ਮਾਪਿਆਂ ਵੱਲੋਂ ਬੱਚਿਆਂ ਦਾ ਪਰਛਾਵਾਂ ਬਣਨਾ ਕਿੰਨਾ ਨੁਕਸਾਨਦੇਹ

    • ਲੇਖਕ, ਵਿਕਾਸ ਤ੍ਰਿਵੇਦੀ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਤੁਸੀਂ ਛੋਟੇ ਸੀ ਤਾਂ ਸਕੂਲ ਵਿੱਚ ਅਕਸਰ ਸੁਣਿਆ ਹੋਵੇਗਾ, ਚੰਗੇ ਬੱਚੇ ਕਿਵੇਂ? ਜਵਾਬ ਵਿੱਚ ਮੂੰਹ 'ਤੇ ਉਂਗਲੀ ਰੱਖ ਕੇ ਤੁਸੀਂ ਕਹਿੰਦੇ ਹੋਵੋਗੇ- ਐਂਵੇ।

ਪਰ ਥੋੜ੍ਹੀ ਜਿਹੀ ਆਜ਼ਾਦੀ ਲੈਂਦੇ ਹੋਏ ਹੁਣ ਪੁੱਛਿਆ ਜਾਵੇ ਕਿ ਚੰਗੇ ਮਾਂ-ਬਾਪ ਕਿਵੇਂ? ਜਵਾਬ ਦੇਣ ਲਈ ਬਚਪਨ ਵਿੱਚ ਮੂੰਹ 'ਤੇ ਰੱਖੀ ਉਂਗਲੀ ਚੁੱਕੋ ਅਤੇ ਦੱਸੋ।

ਉਹ, ਜੋ ਤੁਹਾਡੇ ਹਰ ਸੁੱਖ-ਦੁੱਖ ਵਿੱਚ ਸਾਥ ਦੇਵੇ? ਜਿਹੜਾ ਇੱਕ ਦੋਸਤ ਦੀ ਤਰ੍ਹਾਂ ਹਮੇਸ਼ਾ ਤੁਹਾਨੂੰ ਸਮਝੇ? ਜੋ ਤੁਹਾਡੇ ਕੋਲ ਪਰੰਪਰਾ, ਇੱਜ਼ਤ ਅਤੇ ਅਨੁਸ਼ਾਸਨ ਵਾਲੇ ਮੂਡ ਵਿੱਚ ਹੀ ਗੱਲ ਕਰੇ?

ਇਹ ਵੀ ਪੜ੍ਹੋ:

ਜਾਂ ਫਿਰ ਉਹ ਜੋ ਇੱਕ ਪਰਛਾਵੇਂ ਦੀ ਤਰ੍ਹਾਂ ਹਮੇਸ਼ਾ ਤੁਹਾਡੇ ਨਾਲ ਰਹੇ। ਫਿਰ ਭਾਵੇਂ ਤੁਸੀਂ ਸਕੂਲ ਦੇ ਦੋਸਤਾਂ ਨਾਲ ਬੈਠ ਕੇ ਗੱਲ ਕਰ ਰਹੇ ਹੋਵੇ। ਆਪਣੇ ਬੁਆਏ ਫਰੈਂਡ ਜਾਂ ਗਰਲ ਫਰੈਂਡ ਦੇ ਨਾਲ ਹੋਵੋ। ਕਿਤੇ ਪਾਰਕ ਵਿੱਚ ਖੇਡ ਰਹੇ ਹੋਵੋ ਜਾਂ ਸਿਨੇਮਾ ਘਰਾਂ ਵਿੱਚ ਫ਼ਿਲਮ ਦੇਖ ਰਹੇ ਹੋਵੋ ਅਤੇ ਮਾਤਾ-ਪਿਤਾ ਦੀਆਂ 'ਡ੍ਰੋਨ ਵਰਗੀਆਂ ਨਜ਼ਰਾਂ' ਹਮੇਸ਼ਾ ਤੁਹਾਡਾ ਪਿੱਛਾ ਕਰਦੀਆਂ ਰਹਿਣ।

ਮਾਤਾ-ਪਿਤਾ ਦੀ ਅਜਿਹੀ ਆਦਤ ਨੂੰ ਹੈਲੀਕਾਪਟਰ ਪੈਰੇਟਿੰਗ ਕਿਹਾ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰਾ ਕਾਜੋਲ ਦੀ ਫ਼ਿਲਮ 'ਹੈਲੀਕਾਪਟਰ ਈਲਾ' ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਵੀ ਇੱਕ ਮਾਂ ਦੀ ਇਸੇ ਆਦਤ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਵਿੱਚ ਕਾਜੋਲ ਨੇ ਇੱਕ ਸਿੰਗਲ ਮਦਰ ਇਲਾ ਦਾ ਰੋਲ ਨਿਭਾਇਆ ਹੈ।

ਪਰ ਆਪਣੇ ਜਿਗਰ ਦੇ ਟੁੱਕੜੇ ਨੂੰ ਲਾਡ ਲਡਾਉਣ ਲਈ ਮਨ ਵਿੱਚੋਂ ਨਿਕਲੀਆਂ ਗੱਲਾਂ ਕਦੋਂ ਹੈਲੀਕਾਪਟਰ ਪੈਰੇਟਿੰਗ ਬਣ ਜਾਂਦੀਆਂ ਹਨ? ਹੈਲੀਕਾਪਟਰ ਪੈਰੇਟਿੰਗ ਦਾ ਇਤਿਹਾਸ ਅਤੇ ਇਸਦੇ ਫਾਇਦੇ ਜਾਂ ਨੁਕਸਾਨ ਕੀ ਹਨ?ਅਸੀਂ ਤੁਹਾਡੇ ਮਨ ਵਿੱਚ ਉਭਰੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਕਿੱਥੋਂ ਆਇਆ ਹੈ ਹੈਲੀਕਾਪਟਰ ਪੈਰੇਟਿੰਗ ਸ਼ਬਦ?

parents.com ਵੈੱਬਸਾਈਟ ਦੇ ਮੁਤਾਬਕ, ਇਸ ਟਰਮ ਦੀ ਪਹਿਲੀ ਵਾਰ ਵਰਤੋਂ ਸਾਲ 1969 ਵਿੱਚ ਹੋਈ ਸੀ। ਡਾ. ਹੇਮ ਗਿਨੋਟ ਨੇ ਆਪਣੀ ਕਿਤਾਬ 'ਪੇਰੈਂਟਸ ਐਂਡ ਟੀਨਏਜਰਸ' ਵਿੱਚ ਇਸਦਾ ਜ਼ਿਕਰ ਕੀਤਾ ਗਿਆ ਸੀ।

ਕਿਤਾਬ ਵਿੱਚ ਇੱਕ ਬੱਚਾ ਇਹ ਕਹਿੰਦਾ ਹੈ ਕਿ ਮੇਰੇ ਮਾਤਾ-ਪਿਤਾ ਹੈਲੀਕਾਪਟਰ ਦੀ ਤਰ੍ਹਾਂ ਮੇਰੇ ਉੱਤੇ ਮੰਡਰਾਉਂਦੇ ਰਹਿੰਦੇ ਹਨ।

2011 ਵਿੱਚ ਇਸ ਟਰਮ ਨੂੰ ਡਿਕਸ਼ਨਰੀ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ।

ਅਜਿਹਾ ਨਹੀਂ ਹੈ ਕਿ ਬੱਚਿਆਂ ਦੇ ਆਲੇ-ਦੁਆਲੇ ਮੰਡਰਾਉਣ ਦੀ ਇਸ ਆਦਤ ਨੂੰ ਸਿਰਫ਼ ਇਸੇ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ।

ਲੌਨਮੋਵਰ ਪੇਰੈਟਿੰਗ, ਕੋਸਸੈਟਿੰਗ ਪੇਰੈਂਟ ਜਾਂ ਬੁਲਡੋਜ਼ ਪੇਰੈਟਿੰਗ ਵੀ ਅਜਿਹੀਆਂ ਆਦਤਾਂ ਦੇ ਕੁਝ ਹੋਰ ਨਾਮ ਹਨ।

ਹੁਣ ਇਤਿਹਾਸ ਤੋਂ ਮੌਜੂਦਾ ਸਮੇਂ ਵੱਲ ਵਧਦੇ ਹਾਂ। ਤੁਸੀਂ ਵੀ ਆਪਣੇ ਬੱਚਿਆਂ ਦੀ ਪਰਵਾਹ ਕਰਦੇ ਹੋਵੋਗੇ।

ਪਰ ਇਹ ਪਰਵਾਹ ਕਦੋਂ ਹੈਲੀਕਾਪਟਰ ਪੇਰੈਟਿੰਗ ਬਣ ਜਾਂਦੀ ਹੈ। ਇਸ ਨੂੰ ਸਮਝਣ ਲਈ ਇੱਕ ਕਵਿੱਜ਼ ਖੇਡਦੇ ਹਾਂ।

  • ਬੱਚਾ ਖਾਲੀ ਸਮੇਂ ਵਿੱਚ ਕੀ ਕਰੇਗਾ, ਇਹ ਹਰ ਵਾਰ ਤੁਸੀਂ ਹੀ ਤੈਅ ਕਰਦੇ ਹੋ?
  • ਬਿਨਾਂ ਬੱਚੇ ਦੇ ਪੁੱਛੇ ਇਹ ਤੈਅ ਕਰਨਾ ਕਿ ਉਹ ਦੋਸਤਾਂ ਨੂੰ ਮਿਲਣ ਕੀ ਪਹਿਨ ਕੇ ਜਾਵੇ?
  • ਤੁਸੀਂ ਰੋਜ਼ਾਨਾ ਬੱਚੇ ਦੇ 24 ਘੰਟੇ ਦਾ ਹਿਸਾਬ ਲੈਂਦੇ ਹੋ?
  • ਤੁਹਾਨੂੰ ਲਗਦਾ ਹੈ ਕਿ ਹਰ ਹਾਲ ਵਿੱਚ ਬੱਚੇ ਦੀ ਰੱਖਿਆ ਕਰਨੀ ਚਾਹੀਦੀ ਹੈ, ਭਾਵੇਂ ਕਿਵੇਂ ਵੀ?

ਜੇਕਰ ਇਨ੍ਹਾਂ ਸਾਰੇ ਸਵਾਲਾਂ ਵਿੱਚ ਤੁਹਾਡਾ ਜਵਾਬ ਹਾਂ ਹੈ ਤਾਂ ਸੁਭਾਵਿਕ ਹੈ ਕਿ ਤੁਸੀਂ ਹੈਲੀਕਾਪਟਰ ਪੇਰੈਟਿੰਗ ਕਰਦੇ ਹੋ।

ਸਿੱਖਿਆ ਮਾਹਰ ਪੂਰਨਿਮਾ ਝਾਅ ਨੇ ਬੀਬੀਸੀ ਨਾਲ ਇਸ ਮੁੱਦੇ 'ਤੇ ਖਾਸ ਗੱਲਬਾਤ ਕੀਤੀ। ਪੂਰਨਿਮਾ ਸਮਝਾਉਂਦੀ ਹੈ, ''ਹਵਾਈ ਜਹਾਜ਼ ਅਤੇ ਹੈਲੀਕਾਪਟਰ ਵਿੱਚ ਫ਼ਰਕ ਇਹ ਹੈ ਕਿ ਹੈਲੀਕਾਪਟਰ ਤੁਹਾਨੂੰ ਹਰ ਥਾਂ ਫੌਲੋ ਕਰ ਸਕਦਾ ਹੈ। ਜਦੋਂ ਬੱਚਿਆਂ ਨੂੰ ਪਾਲਦੇ ਹੋਏ ਤੁਸੀਂ ਵੀ ਇਹੀ ਕਰਦੇ ਹੋ ਤਾਂ ਇਹ ਹੈਲੀਕਾਪਟਰ ਪੇਰੈਟਿੰਗ ਹੋ ਜਾਂਦੀ ਹੈ। ਜ਼ਿਆਦਾ ਫਿਕਰ ਕਰਨਾ ਜਾਂ ਨਜ਼ਰ ਰੱਖਣਾ ਇਸਦੀ ਪਛਾਣ ਹੈ। ਗਾਣੇ ਦੇ ਜ਼ਰੀਏ ਸਮਝਿਏ ਤਾਂ 'ਤੂੰ ਜਹਾਂ, ਜਹਾਂ ਰਹੇਗਾ... ਮੇਰਾ ਸਾਇਆ ਸਾਥ ਹੋਗਾ' ਵਾਲਾ ਰਵੱਈਆ ਹੀ ਹੈਲੀਕਾਪਟਰ ਪੇਰੈਟਿੰਗ ਹੈ। ਪਿਛਲੇ ਪੰਜ ਜਾਂ ਛੇ ਸਾਲਾਂ ਵਿੱਚ ਇਹ ਕਾਫ਼ੀ ਵਧੀ ਹੈ। ਇਸਦਾ ਕਾਰਨ ਅਸੁਰੱਖਿਆ ਵੀ ਹੁੰਦੀ ਹੈ। ਅੱਜ-ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਗੁੱਡ ਟਚ ਅਤੇ ਬੈਡ ਟਚ 'ਤੇ ਕਿੰਨੀ ਗੱਲ ਹੋ ਰਹੀ ਹੈ।''

ਹੈਲੀਕਾਪਟਰ ਪੇਰੈਟਿੰਗ ਦੇ ਖਤਰੇ ਕੀ ਹਨ?

  • ਬੱਚਿਆਂ ਦਾ ਆਤਮ-ਵਿਸ਼ਵਾਸ ਘੱਟ ਹੋ ਜਾਵੇਗਾ
  • ਬੱਚਿਆਂ ਦਾ ਮਨ ਡਰਪੋਕ ਹੋ ਸਕਦਾ ਹੈ
  • ਫ਼ੈਸਲਾ ਲੈਣ ਦੀ ਤਾਕਤ ਦਾ ਵਿਕਿਸਤ ਨਾ ਹੋਣਾ
  • ਖ਼ੁਦ ਕੁਝ ਨਵਾਂ ਸਿੱਖਣ ਦੀ ਸ਼ਕਤੀ ਘੱਟ ਜਾਵੇਗੀ
  • ਭਾਵਨਾਤਮਕ ਤੌਰ 'ਤੇ ਕਮਜ਼ੋਰ ਹੋ ਜਾਣਗੇ
  • ਅਚਾਨਕ ਹੋਈ ਘਟਨਾ ਲਈ ਬੱਚੇ ਤਿਆਰ ਨਹੀਂ ਹੋਣਗੇ
  • ਬਾਹਰੀ ਦੁਨੀਆਂ ਲਈ ਤਿਆਰ ਨਹੀਂ ਹੋ ਸਕਣਗੇ ਬੱਚੇ

ਗੁੜਗਾਂਓ ਵਿੱਚ ਰਹਿਣ ਵਾਲੀ ਅਲਕਾ ਸਿੰਗਲ ਮਦਰ ਹੈ। ਫ਼ਿਲਮ 'ਹੈਲੀਕਾਪਟਰ ਈਲਾ' ਵਿੱਚ ਕਾਜੋਲ ਵੀ ਸਿੰਗਲ ਮਦਰ ਦੀ ਭੂਮਿਕਾ ਵਿੱਚ ਹੈ।

ਹੈਲੀਕਾਪਟਰ ਪੇਰੈਟਿੰਗ 'ਤੇ ਅਲਕਾ ਕਹਿੰਦੀ ਹੈ, ''ਮਾਂ ਦੇ ਸਾਹਮਣੇ ਜਦੋਂ ਬੱਚਾ ਵੱਡਾ ਹੋ ਰਿਹਾ ਹੈ, ਉਹ ਬੱਚਾ ਹੀ ਰਹਿੰਦਾ ਹੈ। ਵੱਡੇ ਹੋਣ ਦੇ ਨਾਲ ਬੱਚਿਆਂ ਨੂੰ ਸਪੇਸ ਚਾਹੀਦੀ ਹੁੰਦੀ ਹੈ। ਇਸ ਵਿਚਾਲੇ ਮਾਂ ਬੱਚੇ ਦੀ ਪੇਰੈਟਿੰਗ ਕਰਦੀ ਹੈ। ਬੱਚਿਆਂ 'ਤੇ ਨਜ਼ਰ ਰੱਖਣ ਅਤੇ ਪ੍ਰੇਸ਼ਾਨ ਹੋਣ ਦੀ ਹਾਲਤ ਵਿੱਚ ਇੱਕ ਮੋੜ ਆਉਂਦਾ ਹੈ, ਜਦੋਂ ਪਰਵਾਹ ਹੈਲੀਕਾਪਟਰ ਪੇਰੈਟਿੰਗ ਬਣ ਜਾਂਦੀ ਹੈ। ਮੈਂ ਵੀ ਅਜਿਹਾ ਹੀ ਕੀਤਾ ਹੈ।''

ਇੱਕ ਸਿੰਗਲ ਮਦਰ ਦੇ ਤੌਰ 'ਤੇ ਹੈਲੀਕਾਪਟਰ ਪੇਰੈਟਿੰਗ ਕਰਨ ਦੀ ਸੰਭਾਵਨਾ ਵੱਧ ਹੁੰਦੀ ਹੈ।

ਇਹ ਵੀ ਪੜ੍ਹੋ:

ਅਲਕਾ ਨੇ ਕਿਹਾ, ''ਹਾਂ ਇੱਕ ਸਿੰਗਲ ਮਦਰ ਦੇ ਤੌਰ 'ਤੇ ਹੈਲੀਕਾਪਟਰ ਪੇਰੈਟਿੰਗ ਵੱਧ ਹੁੰਦੀ ਹੈ। ਜ਼ਿੰਮੇਦਾਰੀਆਂ ਦੀ ਬੋਝ ਜ਼ਿਆਦਾ ਹੁੰਦਾ ਹੈ। ਔਰਤਾਂ ਉਂਝ ਵੀ ਵੱਧ ਸੋਚਦੀਆਂ ਹਨ ਤਾਂ ਅਸੀਂ ਸਭ ਤੋਂ ਖ਼ਰਾਬ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਥਾਂ ਦੇ ਦਿੰਦੇ ਹਾਂ। ਜਿਸ ਨਾਲ ਬੱਚਿਆਂ ਨੂੰ ਆਜ਼ਾਦੀ ਦੇਣ ਵਿੱਚ ਸਮਾਂ ਲਗਦਾ ਹੈ। ਮੇਰਾ ਮੰਨਣਾ ਹੈ ਕਿ ਬੱਚਿਆਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਬੱਚਿਆਂ ਦੇ ਹਿਸਾਬ ਨਾਲ ਥੋੜ੍ਹੀ ਜਿਹੀ ਢਿੱਲ ਦੇਣੀ ਚਾਹੀਦੀ ਹੈ।''

ਹੈਲੀਕਾਪਟਰ ਪੇਰੈਟਿੰਗ ਦਾ ਹੱਲ ਕੀ ਹੈ?

'ਮੈਂ ਇਹ ਕਰ ਲਿਆ।' ਇਹ ਭਾਵਨਾ ਤੁਹਾਡੇ ਬੱਚੇ ਦੇ ਮਨ ਦੇ ਅੰਦਰ ਆਉਣਾ ਬਹੁਤ ਜ਼ਰੂਰੀ ਹੈ।

ਪੂਰਨਿਮਾ ਝਾਅ ਇਸ ਨੂੰ ਸਮਝਾਉਂਦੀ ਹੈ, ''ਜੇਕਰ ਤੁਸੀਂ ਸਕੂਲ ਦੇ ਹੋਮਵਰਕ ਤੋਂ ਲੈ ਕੇ ਕਿਹੜੇ ਦੋਸਤਾਂ ਨਾਲ ਖੇਡਣਾ ਹੈ, ਇਹ ਤੈਅ ਕਰ ਰਹੇ ਹੋ ਤਾਂ ਇਸ ਨੂੰ ਨੁਕਸਾਨ ਸਮਝੋ। ਤੁਹਾਡਾ ਬੱਚਾ ਫ਼ੈਸਲਾ ਲੈਣ ਦੀ ਸਮਰਥਾ ਨਹੀਂ ਰੱਖ ਰਿਹਾ ਹੈ। ਪਰ ਤੁਸੀਂ ਅਜਿਹਾ ਨਾ ਕਰੋ, ਤਾਂ ਉਹ ਹੌਲੀ-ਹੌਲੀ ਜ਼ਿੰਦਗੀ ਦੇ ਫ਼ੈਸਲੇ ਲੈਣ ਲੱਗੇਗਾ। ਕਿਉਂਕਿ ਤੁਹਾਡੇ ਬੱਚਿਆਂ ਨੂੰ ਦੁਨੀਆਂ ਦਾ ਸਾਹਮਣਾ ਇਕੱਲੇ ਕਰਨਾ ਹੋਵੇਗਾ। ਨਹੀਂ ਤਾਂ ਉਸ ਨੂੰ ਆਦਤ ਹੋ ਜਾਵੇਗੀ ਕਿ ਮੇਰੀ ਮਾਂ ਅਤੇ ਪਾਪਾ ਹਮੇਸ਼ਾ ਮੇਰੇ ਨਾਲ ਹਨ। ਹਰ ਮਾਂ-ਬਾਪ ਆਪਣੇ ਬੱਚੇ ਦਾ ਚੰਗਾ ਚਾਹੁੰਦੇ ਹਨ ਪਰ ਇੱਕ ਹੱਦ 'ਤੇ ਜਾ ਕੇ ਰੁਕਣਾ ਹੋਵੇਗਾ।''

ਸੋਚ ਕੇ ਤੈਅ ਕਰੋ- ਤੁਹਾਡੀ ਮਦਦ ਤੋਂ ਬਿਨਾਂ ਬੱਚਾ ਕੀ-ਕੀ ਕਰ ਸਕਦਾ ਹੈ?

  • ਬੇਪਰਵਾਹੀ ਅਤੇ ਫਿਕਰ ਵਿਚਾਲੇ ਸੰਤੁਲਨ ਬਣਾਓ
  • ਮਾਫ਼ੀ ਮੰਗਣ ਦੀ ਤਾਕਤ ਨੂੰ ਸਮਝਾਓ
  • ਪਿਆਰ ਅਤੇ ਲਾਡ ਨਾਲ ਬੱਚੇ ਦੀ ਜ਼ਿੰਮੇਦਾਰੀ ਤੈਅ ਕਰੋ
  • ਸਹੀ ਅਤੇ ਗਲਤ ਵਿਚਾਲੇ ਫਰਕ ਦੱਸੋ
  • ਬੱਚਾ ਇੱਕ ਕਦਮ ਵਧਾ ਸਕੇ ਇਸ ਲਈ ਆਪਣਾ ਇੱਕ ਕਦਮ ਪਿੱਛੇ ਖਿੱਚੋ
  • ਬੱਚਿਆਂ ਦੇ ਰਿਸਕ ਲੈਣ ਤੋਂ ਡਰੋ ਨਾ
  • ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਆਜ਼ਾਦੀ ਦਿਓ
  • ਬੱਚਿਆਂ ਨੂੰ ਹਾਸੇ ਮਜ਼ਾਕ, ਗਲੇ ਲਗਾਉਣ ਵਰਗੇ ਰਿਸ਼ਤੇ ਬਣਾਓ
  • ਪਰਫੈਕਟ ਪੇਰੈਂਟ ਦੀ ਬਜਾਏ ਚੰਗੇ ਪੇਰੈਂਟਸ ਬਣਨ ਦੀ ਕੋਸ਼ਿਸ਼ ਕਰੋ

ਅਲਕਾ ਨੇ ਕਿਹਾ , ''ਅਜਿਹਾ ਕਰਨ ਨਾਲ ਨੁਕਸਾਨ ਇਹ ਹੁੰਦਾ ਹੈ ਕਿ ਬੱਚਾ ਸਮਰੱਥ ਨਹੀਂ ਹੁੰਦਾ। ਉਹ ਚੀਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦਾ। ਇਸ ਵਿੱਚ ਸਹੀ ਇਹ ਰਹੇਗਾ ਕਿ ਮਾਤਾ, ਪਿਤਾ ਖ਼ੁਦ 'ਤੇ ਕੰਟਰੋਲ ਕਰਦੇ ਹੋਏ ਬੱਚਿਆਂ ਨੂੰ ਕੁਝ ਢਿੱਲ ਦੇਣ ਤਾਂ ਕਿ ਉਹ ਖ਼ੁਦ ਫ਼ੈਸਲਾ ਲੈ ਸਕਣ। ਹਾਲਾਂਕਿ ਮਾਤਾ-ਪਿਤਾ ਨੂੰ ਇਹ ਪਤਾ ਨਹੀਂ ਲਗਦਾ ਹੈ ਕਿ ਕਦੋਂ ਉਹ ਹੈਲੀਕਾਪਟਰ ਪੇਰੈਟਿੰਗ ਕਰ ਰਹੇ ਹਨ। ਜੇਕਰ ਇਹ ਹੋ ਸਕੇ ਕਿ ਬੱਚਿਆਂ ਤੋਂ ਫੀਡਬੈਕ ਲਿਆ ਜਾ ਸਕੇ। ਐਨਾ ਸਪੇਸ ਤਾਂ ਦੇਣਾ ਚਾਹੀਦਾ ਹੈ ਕਿ ਬੱਚਾ ਕੁਝ ਗ਼ਲਤ ਕਰੇ ਤਾਂ ਉਹ ਵਾਪਿ ਪਰਤ ਸਕੇ ਅਤੇ ਕਹੇ ਕਿ ਹੁਣ ਮੈਂ ਤੁਹਾਡੇ ਨਾਲ ਸਹਿਮਤ ਹਾਂ।''

ਹੈਲੀਕਾਪਟਰ ਪੇਰੈਟਿੰਗ ਦੇ ਨੁਕਸਾਨਾਂ ਬਾਰੇ ਪੂਰਨਿਮਾ ਝਾਅ ਸੰਸਕ੍ਰਿਤ ਦੀ ਇੱਕ ਲਾਈਨ ਕਹਿੰਦੀ ਹੈ- 'ਅਤਿ ਸਰਵਤਰ ਵਰਜੇਯਤ'।

ਯਾਨਿ ਕਿਸੇ ਵੀ ਗੱਲ ਦੀ ਅਤਿ ਨੁਕਸਾਨਦਾਇਕ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)