ਉਹ ਲਾੜੀ ਜਿਸ ਨੇ 'ਕਬਰ' ਨਾਲ ਕਰਵਾਇਆ ਵਿਆਹ

ਪਹਿਲੀ ਵਾਰ ਦੇਖਣ 'ਤੇ ਇਹ ਤਸਵੀਰਾਂ ਤੁਹਾਨੂੰ ਕਿਸੇ ਵਿਆਹ ਦੀ ਐਲਬਮ ਦੀ ਤਰ੍ਹਾਂ ਨਜ਼ਰ ਆਉਣਗੀਆਂ ਜਿਸ ਵਿੱਚ ਰੋਂਦੇ ਹੋਏ ਮਾਪੇ ਹਨ, ਦੋਸਤ ਹਨ, ਘਬਰਾਈ ਹੋਈ ਲਾੜੀ ਹੈ ਜਿਸ ਨੂੰ ਵਿਆਹ ਲਈ ਸਜਾਇਆ ਜਾ ਰਿਹਾ ਹੈ ਅਤੇ ਹੱਸਦੇ ਹੋਏ ਬੱਚੇ।

ਪਰ ਜੇਕਰ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਸਮਝਣ ਵਿੱਚ ਦੇਰ ਨਹੀਂ ਲੱਗੇਗੀ ਕਿ ਇਸ ਵਿੱਚ ਕੁਝ ਕਮੀ ਹੈ।

ਕੇਂਡਲ ਮਰਫ਼ੀ, ਜਿਸ ਨੇ ਲਾੜਾ ਬਣਨਾ ਸੀ ਉਸਦੀ ਨੌ ਮਹੀਨੇ ਪਹਿਲਾਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਹੋਣ ਵਾਲੀ ਲਾੜੀ ਇਕੱਲੀ ਰਹਿ ਗਈ।

ਪਰ ਜਿਵੇਂ ਪਹਿਲਾਂ ਤੋਂ ਹੀ ਤੈਅ ਸੀ, ਵਿਆਹ ਹੋਇਆ। ਜੇਸਿਕਾ ਪੇਜੈਟ ਆਪਣੇ ਵਿਆਹ ਵਾਲੇ ਦਿਨ ਲਾੜੀ ਵਾਲੀ ਪੁਸ਼ਾਕ ਵਿੱਚ ਸੀ ਪਰ ਉਹ ਇਕੱਲੀ ਸੀ। ਉਨ੍ਹਾਂ ਦਾ ਲਾੜਾ ਉਨ੍ਹਾਂ ਦੇ ਨਾਲ ਨਹੀਂ ਸੀ, ਜੇਸਿਕਾ ਦਾ ਵਿਆਹ ਕੈਂਡਲ ਦੀ ਕਬਰ ਦੇ ਨਾਲ ਹੋਇਆ।

ਇਹ ਵੀ ਪੜ੍ਹੋ:

ਕਈ ਸਾਲ ਪਹਿਲਾਂ ਜੇਸਿਕਾ ਦੀ ਮੰਗਣੀ ਦੀ ਕਿੱਸੇ ਹਾਲੀਵੁੱਡ ਫ਼ਿਲਮ ਦੀ ਤਰ੍ਹਾਂ ਚਰਚਾ ਵਿੱਚ ਸੀ।

ਦੋਵੇਂ ਸਿਰਫ਼ 7 ਮੀਲ ਦੀ ਦੂਰੀ 'ਤੇ ਰਹਿੰਦੇ ਸਨ ਪਰ ਉਹ ਇੱਕ-ਦੂਜੇ ਨੂੰ ਪਹਿਲੀ ਵਾਰ ਕਾਲਜ ਵਿੱਚ ਮਿਲੇ ਸਨ।

ਪਰ ਪਿਛਲੇ ਸਾਲ ਦੋਵਾਂ ਦੀ ਜ਼ਿੰਦਗੀ ਵਿੱਚ ਅਜਿਹਾ ਤੂਫ਼ਾਨ ਆਇਆ ਜਿਸ ਬਾਰੇ ਕਿਸੇ ਨੋ ਸੋਚਿਆ ਵੀ ਨਹੀਂ ਸੀ।

ਪਿਛਲੇ ਸਾਲ ਨਵੰਬਰ ਵਿੱਚ ਕੈਂਡਲ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਜੇਸਿਕਾ ਉਸ ਸਮੇਂ ਸਿਰਫ਼ 25 ਸਾਲ ਦੀ ਸੀ।

ਕੇਂਡਲ ਦੀਆਂ ਯਾਦਾਂ

ਜੇਸਿਕਾ ਨੇ ਬੀਬੀਸੀ ਨੂੰ ਦੱਸਿਆ, "ਕੇਂਡਲ ਇੱਕ ਬਿਹਤਰੀਨ ਸ਼ਖ਼ਸ ਸਨ। ਬਹੁਤ ਪਿਆਰ ਕਰਨ ਵਾਲੇ, ਦਿਆਲੂ ਸਨ।"

ਕੇਂਡਲ ਦੀ ਮੌਤ ਤੋਂ ਬਾਅਦ ਉਸ ਨੇ ਫ਼ੈਸਲਾ ਕੀਤਾ ਕਿ ਉਹ ਵਿਆਹ ਰੱਦ ਨਹੀਂ ਕਰੇਗੀ।

29 ਸਤੰਬਰ ਨੂੰ ਜੇਸਿਕਾ ਨੇ ਚਿੱਟੇ ਰੰਗ ਦਾ ਲਿਬਾਸ ਪਹਿਨਿਆ। ਇਹ ਉਹੀ ਡਰੈੱਸ ਸੀ ਜਿਹੜੀ ਉਸ ਨੇ ਆਪਣੇ ਲਈ ਪਸੰਦ ਕੀਤੀ ਸੀ।

ਜੇਸਿਕਾ ਨੇ ਇਸ ਖਾਸ ਦਿਨ ਲਈ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੱਦਾ ਵੀ ਦਿੱਤਾ।

ਅਮਰੀਕਾ ਦੇ ਇੰਡੀਆਨਾ ਵਿੱਚ ਹੋਏ ਇਸ ਅਨੋਖੇ ਵਿਆਹ ਵਾਲੇ ਦਿਨ ਉਹ ਫੋਟੋਗ੍ਰਾਫ਼ਰ ਵੀ ਉੱਥੇ ਮੌਜੂਦ ਸੀ ਜਿਸ ਨੂੰ ਜੇਸਿਕਾ ਅਤੇ ਕੇਂਡਲ ਨੇ ਇਸ ਦਿਨ ਫੋਟੋ ਖਿੱਚਣ ਲਈ ਚੁਣਿਆ ਸੀ।

ਜੇਸਿਕਾ ਕਹਿੰਦੀ ਹੈ, "ਮੈਂ ਕੇਂਡਲ ਦੇ ਜਾਣ ਦੇ ਬਾਵਜੂਦ ਇਸ ਦਿਨ ਨੂੰ ਓਨੇ ਹੀ ਚਾਅ ਨਾਲ ਮਨਾਉਣਾ ਚਾਹੁੰਦੀ ਸੀ, ਹਾਲਾਂਕਿ ਸਰੀਰਕ ਰੂਪ ਤੋਂ ਹੁਣ ਉਹ ਮੇਰੇ ਨਾਲ ਨਹੀਂ। ਮੈਂ ਇਸ ਦਿਨ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਚਾਹੁੰਦੀ ਸੀ।"

ਹਾਲਾਂਕਿ ਫੋਟੋਸ਼ੂਟ ਦਾ ਆਈਡੀਆ ਉਨ੍ਹਾਂ ਦੇ ਦਿਮਾਗ ਵਿੱਚ ਪਹਿਲਾਂ ਨਹੀਂ ਸੀ। ਕੇਂਡਲ ਦੀ ਮੌਤ ਤੋਂ ਕੁਝ ਦੇਰ ਬਾਅਦ ਹੀ ਜੇਸਿਕਾ ਨੂੰ ਬੁਟੀਕ ਤੋਂ ਫ਼ੋਨ ਆਇਆ ਸੀ ਕਿ ਉਨ੍ਹਾਂ ਦੇ ਵਿਆਹ ਦਾ ਜੋੜਾ ਤਿਆਰ ਹੈ।

ਇਹ ਵੀ ਪੜ੍ਹੋ:

ਉਹ ਦੱਸਦੀ ਹੈ, "ਪਹਿਲਾਂ ਤਾਂ ਵਿਆਹ ਦਾ ਜੋੜਾ ਲੈਣ ਦਾ ਬਿਲਕੁਲ ਵੀ ਮਨ ਨਹੀਂ ਕੀਤਾ ਕਿਉਂਕਿ ਜਿਸ ਨਾਲ ਵਿਆਹ ਕਰਵਾਉਣਾ ਦਾ ਸੁਪਨਾ ਦੇਖਿਆ ਸੀ ਉਹ ਟੁੱਟ ਚੁੱਕਿਆ ਸੀ। ਪਰ ਮੇਰੇ ਘਰ ਵਾਲੇ ਇਸਦੇ ਲਈ ਕਾਫ਼ੀ ਕੁਝ ਖਰਚ ਕਰ ਚੁੱਕੇ ਸੀ ਫਿਰ ਮੈਂ ਜੋੜਾ ਲਿਆਉਣਾ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਮੈਨੂੰ ਫੋਟੋਸ਼ੂਟ ਅਤੇ ਵਿਆਹ ਦਾ ਖਿਆਲ ਆਇਆ।"

ਜੇਸਿਕਾ ਕਹਿੰਦੀ ਹੈ, "ਮੈਂ ਖ਼ੁਦ ਨੂੰ ਅੰਦਰੋ ਟੁੱਟਿਆ ਹੋਇਆ ਮਹਿਸੂਸ ਕਰ ਰਹੀ ਸੀ। ਮੇਰੇ ਨਾਲ ਮੇਰਾ ਲਾੜਾ ਨਹੀਂ ਸੀ। ਮੈਂ ਉੱਥੇ ਇਕੱਲੀ ਖੜ੍ਹੀ ਸੀ।"

ਜੇਸਿਕਾ ਨੇ ਕਿਹਾ, "ਜਦੋਂ ਮੇਰੀ ਨਜ਼ਰ ਆਪਣੇ ਪਿਤਾ 'ਤੇ ਪਈ, ਤਾਂ ਮੈਂ ਉੱਚੀ-ਉੱਚੀ ਰੋਣ ਲੱਗੀ। ਮੈਂ ਸੋਚ ਰਹੀ ਸੀ ਕਿ ਇਸ ਤਰ੍ਹਾਂ ਦੇ ਵਿਆਹ ਵਿੱਚ ਮੈਂ ਆਪਣੇ ਪਿਤਾ ਨਾਲ ਖੁਸ਼ੀ ਨਾਲ ਨੱਚ ਵੀ ਨਹੀਂ ਸਕਦੀ।"

ਪਰ ਇਸ ਵਿਆਹ ਵਿੱਚ ਹੱਸਣ ਦੀਆਂ ਵੀ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਜੇਸਿਕਾ ਕਹਿੰਦੀ ਹੈ, "ਵਿਆਹ ਵਿੱਚ ਕੁਝ ਅਜਿਹੇ ਪਲ ਵੀ ਆਏ, ਜਿਨ੍ਹਾਂ ਨੇ ਸਾਡੇ ਚਿਹਰੇ 'ਤੇ ਮੁਸਕੁਰਾਹਟ ਲਿਆ ਦਿੱਤੀ।"

ਵਿਆਹ ਵਿੱਚ ਕੇਂਡਲ ਦੇ ਕੁਝ ਸਾਥੀ ਵੀ ਸ਼ਾਮਲ ਹੋਏ। ਜਿਸ ਦਿਨ ਕੇਂਡਲ ਦੀ ਮੌਤ ਹੋਈ ਇਹ ਸਾਰੇ ਲੋਕ ਉਨ੍ਹਾਂ ਦੇ ਨਾਲ ਸਨ।

ਕੇਂਡਲ ਫਾਇਰ ਡਿਪਾਰਟਮੈਂਟ ਵਿੱਚ ਕੰਮ ਕਰਦੇ ਸਨ। ਉਸ ਦਿਨ ਉਹ ਕਿਸੇ ਨੂੰ ਬਚਾਉਣ ਲਈ ਗਏ ਸਨ, ਪਰ ਖ਼ੁਦ ਹੀ ਹਾਦਸੇ ਦੇ ਸ਼ਿਕਾਰ ਹੋ ਗਏ।

ਫੋਟੋਗ੍ਰਾਫਰ ਨੇ ਜਿਵੇਂ ਹੀ ਇਸ ਵਿਆਹ ਦੀਆਂ ਤਸਵੀਰਾਂ ਫੇਸਬੁੱਕ 'ਤੇ ਪਾਈਆਂ, ਇਹ ਵਾਇਰਲ ਹੋ ਗਈਆਂ।

ਜੇਸਿਕਾ ਕਹਿੰਦੀ ਹੈ, "ਮੈਨੂੰ ਕਈ ਲੋਕਾਂ ਦੇ ਮੈਸੇਜ ਆਏ। ਉਨ੍ਹਾਂ ਨੇ ਮੇਰੇ ਨਾਲ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਮੇਰੀ ਬਹਾਦੁਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਮੈਂ ਕਰ ਸਕਦੀ ਹਾਂ ਤਾਂ ਉਹ ਵੀ ਕਰ ਸਕਦੇ ਹਨ।"

"ਇਨ੍ਹਾਂ ਤਸਵੀਰਾਂ ਤੋਂ ਬਾਅਦ ਮੈਨੂੰ ਬਹੁਤ ਚੰਗਾ ਲੱਗਿਆ। ਇਸ ਨਾਲ ਮੇਰੇ ਵਿੱਚ ਹਿੰਮਤ ਆ ਗਈ। ਤਸਵੀਰਾਂ ਦੇਖ ਕੇ ਮੈਨੂੰ ਲਗਦਾ ਹੈ ਕਿ ਕੇਂਡਲ ਮੇਰੇ ਕੋਲ ਹੀ ਹੈ। ਮੈਂ ਉਨ੍ਹਾਂ ਨੂੰ ਹੱਸਦੇ ਹੋਏ ਦੇਖ ਸਕਦੀ ਹਾਂ। ਉਹ ਅੱਜ ਵੀ ਮੇਰੇ ਦਿਲ ਵਿੱਚ ਮੌਜੂਦ ਹਨ। ਮੈਂ ਉਨ੍ਹਾਂ ਨੂੰ ਮਹਿਸੂਸ ਕਰ ਸਕਦੀ ਹਾਂ।''

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)