You’re viewing a text-only version of this website that uses less data. View the main version of the website including all images and videos.
ਮਹਾਂਭਾਰਤ ਦੀ ਗੰਧਾਰੀ ਨੇ ਕਿਵੇਂ ਜੰਮੇ ਸਨ 100 ਕੌਰਵ - ਨੈਸ਼ਨਲ ਕਾਨਫਰੰਸਾਂ 'ਚ ਭਾਰਤੀ ਵਿਗਿਆਨੀਆਂ ਦੇ ਦਾਅਵੇ
ਹਰ ਕੋਈ ਹੈਰਾਨ ਹੁੰਦਾ ਹੈ, ਯਕੀਨ ਕੋਈ ਨਹੀਂ ਕਰਦਾ ਕਿ ਗੰਧਾਰੀ ਨੇ 100 ਬੱਚਿਆਂ ਨੂੰ ਜਨਮ ਕਿਵੇਂ ਦਿੱਤਾ। ਇਹ ਕਿਵੇਂ ਸੰਭਵ ਹੈ? ਕੀ ਕੋਈ ਔਰਤ ਆਪਣੀ ਜ਼ਿੰਦਗੀ ਵਿੱਚ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ?
"ਪਰ ਹੁਣ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਟੈਸਟ ਟਿਊਬ-ਬੱਚੇ ਹਨ। ਮਹਾਂਭਾਰਤ ਫੇਰ ਕਹਿੰਦੀ ਹੈ ਕਿ 100 ਆਂਡਿਆਂ ਦੀ ਫਰਟੀਲਾਈਜ਼ੇਸਨ ਕਰਕੇ ਘੜਿਆਂ ਵਿੱਚ ਰੱਖਿਆ ਗਿਆ। ਕੀ ਇਹ ਟੈਸਟ ਟਿਊਬ-ਬੱਚੇ ਨਹੀਂ ਹਨ? ਸਟੈਮ ਸੈੱਲ ਰਿਸਰਚ ਇਸ ਦੇਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸੀ। ਅੱਜ ਅਸੀਂ ਸਟੈਮ ਸੈਲ ਰਿਸਰਚ ਦੀ ਗੱਲ ਕਰਦੇ ਹਾਂ।"
"ਸਾਡੇ ਕੋਲ ਸਟੈਮ ਸੈੱਲ ਰਿਸਰਚ ਅਤੇ ਟੈਸਟ ਟਿਊਬ-ਬੇਬੀ ਤਕਨੀਕ ਸਦਕਾ ਇੱਕ ਮਾਂ ਤੋਂ ਸੈਂਕੜੇ ਕੌਰਵ ਸਨ। ਇਹ 'ਕੁਝ' ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਤਾਂ ਦੇਸ ਵਿੱਚ ਵਿਗਿਆਨ ਦਾ ਪੱਧਰ ਸੀ।"
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋ ਰਹੀ 106ਵੀਂ ਨੈਸ਼ਨਲ ਸਾਈਂਸ ਕਾਂਗਰਸ ਵਿੱਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਸ਼ੁੱਕਰਵਾਰ ਨੂੰ ਇਹ ਦਿਲਚਸਪ ਦਾਅਵਾ ਕੀਤਾ।
'ਭਵਿੱਖ ਦਾ ਭਾਰਤ-ਵਿਗਿਆਨ ਅਤੇ ਤਕਨੀਕ' ਵਿਸ਼ੇ 'ਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕੌਰਵ ਸਟੈਮ ਸੈੱਲ ਰਿਸਰਚ ਅਤੇ ਟੈਸਟ-ਟਿਊਬ ਸਦਕਾ ਪੈਦਾ ਹੋਏ ਸਨ ਅਤੇ ਭਾਰਤ ਕੋਲ ਸਦੀਆਂ ਪਹਿਲਾਂ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਮੌਜੂਦ ਸੀ।
ਉਨ੍ਹਾਂ ਅੱਗੇ ਕਿਹਾ ਕਿ ਵਿਸ਼ਨੂੰ ਦੇ 10 ਅਵਤਾਰ ਡਾਰਵਿਨ ਵੱਲੋਂ ਮਨੁੱਖੀ ਵਿਕਾਸ ਦਾ ਸਿਧਾਂਤ ਦਿੱਤੇ ਜਾਣ ਤੋਂ ਕਈ ਸਦੀਆਂ ਪਹਿਲਾਂ ਹੋਏ ਸਨ।
ਆਪਣੀ ਪ੍ਰੇਜ਼ੈਂਟੇਸ਼ਨ ਵਿੱਚ ਉਨ੍ਹਾਂ ਕਿਹਾ, "ਭਗਵਾਨ ਰਾਮ ਨੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕੀਤੀ ਜਦਕਿ ਭਗਵਾਨ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਆਪਣੇ ਨਿਸ਼ਾਨੇ ਦਾ ਪਿੱਛਾ ਕਰ ਸਕਦਾ ਸੀ ਅਤੇ ਮਾਰਨ ਤੋਂ ਬਾਅਦ ਕ੍ਰਿਸ਼ਨ ਕੋਲ ਵਾਪਸ ਆ ਜਾਂਦਾ ਸੀ।"
ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਕੋਲ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸੀ।
ਡਾਰਵਿਨ ਦਾ ਸਿਧਾਂਤ ਤੇ ਵਿਸ਼ਨੂੰ ਦੇ ਦਸ ਅਵਤਾਰ
ਇੱਥੇ ਹੀ ਬਸ ਨਹੀਂ ਉਨ੍ਹਾਂ ਕਿਹਾ, "ਲੰਕਾ ਦੇ ਰਾਵਣ ਕੋਲ ਸਿਰਫ਼ ਇੱਕ (ਪੁਸ਼ਪਕ) ਵਿਮਾਨ ਨਹੀਂ ਸੀ ਸਗੋਂ ਉਸ ਕੋਲ ਵੱਖੋ-ਵੱਖ ਪ੍ਰਕਾਰ ਦੇ 24 ਜਹਾਜ਼ ਸਨ। ਉਸ ਕੋਲ ਕਈ ਹਵਾਈ ਅੱਡੇ ਸਨ ਅਤੇ ਜਹਾਜ਼ਾਂ ਦੀ ਜ਼ਰੂਰਤ ਮੁਤਾਬਕ ਵਰਤੋਂ ਕੀਤੀ ਜਾਂਦੀ ਸੀ।"
ਇਹ ਵੀ ਪੜ੍ਹੋ:
ਉਨ੍ਹਾਂ ਅੱਗੇ ਕਿਹਾ, "ਡਾਰਵਿਨ ਦਾ ਕਹਿਣਾ ਹੈ ਕਿ ਜੀਵਨ ਪਾਣੀ ਵਿੱਚ ਪੈਦਾ ਹੋਇਆ ਅਤੇ ਵਿਸ਼ਨੂੰ ਦਾ ਪਹਿਲਾ ਮਤਸ ਅਵਤਾਰ ਵੀ ਪਾਣੀ ਵਿੱਚੋਂ ਹੀ ਪੈਦਾ ਹੋਇਆ ਸੀ। ਆਪਣੇ ਦੂਸਰੇ ਅਵਤਾਰ ਵਿੱਚ ਉਨ੍ਹਾਂ ਨੇ ਕੱਛੂ ਦਾ ਰੂਪ ਧਾਰਨ ਕੀਤਾ, ਜੋ ਕਿ ਇੱਕ ਜਲ ਅਤੇ ਥਲ ਦੋਵਾਂ ਵਿੱਚ ਰਹਿ ਸਕਣ ਵਾਲਾ ਜੀਵ ਹੈ। ਤੀਜੇ ਵਿੱਚ ਉਨ੍ਹਾਂ ਨੇ ਸੂਰ ਦੇ ਮੂੰਹ ਅਤੇ ਮਨੁੱਖ ਦੇ ਧੜ ਵਾਲੇ (ਵਰ੍ਹਾ) ਬਣੇ ਅਤੇ ਚੌਥਾ ਅਵਤਾਰ ਨਰਸਿੰਮ੍ਹਾ ਦਾ ਸੀ, ਜਿਸ ਦਾ ਸਿਰ ਸ਼ੇਰ ਦਾ ਅਤੇ ਧੜ ਇਨਸਾਨ ਦਾ ਸੀ। ਆਪਣੇ ਪੰਜਵੇਂ ਅਵਤਾਰ ਵਿੱਚ ਉਨ੍ਹਾਂ ਨੇ ਇਨਸਾਨੀ ਵਾਮਨ ਅਵਤਾਰ ਧਾਰਨ ਕੀਤਾ।"
ਰਾਓ ਦੇ ਦਾਅਵੇ ਦਾ ਸੱਚ
ਰਾਓ ਨੇ ਦਾਅਵਾ ਕੀਤਾ ਹੈ ਕਿ ਗੰਧਾਰੀ ਜਾਂ ਕੋਈ ਵੀ ਔਰਤ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ।
ਅੰਕਿਤ ਸੂਲੇ ਹੋਮੀ ਭਾਭਾ ਸੈਂਟਰ ਫਾਰ ਸਾਈਂਸ ਐਜੂਕੇਸ਼ਨ ਵਿੱਚ ਰੀਡਰ ਦੇ ਅਹੁਦੇ ਤੇ ਹਨ ਉਨ੍ਹਾਂ ਕਿਹਾ, "ਸਟੈਮ ਸੈੱਲ ਰਿਸਰਚ, ਟੈਸਟ ਟਿਊਬ-ਬੱਚੇ, ਗਾਈਡਡ ਮਿਜ਼ਾਈਲਾਂ, ਹਵਾਈ ਜਹਾਜ਼ ਬਹੁਤ ਅਡਵਾਂਸ ਤਕਨੀਕਾਂ ਸਨ ਅਤੇ ਜਿਸ ਸਭਿਅਤਾ ਕੋਲ ਇਹ ਸਭ ਸਨ ਉਸ ਕੋਲ ਇਸ ਤੋਂ ਸਧਾਰਨ ਤਕਨੀਕਾਂ ਜੋ ਕਿ ਕਿਸੇ ਵਿਕਸਿਤ ਸਭਿਅਤਾ ਲਈ ਜਰੂਰੀ ਹਨ, ਜਰੂਰ ਹੋਣਗੀਆਂ।"
ਸੂਲੇ ਨੇ ਅੱਗੇ ਕਿਹਾ, ''ਤੁਹਾਨੂੰ ਬਿਜਲੀ, ਧਾਤ ਵਿਗਿਆਨ ਮਕੈਨਿਕਸ, ਪ੍ਰੋਪਲਸ਼ਨ ਆਦਿ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਵਿੱਚੋਂ ਕਿਸੇ ਦੇ ਸਬੂਤ ਨਹੀਂ ਮਿਲਦੇ। ਪਿਛਲੇ ਕੁਝ ਸਾਲਾਂ ਵਿੱਚ ਵੈਦਿਕ ਟਾਪਿਕਾਂ ਦੇ ਊਲ-ਜਲੂਲ ਅਰਥ ਕੱਢਣ ਲਈ ਨਵੀਂ ਵਿਆਖਿਆ ਕਰਨ ਦੀ ਰੁਚੀ ਕੁਝ ਲੋਕਾਂ ਵਿੱਚ ਵਧ ਰਹੀ ਹੈ।''
ਨੈਸ਼ਨਲ ਸਾਈਂਸ ਕਾਨਫਰੰਸ ਵਿੱਚ ਪੰਜ ਵਿਵਾਦਿਤ ਦਾਅਵੇ
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਾਈਂਸ ਕਾਨਫਰੰਸ ਵਿੱਚ ਕਿਸੇ ਨੇ ਵੈਦਿਕ ਸਾਹਿਤ ਵਿੱਚੋਂ ਭਾਰਤ ਦੀ ਵਿਗਿਆਨਕ ਤਰੱਕੀ ਦੀਆਂ ਸਾਖੀਆਂ ਸੁਣਾਈਆਂ ਹੋਣ ਅਤੇ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।
ਸਾਈਂਸ ਕਾਨਫਰੰਸ ਵਿਗਿਆਨ ਬਾਰੇ ਭਾਰਤ ਵਿੱਚ ਹੁੰਦੇ ਵਿਗਿਆਨੀਆਂ ਦੇ ਵੱਕਾਰੀ ਅਤੇ ਵੱਡੇ ਇਕੱਠਾਂ ਵਿੱਚੋਂ ਇੱਕ ਹੁੰਦੀ ਹੈ।
102ਵੀਂ ਸਾਈਂਸ ਕਾਨਫਰੰਸ ਮੁੰਬਈ ਵਿੱਚ ਹੋਈ ਸੀ। ਜਿਸ ਦਾ ਥੀਮ "ਵੈਦਿਕ ਮੈਥੇਡੋਲੋਜੀ ਅਬਾਊਟ ਏਵੀਏਸ਼ਨ" ਅਤੇ "ਐਨਸ਼ੀਐਂਟ ਸਾਈਂਸ ਥਰੂ ਸੰਸਕ੍ਰਿਤ" ਸਨ।
ਇੰਡੀਆ ਟੂਡੇ ਮੁਤਾਬਕ ਇਸ ਕਾਨਫਰੰਸ ਵਿੱਚ ਵੀ ਪ੍ਰਾਚੀਨ ਭਾਰਤ ਦੇ ਵਿਗਿਆਨਕ ਵਿਕਾਸ ਬਾਰੇ ਕੁਝ ਦਾਅਵੇ ਕੀਤੇ ਗਏ ਸਨ।
1. ਪਾਈਥਾਗੋਰਸ ਦਾ ਸਿਧਾਂਤ ਗਰੀਸ ਨਹੀਂ, ਭਾਰਤ ਵਿੱਚ ਦਿੱਤਾ ਗਿਆ
ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਤਤਕਾਲੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਅਲਜੇਬਰਾ ਅਤੇ ਪਾਈਥਾਗੋਰਸ ਦੇ ਸਿਧਾਂਤ ਦਿੱਤੇ। ਜਿਸ ਦੀ ਵਰਤੋਂ ਕਿਸੇ 90 ਡਿਗਰੀ ਦੇ ਤਿਕੋਣ ਦੇ ਕਰਣ ਦੀ ਲੰਬਾਈ ਮਾਪਣ ਲਈ ਕੀਤੀ ਜਾਂਦੀ ਹੈ।
ਪਾਈਥਾਗੋਰਸ 6ਵੀਂ ਸਦੀ ਬੀਸੀ ਵਿੱਚ ਹੋਏ ਇੱਕ ਯੂਨਾਨੀ ਗਣਿਤ ਸ਼ਾਸ਼ਤਰੀ ਅਤੇ ਫਿਲਾਸਫਰ ਸਨ। ਮਹਾਨ ਫਿਲਾਸਫਰ ਪਲੈਟੋ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ।
ਹਰਸ਼ ਵਰਧਨ ਦੇ ਬਚਾਅ ਵਿੱਚ ਇੱਕ ਹੋਰ ਬੁਲਾਰੇ ਨੇ ਕਿਹਾ, "800 ਬੀਸੀ ਵਿੱਚ ਲਿਖੇ ਸੁਲਭ ਸੂਤਰ ਵਿੱਚ ਬਾਉਧਿਆਨ ਨੇ ਇੱਕ ਜੀਓਮੈਟਰੀ ਦਾ ਫਾਰਮੂਲਾ ਲਿਖਿਆ, ਜਿਸ ਨੂੰ ਪਾਈਥਾਗੋਰਸ ਦਾ ਸਿਧਾਂਤ ਕਿਹਾ ਜਾਂਦਾ ਹੈ। ਬਾਉਧਿਆਨ ਇਹ ਪਾਈਥਾਗੋਰਸ ਤੋਂ 300 ਸਾਲ ਪਹਿਲਾਂ ਲਿਖ ਦਿੱਤਾ ਸੀ।"
2. ਵੈਦਿਕ ਕਾਲ ਵਿੱਚ ਅੰਤਰ- ਗ੍ਰਹਿ ਜਹਾਜ਼ ਚਲਦੇ ਸਨ
ਉਸੇ ਕਾਨਫਰੰਸ ਵਿੱਚ ਇੱਕ ਪ੍ਰੇਜ਼ੈਟੇਸ਼ਨ ਵਿੱਚ ਕੈਪਟਨ ਆਨੰਦ ਜੇ ਬੋਸ ਨੇ ਕਿਹਾ, ਵੈਦਿਕ ਕਾਲ ਵਿੱਚ 200 ਫੁੱਟ ਲੰਬੇ ਜਹਾਜ਼ ਸਨ, ਜੋ ਹਵਾ ਵਿੱਚ ਹੀ ਅੱਗੇ, ਪਿੱਛੇ, ਸੱਜੇ-ਖੱਬੇ ਉੱਡ ਸਕਦੇ ਸਨ ਅਤੇ ਹਵਾ ਵਿੱਚ ਮੰਡਰਾ ਵੀ ਸਕਦੇ ਸਨ। ਜਿਨ੍ਹਾਂ ਦੀ ਖੋਜ 7000 ਸਾਲ ਪਹਿਲਾਂ ਮਹਾਂ ਰਿਸ਼ੀ ਭਾਰਦਵਾਜ ਨੇ ਕੀਤੀ ਸੀ, ਜਿਨ੍ਹਾਂ ਦੇ 30 ਇੰਜਣ ਹੁੰਦੇ ਸਨ।
3. ਪਸ਼ੂ ਖਾਣੇ ਨੂੰ ਸੋਨੇ ਵਿੱਚ ਬਦਲ ਸਕਦੇ ਹਨ
ਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪਸ਼ੂਆਂ ਵਿੱਚ ਇੱਕ ਅਜਿਹਾ ਰਸਾਇਣ ਹੁੰਦਾ ਹੈ, ਜਿਸ ਨਾਲ ਉਹ ਕਿਸੇ ਵੀ ਖਾਧੀ ਗਈ ਵਸਤੂ ਨੂੰ 24 ਕੈਰਟ ਸ਼ੁੱਧ ਸੋਨੇ ਵਿੱਚ ਬਦਲ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਪਸ਼ੂ ਦਾ ਨਾਮ ਨਹੀਂ ਦੱਸਿਆ।
4. ਮਹਾਂਭਾਰਤ ਦੇ ਦਿਨਾਂ ਦਾ ਹੈਲਮਟ ਮੰਗਲ ਗ੍ਰਹਿ 'ਤੇ ਪਿਆ ਹੈ
ਸਕ੍ਰੌਲ ਵੈਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਇੱਕ ਹੋਰ ਬੁਲਾਰੇ ਕਿਰਨ ਨਾਇਕ ਨੇ ਦਾਅਵਾ ਕੀਤਾ ਕਿ ਮਹਾਂਭਾਰਤ ਦੀ ਲੜਾਈ ਵਿੱਚ ਜਹਾਜ਼ ਧਰਤੀ ਤੋਂ ਚੰਦ ਅਤੇ ਫੇਰ ਚੰਦ ਤੋਂ ਮੰਗਲ ਗ੍ਰਹਿ ਵੱਲ ਇੱਕ-ਦੂਸਰੇ ਦੇ ਪਿੱਛੇ ਗਏ ਸਨ।
ਆਪਣੀ ਗੱਲ ਦੇ ਸਬੂਤ ਵਜੋਂ ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਨਾਸਾ ਨੇ ਲੱਭੇ ਹਨ ਜੋ ਕਿ 'helmet on Mars' ਗੂਗਲ ਤੇ ਲੱਭਣ ਨਾਲ ਮਿਲ ਜਾਣਗੇ।
ਨਾਇਕ ਨੇ ਇੱਕ ਹੋਰ ਦਾਅਵਾ ਕੀਤਾ ਕਿ ਗਣੇਸ਼ ਦਾ ਸਿਰ ਜੋੜਣ ਲਈ ਕੀਤੀ ਗਈ ਪਲਾਸਟਿਕ ਸਰਜਰੀ ਵਿੱਚ ਗਰਮ ਸ਼ੂਗਰ ਦੀ ਵਰਤੋਂ ਕੀਤੀ ਗਈ ਸੀ।
ਗਣੇਸ਼ ਦਾ ਸਿਰ ਜੋੜਨ ਲਈ ਕੀਤੀ ਗਈ ਪਲਾਸਿਟਕ ਸਰਜਰੀ ਦੇ ਚਮਤਕਾਰ ਬਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਵਿੱਚ ਜ਼ਿਕਰ ਕੀਤਾ ਸੀ।
5. ਪਾਣੀ ਵਿੱਚ ਰੱਖ ਕੇ ਪੋਸਟਮਾਰਟਮ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਸੇ ਕਾਨਫਰੰਸ ਵਿੱਚ ਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪ੍ਰਾਚੀਨ ਕਾਲ ਵਿੱਚ ਲਾਸ਼ ਨੂੰ ਤਿੰਨ ਦਿਨਾਂ ਤੱਕ ਪਾਣੀ ਵਿੱਚ ਤਰਦਿਆਂ ਛੱਡ ਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਸੀ।
ਜਦੋਂ ਲਾਸ਼ ਫੁੱਲ ਜਾਂਦੀ ਸੀ ਤਾਂ ਨਸ਼ਤਰਾਂ ਨਾਲ ਜਿਨ੍ਹਾਂ ਦੇ ਨਾਮ ਪਸ਼ੂਆਂ ਤੇ ਪੰਛੀਆਂ ਦੇ ਨਾਵਾਂ ਉੱਪਰ ਰੱਖੇ ਹੋਏ ਸਨ, ਉਸ ਦੀ ਚੀਰ-ਫਾੜ ਕੀਤੀ ਜਾਂਦੀ ਸੀ।