ਆਸਟਰੇਲੀਆ 'ਚ ਟੈਸਟ ਮੈਚ ਦੌਰਾਨ ਸਟੇਡੀਅਮ ਅੰਦਰ ਕਿਉਂ ਨਜ਼ਰ ਆਈਆਂ ਪਿੰਕ ਸਾੜੀਆਂ

    • ਲੇਖਕ, ਨੀਨਾ ਭੰਡਾਰੀ
    • ਰੋਲ, ਸਿਡਨੀ ਤੋਂ ਬੀਬੀਸੀ ਲਈ

5 ਜਨਵਰੀ ਨੂੰ ਭਾਰਤ-ਆਸਟਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਟੈਸਟ ਮੈਚ ਦੇ ਤੀਜੇ ਦਿਨ ਮੈਦਾਨ ਤੋਂ ਲੈ ਕੇ ਸਟੇਡੀਅਮ ਤੱਕ ਕ੍ਰਿਕਟ ਤੇ ਸਭਿਆਚਾਰ ਦਾ ਸੁਮੇਲ ਦੇਖਣ ਨੂੰ ਮਿਲਿਆ।

ਬ੍ਰੈਸਟ ਕੈਂਸਰ ਤੋਂ ਬਚਾਅ ਲਈ ਸਮਾਂ ਰਹਿੰਦੇ ਹੀ ਬ੍ਰੈਸਟ ਸਕਰੀਨਿੰਗ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਟੇਡੀਅਮ ਅੰਦਰ ਗੁਲਾਬੀ ਰੰਗ ਵਿੱਚ ਲੋਕ ਨਜ਼ਰ ਆਏ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਤਕਰੀਬਨ 100 ਔਰਤਾਂ ਗੁਲਾਬੀ ਸਾੜੀਆਂ ਪਾ ਕੇ ਸਟੇਡੀਅਮ ਵਿੱਚ ਮੈਚ ਦੇਖਣ ਪਹੁੰਚੀਆਂ। ਨਾ ਸਿਰਫ ਔਰਤਾਂ ਬਲਕਿ ਮਰਦ ਵੀ ਗੁਲਾਬੀ ਪੱਗਾਂ, ਸ਼ਰਟਾਂ ਅਤੇ ਟੋਪੀਆਂ ਵਿੱਚ ਨਜ਼ਰ ਆਏ।

ਮੁਹਿੰਮ ਨਾਲ ਜੁੜਨ ਦਾ ਸੰਦੇਸ਼ ਸਟੇਡੀਅਮ ਅੰਦਰ ਮੌਜੂਦ ਡਾਂਸਰਾਂ ਨੇ ਵੀ ਗੁਲਾਬੀ ਰੰਗ ਦੇ ਕੱਪੜਿਆਂ ਵਿੱਚ ਭਾਰਤੀ ਧੁੰਨਾਂ ਉੱਤੇ ਥਿਰਕ ਕੇ ਦਿੱਤਾ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਉੱਤੇ ਵੀ ਪਿੰਕ ਰੰਗ ਦੇ ਸਟੀਕਰ ਲੱਗੇ ਹੋਏ ਸਨ ਅਤੇ ਉਨ੍ਹਾਂ ਨੇ ਗੁਲਾਬੀ ਰੰਗ ਦੇ ਗਲਵਜ਼ ਵੀ ਪਾਏ ਸਨ।

ਭਾਰਤੀ ਅਤੇ ਸ਼੍ਰੀਲੰਕਾਈ ਪਿਛੋਕੜ ਦੀਆਂ 50 ਤੋ 74 ਸਾਲ ਦੀਆਂ ਔਰਤਾਂ ਬਾਰੇ ਨਿਊ ਸਾਊਥਵੇਲਸ ਕੈਂਸਰ ਇੰਸਟੀਚਿਊਟ ਨੇ ਪਤਾ ਲਗਾਇਆ ਸੀ ਕਿ ਉਨ੍ਹਾਂ ਵਿੱਚ ਬ੍ਰੈਸਟ ਸਕਰੀਨਿੰਗ ਕਰਵਾਉਣ ਦੀ ਦਰ ਬੇਹੱਦ ਘੱਟ ਹੈ।

ਇਸ ਲਈ ਨਿਊ ਸਾਊਥਵੇਲਸ ਮਲਟੀਕਲਚਰਲ ਕਮਿਊਨਿਕੇਸ਼ਨ ਸਰਵਿਸਸ ਨੇ ਹੋਰ ਸੰਸਥਾਵਾਂ ਨਾਲ ਮਿਲ ਕੇ ਸਾਲ 2014 ਵਿੱਚ ਪਿੰਕ ਸਾੜੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ

ਜਦੋਂ ਇਸ ਪ੍ਰੋਜੈਕਟ ਲਈ ਫੰਡਿੰਗ ਰੁੱਕ ਗਈ ਤਾਂ ਅਕਤੂਬਰ 2016 ਵਿੱਚ ਟੀਮ ਦੇ ਵਲੰਟੀਅਰਾਂ ਨੇ ਆਪਣੇ ਪੱਧਰ ਉੱਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ।

ਇਸ ਮੁਹਿੰਮ ਕਾਰਨ ਭਾਰਤੀ ਅਤੇ ਸ਼੍ਰੀਲੰਕਾਈ ਭਾਈਚਾਰੇ ਦੀਆਂ ਔਰਤਾਂ ਵਿੱਚ ਬ੍ਰੈਸਟ ਸਕਰੀਨਿੰਗ ਦੀ ਦਰ 5 ਫੀਸਦ ਤੋਂ ਵੱਧ ਕੇ 14 ਫੀਸਦ ਤੱਕ ਪਹੁੰਚ ਗਈ।

ਪਿੰਕ ਸਾੜੀ ਪ੍ਰੋਜੈਕਟ ਨਿਊ ਸਾਊਥਵੇਲਸ ਅਤੇ ਮੈਕਗ੍ਰਾ ਫਾਉਂਡੇਸ਼ਨ ਨਾਲ ਜੁੜੀ ਹੈ। ਇਸ ਨੂੰ ਜੇਨ ਮੈਕਗ੍ਰਾ ਡੇਅ ਵੀ ਆਖਿਆ ਜਾਂਦਾ ਹੈ ਕਿਉਂਕੀ ਆਸਟਰੇਲੀਆ ਦੇ ਮਸ਼ਹੂਰ ਖਿਡਾਰੀ ਗਲੇਨ ਮੈਕਗ੍ਰਾ ਦੀ ਪਤਨੀ ਜੇਨ ਦੀ ਸਾਲ 2008 ਵਿੱਚ ਬ੍ਰੈਸਟ ਕੈਂਸਰ ਦੀ ਵਜ੍ਹਾ ਨਾਲ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ

ਬ੍ਰੈਸਟ ਕੈਂਸਰ ਕਾਰਨ ਆਪਣੇ ਕਰੀਬੀਆਂ ਨੂੰ ਗੁਆਉਣ ਵਾਲੀ ਪਿੰਕ ਸਾੜੀ ਪ੍ਰੋਜੈਕਟ ਦੀ ਮੁਖੀ ਸ਼ਾਂਥਾ ਵਿਸਵਨਾਥਨ ਮੁਤਾਬਕ, ''ਇਹ ਪਹਿਲੀ ਵਾਰ ਹੈ ਕਿ ਅਸੀਂ ਲੱਖਾਂ ਲੋਕਾਂ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਖੇਡ ਦਾ ਸਹਾਰਾ ਲਿਆ ਹੈ।

''ਜੋ ਲੋਕ ਇੱਥੇ ਅਤੇ ਭਾਰਤ ਵਿੱਚ ਟੈਸਟ ਮੈਚ ਦੇਖ ਰਹੇ ਹੋਣਗੇ ਉਨ੍ਹਾਂ ਲੋਕਾਂ ਨੂੰ ਬ੍ਰੈਸਟ ਕੈਂਸਰ ਬਾਰੇ ਸੁਚੇਤ ਕਰਨ ਵਿੱਚ ਮਦਦ ਮਿਲੇਗੀ ਅਤੇ ਬ੍ਰੈਸਟ ਸਕਰੀਨਿੰਗ ਬਾਰੇ ਜਾਗਰੂਕਤਾ ਫੈਲੇਗੀ। ਸਾਨੂੰ ਉਮੀਦ ਹੈ ਕਿ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਸਾਡੇ ਸੁਨੇਹੇ ਨੂੰ ਅੱਗੇ ਪਹੁੰਚਾਉਣਗੀਆਂ।''

ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲੀ ਅਪਰਨਾ ਤਿਜੋਰੀਵਾਲਾ ਸਾਲ 1995 ਵਿੱਚ ਮੁੰਬਈ ਤੋਂ ਸਿਡਨੀ ਆ ਕੇ ਵਸ ਗਏ।

ਅਪਰਨਾ ਕਹਿੰਦੇ ਹਨ, ''ਸਾਡਾ ਸੁਨੇਹਾ ਹੈ ਕਿ ਸੰਘੋ ਨਾ ਤੇ ਮੈਮੋਗਰਾਫੀ ਕਰਵਾਉਣ ਲਈ ਕਲੀਨਿਕ ਜ਼ਰੂਰ ਜਾਓ। ਟੈਸਟ ਮੈਚ ਰਾਹੀਂ ਵੱਧ ਤੋਂ ਵੱਧ ਭਾਰਤੀ ਔਰਤਾਂ ਤੱਕ ਪਹੁੰਚਿਆ ਜਾ ਸਕਦਾ ਹੈ। ਜ਼ਿਆਦਾ ਗਿਣਤੀ ਵਿੱਚ ਮੈਚ ਦੇਖਣ ਮਰਦ ਆਉਂਦੇ ਹਨ ਤੇ ਉਨ੍ਹਾਂ ਦਾ ਵੀ ਫਰਜ਼ ਹੈ ਕਿ ਉਹ ਆਪਣੀਆਂ ਪਤਨੀਆਂ ਨੂੰ ਸਕਰੀਨਿੰਗ ਲਈ ਜਾਗਰੂਕ ਤੇ ਉਤਸ਼ਾਹਿਤ ਕਰਨ।''

ਸਾਲ 1984 ਵਿੱਚ ਨਵੀਂ ਦਿੱਲੀ ਤੋਂ ਆਪਣੇ ਦੋ ਬੱਚਿਆਂ ਤੇ ਪਤੀ ਨਾਲ ਸਿਡਨੀ ਆਈ ਅਨੂਪ ਜੌਹਰ ਮੁਤਾਬਕ, ''ਦੱਖਣੀ ਏਸ਼ੀਆਂ ਦੀਆਂ ਔਰਤਾਂ ਵਿੱਚ ਸਕਰੀਨਿੰਗ ਦੀ ਦਰ ਘੱਟ ਹੈ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਔਰਤਾਂ ਆਪਣੀ ਸਿਹਤ ਨੂੰ ਸਭ ਤੋਂ ਆਖਿਰ ਵਿੱਚ ਰੱਖਦੀਆਂ ਹਨ।

''ਕਈ ਵਾਰ ਭਾਸ਼ਾ ਵੀ ਔਕੜਾਂ ਪੈਦਾ ਕਰਦੀ ਹੈ ਕਿਉਂਕੀ ਉਹ ਅੰਗਰੇਜ਼ੀ ਵਿੱਚ ਸਹਿਜ ਨਹੀਂ ਹੁੰਦੀਆਂ, ਇਸ ਲਈ ਅਸੀਂ ਭਾਰਤੀ ਭਾਸ਼ਾਵਾਂ ਵਿੱਚ ਸੈਸ਼ਨ ਦਿੰਦੇ ਹਾਂ, ਮਿਸਾਲ ਦੇ ਤੌਰ 'ਤੇ ਅਸੀਂ ਗੁਰਦੁਆਰਿਆਂ ਵਿੱਚ ਸੈਸ਼ਨ ਦਾ ਪ੍ਰਬੰਧ ਕਰਦੇ ਹਾਂ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)