ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ: ਮਨਮੋਹਨ ਸਿੰਘ ਦੇ ਸਲਾਹਕਾਰ ਨੇ ਅਸਲ 'ਚ ਉਨ੍ਹਾਂ ਤੇ ਸੋਨੀਆ ਗਾਂਧੀ ਬਾਰੇ ਆਪਣੀ ਕਿਤਾਬ 'ਚ ਕੀ ਲਿਖਿਆ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਜੇਕਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ 'ਤੇ ਕਿਤਾਬ ਲਿਖਣ ਵਾਲੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਗੱਲ ਮੰਨੀ ਜਾਵੇ ਤਾਂ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਸਬੰਧਾ ਦਾ ਪਹਿਲਾ ਇਮਤਿਹਾਨ ਹੋਇਆ ਸੀ ਜਦੋਂ 15 ਅਗਸਤ, 2004 ਨੂੰ ਉਨ੍ਹਾਂ ਨੇ ਲਾਲ ਕਿਲੇ ਤੋਂ ਦੇਸ ਨੂੰ ਸੰਬੋਧਿਤ ਕਰਨਾ ਸੀ।

ਬਾਰੂ ਨੂੰ ਕਿਹਾ ਗਿਆ ਕਿ ਉਹ ਭਾਸ਼ਣ ਤੋਂ ਇੱਕ ਦਿਨ ਪਹਿਲਾਂ ਉਸਦੇ ਡਰੈੱਸ ਰਿਹਰਸਲ ਵਿੱਚ ਹਿੱਸਾ ਲਵੇ। ਜਦੋਂ ਉਹ ਲਾਲ ਕਿਲੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਭਾਸ਼ਣ ਦੌਰਾਨ ਹੋਣ ਵਾਲੇ 'ਸੀਟਿੰਗ ਅਰੇਨਜਮੈਂਟ' 'ਤੇ ਨਜ਼ਰ ਮਾਰੀ।

ਭਾਸ਼ਣ ਮੰਚ ਤੋਂ ਥੋੜ੍ਹਾ ਪਿੱਛੇ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਕੁਰਸੀ ਸੀ। ਉਸ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਜੱਜ ਦੀ ਕੁਰਸੀ ਸੀ। ਪਹਿਲੀ ਲਾਈਨ ਵਿੱਚ ਸੋਨੀਆ ਗਾਂਧੀ ਦੀ ਕੁਰਸੀ ਗਾਇਬ ਸੀ।

ਜਦੋਂ ਬਾਰੂ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਤੋਂ ਪੁੱਛਿਆ ਕਿ ਸੋਨੀਆ ਨੂੰ ਕਿੱਥੇ ਬਠਾਇਆ ਜਾਵੇਗਾ ਤਾਂ ਉਸ ਨੇ ਚੌਥੀ ਜਾਂ ਪੰਜਵੀ ਲਾਈਨ ਵੱਲ ਇਸ਼ਾਰਾ ਕਰ ਦਿੱਤਾ ਜਿੱਥੇ ਉਨ੍ਹਾਂ ਦੇ ਕੋਲ ਨਜਮਾ ਹੇਪਤੁੱਲਾ ਨੂੰ ਬਿਠਾਇਆ ਜਾਣਾ ਸੀ।

ਬਾਰੂ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਮਨ 'ਚ ਸੋਚਿਆ ਕਿ ਇਸ ਨਾਲ ਮਨਮੋਹਨ ਸਿੰਘ ਨੂੰ ਵਿਅਕਤੀਗਤ ਤੌਰ 'ਤੇ ਬਹੁਤ ਸ਼ਰਮਿੰਦਗੀ ਹੋਵੇਗੀ ਅਤੇ ਸੋਨੀਆ ਗਾਂਧੀ ਵੀ ਬੇਇੱਜ਼ਤ ਮਹਿਸੂਸ ਕਰੇਗੀ।

ਇਹ ਵੀ ਪੜ੍ਹੋ:

ਸਹੀ ਸਮੇਂ 'ਤੇ ਸੋਨੀਆ ਗਾਂਧੀ ਦੀ ਸੀਟ ਬਦਲ ਕੇ ਉਨ੍ਹਾਂ ਨੂੰ ਸਭ ਤੋਂ ਅੱਗੇ ਕੈਬਨਿਟ ਮੰਤਰੀਆਂ ਦੇ ਨਾਲ ਬਿਠਾਇਆ ਗਿਆ ਅਤੇ ਸੰਭਾਵਿਤ ਗੜਬੜ ਟਲ ਗਈ।

ਮਨਮੋਹਨ ਅਤੇ ਸੋਨੀਆ

ਸੰਜੇ ਬਾਰੂ ਨੇ ਆਪਣੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਵਿੱਚ ਮਨਮੋਹਨ ਸਿੰਘ ਨੂੰ ਕਹਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਤੇ ਮਹੱਤਵਪੂਰਨ ਹੈ।

ਮੈਂ ਸੰਜੇ ਬਾਰੂ ਨੂੰ ਪੁੱਛਿਆ ਕਿ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਦੇ ਸਬੰਧਾਂ ਵਿੱਚ ਸਿਰਫ਼ ਇਹੀ ਇੱਕ ਦਿੱਕਤ ਸੀ ਜਾਂ ਕੁਝ ਹੋਰ ਵੀ ਸੀ?

ਬਾਰੂ ਦਾ ਜਵਾਬ ਸੀ, "ਕਾਫ਼ੀ ਸਾਫ਼-ਸਾਫ਼ ਸਬੰਧ ਸੀ ਦੋਵਾਂ ਦਾ। ਮਨਮੋਹਨ ਸਿੰਘ ਬਹੁਤ ਇੱਜ਼ਤ ਨਾਲ ਉਨ੍ਹਾਂ ਨਾਲ ਪੇਸ਼ ਆਉਂਦੇ ਸਨ ਅਤੇ ਸੋਨੀਆ ਗਾਂਧੀ ਵੀ ਉਨ੍ਹਾਂ ਨਾਲ ਇੱਕ ਬਜ਼ੁਰਗ ਸ਼ਖ਼ਸ ਦੀ ਤਰ੍ਹਾਂ ਵਿਹਾਰ ਕਰਦੀ ਸੀ।"

"ਪਰ ਮਨਮੋਹਨ ਸਿੰਘ ਨੇ ਮਨ ਲਿਆ ਸੀ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੱਧ ਮਹੱਤਵਪੂਰਨ ਸੀ। ਸਾਡੇ ਦੇਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ।"

"ਪੰਜਾਹ ਦੇ ਦਹਾਕੇ ਵਿੱਚ ਆਚਾਰਿਆ ਕ੍ਰਿਪਲਾਨੀ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਨਹਿਰੂ ਨੂੰ ਕਿਹਾ ਸੀ ਕਿ ਪਾਰਟੀ ਪ੍ਰਧਾਨ ਦੇ ਨਾਤੇ ਤੁਹਾਨੂੰ ਮੈਨੂੰ ਸਮਝਾਉਣਾ ਹੋਵੇਗਾ ਕਿ ਤੁਸੀਂ ਸਰਕਾਰ ਵਿੱਚ ਕੀ ਕਰਨ ਜਾ ਰਹੇ ਹੋ। ਜਵਾਹਰਲਾਲ ਨਹਿਰੂ ਨੇ ਕ੍ਰਿਪਲਾਨੀ ਨੂੰ ਕਿਹਾ ਕਿ ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਦੱਸ ਸਕਦਾ।"

"ਜੇਕਰ ਤੁਸੀਂ ਜਾਣਨਾ ਹੈ ਕਿ ਸਰਕਾਰ ਵਿੱਚ ਕੀ ਹੋ ਰਿਹਾ ਹੈ ਤਾਂ ਤੁਸੀਂ ਮੇਰੇ ਮੰਤਰੀ ਮੰਡਲ ਦੇ ਮੈਂਬਰ ਬਣ ਜਾਓ। ਨਹਿਰੂ ਨੇ ਉਨ੍ਹਾਂ ਨੂੰ ਬਿਨਾਂ ਵਿਭਾਗ ਦੇ ਮੰਤਰੀ ਦਾ ਅਹੁਦਾ 'ਆਫ਼ਰ' ਵੀ ਕੀਤਾ। ਪਰ ਕ੍ਰਿਪਲਾਨੀ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ।"

"ਜਦੋਂ ਕ੍ਰਿਪਲਾਨੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਪੱਧਰ ਪਾਰਟੀ ਪ੍ਰਧਾਨ ਤੋਂ ਵੱਡਾ ਹੈ। ਮੇਰਾ ਮੰਨਣਾ ਹੈ ਕਿ ਮਨਮੋਹਨ ਸਿੰਘ ਦਾ ਇਹ ਮੰਨ ਲੈਣਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਨੀਵਾਂ ਹੈ, ਗ਼ਲਤ ਸੀ।''

ਮਨਮੋਹਨ ਨੂੰ ਆਪਣੀ ਟੀਮ ਚੁਣਨ ਦੀ ਛੂਟ ਨਹੀਂ

ਬਾਰੂ ਦੱਸਦੇ ਹਨ, "ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਗੱਲ ਦੀ ਛੂਟ ਨਹੀਂ ਸੀ ਕਿ ਉਹ ਆਪਣੀ ਟੀਮ ਖ਼ੁਦ ਚੁਣ ਸਕਣ। ਰੋਜ਼ਾਨਾ ਪੱਧਰ ਦੇ ਸੋਨੀਆ ਗਾਂਧੀ ਦੇ ਨਿਰਦੇਸ਼ ਅਹਿਮਦ ਪਟੇਲ ਜਾਂ ਪੁਲਕ ਚਟਰਜੀ ਜ਼ਰੀਏ ਮਨਮੋਹਨ ਸਿੰਘ ਕੋਲ ਆਉਂਦੇ ਸਨ। ਪਟੇਲ ਹੀ ਉਨ੍ਹਾਂ ਲੋਕਾਂ ਦੀ ਸੂਚੀ ਪ੍ਰਧਾਨ ਮੰਤਰੀ ਕੋਲ ਲਿਆਉਂਦੇ ਸਨ, ਜਿਨ੍ਹਾਂ ਨੂੰ ਸੋਨੀਆ ਮੰਤਰੀ ਮੰਡਲ ਵਿੱਚ ਰੱਖਣਾ ਜਾਂ ਕੱਢਣਾ ਚਾਹੁੰਦੀ ਸੀ।"

"ਇੱਕ ਵਾਰ ਉਹ ਸੋਨੀਆ ਦਾ ਸੰਦੇਸ਼ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕੈਬਨਿਟ ਫੇਰਬਦਲ ਵਿੱਚ ਰਾਸ਼ਟਰਪਤੀ ਨੂੰ ਮੰਤਰੀਆਂ ਦੇ ਨਾਮ ਭੇਜੇ ਜਾਣ ਤੋਂ ਤੁਰੰਤ ਪਹਿਲਾਂ ਮਨਮੋਹਨ ਸਿੰਘ ਦੇ ਕੋਲ ਪੁੱਜੇ। ਦੂਜੀ ਸੂਚੀ ਟਾਈਪ ਕਰਨ ਦਾ ਸਮਾਂ ਨਹੀਂ ਸੀ। ਇਸ ਲਈ ਮੂਲ ਸੂਚੀ ਵਿੱਚ ਇੱਕ ਨਾਮ 'ਤੇ 'ਵ੍ਹਾਈਟਨਰ' ਲਗਾ ਕੇ ਦੂਜਾ ਨਾਮ ਲਿਖਿਆ ਗਿਆ।"

"ਇਸ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰ ਸੁਬਿਰਾਮੀ ਰੈਡੀ ਨੂੰ ਮੰਤਰੀ ਦੀ ਸਹੁੰ ਚੁਕਵਾਈ ਗਈ ਅਤੇ ਹਰੀਸ਼ ਰਾਵਤ (ਜਿਹੜੇ ਬਾਅਦ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਬਣੇ) ਦਾ ਨਾਮ ਕੱਟ ਦਿੱਤਾ ਗਿਆ। ਸੋਨੀਆ ਗਾਂਧੀ ਦੀ ਇਹ ਵੀ ਕੋਸ਼ਿਸ਼ ਰਹਿੰਦੀ ਸੀ ਕਿ ਸਰਕਾਰ ਦੀਆਂ ਸਮਾਜਿਕ ਨੀਤੀਆਂ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਦੀ ਬਜਾਏ ਪਾਰਟੀ ਨੂੰ ਮਿਲੇ।"

ਮੈਂ ਸੰਜੇ ਬਾਰੂ ਨੂੰ ਪੁੱਛਿਆ ਕੀ ਇਸਦੇ ਜ਼ਰੀਏ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਦੱਸਣਾ ਚਾਹੁੰਦੀ ਸੀ ਕਿ 'ਹੂ ਇਜ਼ ਦ ਬੌਸ'?

ਬਾਰੂ ਦਾ ਜਵਾਬ ਸੀ, "ਮੇਰੇ ਖਿਆਲ ਨਾਲ ਇਹ ਸੋਨੀਆ ਗਾਂਧੀ ਦੀ ਕੋਸ਼ਿਸ਼ ਨਹੀਂ ਸੀ, ਸਗੋਂ ਪਾਰਟੀ ਦੇ ਦੂਜੇ ਨੇਤਾਵਾਂ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਰਟੀ, ਪ੍ਰਧਾਨ ਮੰਤਰੀ ਤੋਂ ਵੱਡੀ ਹੈ ਅਤੇ ਇਸ ਤਰ੍ਹਾਂ ਦੀ ਚਰਚਾ ਕਾਂਗਰਸ ਨੇਤਾਵਾਂ ਵਿੱਚ ਹੁੰਦੀ ਸੀ। ਪ੍ਰਧਾਨ ਮੰਤਰੀ ਵੱਲੋਂ ਕਦੇ ਇਸਦਾ ਵਿਰੋਧ ਨਹੀਂ ਕੀਤਾ ਗਿਆ ਸੀ।"

ਸਿਆਸੀ ਰੂਪ ਤੋਂ ਬਹੁਤ ਨੇੜਿਓਂ ਕੰਮ ਕਰਨ ਦੇ ਬਾਵਜੂਦ ਸੋਨੀਆ ਅਤੇ ਮਨਮੋਹਨ ਸਿੰਘ ਵਿਚਾਲੇ ਇੱਕ ਤਰ੍ਹਾਂ ਦੀ ਸਮਾਜਿਕ ਦੂਰੀ ਸੀ ਅਤੇ ਉਹ ਆਪਸ ਵਿੱਚ ਘੁਲ-ਮਿਲ ਨਹੀਂ ਸਕਦੇ ਸੀ।

ਬਾਰੂ ਕਹਿੰਦੇ ਹਨ, "ਦੋਵਾਂ ਪਰਿਵਾਰਾਂ ਵਿਚਾਲੇ ਆਉਣਾ-ਜਾਣਾ ਨਹੀਂ ਸੀ। ਮੈਂ ਨਹੀਂ ਸਮਝਦਾ ਕਿ ਉਹ ਕਦੇ ਚਾਹ 'ਤੇ ਬੈਠ ਕੇ ਗੱਪ ਮਾਰਦੇ ਸਨ। ਮੈਂ ਮਨਮੋਹਨ ਸਿੰਘ ਦੀਆਂ ਧੀਆਂ ਨੂੰ ਕਦੇ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਨਾਲ ਗੱਲ ਕਰਦੇ ਨਹੀਂ ਵੇਖਿਆ।"

"ਮੇਰੇ ਖਿਆਲ ਵਿੱਚ ਦੋਵਾਂ ਪਰਿਵਾਰਾਂ ਵਿਚਾਲੇ ਜਿਹੜਾ ਥੋੜ੍ਹਾ-ਬਹੁਤਾ ਰਿਸ਼ਤਾ ਸੀ, ਉਹ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸ਼ੁਰੂ ਹੋਇਆ।''

ਲਲਿਤ ਨਾਰਾਇਣ ਮਿਸ਼ਰਾ ਨਾਲ ਮਨਮੋਹਨ ਸਿੰਘ ਦਾ ਟਕਰਾਅ

ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਮੋਹਨ ਸਿੰਘ ਨੇ ਕੈਂਬਰਿਜ ਵਿੱਚ ਭਾਰਤ ਦੀ ਦਰਾਮਦਗੀ ਅਤੇ ਬਰਾਮਦਗੀ 'ਤੇ ਰਿਸਰਚ ਕੀਤੀ ਸੀ। ਕੈਂਬਰਿਜ ਤੋਂ ਵਾਪਿਸ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵਪਾਰ ਵਿਭਾਗ ਵਿੱਚ ਬਤੌਰ ਸਲਾਹਕਾਰ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ:

ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਉਨ੍ਹਾਂ ਦੀ ਜੀਵਨੀ 'ਸਟ੍ਰਿਕਟਲੀ ਪਰਸਨਲ- ਮਨਮੋਹਨ ਐਂਡ ਗੁਰਸ਼ਰਨ' ਵਿੱਚ ਲਿਖਦੀ ਹੈ, "ਮੇਰੇ ਪਿਤਾ ਆਪਣੀ ਨਿਮਰਤਾ ਨੂੰ ਛੱਡ ਕੇ ਸ਼ਰੇਆਮ ਕਹਿੰਦੇ ਸਨ ਕਿ ਉਸ ਸਮੇਂ ਵਿਦੇਸ਼ੀ ਵਪਾਰ ਦੇ ਮੁੱਦਿਆਂ 'ਤੇ ਭਾਰਤ ਵਿੱਚ ਉਨ੍ਹਾਂ ਨਾਲੋਂ ਵੱਧ ਜਾਣਨ ਵਾਲਾ ਕੋਈ ਨਹੀਂ ਸੀ। ਉਸ ਸਮੇਂ ਉਨ੍ਹਾਂ ਦੇ ਮੰਤਰੀ ਸਨ ਲਲਿਤ ਨਾਰਾਇਣ ਮਿਸ਼ਰਾ।''

"ਇੱਕ ਵਾਰ ਉਹ ਮਨਮੋਹਨ ਸਿੰਘ ਤੋਂ ਨਾਰਾਜ਼ ਹੋ ਗਏ, ਕਿਉਂਕਿ ਉਹ ਕੈਬਨਿਟ ਨੂੰ ਭੇਜੇ ਜਾਣ ਵਾਲੇ ਇੱਕ ਨੋਟ ਤੋਂ ਸਹਿਮਤ ਨਹੀਂ ਸਨ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦਿੱਲੀ ਸਕੂਲ ਆਫ਼ ਇਕਨੌਮਿਕਸ ਵਿੱਚ ਪ੍ਰੋਫ਼ੈਸਰ ਦੀ ਆਪਣੀ ਨੌਕਰੀ 'ਤੇ ਵਾਪਿਸ ਚਲੇ ਜਾਣਗੇ।''

"ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਪੀਐਨ ਹਕਸਰ ਨੂੰ ਇਸ ਬਾਰੇ ਪਤਾ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਵਾਪਿਸ ਨਹੀਂ ਜਾਓਗੇ। ਉਨ੍ਹਾਂ ਨੇ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ 'ਆਫ਼ਰ' ਕੀਤਾ। ਇਸ ਤਰ੍ਹਾਂ ਮੰਤਰੀ ਨਾਲ ਲੜਾਈ ਉਨ੍ਹਾਂ ਲਈ ਪ੍ਰਮੋਸ਼ਨ ਲੈ ਕੇ ਆਈ।''

ਨਰਸਿਮਹਾ ਰਾਓ ਨੇ ਚੁਣਿਆ ਖਜ਼ਾਨਾ ਮੰਤਰੀ

ਮਨਮੋਹਨ ਸਿੰਘ ਨੇ ਇਸ ਤੋਂ ਬਾਅਦ ਯੋਜਨਾ ਆਯੋਗ ਦੇ ਮੈਂਬਰ ਅਤੇ ਉਪ ਪ੍ਰਧਾਨ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਯੂਨੀਵਰਿਸਟੀ ਗਰਾਂਟ ਕਮਿਸ਼ਨ ਦੇ ਮੁਖੀ ਦੇ ਤੌਰ 'ਤੇ ਕੰਮ ਕੀਤਾ। ਸਾਲ 1991 ਵਿੱਚ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਭਾਰਤ ਦਾ ਖਜ਼ਾਨਾ ਮੰਤਰੀ ਬਣਾ ਦਿੱਤਾ।

ਨਰਸਿਮਹਾ ਰਾਓ ਦੇ ਜੀਵਨੀਕਾਰ ਵਿਨੇ ਸੀਤਾਪਤੀ ਦੱਸਦੇ ਹਨ, "ਨਰਸਿਮਹਾ ਰਾਓ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ। ਉਨ੍ਹਾਂ ਨੂੰ ਇੱਕ ਚਿਹਰਾ ਜਾਂ ਮਖੌਟਾ ਚਾਹੀਦਾ ਸੀ, ਜੋ ਕੌਮਾਂਤਰੀ ਮੁਦਰਾ ਕੋਸ਼ ਅਤੇ ਉਨ੍ਹਾਂ ਦੇ ਘਰੇਲੂ ਵਿਰੋਧੀਆਂ ਦੀਆਂ ਭਾਵਨਾਵਾਂ 'ਤੇ ਮਰਹਮ ਲਗਾ ਸਕੇ। ਸਾਲ 1991 ਵਿੱਚ ਪੀਸੀ ਅਲੈਗਜ਼ੈਂਡਰ ਉਨ੍ਹਾਂ ਦੇ ਸਭ ਤੋਂ ਵੱਡੇ ਸਲਾਹਕਾਰ ਸਨ।''

"ਨਰਸਿਮਹਾ ਰਾਓ ਨੇ ਪੀਸੀ ਅਲੈਗਜ਼ੈਂਡਰ ਨੂੰ ਕਿਹਾ ਕਿ ਮੈਂ ਇੱਕ ਅਜਿਹੇ ਸ਼ਖ਼ਸ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ, ਜਿਸਦੀ ਕੌਮਾਂਤਰੀ ਪੱਧਰ 'ਤੇ ਬਹੁਤ ਧਾਕ ਹੋਵੇ। ਅਲੈਗਜ਼ੈਂਡਰ ਨੇ ਉਨ੍ਹਾਂ ਨੂੰ ਆਈਜੀ ਪਟੇਲ ਦਾ ਨਾਮ ਸੁਝਾਇਆ ਜਿਹੜੇ ਇੱਕ ਸਮੇਂ 'ਚ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਸਨ ਅਤੇ ਉਸ ਸਮੇਂ ਲੰਡਨ ਸਕੂਲ ਆਫ਼ ਇਕਨੌਮਿਕਸ ਦੇ ਡਾਇਰੈਕਟਰ ਸਨ।''

"ਪਟੇਲ ਨੇ ਰਾਓ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਉਹ ਉਸ ਸਮੇਂ ਦਿੱਲੀ ਵਿੱਚ ਰਹਿਣ ਲਈ ਤਿਆਰ ਨਹੀਂ ਸਨ। ਫਿਰ ਪੀਸੀ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਦਾ ਨਾਮ ਲਿਖਿਆ। ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ 20 ਜੂਨ ਨੂੰ ਅਲੈਗਜ਼ੈਂਡਰ ਨੇ ਮਨਮੋਹਨ ਸਿੰਘ ਨੂੰ ਫ਼ੋਨ ਕੀਤਾ।''

"ਉਸ ਸਮੇਂ ਮਨਮੋਹਨ ਸਿੰਘ ਸੌ ਰਹੇ ਸਨ, ਕਿਉਂਕਿ ਉਹ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਵਾਪਿਸ ਪਰਤੇ ਸਨ। ਉਦੋਂ ਉਨ੍ਹਾਂ ਨੂੰ ਜਗਾ ਕੇ ਦੱਸਿਆ ਗਿਆ ਕਿ ਉਹ ਭਾਰਤ ਦੇ ਅਗਲੇ ਖਜ਼ਾਨਾ ਮੰਤਰੀ ਹੋਣਗੇ। ਮਨਮੋਹਨ ਸਿੰਘ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ 'ਆਫ਼ਰ' 'ਤੇ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਉਦੋਂ ਤੱਕ ਨਰਸਿਮਹਾ ਰਾਓ ਦਾ ਸਿੱਧਾ ਫ਼ੋਨ ਉਨ੍ਹਾਂ ਨੂੰ ਨਹੀਂ ਆਇਆ ਸੀ।"

"ਅਗਲੇ ਦਿਨ ਸਵੇਰੇ ਜਦੋਂ ਮਨਮੋਹਨ ਸਿੰਘ 9 ਵਜੇ ਯੂਜੀਸੀ ਦਫ਼ਤਰ ਗਏ ਉੱਥੇ ਉਨ੍ਹਾਂ ਨੂੰ ਨਰਸਿਮਹਾ ਰਾਓ ਦਾ ਫ਼ੋਨ ਆਇਆ ਕਿ 12 ਵਜੇ ਸਹੁੰ ਚੁੱਕ ਸਮਾਰੋਹ ਹੈ। ਤੁਸੀਂ ਮੇਰੇ ਕੋਲ ਉਸ ਤੋਂ ਇੱਕ ਘੰਟਾ ਪਹਿਲੇ ਆ ਜਾਇਓ, ਕਿਉਂਕਿ ਮੈਂ ਤੁਹਾਡੇ ਨਾਲ ਆਪਣੇ ਭਾਸ਼ਣ ਬਾਰੇ ਗੱਲ ਕਰਨੀ ਹੈ।"

"ਮਨਮੋਹਨ ਸਿੰਘ ਜਦੋਂ ਉੱਥੇ ਪੁੱਜੇ ਤਾਂ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਅਸੀਂ ਸਫ਼ਲ ਹੁੰਦੇ ਹਾਂ ਤਾਂ ਸਾਨੂੰ ਦੋਹਾਂ ਨੂੰ ਇਸਦਾ ਸਿਹਰਾ ਦਿੱਤਾ ਜਾਵੇਗਾ, ਪਰ ਜੇਕਰ ਅਸੀਂ ਕਾਮਯਾਬ ਨਹੀਂ ਹੋਏ ਤਾਂ ਇਸਦਾ ਦੋਸ਼ ਤੁਹਾਡੇ ਸਿਰ ਮੜਿਆ ਜਾਵੇਗਾ।''

ਕਰਜ਼ਾਈ ਸਨ ਮਨਮੋਹਨ ਸਿੰਘ ਦੇ ਪਸੰਦੀਦਾ ਵਿਦੇਸ਼ੀ ਨੇਤਾ

ਮਨਮੋਹਨ ਸਿੰਘ ਨੇ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਉਹ ਭਾਰਤ ਦੇ ਸਭ ਤੋਂ ਸਫ਼ਲ ਵਿੱਤ ਮੰਤਰੀ ਕਹਾਏ।

ਸੰਜੇ ਬਾਰੂ ਦੱਸਦੇ ਹਨ ਕਿ ਮਨਮੋਹਨ ਸਿੰਘ ਬਹੁਤ ਅੰਤਰਮੁਖੀ ਹੁੰਦੇ ਸਨ। ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗੌਰਡਨ ਬਰਾਊਨ ਅਤੇ ਚੀਨ ਦੇ ਪ੍ਰਧਾਨ ਮੰਤਰੀ ਹੂ ਜਿਨ ਤਾਓ ਵੀ ਉਨ੍ਹਾਂ ਦੀ ਤਰ੍ਹਾਂ ਘੱਟ ਗੱਲ ਕਰਨ ਵਾਲੇ ਹੋਣ ਤਾਂ ਗੱਲਬਾਤ ਅੱਗੇ ਵਧਾਉਣ ਵਿੱਚ ਮੁਸ਼ਕਿਲ ਹੁੰਦੀ ਸੀ।

ਬਾਰੂ ਕਹਿੰਦੇ ਹਨ, "ਉਹ ਬਹੁਤ ਸ਼ਰਮੀਲੇ ਅਤੇ ਚੁੱਪ ਰਹਿਣ ਵਾਲੇ ਸਨ। ਜਦੋਂ ਦੂਜੇ ਲੋਕ ਗੱਲਾਂ ਕਰਦੇ ਸਨ ਤਾਂ ਉਹ ਬਹੁਤ ਖੁਸ਼ ਹੁੰਦੇ ਸਨ ਕਿ ਉਨ੍ਹਾਂ ਨੂੰ ਬੋਲਣਾ ਨਹੀਂ ਪੈ ਰਿਹਾ। ਕੌਮਾਂਤਰੀ ਬੈਠਕਾਂ ਵਿੱਚ ਵੀ ਉਨ੍ਹਾਂ ਨੂੰ ਉਹ ਨੇਤਾ ਪਸੰਦ ਸਨ ਜਿਹੜੇ ਬਹੁਤ ਗੱਲਾਂ ਕਰਦੇ ਸਨ, ਜਿਵੇਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਕਰਜ਼ਾਈ। ਉਹ ਬਹੁਤ ਬੋਲਦੇ ਸਨ ਅਤੇ ਮਨਮੋਹਨ ਸਿੰਘ ਮੁਸਕੁਰਾਉਂਦੇ ਹੋਏ ਉਨ੍ਹਾਂ ਦੀ ਗੱਲ ਸੁਣਦੇ ਸਨ।''

ਅੰਡਾ ਉਬਾਲਣਾ ਤੱਕ ਨਹੀਂ ਆਉਂਦਾ ਮਨਮੋਹਨ ਸਿੰਘ ਨੂੰ

ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਉਨ੍ਹਾਂ 'ਤੇ ਲਿਖੀ ਜੀਵਨੀ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਦੂਜੇ ਪੱਖਾਂ 'ਤੇ ਵੀ ਰੌਸ਼ਨੀ ਪਾਈ ਹੈ।

ਦਮਨ ਸਿੰਘ ਲਿਖਦੀ ਹੈ, "ਹਰ ਦੋ ਮਹੀਨੇ ਬਾਅਦ ਸਾਡਾ ਪਰਿਵਾਰ ਬਾਹਰ ਖਾਣਾ ਖਾਣ ਜਾਂਦਾ ਸੀ। ਅਸੀਂ ਜਾਂ ਤਾਂ ਕਮਲਾ ਨਗਰ ਦੀ ਕ੍ਰਿਸ਼ਨਾ ਸਵੀਟਸ ਵਿੱਚ ਦੱਖਣ ਭਾਰਤੀ ਖਾਣਾ ਖਾਂਦੇ ਸੀ ਜਾਂ ਦਰਿਆਗੰਜ ਦੇ ਤੰਦੂਰ ਵਿੱਚ ਮੁਗਲਾਈ ਖਾਣਾ। ਚੀਨੀ ਖਾਣੇ ਵਿੱਚ ਅਸੀਂ ਮਾਲਚਾ ਰੋਡ 'ਤੇ 'ਫੂਜ਼ੀਆ' ਰੈਸਟੋਰੈਂਟ ਜਾਂਦੇ ਸੀ ਅਤੇ ਚਾਟ ਲਈ ਸਾਡੀ ਪਸੰਦ ਹੁੰਦੀ ਸੀ ਬੰਗਾਲੀ ਮਾਰਕਿਟ।''

"ਮੇਰੇ ਪਿਤਾ ਨੂੰ ਨਾ ਤਾਂ ਅੰਡਾ ਉਬਾਲਣਾ ਆਉਂਦਾ ਸੀ ਅਤੇ ਨਾ ਹੀ ਟੀਵੀ ਚਲਾਉਣਾ। ਸਾਨੂੰ ਉਨ੍ਹਾਂ ਦੀ ਸਰਕਾਰੀ ਗੱਡੀ ਵਿੱਚ ਬੈਠਣ ਦਾ ਕਦੇ ਮੌਕਾ ਨਹੀਂ ਮਿਲਿਆ। ਜੇਕਰ ਅਸੀਂ ਕਿਤੇ ਜਾ ਰਹੇ ਹੁੰਦੇ ਸੀ ਅਤੇ ਉਹ ਥਾਂ ਉਨ੍ਹਾਂ ਦੇ ਰਸਤੇ ਵਿੱਚ ਪੈਂਦੀ ਹੋਵੇ, ਤਾਂ ਵੀ ਉਹ ਸਾਨੂੰ ਆਪਣੀ ਸਰਕਾਰੀ ਗੱਡੀ ਵਿੱਚ ਨਹੀਂ ਬੈਠਣ ਦਿੰਦੇ ਸੀ। ਉਨ੍ਹਾਂ ਦੇ ਆਪਣੇ ਚੱਲਣ 'ਤੇ ਕਾਬੂ ਨਹੀਂ ਸੀ। ''

"ਇੱਕ ਵਾਰ ਜਦੋਂ ਉਹ ਤੇਜ਼ੀ ਨਾਲ ਚੱਲਣ ਲਗਦੇ ਤਾਂ ਉਨ੍ਹਾਂ ਦੀ ਰਫ਼ਤਾਰ ਚਾਹੁਣ 'ਤੇ ਵੀ ਹੌਲੀ ਨਹੀਂ ਹੁੰਦੀ ਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਨਾ ਚੱਲਣ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ।''

ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ ਮਨਮੋਹਨ

ਮਨਮੋਹਨ ਸਿੰਘ ਨੂੰ ਭਾਸ਼ਣ ਦੇਣਾ ਬਿਲਕੁਲ ਨਹੀਂ ਆਉਂਦਾ ਸੀ। ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਸੀ ਅਤੇ ਉਨ੍ਹਾਂ ਨੂੰ ਸਹੀ ਸ਼ਬਦਾਂ 'ਤੇ ਜ਼ੋਰ ਦੇਣ ਵਿੱਚ ਦਿੱਕਤ ਹੁੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਉਹ ਦੇਸ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ।

ਸੰਜੇ ਬਾਰੂ ਕਹਿੰਦੇ ਹਨ, "ਸਾਲ 2004 ਵਿੱਚ ਜਦੋਂ ਉਹ ਪਹਿਲੀ ਵਾਰ ਦੇਸ ਨੂੰ ਸੰਬੋਧਿਤ ਕਰਨ ਵਾਲੇ ਸਨ, ਤਾਂ ਉਹ ਆਪਣੇ ਭਾਸ਼ਣ ਦੀ ਪ੍ਰੈਕਟਿਸ ਕਰਦੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸਦੀ ਆਦਤ ਪੈ ਗਈ ਤਾਂ ਉਨ੍ਹਾਂ ਨੇ ਪ੍ਰੈਕਟਿਸ ਛੱਡ ਦਿੱਤੀ। ਉਨ੍ਹਾਂ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਸੀ। ਉਹ ਜਾਂ ਤਾਂ ਆਪਣਾ ਭਾਸ਼ਣ ਗੁਰਮੁੱਖੀ ਵਿੱਚ ਲਿਖਦੇ ਜਾਂ ਉਰਦੂ ਵਿੱਚ।''

"ਉਨ੍ਹਾਂ ਨੂੰ ਉਰਦੂ ਸਾਹਿਤ ਵਿੱਚ ਬਹੁਤ ਦਿਲਚਸਪੀ ਸੀ। ਉਹ ਅਕਸਰ ਆਪਣੇ ਭਾਸ਼ਣਾਂ ਵਿੱਚ ਉਰਦੂ ਦੇ ਸ਼ੇਰਾਂ ਦੀ ਵਰਤੋਂ ਕਰਦੇ ਸਨ। ਮੁੱਜ਼ਫ਼ਰ ਰਾਜ਼ਮੀ ਦਾ ਇੱਕ ਸ਼ੇਰ ਉਨ੍ਹਾਂ ਨੂੰ ਬਹੁਤ ਪੰਸਦ ਸੀ ਅਤੇ ਜਨਰਲ ਪਰਵੇਜ਼ ਮੁਸ਼ਰਫ਼ ਨੂੰ ਵੀ ਸੁਣਾਇਆ ਸੀ- ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ....ਲਮਹੋ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ...''

'ਅੰਡਰਰੇਟਡ' ਸਿਆਸਤਦਾਨ

ਮਨਮੋਹਨ ਸਿੰਘ ਬਾਰੇ ਸਾਲ 2012 ਵਿੱਚ ਇੱਕ ਦਿਲਚਸਪ ਟਿੱਪਣੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕੀਤੀ ਸੀ, "ਮੈਨੂੰ ਪਤਾ ਨਹੀਂ ਕਿ ਮਨਮੋਹਨ ਸਿੰਘ ਇੱਕ 'ਓਵਰਰੇਟਡ' ਅਰਥਸ਼ਾਸਤਰੀ ਹਨ ਜਾਂ ਨਹੀਂ, ਪਰ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਉਹ ਇੱਕ 'ਅੰਡਰਰੇਟਡ' ਸਿਆਸਦਾਨ ਜ਼ਰੂਰ ਹਨ।''

ਸੰਜੇ ਬਾਰੂ ਕਹਿੰਦੇ ਹਨ, "ਜੇਕਰ ਤੁਸੀਂ ਉਨ੍ਹਾਂ ਨੂੰ ਅਰਥਸ਼ਾਸਤਰ ਦੇ ਬੁੱਧੀਜੀਵੀ ਦੇ ਤੌਰ 'ਤੇ ਦੇਖੋਗੇ ਤਾਂ ਠੀਕ ਹੈ, ਉਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੜ੍ਹਾਈ ਕੀਤੀ ਹੈ, ਪਰ ਉਨ੍ਹਾਂ ਨੇ ਆਪਣੀ ਥੀਸਸ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੋਈ ਕਿਤਾਬ ਨਹੀਂ ਲਿਖੀ ਹੈ।''

ਇਹ ਵੀ ਪੜ੍ਹੋ:

ਦੂਜੇ ਪਾਸੇ ਸਿਆਸਤ ਵਿੱਚ ਨਵਾਂ ਹੋਣ ਦੇ ਬਾਵਜੂਦ ਉਹ 10 ਸਾਲ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਲੰਬਾ ਕਾਰਜਕਾਲ ਉਨ੍ਹਾਂ ਦਾ ਹੀ ਰਿਹਾ ਹੈ।"

ਮਨਮੋਹਨ ਸਿੰਘ ਨੂੰ ਗੁੱਸਾ ਵੀ ਆਉਂਦਾ ਹੈ

ਮਨਮੋਹਨ ਸਿੰਘ ਦੇ ਸ਼ਾਂਤ ਅਕਸ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਨ ਕਿ ਉਨ੍ਹਾਂ ਨੂੰ ਕਦੇ ਗੁੱਸਾ ਵੀ ਆਉਂਦਾ ਹੋਵੇਗਾ।

ਸੰਜੇ ਬਾਰੂ ਕਹਿੰਦੇ ਹਨ, "ਉਹ ਗੁੱਸੇ ਵੀ ਹੋ ਜਾਂਦੇ ਸਨ। ਗੁੱਸੇ ਵਿੱਚ ਉਨ੍ਹਾਂ ਦਾ ਪੂਰਾ ਮੂੰਹ ਲਾਲ ਹੋ ਜਾਂਦਾ ਸੀ। ਦੋ-ਤਿੰਨ ਵਾਰ ਮੈਨੂੰ ਵੀ ਬਹੁਤ ਝਿੜਕਾਂ ਪਈਆਂ। ਗੁੱਸੇ ਵਿੱਚ ਉਨ੍ਹਾਂ ਦੀ ਆਵਾਜ਼ ਉੱਚੀ ਹੋ ਜਾਂਦੀ ਸੀ। ਇੱਕ ਵਾਰ ਉਹ ਜੈਰਾਮ ਰਮੇਸ਼ 'ਤੇ ਨਾਰਾਜ਼ ਹੋ ਗਏ ਸੀ, ਕਿਉਂਕਿ ਉਨ੍ਹਾਂ ਨੇ ਸੋਨੀਆ ਗਾਂਧੀ ਦੀ ਇੱਕ ਚਿੱਠੀ ਲੀਕ ਕਰ ਦਿੱਤੀ ਸੀ।"

"ਉਨ੍ਹਾਂ ਨੇ ਮੇਰੇ ਸਾਹਮਣੇ ਜੈਰਾਮ ਰਮੇਸ਼ ਨੂੰ ਫ਼ੋਨ 'ਤੇ ਝਿੜਕਿਆ। ਜੈਰਾਮ ਫ਼ੋਨ 'ਤੇ ਆਪਣੀ ਸਫ਼ਾਈ ਦੇ ਰਹੇ ਸਨ, ਪਰ ਉਨ੍ਹਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਫ਼ੋਨ ਨੂੰ ਗੁੱਸੇ ਵਿੱਚ ਸੁੱਟ ਦਿੱਤਾ।''

ਮੈਂ ਬਾਰੂ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਲੋਕਾਂ ਵਿੱਚ ਉਨ੍ਹਾਂ ਦੇ ਚੰਗੇ ਅਕਸ ਨੂੰ ਪੇਸ਼ ਕਰਨਾ। ਤੁਹਾਡੇ ਲਈ ਇਹ ਕੰਮ ਕਿੰਨਾ ਮੁਸ਼ਕਿਲ ਸੀ?

ਬਾਰੂ ਦਾ ਜਵਾਬ ਸੀ, "ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਪ੍ਰੈੱਸ ਜ਼ਰੀਏ ਉਨ੍ਹਾਂ ਦਾ ਅਕਸ ਐਨਾ ਚੰਗਾ ਸੀ ਕਿ ਮੈਨੂੰ ਤਾਂ ਕੋਈ ਮਿਹਤਨ ਹੀ ਨਹੀਂ ਕਰਨੀ ਪਈ। ਉਨ੍ਹਾਂ ਨੂੰ ਵੇਚਣਾ BMW ਕਾਰ ਵਰਗਾ ਸੀ। ਉਹ ਕਾਰ ਐਨਮੀ ਚੰਗੀ ਹੈ ਕਿ ਉਸਦੇ ਲਈ ਕਿਸੇ 'ਸਲੇਜ਼ਮੈਨ' ਦੀ ਲੋੜ ਹੀ ਨਹੀਂ।''

ਮਨਮੋਹਨ ਅਤੇ ਵਾਜਪਾਈ

ਵਾਜਪਾਈ ਅਤੇ ਮਨਮੋਹਨ ਸਿੰਘ ਦੇ ਕੰਮ ਕਰਨ ਦੇ ਢੰਗ ਦੀ ਤੁਲਨਾ ਕਰਦੇ ਹੋਏ ਬਾਰੂ ਇੱਕ ਦਿਲਚਸਪ ਟਿੱਪਣੀ ਕਰਦੇ ਹਨ ਕਿ ਵਾਜਪਾਈ ਦੇ ਜ਼ਮਾਨੇ ਵਿੱਚ ਉਨ੍ਹਾਂ ਦੇ ਪ੍ਰਧਾਨ ਸਕੱਤਰ ਬ੍ਰਿਜੇਸ਼ ਮਿਸ਼ਰਾ ਪ੍ਰਧਾਨ ਮੰਤਰੀ ਦੀ ਤਰ੍ਹਾਂ ਕੰਮ ਕਰਦੇ ਸਨ ਅਤੇ ਮਨਮੋਹਨ ਸਿੰਘ ਦੇ ਜ਼ਮਾਨੇ ਵਿੱਚ ਉਹ ਯਾਨਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਸਕੱਤਰ ਦੇ ਤੌਰ 'ਤੇ ਵਿਹਾਰ ਕਰਦੇ ਸਨ।

ਇਸ ਨੂੰ ਹੋਰ ਸਮਝਾਉਂਦੇ ਹੋਏ ਬਾਰੂ ਕਹਿੰਦੇ ਹਨ, "ਸਾਡੇ ਵਿੱਚ ਇੱਕ 'ਜੋਕ' ਹੁੰਦਾ ਸੀ। ਸਾਡੇ ਨਾਲ ਕਈ ਲੋਕ ਅਜਿਹੇ ਸਨ ਜਿਹੜੇ ਵਾਜਪਾਈ ਨਾਲ ਵੀ ਕੰਮ ਕਰ ਚੁੱਕੇ ਸਨ। ਉਹ ਕਹਿੰਦੇ ਸਨ ਕਿ ਵਾਜਪਾਈ ਸਿਆਸਤਦਾਨ ਵੱਧ ਸਨ, ਪ੍ਰਸ਼ਾਸਕ ਘੱਟ ਸਨ। ਮਨਮੋਹਨ ਸਿੰਘ ਪ੍ਰਸ਼ਾਸਕ ਵੱਧ ਸਨ, ਸਿਆਸਤਦਾਨ ਘੱਟ ਸਨ।''

"ਵਾਜਪਾਈ ਨਿਰਦੇਸ਼ ਦੇ ਕੇ ਪਿੱਛੇ ਹੱਟ ਜਾਂਦੇ ਸਨ ਅਤੇ ਸਾਰਾ ਕੰਮ ਅਧਿਕਾਰੀਆਂ 'ਤੇ ਛੱਡ ਦਿੰਦੇ ਸਨ। ਬ੍ਰਿਜੇਸ਼ ਮਿਸ਼ਰਾ ਇੱਕ ਤਰ੍ਹਾਂ ਨਾਲਵ ਪ੍ਰਧਾਨ ਮੰਤਰੀ ਕਾਰਜਕਾਲ ਨੂੰ ਚਲਾਉਂਦੇ ਸਨ ਪਰ ਮਨਮੋਹਨ ਸਿੰਘ ਦਾ ਸਟਾਈਲ ਬਿਲਕੁਲ ਵੱਖਰਾ ਸੀ। ਉਹ ਵੱਧ ਤੋਂ ਵੱਧ ਸਮਾਂ ਬੈਠਕਾਂ ਵਿੱਚ ਗੁਜਾਰਦੇ ਸਨ।''

"ਨਰੇਗਾ, ਭਾਰਤ ਨਿਰਮਾਣ, ਸਰਬ-ਸਿੱਖਿਆ ਮੁਹਿੰਮ ਕਿਸੇ ਦੀ ਕੋਈ ਬੈਠਕ ਹੋ ਰਹੀ ਹੋਵੇ, ਮਨਮੋਹਨ ਸਿੰਘ ਹਮੇਸ਼ਾ ਉੱਥੇ ਮੌਜੂਦ ਰਹਿੰਦੇ ਸਨ। ਇਹ ਕੰਮ ਕਾਇਦੇ ਨਾਲ ਕੈਬਨਿਟ ਸਕੱਤਰ ਜਾਂ ਪ੍ਰਧਾਨ ਸਕੱਤਰ ਦਾ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦਾ ਨਹੀਂ।''

"ਮੈਂ ਅਕਸਰ ਉਨ੍ਹਾਂ ਨੂੰ ਹੱਸਦਾ ਸੀ ਕਿ ਬ੍ਰਿਜੇਸ਼ ਮਿਸ਼ਰਾ ਬਾਰੇ ਮਸ਼ਹੂਰ ਸੀ ਕਿ ਉਹ ਤਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰਦੇ ਸਨ ਅਤੇ ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੇ ਸਕੱਤਰ ਦੀ ਤਰ੍ਹਾਂ ਕੰਮ ਕਰਦੇ ਹੋ।''

ਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)