ਦਲਿਤਾਂ ਨੂੰ ਰਿਝਾਉਣ ਲਈ ਭਾਜਪਾ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖਿਚੜੀ ਪਕਾ ਰਹੀ ਹੈ - 5 ਅਹਿਮ ਖ਼ਬਰਾਂ

ਐਤਵਾਰ ਨੂੰ ਭਾਜਪਾ ਨੇ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਇੱਕ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਹੈ। ਇਸ ਰੈਲੀ ਵਿੱਚ ਦਿੱਲੀ ਵਿਧਾਨ ਸਭਾ ਦੇ ਸਾਰੇ ਹਲਕਿਆਂ ਦੇ ਦਲਿਤ ਘਰਾਂ ਵਿੱਚੋਂ ਰਸਦ ਇਕੱਠੀ ਕਰਕੇ ਬਣਾਈ ਖਿਚੜੀ ਵਰਤਾਈ ਜਾਵੇਗੀ। ਇਸ ਨੂੰ ਸਮਰਸਤਾ ਖਿਚੜੀ ਦਾ ਨਾਂ ਦਿੱਤਾ ਗਿਆ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਰਸਦ ਇਕੱਠੀ ਕਰਨ ਲਈ 70 ਮੋਟਰ ਸਾਈਕਲ ਸਵਾਰਾਂ ਦੀ ਡਿਊਟੀ ਲਾਈ ਗਈ ਸੀ। ਇਸ ਰੈਲੀ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਸੰਬੋਧਨ ਕਰਨਗੇ।

ਜ਼ਿਕਰਯਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰਿਜ਼ਰਵ ਸੀਟਾਂ ਉੱਤੇ ਭਾਜਪਾ ਨੂੰ ਕਾਮਯਾਬੀ ਨਹੀਂ ਮਿਲੀ ਸੀ।

ਵਿਜੇ ਮਾਲਿਆ ਆਰਥਿਕ ਭਗੌੜਾ ਕਰਾਰ

ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸ਼ਨਿੱਚਰਵਾਰ ਨੂੰ ਆਰਥਿਕ ਮੁਲਜ਼ਮ ਕਰਾਰ ਦਿੰਦਿਆਂ ਭਗੌੜਾ ਐਲਾਨ ਦਿੱਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਲੰਡਨ ਦੀ ਵੈਸਟਮਿੰਸਟਰ ਦੀ ਇੱਕ ਅਦਾਲਤ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦੇ ਚੁੱਕੀ ਹੈ। ਮੁੰਬਈ ਅਦਾਲਤ ਦੇ ਹੁਕਮਾਂ ਸਦਕਾ ਐਨਫੋਰਸਮੈਂਟ ਡਾਇਰੈਕਟੋਰੇਟ ਮਾਲਿਆ ਦੀ ਜਾਇਦਾਦ ਜ਼ਬਤ ਕਰ ਸਕੇਗਾ।

ਇਹ ਵੀ ਪੜ੍ਹੋ:

ਸਾਈਂਸ ਕਾਂਗਰਸ ਵਿੱਚ ਨਵੇਂ ਦਾਅਵਿਆਂ ਦਾ ਸਿਲਸਲਾ ਜਾਰੀ

ਭਾਰਤ ਦੀ ਮਨੁੱਖੀ ਵਸੀਲਿਆ ਬਾਰੇ ਮੰਤਰੀ ਸਮਰਿਤੀ ਇਰਾਨੀ ਨੇ 106ਵੀਂ ਨੈਸ਼ਨਲ ਸਾਈਂਸ ਕਾਂਗਰਸ ਵਿੱਚ ਕਿਹਾ ਕਿ ਔਰਤਾਂ ਵਿਗਿਆਨਕ ਭਾਈਚਾਰੇ ਵਿੱਚ ਇੱਕ ਘੱਟ ਗਿਣਤੀ ਹਨ।

ਉਨ੍ਹਾਂ ਕਿਹਾ ਕਿ ਵਿਗਿਆਨ ਦੇ ਪ੍ਰਸਾਰ ਵਿੱਚ ਸਭ ਤੋਂ ਵੱਡੀ ਰੁਕਾਵਟ ਭਾਸ਼ਾ ਹੈ ਕਿਉਂਕਿ ਖੋਜ ਦਾ ਜ਼ਿਆਦਾਤਰ ਕੰਮ ਅੰਗਰੇਜ਼ੀ ਵਿੱਚ ਹੁੰਦਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਨੂੰ ਸਾਈਂਸ ਕਾਂਗਰਸ ਵਿੱਚ ਬੁਲਾਰਿਆਂ ਵੱਲੋਂ ਮਹਾਭਾਰਤ ਅਤੇ ਵਿਗਿਆਨ ਦੀ ਤੁਲਨਾ ਬਾਰੇ ਪ੍ਰਬੰਧਕਾਂ ਨੇ ਪੱਲਾ ਝਾੜਦਿਆਂ ਇਸ ਪੱਖੋਂ ਅਗਿਆਨਤਾ ਜਤਾਈ ਹੈ।

ਖਾਸ ਗੱਲ ਇਹ ਵੀ ਹੈ ਕਿ ਕਾਂਗਰਸ ਵਿੱਚ ਬੋਲਣ ਵਾਲੀਆਂ 12 ਮਹਿਲਾ ਸਪੀਕਰਾਂ ਵਿੱਚੋਂ ਇੱਕ ਵੀ ਪੰਜਾਬ ਤੋਂ ਨਹੀਂ ਹੈ ਜਦਕਿ ਕਾਂਗਰਸ ਪੰਜਾਬ ਵਿੱਚ ਹੀ ਹੋ ਰਹੀ ਹੈ।

106ਵੀਂ ਸਾਈਂਸ ਕਾਂਗਰਸ ਵਿੱਚ ਅਜੀਬੋ-ਗਰੀਬ ਦਾਅਵੇ ਕੀਤੇ ਜਾਣੇ ਜਾਰੀ ਹਨ ਜਿਨ੍ਹਾਂ ਕਾਰਨ ਵਿਗਿਆਨੀ ਮੱਥੇ ਤੇ ਹੱਥ ਮਾਰ ਰਹੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਕੌਰਵਾਂ ਨੂੰ ਟੈਸਟ ਟਿਊਬ-ਬੱਚੇ ਦੱਸਣ ਮਗਰੋਂ ਤਾਮਿਲਨਾਡੂ ਦੇ ਇੱਕ ਰਿਸਰਚ ਸੈਂਟਰ ਦੇ ਵਿਗਿਆਨੀ ਕੇ ਜੇ ਕ੍ਰਿਸ਼ਨਾ ਨੇ ਕਿਹਾ ਕਿ ਇਸਾਕ ਨਿਊਟਨ, ਅਲਬਰਟ ਆਈਂਸਟਾਈਨ ਦੁਆਰਾ ਦਿੱਤੇ ਸਾਰੇ ਸਿਧਾਂਤ ਗਲਤ ਹਨ ਅਤੇ ਪੂਰੀ ਵਿਆਖਿਆ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਧਰਤੀ ਦੀਆਂ ਗੁਰੂਤਾਕਰਸ਼ਣੀ ਤਰੰਗਾਂ ਨੂੰ 'ਮੋਦੀ ਤਰੰਗਾਂ' ਅਤੇ ਭੌਤਿਕ ਵਿਗਿਆਨ ਗੁਰੂਤਾਕਰਸ਼ਣੀ ਪ੍ਰਭਾਵ ਨੂੰ 'ਹਰਸ਼ ਵਰਧਨ ਪ੍ਰਭਾਵ' ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਬਿਜਲਤਾ ਅਤੇ ਚੁੰਬਕਤਾ ਇੱਕੋ ਚੀਜ਼ ਹਨ। ਹਰਸ਼ ਵਰਧਨ ਭਾਰਤ ਦੇ ਵਿਗਿਆਨ ਅਤੇ ਤਕਨੌਲੋਜੀ ਮੰਤਰੀ ਹਨ।

ਬ੍ਰਾਜ਼ੀਲ ਵਿੱਚ ਹਿੰਸਾ

ਬ੍ਰਾਜ਼ੀਲ ਦੇ ਸਿਏਰਾ ਸੂਬੇ ਦੀ ਰਾਜਧਾਨੀ ਫੋਰਟੇਲੇਜ਼ਾ ਵਿੱਚ ਵਧ ਰਹੀ ਹਿੰਸਾ ਨੂੰ ਕਾਬੂ ਕਰਨ ਲਈ ਸ਼ਹਿਰ ਵਿੱਚ 300 ਦੇ ਲਗਪਗ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।

ਇਹ ਦਸਤੇ ਸਾਰੇ ਸੂਬੇ ਵਿੱਚ ਪੈਟਰੋਲਿੰਗ ਕਰਨਗੇ। ਬ੍ਰਾਜ਼ੀਲ ਵੱਲੋਂ ਹਾਲ ਹੀ ਵਿੱਚ ਜੇਲ੍ਹਾਂ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ ਜਿੱਥੇ ਕਿ ਜੁਰਾਇਮਪੇਸ਼ਾ ਗੈਂਗਜ਼ ਦਾ ਦਬਦਬਾ ਰਹਿੰਦਾ ਹੈ।

ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਇਸੇ ਸਖ਼ਤੀ ਦੇ ਵਿਰੋਧ ਵਿੱਚ ਹੋ ਰਹੇ ਹਨ ਤੇ ਪ੍ਰਦਰਸ਼ਨ ਕਾਰੀਆਂ ਨੇ ਬੱਸਾਂ, ਦੁਕਾਨਾਂ ਅਤੇ ਬੈਂਕਾਂ ਉੱਪਰ ਹਮਲੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਬੀਬੀਸੀ ਦੀ ਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਉੱਤਰੀ ਭਾਰਤ ਵਿੱਚ ਸ਼ੀਤ ਲਹਿਰ

ਪੂਰਾ ਉੱਤਰੀ ਭਾਰਤ ਬਾਰਿਸ਼ ਕਾਰਨ ਠੰਡ ਦੀ ਬੁੱਕਲ ਵਿੱਚ ਆ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਰਿਆਣਾ ਦੇ ਨਾਰਨੌਲ ਵਿੱਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ।

ਜੰਮੂ ਕਸ਼ਮੀਰ (ਇੰਡੀਅਨ ਐਕਸਪ੍ਰੈਸ )ਵਿੱਚ ਬਰਫ਼ਬਾਰੀ ਕਾਰਨ ਵੀ ਉੱਤਰੀ ਭਾਰਤ ਵਿੱਚ ਠੰਡ ਵਿੱਚ ਵਾਧਾ ਹੋਇਆ ਕੀ। ਮੌਸਮ ਵਿਭਾਗ ਨੇ ਐਤਵਾਰ ਤੱਕ ਮੀਂਹ ਰਹਿਣ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)