ਗੁਰਦੁਆਰਿਆਂ 'ਚ 'ਪਾਬੰਦੀ' ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ

ਕੈਨੇਡਾ ਅਤੇ ਬ੍ਰਿਟੇਨ ਤੋਂ ਬਾਅਦ ਅਮਰੀਕਾ ਦੇ ਕੁਝ ਸਿੱਖ ਸੰਗਠਨਾਂ ਨੇ ਵੀ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ 96 ਗੁਰਦੁਆਰਿਆਂ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਨੇ ਇਸ ਐਲਾਨ ਦਾ ਵਿਰੋਧ ਕੀਤਾ ਹੈ।

ਸੁਖਬੀਰ ਬਾਦਲ ਨੇ ਕਿਹਾ, ''ਕੋਈ ਵੀ ਕਿਸੇ ਨੂੰ ਨਹੀਂ ਰੋਕ ਸਕਦਾ। ਮੈਂ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ।''

ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ''ਗੁਰੂ ਘਰ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਤੇ ਕਿਸੇ ਨੂੰ ਵੀ ਰੋਕਿਆ ਜਾਣਾ ਗਲਤ ਹੈ।''

ਇਹ ਵੀ ਪੜ੍ਹੋ

ਕਮੇਟੀ ਨੇ ਕਿਹੜੇ ਕਾਰਨ ਗਿਣਵਾਏ?

  • 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਉੱਤੇ ਹਮਲੇ ਤੇ ਦਿੱਲੀ ਵਿੱਚ ਸਿੱਖਾਂ ਦੀ ਖਿਲਾਫ਼ ਹਿੰਸਾ।
  • ਪੰਜਾਬ ਦੇ ਦਰਿਆਈ ਪਾਣੀਆਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ।
  • ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮਾਰਨ ਦੀ ਕੋਸ਼ਿਸ਼ ਦਾ ਇਲਜ਼ਾਮ।
  • ਸਿੱਖ ਸਿਆਸੀ ਕੈਦੀਆਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਗ਼ੈਰਸੰਵਿਧਾਨਕ ਤਰੀਕੇ ਨਾਲ ਕੈਦ ਵਿੱਚ ਰੱਖਣ ਦਾ ਇਲਜ਼ਾਮ।
  • ਹਿੰਦੂਤਵ ਦੇ ਏਜੰਡੇ ਨੂੰ ਉਤਸ਼ਾਹਿਤ ਕਰਕੇ ਘੱਟ-ਗਿਣਤੀਆਂ ਖਿਲਾਫ਼ ਸਾਜ਼ਿਸ਼ ਦਾ ਇਲਜ਼ਾਮ।
  • ਭਾਰਤੀ ਸੰਵਿਧਾਨ ਦੇ ਆਰਟੀਕਲ 25-ਬੀ ਵਿੱਚ ਸੋਧ ਦੀ ਮੰਗ।

ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਹ ਫੈਸਲਾ ਫ਼ੌਰੀ ਤੌਰ 'ਤੇ ਹੀ ਲਾਗੂ ਕੀਤਾ ਜਾਂਦਾ ਹੈ।

ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹੱਕ ਅਤੇ ਵਿਰੋਧ ਵਿੱਚ ਲੋਕਾਂ ਵਲੋਂ ਰਾਏ ਪ੍ਰਗਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ

ਮਤੇ ਦੇ ਹੱਕ ਵਿੱਚ ਲੋਕ ਇਸ ਫ਼ੈਸਲੇ ਦਾ ਇਹ ਕਹਿ ਕੇ ਸਮਰਥਨ ਕਰ ਰਹੇ ਹਨ ਕਿ ਨਿੱਜੀ ਤੌਰ ਉੱਤੇ ਕਿਸੇ ਦੇ ਗੁਰਦੁਆਰੇ ਵਿੱਚ ਆਉਣ ਉੱਤੇ ਪਾਬੰਦੀ ਨਹੀਂ ਹੈ।

ਹਾਲਾਂਕਿ ਇਸ ਗੱਲ ਦਾ ਸਿੱਖ ਕੋਆਰਡੀਨੇਸ਼ਨ ਦੇ ਮਤੇ ਵਿੱਚ ਜ਼ਿਕਰ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)