ਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ

ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਮਜ਼ਾਕ ਉਡਾਇਆ।

ਬੁੱਧਵਾਰ ਨੂੰ ਟਰੰਪ ਨੇ ਕਿਹਾ ਕਿ ਭਾਰਤ ਦਾ ਜੰਗ ਦੇ ਤਬਾਹ ਕੀਤੇ ਦੇਸ ਦੇ ਵਿਕਾਸ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਥੋੜ੍ਹਾ ਯੋਗਦਾਨ ਹੈ। ਉਨ੍ਹਾਂ ਭਾਰਤ ਅਤੇ ਅਫ਼ਗਾਨਿਸਤਾਨ ਦੇ ਹੋਰ ਗੁਆਂਢੀ ਦੇਸਾਂ ਦਾ ਮਜ਼ਾਕ ਉਡਾਇਆ ਕਿ ਉਨ੍ਹਾਂ ਨੇ ਦੇਸ ਦੀ ਭਲਾਈ ਲਈ ਕੋਈ ਸਾਰਥਕ ਕੋਸ਼ਿਸ਼ ਨਹੀਂ ਕੀਤੀ।

ਉਨ੍ਹਾਂ ਨੇ ਆਪਣੀ ਗੱਲਬਾਤ ਵਿੱਚ ਇੱਕ ਅਫ਼ਗਾਨਿਸਤਾਨ ਵਿੱਚ ਬਣਵਾਈ ਗਈ ਇੱਕ ਖ਼ਾਸ ਲਾਇਬ੍ਰੇਰੀ ਦਾ ਜ਼ਿਕਰ ਕੀਤਾ। ਹਾਲਾਂ ਕਿ ਕਿਸੇ ਖ਼ਾਸ ਪ੍ਰੋਜੈਕਟ ਦਾ ਨਾਮ ਨਹੀਂ ਲਿਆ।

ਬਾਅਦ ਵਿੱਚ ਭਾਰਤ ਸਰਕਾਰ ਨੇ ਇੱਕ ਲੰਬੇ ਚੌੜੇ ਬਿਆਨ ਵਿੱਚ ਟਰੰਪ ਦੀ ਟਿੱਪਣੀ ਦਾ ਜਵਾਬ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਵੇਂ ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਯਤਨ ਕਰਨ ਵਾਲੇ ਏਸ਼ੀਆਈ ਦੇਸਾਂ ਵਿੱਚੋਂ ਸਭ ਤੋਂ ਉੱਪਰ ਹੈ।

ਇਸ ਸਾਰੀ ਚਰਚਾ ਵਿੱਚ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖ਼ਰ ਭਾਰਤ ਨੂੰ ਅਫ਼ਗਾਨਿਸਤਾਨ ਵਿੱਚ ਖਰਬਾਂ ਡਾਲਰ ਲਾਉਣ ਦਾ ਲਾਭ ਕੀ ਹੋਇਆ?

ਪੇਸ਼ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਦਾ ਵਿਸ਼ਲੇਸ਼ਣ:

"ਤੁਹਾਡਾ ਦੁੱਖ ਸਾਡਾ ਦੁੱਖ ਹੈ, ਤੁਹਾਡੇ ਸੁਫ਼ਨੇ ਸਾਡੇ ਫਰਜ਼ ਹਨ, ਤੁਹਾਡੀ ਮਜ਼ਬੂਤੀ ਹੀ ਸਾਡਾ ਭਰੋਸਾ ਹੈ, ਤੁਹਾਡੀ ਹਿੰਮਤ ਸਾਡੇ ਲਈ ਪ੍ਰੇਰਣਾਦਾਈ ਹੈ ਅਤੇ ਤੁਹਾਡੀ ਦੋਸਤੀ ਸਾਡੇ ਲਈ ਮਾਣ ਵਾਲੀ ਗੱਲ ਹੈ।"

ਇਹ ਵੀ ਪੜ੍ਹੋ:

ਇਹ ਸ਼ਬਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫ਼ਗਾਨਿਸਤਾਨ ਦੀ ਸੰਸਦ ਦਾ ਉਦਘਾਟਨ ਕਰਦਿਆਂ ਕਹੇ ਸਨ।

ਇਹ ਸੰਸਦ ਭਾਰਤ ਦੀ ਮਦਦ ਨਾਲ ਉਸਾਰਿਆ ਗਿਆ ਹੈ ਅਤੇ ਇਸ ਦੇ ਇੱਕ ਬਲਾਕ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਿਆ ਗਿਆ ਹੈ।

ਭਾਰਤ ਨੇ ਸਾਲ 2001 ਵਿੱਚ ਅਮਰੀਕਾ ਵੱਲੋਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਖਦੇੜੇ ਜਾਣ ਮਗਰੋਂ ਜੰਗ ਦੇ ਤਬਾਹ ਕੀਤੇ ਦੇਸ ਦੇ ਵਿਕਾਸ ਵਿੱਚ ਸਹਿਯੋਗ ਸ਼ੁਰੂ ਕੀਤਾ।

ਭਾਰਤ ਨੇ ਸਾਲ 2002 ਵਿੱਚ ਕਾਬੁਲ ਵਿੱਚ ਆਪਣੇ ਸਫ਼ਾਰਤਖ਼ਾਨੇ ਦਾ ਵਿਸਤਾਰ ਕੀਤਾ। ਇਸ ਮਗਰੋਂ ਮਜ਼ਾਰ-ਏ-ਸ਼ਰੀਫ-, ਹੇਰਾਤ, ਕੰਧਾਰ ਅਤੇ ਜਲਾਲਾਬਾਦ ਸ਼ਹਿਰਾਂ ਵਿੱਚ ਵੀ ਆਪਣੇ ਕਾਰੋਬਾਰੀ ਸਫ਼ਾਰਤਖਾਨੇ ਖੋਲ੍ਹੇ।

ਸਾਲ 2006 ਤੱਕ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਭਾਰਤ ਦੇ ਚਾਰ ਸਰਕਾਰੀ ਦੌਰੇ ਕਰ ਚੁੱਕੇ ਸਨ।

ਅਫ਼ਗਾਨਿਸਤਾਨ ਦੇ ਨਵ-ਨਿਰਮਾਣ ਦੀਆਂ ਵੱਖੋ-ਵੱਖ ਯੋਜਨਾਵਾਂ ਜ਼ਰੀਏ ਪੈਸਾ ਲਾਉਣ ਵਾਲੇ ਦੇਸਾਂ ਵਿੱਚ ਭਾਰਤ ਮੋਹਰੀ ਰਿਹਾ ਹੈ।

ਭਾਰਤ ਨੇ ਸਾਲ 2011 ਵਿੱਚ ਭਿਆਨਕ ਅਕਾਲ ਨਾਲ ਦੋ-ਚਾਰ ਹੋ ਰਹੇ ਅਫਗਾਨਿਸਤਾਨ ਨੂੰ ਢਾਈ ਲੱਖ ਟਨ ਕਣਕ ਭੇਜੀ ਸੀ।

ਅਫ਼ਗਾਨਿਸਤਾਨ ਦੇ ਹੇਰਾਤ ਵਿੱਚ ਸਲਮਾ ਬੰਨ੍ਹ ਭਾਰਤੀ ਸਹਿਯੋਗ ਨਾਲ ਉਸਰਿਆ। ਇਸ ਬੰਨ੍ਹ ਵਿੱਚ 30 ਕਰੋੜ (ਲਗਪਗ 2040 ਕਰੋੜ ਭਾਰਤੀ ਰੁਪਏ) ਦੀ ਲਾਗਤ ਆਈ ਅਤੇ ਇਸ ਵਿੱਚ ਦੋਵਾਂ ਦੇਸਾਂ ਦੇ ਲਗਪਗ 1500 ਇੰਜੀਨੀਅਰਾਂ ਨੇ ਮਿਲ ਕੇ ਕੰਮ ਕੀਤਾ ਸੀ।

ਇਹ ਬੰਨ੍ਹ 42 ਮੈਗਾਵਾਟ ਬਿਜਲੀ ਪੈਦਾ ਕਰ ਸਕਦਾ ਹੈ। ਸਾਲ 2016 ਵਿੱਚ ਬਣੇ ਇਸ ਬੰਨ੍ਹ ਨੂੰ ਭਾਰਤ-ਅਫਗਾਨਿਸਤਾਨ ਦੋਸਤੀ ਬੰਨ੍ਹ ਦਾ ਨਾਮ ਦਿੱਤਾ ਗਿਆ।

ਭਾਰਤ ਨੇ ਇੰਨਾ ਪੈਸਾ ਕਿਉਂ ਲਾਇਆ?

ਇਸ ਤੋਂ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਵਿੱਚ ਨੈਸ਼ਨਲ ਐਗਰੀਕਲਚਰ ਸਾਈਂਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਕਾਬੁਲ ਵਿੱਚ ਆਵਾਜਾਈ ਦੇ ਸੁਧਾਰ ਲਈ 1000 ਬੱਸਾਂ ਦੇਣ ਦਾ ਵਾਅਦਾ ਵੀ ਕੀਤਾ ਹੈ।

ਕਾਬੁਲ ਵਿੱਚ ਭਾਰਤੀ ਸਫ਼ਾਰਤਖ਼ਾਨੇ ਮੁਤਾਬਕ ਭਾਰਤ ਨੇ ਅਫਗਾਨਿਸਤਾਨ ਵਿੱਚ 2 ਖਰਬ ਅਮਰੀਕੀ ਡਾਲਰ ਦੀ ਪੂੰਜੀ ਲਾ ਚੁੱਕਿਆ ਹੈ ਅਤੇ ਭਾਰਤ ਦੇਸ ਵਿੱਚ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਦ੍ਰਿੜ ਸੰਕਲਪ ਹੈ।

ਪਰ ਇਹ ਸਭ ਕਰਨ ਦਾ ਭਾਰਤ ਨੂੰ ਮਿਲ ਕੀ ਰਿਹਾ ਹੈ ਅਤੇ ਭਾਰਤ ਕਿਉਂ ਅਹਿਮ ਰਿਹਾ ਹੈ ਗੁਆਂਢੀ ਮੁਲਕ ਅਫ਼ਗਾਨਿਸਤਾਨ?

ਦੱਖਣ-ਏਸ਼ੀਆਈ ਮਾਮਲਿਆਂ ਦੇ ਜਾਣਕਾਰ ਕ਼ਮਰ ਆਗ਼ਾ ਕਹਿੰਦੇ ਹਨ ਕਿ ਇਸ ਵਿੱਚ ਦੋ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, "ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦੇ ਅਫ਼ਗਾਨਿਸਤਾਨ ਦੇ ਨਾਲ ਇਸਲਾਮ ਧਰਮ ਦੇ ਜਨਮ ਤੋਂ ਪਹਿਲਾਂ ਦੇ ਸੰਬੰਧ ਹਨ। ਇਹ ਸਾਡਾ ਗੁਆਂਢੀ ਦੇਸ ਹੁੰਦਾ ਸੀ। ਦੂਸਰਾ ਇਹ ਕਿ ਬਿਗੜਦੇ ਹਾਲਾਤਾਂ ਵਿੱਚ ਜੇ ਉੱਥੇ ਲੋਕਤੰਤਰ ਸਥਾਪਿਤ ਹੁੰਦਾ ਹੈ ਤਾਂ ਭਾਰਤ ਅਤੇ ਪੂਰੇ ਦੱਖਣੀ-ਏਸ਼ੀਆ ਲਈ ਅਤੇ ਭਾਰਤ ਲਈ ਖ਼ਾਸ ਕਰਕੇ ਇੱਕ ਚੰਗੀ ਗੱਲ ਹੋਵੇਗੀ।"

ਉਨ੍ਹਾਂ ਕਿਹਾ, "ਪਾਕਿਸਤਾਨ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਸਥਿਰਤਾ ਬਣੀ ਰਹੇ ਕਿਉਂਕਿ ਸਥਿਰਤਾ ਹੋਣ ਨਾਲ ਉੱਥੋਂ ਦੀ ਸਰਕਾਰ ਆਪਣੇ ਦੇਸ ਬਾਰੇ ਸੋਚੇਗੀ ਜੋ ਪਾਕਿਸਤਾਨ ਲਈ ਮੁਫੀਦ ਨਹੀਂ ਹੋਵੇਗਾ। ਅਫਗਾਨਿਸਤਾਨ ਵਿੱਚ ਲਗਪਗ ਦੋ ਟ੍ਰਿਲੀਅਨ ਦੀ ਕੁਦਰਤੀ ਸੰਪਦਾ ਹੈ।"

ਬੀਬੀਸੀ ਅਫਗਾਨ ਸੇਵਾ ਦੇ ਸਹਿ ਸੰਪਾਦਕ ਦਾਊਦ ਆਜ਼ਮੀ ਕਹਿੰਦੇ ਹਨ ਕਿ ਭਾਵੇਂ ਅਫ਼ਗਾਨਿਸਤਾਨ ਦੇ ਦੂਸਰੇ ਮੁਲਕਾਂ ਨਾਲ ਕਦੇ ਨਾ ਕਦੇ ਤਣਾਅ ਰਿਹਾ ਹੋਵੇ ਪਰ ਭਾਰਤ ਨਾਲ ਇਸ ਦੇ ਸੰਬੰਧ ਹਮੇਸ਼ਾ ਵਧੀਆ ਰਹੇ ਹਨ।

ਉਨ੍ਹਾਂ ਕਿਹਾ, "ਇਸ ਖਿੱਤੇ ਵਿੱਚ ਤਣਾਅ ਬਹੁਤ ਜ਼ਿਆਦਾ ਹੈ ਅਤੇ ਹਰ ਦੇਸ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਲਈ ਦੋਸਤ ਜਾਂ ਸਹਿਯੋਗੀ ਪੈਦਾ ਕਰੇ। ਭਾਰਤ ਦਾ ਵੀ ਇਹੀ ਯਤਨ ਹੈ ਕਿ ਅਫ਼ਗਾਨਿਸਤਾਨ ਭਾਰਤ ਦਾ ਦੋਸਤ ਰਹੇ। ਇੱਕ ਗੱਲ ਇਹ ਵੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਦੋਸਤੀ ਨਹੀਂ ਹੈ ਅਤੇ ਤਣਾਅ ਹਮੇਸ਼ਾ ਰਹਿੰਦਾ ਹੈ। ਇਸ ਕਾਰਨ ਵੀ ਅਫ਼ਗਾਨਿਸਤਾਨ-ਭਾਰਤ ਦੀ ਦੋਸਤੀ ਅਹਿਮ ਹੈ। ਜੇ ਅਫ਼ਗਾਨਿਸਤਾਨ ਭਾਰਤ ਦੇ ਨਾਲ ਹੋਵੇ ਤਾਂ ਪਾਕਿਸਤਾਨ ਇਕੱਲਾ ਰਹਿ ਜਾਵੇਗਾ ਅਤੇ ਉਸ ਉੱਪਰ ਦਬਾਅ ਵਧੇਗਾ।"

ਅਫ਼ਗਾਨਿਸਤਾਨ ਵਿੱਚ ਸ਼ਾਂਤੀ ਦੇ ਭਾਰਤ ਲਈ ਮਾਅਨੇ?

ਕਮਰ ਆਗ਼ਾ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਅਫ਼ਗਾਨਿਸਤਾਨ ਦੀ ਸਿਆਸਤ ਅਤੇ ਉੱਥੇ ਤਾਲਿਬਾਨ ਦੀ ਸੰਭਾਵਿਤ ਭੂਮਿਕਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਪੂਰੇ ਖਿੱਤੇ ਵਿੱਚ ਸ਼ਾਂਤੀ ਲਈ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਭਾਰਤ ਦੇ ਪੱਖ ਵਿੱਚ ਹੈ।

ਉਹ ਕਹਿੰਦੇ ਹਨ, "ਤਾਲਿਬਾਨ ਕੋਈ ਸਮੂਹ ਨਹੀਂ ਹੈ। ਇਹ ਸਾਰੇ ਧਰਮ ਦੇ ਨਾਂ ਤੇ ਲੜਨ ਵਾਲੇ ਲੜਾਕੇ ਹਨ। ਇਹ ਇੱਕ ਬਹੁਤ ਵੱਡਾ ਖ਼ਤਰਾ ਹੈ। ਜੇ ਇੱਥੇ ਤਾਲਿਬਾਨ ਵਰਗੀ ਹਕੂਮਤ ਆਉਂਦੀ ਹੈ ਤਾਂ ਭਾਰਤ ਲਈ ਮੁਸ਼ਕਿਲ ਖੜੀ ਹੋ ਸਕਦੀ ਹੈ। ਕੱਟੜਪੰਥ ਦੇ ਕਾਰਨ ਇਹ ਪੂਰਾ ਖੇਤਰ ਅਸਥਿਰ ਹੋ ਜਾਵੇਗਾ। ਜਿੱਛੇ ਅਮਨ ਅਤੇ ਸ਼ਾਂਤੀ ਕਾਇਮ ਕਰਨਾ ਸਾਡੇ ਲਈ ਜਰੂਰੀ ਹੈ ਅਤੇ ਇਸ ਲਈ ਜੇ ਤਿੰਨ- ਚਾਰ ਬਿਲੀਅਨ ਡਾਲਰ ਵੀ ਖ਼ਰਚ ਹੋ ਜਾਣ ਤਾਂ ਕੋਈ ਗੱਲ ਨਹੀਂ।"

ਉਹ ਕਹਿੰਦੇ ਹਨ ਕਿ ਇਸ ਨਿਵੇਸ਼ ਰਾਹੀਂ ਭਾਰਤ ਨੇ ਉੱਥੇ ਕਾਫ਼ੀ ਨਾਮਣਾ ਖੱਟਿਆ ਹੈ।

ਪਰ ਭਾਰਤ ਅਤੇ ਅਫ਼ਗਾਨਿਸਤਾਨ ਦੀ ਦੋਸਤੀ ਬਾਰੇ ਚਰਚਾ ਦਾ ਮੁੱਦਾ ਚਾਬਹਾਰ ਬੰਦਰਗਾਹ ਯੋਜਨਾ ਵੀ ਹੈ, ਜਿਸ ਵਿੱਚ ਭਾਰਤ ਨੇ ਕਾਫ਼ੀ ਪੈਸਾ ਲਾਇਆ ਹੈ ਜਿਸ ਬਾਰੇ ਪਾਕਿਸਤਾਨ ਨੇ ਚਿੰਤਾ ਜ਼ਾਹਰ ਕੀਤੀ ਹੈ।

ਭਾਰਤ ਅਫਗਾਨਿਸਤਾਨ ਚੀਨ ਅਤੇ ਅਮਰੀਕਾ

ਸਲਮਾ ਬੰਨ੍ਹ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, " ਅਸੀਂ ਜ਼ਰਾਂਜ ਤੋ ਦੇਲਾਰਾਮ ਤੱਕ ਸੜਕ ਬਣਾਉਣ ਅਤੇ ਦੇਸ ਅੰਦਰ ਬਿਜਲੀ ਦੀ ਪੂਰਤੀ ਲਈ ਹੱਥ ਮਿਲਾਇਆ ਹੈ। ਹੁਣ ਭਾਰਤ ਈਰਾਨ ਦੇ ਚਾਬਹਾਰ ਵਿੱਚ ਵੀ ਪੈਸਾ ਲਾ ਰਿਹਾ ਹੈ ਜੋ ਦੋਹਾਂ ਦੇਸਾਂ ਦੀ ਤਰੱਕੀ ਦੇ ਰਾਹ ਖੋਲ੍ਹੇਗਾ।"

ਇਹ ਵੀ ਪੜ੍ਹੋ:

ਕਮਰ ਆਗ਼ਾ ਕਹਿੰਦੇ ਹਨ, "ਅਫਗਾਨਿਸਤਾਨ ਅਤੇ ਭਾਰਤ ਨੂੰ ਇੱਕ ਵੱਡਾ ਬਾਜ਼ਾਰ ਮਿਲ ਜਾਵੇਗਾ। ਚੀਨ ਨੇ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਪੈਸਾ ਬਰਬਾਦ ਕੀਤਾ ਹੈ ਪਰ ਇਸ ਦਾ ਜਿੰਨਾ ਲਾਭ ਉਨ੍ਹਾਂ ਨੇ ਸੋਚਿਆ ਸੀ ਉਨ੍ਹਾਂ ਨੂੰ ਮਿਲੇਗਾ, ਉਹ ਮਿਲ ਨਹੀਂ ਰਿਹਾ।"

ਭਾਰਤ ਅਤੇ ਅਫਗਾਨਿਸਤਾਨ ਦੋਹਾਂ ਵਿੱਚ ਹੁਣ ਤੱਕ ਚੀਨ ਦੀ ਵਨ ਬੈਲਟ ਵਨ ਰੋਡ ਯੋਜਨਾ ਦਾ ਹਿੱਸਾ ਨਹੀਂ ਬਣੇ ਹਨ। ਇੱਥੋਂ ਤੱਕ ਕਿ ਚੀਨ ਨੇ ਅਫਗਾਨਿਸਤਾਨ ਵਿੱਚ ਇੱਕ ਤਾਂਬੇ ਦੀ ਖਾਨ ਵਿੱਚ ਪੈਸਾ ਲਾਉਣ ਦੀ ਯੋਜਨਾ ਬਣਾਈ ਹੈ ਪਰ ਹਾਲੇ ਤੱਕ ਇਸ ਪਾਸੇ ਕੰਮ ਸ਼ੁਰੂ ਨਹੀਂ ਹੋ ਸਕਿਆ।

ਦਾਊਦ ਆਜ਼ਮੀ ਕਹਿੰਦੇ ਹਨ ਕਿ ਇਸ ਦਾ ਕਾਰਨ ਅਮਰੀਕਾ ਹੈ ਜੋ ਅਫਗਾਨਿਸਤਾਨ ਵਿੱਚ ਸਭ ਤੋਂ ਵੱਡੀ ਵਿਦੇਸ਼ੀ ਤਾਕਤ ਹੈ ਅਤੇ ਅਮਰੀਕਾ ਅਤੇ ਚੀਨ ਵਿੱਚ ਜਾਰੀ ਤਣਾਅ ਕਾਰਨ ਅਫਗਾਨਿਸਤਾਨ ਚੀਨ ਵੱਲ ਪਹਿਲ ਨਹੀਂ ਕਰ ਸਕਦਾ। ਭਾਰਤ ਤਾਂ ਇਸ ਦਾ ਵਿਰੋਧ ਕਰਦਾ ਹੀ ਰਿਹਾ ਹੈ।

ਹੁਣ ਸਮਝੋ ਕਿ ਭਾਰਤ ਨੂੰ ਕੀ ਮਿਲਦਾ ਹੈ

ਭਾਰਤ ਨੂੰ ਅਫਗਾਨਿਸਤਾਨ ਤੋਂ ਕੀ ਮਿਲਦਾ ਹੈ ਇਸ ਨੂੰ ਤਿੰਨ ਨੁਕਤਿਆਂ ਵਿੱਚ ਸਮਝਿਆ ਜਾ ਸਕਦਾ ਹੈ।

ਭਾਰਤ ਨੂੰ ਇਸ ਤਣਾਅਪੂਰਨ ਖਿੱਤੇ ਵਿੱਚ ਇੱਕ ਵਧੀਆ ਦੋਸਤ ਮਿਲਦਾ ਹੈ। ਦੂਸਰਾ ਇਹ ਕਿ ਦੋਹਾਂ ਵਿਚਕਾਰ ਕੱਟੜਪੰਥ ਬਾਰੇ ਜਾਣਕਾਰੀ ਸਾਂਝੀ ਹੁੰਦੀ ਹੈ। ਤੀਸਰਾ ਇਹ ਕਿ ਵਿਸ਼ਵ ਬਾਜ਼ਾਰ ਲਈ ਭਾਰਤ ਦੇ ਰਾਹ ਖੁਲ੍ਹਦੇ ਹਨ।

ਆਉਣ ਵਾਲੇ ਦਿਨਾਂ ਵਿੱਚ ਭਾਰਤ ਦਾ ਅਫਗਾਨਿਸਤਾਨ ਵਿੱਚ ਨਿਵੇਸ਼ ਜਾਰੀ ਰਹੇਗਾ। ਉਹ ਉੱਥੇ 11 ਸੂਬਿਆਂ ਵਿੱਚ ਟੈਲੀਫੋਨ ਅਕਸਚੇਂਜ ਕਾਇਮ ਕਰਨ, ਚਿਮਟਲਾ ਵਿੱਚ ਬਿਜਲੀ ਸਬ-ਸਟੇਸ਼ਨ ਬਣਾਉਣ ਅਤੇ ਨਾਲ ਹੀ ਉੱਥੋਂ ਦੇ ਇੱਕ ਕੌਮੀ ਟੀਵੀ ਚੈਨਲ ਦੇ ਵਿਸਥਾਰ ਲਈ ਅਪਲਿੰਕ ਅਤੇ ਡਾਊਨਲਿੰਕ ਸਹੂਲਤਾਂ ਵਧਾਉਣ ਵਿੱਚ ਮਦਦ ਕਰ ਰਿਹਾ ਹੈ।

ਕਿਹਾ ਜਾਵੇ ਤਾਂ ਭਾਰਤ ਅਤੇ ਅਫਗਾਨਿਸਤਾਨ ਦੀ ਪੁਰਾਣੀ ਦੋਸਤੀ ਹੁਣ ਅੱਗੇ ਵਧਣ ਵਾਲੀ ਹੈ ਅਤੇ ਇਸ ਨਾਲ ਦੱਖਣ-ਏਸ਼ੀਆਈ ਖਿੱਤੇ ਵਿੱਚ ਦੋਹਾਂ ਮੁਲਕਾਂ ਦੀ ਸਥਿੱਤੀ ਵੀ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)