੱਸਾ ਇਸ ਗੱਲੋਂ ਵਧਿਆ ਕਿ ਯੂਨੀਵਰਸਿਟੀ ਨੇ ਤਿੰਨ ਹਫਤਿਆਂ ਤੋਂ ਮੁਜ਼ਾਹਰੇ 'ਚ ਸ਼ਾਮਲ ਕੁਝ ਵਿਦਿਆਰਥਣਾਂ ਦੇ ਮਾਪਿਆਂ ਨੂੰ ਫੋਨ ਕੀਤੇ ਸਨ। ਅਧਿਕਾਰੀਆਂ ਨੂੰ ਰਾਤ ਨੂੰ ਹੋ ਰਹੀ ਇੱਕ ਮੀਟਿੰਗ ਤੋਂ ਬਾਅਦ ਗੈਸਟ ਹਾਊਸ 'ਚ ਰੋਸ ਦਾ ਸਾਹਮਣਾ ਕਰਨਾ ਪਿਆ ਅਤੇ ਵਿਦਿਆਰਥੀ ਉਨ੍ਹਾਂ ਦੀਆਂ ਗੱਡੀਆਂ ਅੱਗੇ ਲੇਟ ਗਏ।

ਇਹ ਵੀ ਪੜ੍ਹੋ

ਅਧਿਕਾਰੀਆਂ ਨੇ ਸਫਾਈ ਦਿੱਤੀ ਕਿ ਉਨ੍ਹਾਂ ਨੇ ਰਾਤ 8 ਵਜੇ ਤੋਂ ਬਾਅਦ ਵੀ ਕੁੜੀਆਂ ਦਾ ਹੋਸਟਲ ਖੁੱਲ੍ਹਾ ਰੱਖਣ ਦੀ ਮੰਗ ਨੂੰ ਛੱਡ ਕੇ ਸਾਰੀਆਂ ਮੰਗਾਂ ਪਹਿਲਾਂ ਹੀ ਮੰਨ ਲਈਆਂ ਹਨ।

ਜੱਲ੍ਹਿਆਂਵਾਲਾ ਬਾਗ ਨਿੱਜੀ ਹੱਥਾਂ 'ਚ ਨਹੀਂ ਜਾਣ ਦਿਆਂਗੇ - ਸਿੱਧੂ

ਪੰਜਾਬ 'ਚ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਉਹ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਨੂੰ ਲਾਲ ਕਿਲ੍ਹੇ ਵਾਂਗ ਨਿੱਜੀ ਹੱਥਾਂ 'ਚ ਨਹੀਂ ਜਾਣ ਦੇਣਗੇ।

ਉੱਨ੍ਹਾਂ ਕਿਹਾ ਕਿ ਉੱਨ੍ਹਾਂ ਨੂੰ ਕੇਂਦਰੀ ਸਭਿਆਚਾਰ ਮੰਤਰੀ ਨੇ ਇਸ ਵੱਲ ਇਸ਼ਾਰਾ ਕੀਤਾ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸਿੱਧੂ ਕੇਂਦਰੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਐਡੋਪਟ ਦਿ ਹੈਰੀਟੇਜ' ਸਕੀਮ ਦੇ ਪਰਿਪੇਖ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ, "ਕੋਈ ਨਿੱਜੀ ਕੰਪਨੀ ਰੱਖ-ਰਖਾਅ ਦੇ ਕੰਮ ਨੂੰ ਸਮਾਜਕ ਕਾਰਜ ਦੇ ਤੌਰ 'ਤੇ ਕਰ ਲਵੇ ਤਾਂ ਠੀਕ ਹੈ, ਪਰ ਅਸੀਂ ਇੱਥੇ ਕਿਸੇ ਨੂੰ ਆਪਣੀ ਤਖ਼ਤੀ ਨਹੀਂ ਲਗਾਉਣ ਦਿਆਂਗੇ।"

ਉਨ੍ਹਾਂ ਸਾਫ ਕੀਤਾ ਕਿ ਇਸ ਬਾਗ ਵਿੱਚ ਕੋਈ ਵੀ ਕੰਮ ਕੇਂਦਰੀ ਸਭਿਆਚਾਰ ਮੰਤਰਾਲੇ ਦਿ ਮਰਜ਼ੀ ਬਗੈਰ ਨਹੀਂ ਕੀਤਾ ਜਾ ਸਕਦਾ।

ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ 1919 ਵਿੱਚ ਹੋਏ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਮੰਗੇ ਗਏ 100 ਕਰੋੜ ਰੁਪਏ ਵੀ ਨਹੀਂ ਦੇ ਰਿਹਾ।

ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਵੀ ਪੈਸੇ ਨਹੀਂ ਦੇ ਰਿਹਾ।

ਕਸ਼ਮੀਰ: ਵਾਦੀ ਨੇ ਸਥਾਨਕ ਚੋਣਾਂ ਨੂੰ ਨਕਾਰਿਆ

ਭਾਰਤ ਸ਼ਾਸਤ ਜੰਮੂ-ਕਸ਼ਮੀਰ 'ਚ 13 ਸਾਲਾਂ ਬਾਅਦ ਹੋ ਰਹੀਆਂ ਸਥਾਨਕ ਚੋਣਾਂ ਦੇ ਪਹਿਲੇ ਗੇੜ 'ਚ ਕਸ਼ਮੀਰ ਵਾਦੀ 'ਚ ਕੇਵਲ 8.2 ਫ਼ੀਸਦ ਵੋਟਿੰਗ ਹੋਈ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਜੰਮੂ ਤੇ ਲੱਦਾਖ 'ਚ ਅੱਤਵਾਦੀਆਂ ਵੱਲੋਂ ਬਾਈਕਾਟ ਦੀ ਅਪੀਲ ਦਾ ਅਸਰ ਨਹੀਂ ਵਿਖਿਆ ਅਤੇ ਸੂਬੇ 'ਚ ਕੁੱਲ 56.7 ਫ਼ੀਸਦ ਵੋਟਿੰਗ ਪਹੁੰਚ ਗਈ। 8 ਅਕਤੂਬਰ ਨੂੰ ਇਕੱਲੇ ਜੰਮੂ 'ਚ 70 ਫ਼ੀਸਦ ਪੋਲਿੰਗ ਹੋਈ।

ਅਗਲੇ ਤਿੰਨ ਗੇੜਾਂ (ਅਕਤੂਬਰ 10, 13 ਤੇ 16) 'ਚ ਇਹ ਪ੍ਰਤੀਸ਼ਤ ਹੋਰ ਹੇਠਾਂ ਆਉਣ ਦਾ ਡਰ ਹੈ ਕਿਉਂਕਿ ਉਨ੍ਹਾਂ ਗੇੜਾਂ 'ਚ ਦੱਖਣੀ ਤੇ ਉੱਤਰੀ ਕਸ਼ਮੀਰ ਦੇ ਉਨ੍ਹਾਂ ਇਲਾਕਿਆਂ 'ਚ ਚੋਣਾਂ ਹਨ ਜਿੱਥੇ ਉੱਗਰਵਾਦੀਆਂ ਦਾ ਕਾਫੀ ਅਸਰ ਹੈ।

ਇਹ ਵੀ ਪੜ੍ਹੋ

ਨੋਬਲ ਪੁਰਸਕਾਰ: ਅਮਰੀਕੀ ਅਰਥਸ਼ਾਸਤਰੀਆਂ ਨੂੰ ਮਿਲਿਆ ਸਨਮਾਨ

ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਲਈ ਇਸ ਵਾਰ ਅਮਰੀਕਾ ਦੇ ਵਿਲੀਅਮ ਨੌਰਧੌਸ ਅਤੇ ਪਾਲ ਰੋਮਰ ਨੂੰ ਚੁਣਿਆ ਗਿਆ ਹੈ।

ਇਨ੍ਹਾਂ ਦੋਹਾਂ ਨੂੰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਵੱਲੋਂ ਇਹ ਸਨਮਾਨ ਜਲਵਾਯੂ ਤਬਦੀਲੀ 'ਤੇ ਨਵੀਆਂ ਤਕਨੀਕਾਂ ਦੀ ਖੋਜ ਅਤੇ ਆਰਥਿਕ ਵਿਕਾਸ 'ਤੇ ਖੋਜ ਲਈ ਦਿੱਤਾ ਜਾਵੇਗਾ।

ਰਿਪੋਰਟ ਮੁਤਾਬਕ ਦੋਹਾਂ ਨੂੰ ਕਰੀਬ 7.35 ਕਰੋੜ ਰੁਪਏ ਸਨਮਾਨ ਦੇ ਤੌਰ 'ਤੇ ਦਿੱਤੇ ਜਾਣਗੇ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ।)