ਅੰਮ੍ਰਿਤਸਰ ਧਮਾਕਾ - ਜਿਨ੍ਹਾਂ ਸਾਹਮਣੇ ਧਮਾਕਾ ਹੋਇਆ, ਉਹ ਲੋਕ ਇਹ ਦੱਸਦੇ ਹਨ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

"ਜਦੋਂ ਮੈਂ ਗ੍ਰੇਨੇਡ ਦੇਖਿਆ ਤਾਂ ਇਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਦਮ ਹੀ ਫੱਟ ਗਿਆ।"

ਇਹ ਗੱਲ ਅਜਨਾਲਾ ਦੇ ਨਿਰੰਕਾਰੀ ਸਤਸੰਗ ਭਵਨ ਵਿੱਚ ਐਤਵਾਰ ਨੂੰ ਹੋਏ ਗ੍ਰੇਨੇਡ ਹਮਲੇ ਵਿੱਚ ਜ਼ਖਮੀ ਪਰਨਬ ਲਾਲ ਬਿਹਾਰੀ ਨੇ ਘਟਨਾ ਬਾਰੇ ਦੱਸਦਿਆਂ ਕਹੀ।

ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ 19 ਲੋਕ ਜ਼ਖ਼ਮੀ ਹਨ।

ਜ਼ਖਮੀਆਂ ਦਾ ਅਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਵਿੱਚ ਇਲਾਜ਼ ਜਾਰੀ ਹੈ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਿਨ੍ਹਾਂ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਉਨ੍ਹਾਂ ਦੀ ਪਛਾਣ ਸੰਦੀਪ ਸਿੰਘ, ਸੁਖਦੇਵ ਸਿੰਘ ਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਸੁਖਦੇਵ ਸਿੰਘ ਪਿੰਡ ਮੀਰਾਕੋਟ ਦਾ, ਕੁਲਦੀਪ ਸਿੰਘ ਪਿੰਡ ਬੱਗਾ ਦਾ ਅਤੇ ਸੰਦੀਪ ਸਿੰਘ ਰਾਜਾ ਸਾਂਸੀ ਦਾ ਰਹਿਣ ਵਾਲਾ ਸੀ।

ਡੀਜੀਪੀ ਸੁਰੇਸ਼ ਅਰੋੜਾ ਵੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਕਿਹਾ ਕਿ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਇਸ ਮਾਮਲੇ ਦੀ ਜਾਂਚ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਕਰ ਰਹੀ ਹੈ।

ਇਹ ਵੀ ਪੜ੍ਹੋ:

'ਅਸੀਂ ਇੱਕ ਕਾਲਾ ਪੱਥਰ ਆਉਂਦਾ ਹੋਇਆ ਦੇਖਿਆ'

ਕੁਲਦੀਪ ਸਿੰਘ ਕਹਿੰਦੇ ਹਨ, ''ਸਤਿਸੰਗ ਹੋ ਰਿਹਾ ਸੀ, ਮੈਂ ਸਟੇਜ ਦਾ ਪ੍ਰਬੰਧ ਦੇਖ ਰਿਹਾ ਸੀ। ਇੰਝ ਲੱਗਿਆ ਜਿਵੇਂ ਕਿਸੇ ਨੇ ਵੱਟਾ ਸੁੱਟਿਆ ਹੋ। ਮੈਂ ਜਦੋਂ ਦੇਖਿਆ ਤਾਂ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਦਮ ਹੀ ਫੱਟ ਗਿਆ। ਇਹ ਪਤਾ ਨਹੀਂ ਲੱਗਿਆ ਕਿ ਕਿਸ ਨੇ ਸੁੱਟਿਆ ਹੈ। ਸਟੇਜ 'ਤੇ ਬੈਠ ਕੇ ਸਤਸੰਗ ਕਰਨ ਵਾਲਿਆਂ ਨੂੰ ਵੀ ਕਾਫ਼ੀ ਸੱਟਾਂ ਲਗੀਆਂ ਹਨ।''

ਪਰਨਬ ਲਾਲ ਵਿਹਾਰੀ ਦੱਸਦੇ ਹਨ,''ਅਸੀਂ ਸਤਸੰਗ ਵਿੱਚ ਬੈਠੇ ਹੋਏ ਸੀ ਕਰੀਬ ਸਾਢੇ 11 ਵਜੇ ਦਾ ਸਮਾਂ ਸੀ। ਅਸੀਂ ਇੱਕ ਕਾਲਾ ਪੱਥਰ ਆਉਂਦਾ ਹੋਇਆ ਦੇਖਿਆ। ਐਨੇ ਵਿੱਚ ਹੀ ਧੂੰਆ ਹੋ ਗਿਆ ਤੇ ਭਾਜੜ ਮਚ ਗਈ।''

ਇਹ ਵੀ ਪੜ੍ਹੋ:

ਕੀ ਦੱਸਦੇ ਹਨ ਚਸ਼ਮਦੀਦ

ਗਗਨਦੀਪ ਸਿੰਘ ਦੱਸਦੇ ਹਨ, "ਮੈਂ ਸਤਿਸੰਗ ਭਵਨ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਦੋ ਲੋਕ ਮੋਟਰਸਾਈਕਲ 'ਤੇ ਆਏ। ਉਨ੍ਹਾਂ ਵਿੱਚੋਂ ਇੱਕ ਸੰਗਤ ਦੇ ਨਾਲ ਹੀ ਅੰਦਰ ਚਲਾ ਗਿਆ ਤੇ ਦੂਜੇ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ।"

''ਮੈਂ ਕਿਹਾ ਕਿ ਸਤਿਸੰਗ ਹਾਲ ਹੈ ਤੇ ਅੰਦਰ ਸਤਿਸੰਗ ਹੋ ਰਿਹਾ ਹੈ। ਐਨੀ ਦੇਰ ਨੂੰ ਦੂਜੇ ਨੇ ਅੰਦਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੋਵਾਂ ਦੇ ਮੂੰਹ ਢਕੇ ਹੋਏ ਸੀ, ਪਰਨੇ ਬੰਨੇ ਹੋਏ ਸੀ। 15 ਮਿੰਟ ਤੱਕ ਉਹ ਅੰਦਰ ਰਹੇ। ਗ੍ਰਨੇਡ ਦੀ ਆਵਾਜ਼ ਆਉਂਦਿਆਂ ਦੀ ਭਾਜੜ ਮਚ ਗਈ।''

ਗੁਰਬਾਜ ਸਿੰਘ ਦਾ ਕਹਿਣਾ ਹੈ, ''ਅਸੀਂ ਸੰਗਤ ਵਿਚਾਲੇ ਬੈਠੇ ਸੀ। ਹਥਿਆਰੰਬਦਾਂ ਨੇ ਆ ਕੇ ਕਿਹਾ ਕਿ ਰੌਲਾ ਨਾ ਪਾਓ ਤੇ ਚੁੱਪ ਕਰਕੇ ਬੈਠੇ ਰਹੋ। ਅਚਾਨਕ ਸਾਡੇ ਨੇੜਿਓਂ ਕੁਝ ਲੰਘਿਆ। ਮੈਂ ਪਿਛੇ ਮੁੜ ਕੇ ਦੇਖਿਆ ਤਾਂ ਧਮਾਕਾ ਹੋ ਗਿਆ। ਮੈਂ ਕਾਫ਼ੀ ਉੱਪਰ ਜਾ ਕੇ ਡਿੱਗਿਆ। ਮੇਰੀ ਪਤਨੀ ਦੇ ਵੀ ਕਾਫ਼ੀ ਸੱਟ ਲੱਗੀ ਹੈ। ਜ਼ਖਮੀਆਂ ਦੇ ਖ਼ੂਨ ਨਾਲ ਮੇਰਾ ਬੱਚਾ ਭਰ ਗਿਆ।''

ਪੁਲਿਸ ਵੱਲੋਂ ਅੰਮ੍ਰਿਤਸਰ ਏਅਰਪੋਰਟ ਰੋਡ ਤੋਂ ਲੈ ਕੇ ਅਦਲੀਵਾਲ ਪਿੰਡ ਤੱਕ ਅਤੇ ਅਦਲੀਵਾਲ ਤੋਂ ਲੈ ਕੇ ਮਜੀਠੇ ਰੋਡ ਤੱਕ ਦੇ ਸਾਰੀ ਸੀਸੀਟੀਵੀ ਫੁਟੇਜ ਪੁਲਿਸ ਵੱਲੋਂ ਆਪਣੇ ਕਬਜ਼ੇ 'ਚ ਲੈ ਕੇ ਖੰਗਾਲੀ ਜਾ ਰਹੀ ਹੈ।

ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ, ''ਇਹ ਨਹੀਂ ਦੱਸਿਆ ਜਾ ਸਕਦਾ ਕਿ ਇਸ ਪਿੱਛੇ ਕਿਸ ਸੰਗਠਨ ਦਾ ਹੱਥ ਹੈ। ਖੂਫੀਆ ਵਿਭਾਗ ਤੋਂ ਜਿਹੜੀ ਇਨਪੁੱਟ ਸਾਨੂੰ ਮਿਲੀ ਸੀ ਉਸ ਵਿੱਚ ਕਿਸੇ ਇੱਕ ਥਾਂ ਦੀ ਸਪੱਸ਼ਟ ਜਾਣਕਾਰੀ ਨਹੀਂ ਸੀ। ਜਿੱਥੇ ਸਾਨੂੰ ਲੱਗੇਗਾ ਵਧੇਰੇ ਸੁਰੱਖਿਆ ਦੀ ਲੋੜ ਹੈ ਉੱਥੇ ਅਸੀਂ ਮੁਹੱਈਆ ਕਰਾਵਾਂਗੇ।''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)