ਅਕਾਲੀ ਦਲ ਨੂੰ ਸੰਕਟ 'ਚੋ ਕੱਢਣ ਲਈ ਢੀਂਡਸਾ ਨੇ ਸੁਖਬੀਰ ਨੂੰ ਕੀ-ਕੀ ਕਰਨ ਲਈ ਕਿਹਾ - 5 ਅਹਿਮ ਖ਼ਬਰਾਂ

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹ ਅਸੰਤੁਸ਼ਟ ਪਾਰਟੀ ਮੈਂਬਰਾਂ ਦੀ ਗੱਲ ਸੁਣਨ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੋਫੈਸਰ ਕਿਰਪਾਲ ਸਿੰਘ ਨੂੰ ਹਟਾਏ ਜਾਣ ਦੇ ਫੈਸਲਾ ਵੀ ਮੁੜ ਵਿਚਾਰਨ ਦੀ ਮੰਗ ਕੀਤੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਾਲਾਂਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ ਦੇ ਨਾਲ ਸਨ ਪਰ ਸੀਨੀਅਰ ਆਗੂ ਨੇ ਕਮੇਟੀ ਦੇ ਕੰਮ ਉੱਪਰ ਕਿੰਤੂ ਕਰਨੋਂ ਪ੍ਰਹੇਜ਼ ਨਹੀਂ ਕੀਤਾ।

ਉਨ੍ਹਾਂ ਕਮੇਟੀ ਮੈਂਬਰ ਕਿਰਨਜੋਤ ਕੌਰ ਨਾਲ ਹੋਏ ਗੈਰ-ਲੋਕਤੰਤਰੀ ਵਿਹਾਰ ਦੀ ਵੀ ਆਲੋਚਨਾ ਕੀਤੀ।

ਇਰਾਕ ਵਿੱਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਦਾ ਦੁੱਖ

ਸਾਲ 2014 ਵਿੱਚ ਇਰਾਕ ਦੇ ਮੋਸੂਲ ਵਿੱਚ ਮਾਰੇ ਗਏ 39 ਵਿੱਚੋਂ 27 ਭਾਰਤੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਦਿੱਤੀ 5,300 ਦੀ ਨੌਕਰੀ ਨਾਲ ਗੁਜ਼ਾਰਾ ਨਹੀਂ ਕਰ ਸਕਦੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਵਾਅਦਾ ਕੀਤਾ ਗਿਆ 20,000 ਰੁਪਏ ਮਹੀਨੇ ਦਾ ਗੁਜ਼ਾਰਾ ਭੱਤਾ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਸਿਰਫ ਛੇ ਮਰਹੂਮਾਂ ਦੇ ਪਰਿਵਾਰਕ ਜੀਆਂ ਨੂੰ ਹੀ ਨੌਕਰੀ ਮਿਲੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਪੀੜਤਾਂ ਨੇ ਦੱਸਿਆ ਕਿ ਹਾਲਾਂਕਿ ਕਈ ਲੋਕ ਵਧੀਆ ਪੜ੍ਹੇ ਲਿਖੇ ਹਨ ਪਰ ਸਾਰਿਆਂ ਨੂੰ ਚਪੜਾਸੀ ਦੀ ਨੌਕਰੀ ਹੀ ਦਿੱਤੀ ਗਈ ਹੈ।

ਖ਼ਬਰ ਮੁਤਾਬਕ ਕਰਤਾਰਪੁਰ ਦੇ ਖਾਨਕੇ ਫਤਹਿਗੜ੍ਹ ਅਮਨਦੀਪ ਦੀ ਵਿਧਾਵਾ ਨੇ ਦੱਸਿਆ ਕਿ ਉਹ ਪਰਿਵਾਰ ਵਿੱਚ ਇੱਕਲੀ ਕਮਾਉਣ ਵਾਲੀ ਮੈਂਬਰ ਹੈ ਅਤੇ ਦੋ ਬੱਚਿਆਂ ਦੀ ਸਕੂਲ ਫੀਸ ਹੀ 3000 ਹੈ ਬਾਕੀ ਪੈਸੇ ਨਾਲ ਤਾਂ ਰਾਸ਼ਨ ਵੀ ਨਹੀਂ ਆਉਂਦਾ।

ਇਹ ਵੀ ਪੜ੍ਹੋ:

ਚੰਡੀਗੜ੍ਹ ਹੀ ਤਫ਼ਤੀਸ਼ ਹੋਵੇ

ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਅੰਮ੍ਰਿਤਸਰ ਦੀ ਥਾਂ 'ਤੇ ਚੰਡੀਗੜ੍ਹ ਵਿੱਚ ਹੀ ਤਫ਼ਤੀਸ਼ ਕਰਨ ਦੀ ਮੰਗ ਕੀਤੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ 'ਸਿਟ' ਦੇ ਮੈਂਬਰ ਤੇ ਸੀਨੀਅਰ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੁਖਬੀਰ ਵੱਲੋਂ ਲਿਖੀ ਚਿੱਠੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਫੈਸਲਾ ਬਾਕੀ ਟੀਮ ਮੈਂਬਰਾਂ ਦੀ ਸਹਿਮਤੀ ਮਗਰੋਂ ਲਏ ਜਾਣ ਦੀ ਗੱਲ ਆਖੀ।

ਸੁਖਬੀਰ ਸਿੰਘ ਬਾਦਲ ਨੇ 19 ਨਵੰਬਰ ਨੂੰ ਅੰਮ੍ਰਿਤਸਰ 'ਚ ਸਿਟ ਸਾਹਮਣੇ ਪੇਸ਼ ਹੋਣਾ ਸੀ। ਹਾਲਾਂਕਿ ਉਨ੍ਹਾਂ ਦੀ ਪਿਤਾ ਤੋਂ ਸੀਨੀਅਰ ਸਿਟੀਜ਼ਨ ਹੋਣ ਕਰਕੇ 'ਸਿੱਟ' ਦੇ ਮੈਂਬਰਾਂ ਨੂੰ ਕਾਨੂੰਨੀ ਪਾਬੰਦੀ ਕਾਰਨ ਬਿਆਨ ਲੈਣ ਉਨ੍ਹਾਂ ਦੇ ਕੋਲ ਹੀ ਜਾਣਾ ਪਿਆ ਸੀ ਪਰ ਸੁਖਬੀਰ ਬਾਰੇ ਅਜਿਹੀ ਅਜਿਹੀ ਕੋਈ ਵਿਵਸਥਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ 'ਸਿੱਟ' ਵੱਲੋਂ ਦੱਸੀ ਥਾਂ 'ਤੇ ਹੀ ਜਾਣਾ ਪੈ ਸਕਦਾ ਹੈ।

ਕੌਂਗੋ ਵਿੱਚ ਇਬੋਲਾ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਧੱਕਾ

ਲੋਕਤੰਤਰੀ ਗਣਰਾਜ ਕੌਂਗੋ ਵਿੱਚ ਹਿੰਸਾ ਦੇ ਚਲਦਿਆਂ ਫੈਲ ਰਹੇ ਇਬੋਲਾ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਪ੍ਰਭਾਵਿਤ ਹੋ ਰਹੀਆਂ ਹਨ।

ਬਾਗੀਆਂ ਦੇ ਤੇਜ਼ ਹੁੰਦੇ ਹਮਲਿਆਂ ਕਾਰਨ ਦੇਸ ਦੇ ਸਿਹਤ ਅਧਿਕਾਰੀਆਂ ਨੇ ਬੇਨੀ ਟਾਊਨ ਵਿੱਚ ਐਮਰਜੈਂਸੀ ਕੈਂਪ ਦੇ ਨਜ਼ਦੀਕ ਗੋਲਾ ਡਿੱਗਣ ਮਗਰੋਂ ਇਬੋਲਾ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਰੋਕ ਦਿੱਤਾ ਹੈ। ਇਹ ਮਿਸ਼ਨ ਮੁੜ ਕਦੋਂ ਸ਼ੁਰੂ ਹੋ ਸਕੇਗਾ ਇਸ ਬਾਰੇ ਹਾਲੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ।

ਜਿਸ ਇਮਾਰਤ ਉੱਪਰ ਗੋਲਾ ਡਿੱਗਿਆ ਉਸ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਟੀਮ ਠਹਿਰੀ ਹੋਈ ਸੀ। ਜਿਸ ਨੂੰ ਬਾਅਦ ਵਿੱਚ ਉਹ ਥਾਂ ਛੱਡ ਕੇ ਜਾਣਾ ਪਿਆ। ਬੀਬੀਸੀ ਵੈੱਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੀਬੀਆਈ ਦਾ ਗਹਿਰਾ ਹੁੰਦੀ ਖਾਨਾਜੰਗੀ

ਸੀਬੀਆਈ ਦੀ ਗਹਿਰੀ ਹੁੰਦੀ ਖਾਨਜੰਗੀ ਵਿੱਚ ਇੱਕ ਹੋਰ ਅਫ਼ਸਰ ਨੇ ਸੁਪਰੀਮ ਕੋਰਟ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਰਕੇਸ਼ ਅਸਥਾਨਾ ਖਿਲਾਫ ਜਾਂਚ ਦੀ ਸਜ਼ਾ ਦਿੱਤੀ ਗਈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਅਸ਼ਵਨੀ ਕੁਮਾਰ ਗੁਪਤਾ ਨੂੰ ਇੰਟੈਲੀਜੈਂਸ ਬਿਊਰੋ ਤੋਂ ਸੀਬੀਆਈ ਵਿੱਚ ਡੈਪੂਟੇਸ਼ਨ 'ਤੇ ਭੇਜੇ ਗਏ ਸਨ।

ਉਨ੍ਹਾਂ ਕਿਹਾ ਕਿ ਜਦੋਂ ਉਹ ਸਟਰਲਿੰਗ ਕੇਸ ਵਿੱਚ ਰਕੇਸ਼ ਅਸਥਾਨਾ ਦੀ ਭੂਮਿਕਾ ਦੀ ਜਾਂਚ ਕਰਨ ਲਈ ਅਕਤੂਬਰ 2018 ਵਿੱਚ ਵਡੋਦਰਾ ਗਏ ਸਨ ਤਾਂ ਉਨ੍ਹਾਂ ਨੂੰ ਅਸਥਾਨਾ ਦੇ ਸ਼ੱਕੀ ਮੁਜਰਮਾਂ ਸ਼੍ਰੀ ਨਿਤਿਨ ਅਤੇ ਚੇਤਨ ਸੰਦੇਸਰਾ ਦੇ ਪਰਿਵਾਰਾਂ ਨਾਲ ਸੰਬੰਧਾਂ ਸੰਬੰਧਾਂ ਬਾਰੇ ਸਬੂਤ ਮਿਲੇ ਸਨ।

ਜਿਸ ਦਾ ਬਦਲਾ ਲੈਣ ਲਈ ਅਸਥਾਨਾ ਨੇ ਉਨ੍ਹਾਂ ਨੂੰ ਨਾ ਸਿਰਫ ਆਈਬੀ ਵਾਪਸ ਭੇਜ ਦਿੱਤਾ ਸਗੋ ਕੈਬਨਿਟ ਸੈਕਟਰੀ ਨੂੰ ਕੀਤੀ ਸ਼ਿਕਾਇਤ ਵਿੱਚ ਵੀ ਉਨ੍ਹਾਂ ਦਾ ਨਾਮ ਲਿਆ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)