You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਧਮਾਕਾ : ਨਿਰੰਕਾਰੀ ਭਵਨ ਤੇ ਹਮਲੇ ਨੂੰ ਇੰਝ ਦਿੱਤਾ ਗਿਆ ਅੰਜ਼ਾਮ - ਕੈਪਟਨ ਅਮਰਿੰਦਰ ਦਾ ਦਾਅਵਾ
ਪੰਜਾਬ ਪੁਲਿਸ ਨੇ ਅਜਨਾਲਾ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ 'ਤੇ ਹਮਲਾ ਕਰਨ ਵਾਲੇ ਦੋ ਸ਼ੱਕੀਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਧਾਰੀਵਾਲ ਦੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਗ੍ਰੇਨੇਡ ਸੁੱਟਣ ਵਾਲਾ ਅਵਤਾਰ ਸਿੰਘ ਅਜੇ ਫਰਾਰ ਹੈ।
ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਅਤੇ 20 ਜ਼ਖ਼ਮੀ ਹੋਏ ਸੀ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਮੁੱਖ ਮੰਤਰੀ ਦੇ ਹਵਾਲੇ ਨਾਲ ਦੱਸਿਆ ਦੱਸਿਆ ਕਿ 18 ਨਵੰਬਰ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਹਮਲਾਵਰ ਨਿਰੰਕਾਰੀ ਭਵਨ ਪਹੁੰਚੇ।
ਉਨ੍ਹਾਂ 'ਚੋਂ ਇੱਕ ਨੇ ਬਾਹਰ ਖੜੇ ਲੋਕਾਂ ਨੂੰ ਬੰਦੂਕ ਦਿਖਾ ਕੇ ਸਵਾਲ ਕੀਤੇ ਅਤੇ ਦੂਜੇ ਨੇ ਅੰਦਰ ਜਾ ਕੇ ਗ੍ਰ੍ਰੇਨੇਡ ਸੁੱਟਿਆ।
ਇਹ ਵੀ ਪੜ੍ਹੋ:-
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਇਸ ਹਮਲੇ ਦੀ ਮਾਸਟਰਮਾਈਂਡ ਪਾਕਿਸਤਾਨ ਦੀ ਆਇਐਸਆਈ ਹੈ। ਇਨ੍ਹਾਂ ਦੋ ਮੁੰਡਿਆਂ ਨੇ ਤਾਂ ਇਸ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਅਤੇ 72 ਘੰਟਿਆਂ ਦੇ ਅੰਦਰ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਛੇਤੀ ਹੀ ਦੂਸਰਾ ਸ਼ੱਕੀ, ਜਿਸ ਨੇ ਗ੍ਰਨੇਡ ਸੁੱਟਿਆ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
'ਗ੍ਰੇਨੇਡ ਪਾਕਿਸਤਾਨ ਤੋਂ ਮਿਲਿਆ'
ਕੈਪਟਨ ਅਮਰਿੰਦਰ ਨੇ ਕਿਹਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਇਸਤੇਮਾਲ ਤਾਂ ਆਈਐਸਆਈ ਕਰੇਗੀ ਹੀ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਲਈ।
ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਜਿਸ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਪੁਲਿਸ ਦੇ ਕਬਜ਼ੇ ਵਿੱਚ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਦਹਿਸ਼ਤਗਰਦੀ ਦਾ ਮਾਮਲਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਗ੍ਰੇਨੇਡ ਇਸਤੇਮਾਲ ਹੋਇਆ ਉਹ ਪਾਕਿਸਤਾਨ ਤੋਂ ਸੀ।
ਉਨ੍ਹਾਂ ਕਿਹਾ, "ਇਹ ਗ੍ਰੇਨੇਡ ਪਾਕਿਸਤਾਨ ਤੋਂ ਲਿਆ ਕੇ ਇੱਥੇ ਵੰਡੇ ਗਏ ਹਨ। ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਰੁੱਖ ਦੇ ਥੱਲੋਂ ਤੋਂ ਚੁੱਕ ਲਓ। ਇਸ ਮਾਮਲੇ ਵਿੱਚ ਵੀ ਜੋ ਗ੍ਰੇਨੇਡ ਮਿਲਿਆ ਉਹ ਰੁੱਖ ਕੋਲੋਂ ਮਿਲਿਆ।"