ਮੈਂ ਪ੍ਰੈਸ ਨਾਲ ਗੱਲਬਾਤ ਕਰਨ ਤੋਂ ਡਰਦਾ ਨਹੀਂ ਸੀ: ਮਨਮੋਹਨ ਸਿੰਘ - 5 ਅਹਿਮ ਖਬਰਾਂ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ ਜਿੰਨ੍ਹਾਂ ਉੱਤੇ ਮੀਡੀਆ ਤੋਂ ਦੂਰੀ ਬਣਾਏ ਰੱਖਣ ਦਾ ਇਲਜ਼ਾਮ ਲੱਗਦਾ ਰਿਹਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਵਿਚਾਰ ਸਾਹਮਣੇ ਰੱਖਣ ਵਿੱਚ ਕਦੇ ਵੀ ਡਰਦੇ ਨਹੀਂ ਸਨ। ਭਾਵੇਂ ਇਸ ਵਿੱਚ ਮੀਡੀਆ ਨਾਲ ਗੱਲਬਾਤ ਕਰਨਾ ਸ਼ਾਮਿਲ ਹੋਵੇ।

ਆਪਣੀ ਕਿਤਾਬ 'ਚੇਂਜਿੰਗ ਇੰਡੀਆ' ਨੂੰ ਲਾਂਚ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਮੈਂ ਸਾਈਲੈਂਟ ਪੀਐਮ ਸੀ। ਮੈਂ ਕਹਿਣਾ ਚਾਹਾਂਗਾ ਕਿ ਮੈਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਜੋ ਮੀਡੀਆ ਤੋਂ ਡਰਦਾ ਹੋਵੇ।"

"ਮੈਂ ਪ੍ਰੈਸ ਨੂੰ ਲਗਾਤਾਰ ਮਿਲਦਾ ਰਿਹਾ ਅੇਤ ਹਰੇਕ ਵਿਦੇਸ਼ ਟਰਿੱਪ ਤੇ ਮੈਂ ਪ੍ਰੈਸ ਕਾਨਫਰੰਸ ਕੀਤੀ। ਕਦੇ ਜਹਾਜ ਵਿੱਚ ਜਾਂ ਫਿਰ ਉਤਰਦਿਆਂ ਹੀ ਤੁਰੰਤ। ਇਸ ਕਿਤਾਬ ਵਿੱਚ ਵੀ ਕਈ ਅਜਿਹੀਆਂ ਹੀ ਪ੍ਰੈਸ ਕਾਨਫਰੰਸਾਂ ਦਾ ਜ਼ਿਕਰ ਹੈ।"

ਹੌਲੀ-ਹੌਲੀ ਮਿਲਣਗੇ 15 ਲੱਖ ਰੁਪਏ-ਅਠਾਵਲੇ

ਪ੍ਰਧਾਨ ਮੰਤਰੀ ਦੇ 2014 ਦੇ ਚੋਣ ਵਾਅਦਿਆਂ ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਐਨਡੀਏ ਵਿੱਚ ਸਹਿਯੋਗੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15 ਲੱਖ ਰੁਪਏ ਆਉਣਗੇ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਉਨ੍ਹਾਂ ਨੇ ਕਿਹਾ ਕਿ 15 ਲੱਖ ਰੁਪਏ ਇੱਕ ਵਾਰੀ ਵਿੱਚ ਨਹੀਂ ਆ ਜਾਣਗੇ, ਉਹ ਹੌਲੀ-ਹੌਲੀ ਲੋਕਾਂ ਨੂੰ ਮਿਲਣਗੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਜ਼ਿਆਦਾ ਪੈਸੇ ਨਹੀਂ ਹਨ ਅਤੇ ਆਰਬੀਆਈ ਤੋਂ ਪੈਸਾ ਮੰਗਿਆ ਗਿਆ ਸੀ ਪਰ ਉਹ ਪੈਸਾ ਦੇ ਨਹੀਂ ਰਹੀ ਹੈ।

ਅਠਾਵਲੇ ਮੁਤਾਬਕ ਵਾਅਦਾ ਪੂਰਾ ਕਰਨ ਵਿੱਚ ਕੁਝ ਤਕਨੀਕੀ ਮੁਸ਼ਕਿਲਾਂ ਆ ਰਹੀਆਂ ਹਨ, "ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਬਹੁਤ ਹੀ ਸਰਗਰਮ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਲ ਲੋਕਾਂ ਦੀਆਂ ਕਈ ਮੁਸ਼ਕਿਲਾਂ ਦੂਰ ਹੋਈਆਂ ਹਨ।"

ਸੱਜਣ ਕੁਮਾਰ ਦਾ ਕਾਂਗਰਸ ਤੋਂ ਅਸਤੀਫ਼ਾ

ਦਿ ਟ੍ਰਿਬਿਊਨ ਮੁਤਾਬਕ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਉਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪਿਆ ਹੈ।

ਆਪਣੇ ਅਸਤੀਫ਼ੇ ਵਿੱਚ ਸੱਜਣ ਕੁਮਾਰ ਨੇ ਲਿਖਿਆ, "ਦਿੱਲੀ ਹਾਈ ਕੋਰਟ ਵੱਲੋਂ ਮੇਰੇ ਖਿਲਾਫ਼ ਫੈਸਲਾ ਸੁਣਾਏ ਜਾਣ ਦੇ ਤੁਰੰਤ ਬਾਅਦ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।"

ਤਿੰਨ ਵਾਰੀ ਸੰਸਦ ਮੈਂਬਰ ਰਹੇ ਸੱਜਣ ਕੁਮਾਰ ਦੇ ਵਕੀਲ ਅਨਿਲ ਸ਼ਰਮਾ ਦਾ ਕਹਿਣਾ ਹੈ ਅਦਾਲਤ ਦੇ ਫੈਸਲੇ ਖਿਲਾਫ਼ ਉਹ ਸੁਪਰੀਮ ਕੋਰਟ ਵਿੱਚ ਅਪੀਲ ਕਰਣਗੇ।

99 ਫੀਸਦੀ ਵਸਤਾਂ 18% ਜੀਐਸਟੀ ਦਾਇਰੇ 'ਚ ਲਿਆਉਣ ਦੀ ਤਿਆਰੀ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ 99 ਫੀਸਦ ਵਸਤਾਂ ਨੂੰ ਜੀਐਸਟੀ ਦੀ 18 ਫੀਸਦ ਦਰ (ਸਲੈਬ) ਵਿੱਚ ਰੱਖਿਆ ਜਾਵੇ।

ਸ਼ਨੀਵਾਰ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀਐਸਟੀ ਦੀ ਸਭ ਤੋਂ ਉਪਰਲੀ ਹੱਦ 28 ਫੀਸਦ ਵਿੱਚ ਕੁੱਝ ਚੋਣਵੀਆਂ ਵਸਤਾਂ ਜਿਵੇਂ ਲਗਜ਼ਰੀ ਆਈਟਮ ਹੀ ਰਹਿ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਜੀਐਸਟੀ ਪ੍ਰਬੰਧ ਵੱਡੇ ਪੱਧਰ 'ਤੇ ਸਥਾਪਤ ਹੋ ਚੁੱਕਾ ਹੈ ਤੇ ਅਸੀਂ ਕੰਮ ਕਰਦਿਆਂ ਅਜਿਹੇ ਮੁਕਾਮ ਵਲ ਵੱਧ ਰਹੇ ਹਾਂ, ਜਿੱਥੇ 99 ਫੀਸਦ ਵਸਤਾਂ 18 ਫੀਸਦ ਜੀਐਸਟੀ ਸਲੈਬ ਦੇ ਘੇਰੇ ਵਿੱਚ ਸਹਿਜੇ ਹੀ ਆ ਜਾਣਗੀਆਂ।"

"ਅਜਿਹਾ ਕਰਨ ਤੋਂ ਬਾਅਦ ਅੱਧਾ ਜਾਂ ਇੱਕ ਫੀਸਦੀ ਲਗਜ਼ਰੀ ਵਸਤਾਂ ਹੀ ਸ਼ਾਇਦ 18 ਫੀਸਦੀ ਦੇ ਦਾਇਰੇ ਵਿੱਚੋਂ ਬਾਹਰ ਰਹਿ ਜਾਣ। ਇਸ ਵਿੱਚ ਹਵਾਈ ਜਹਾਜ, ਕਾਰ, ਸ਼ਰਾਬ, ਸਿਗਰਟ ਅਤੇ ਕੁਝ ਹੋਰ ਵਸਤਾਂ ਸ਼ਾਮਿਲ ਹੋਣਗੀਆਂ।"

ਪਟਿਆਲਾ ਦਾ ਨੌਜਵਾਨ ਆਈਪੀਐਲ ਲਈ 4.8 ਕਰੋੜ ਵਿੱਚ ਖਰੀਦਿਆ

ਹਿੰਦੁਸਤਾਨ ਟਾਈਮਜ਼ ਮੁਤਾਬਕ ਇੱਕ ਨਵਾਂ ਨਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ਪਟਿਆਲਾ ਦੇ 17 ਸਾਲਾ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਮੰਗਲਵਾਰ ਨੂੰ ਜੈਪੁਰ ਵਿੱਚ ਖਿੱਚ ਦਾ ਕੇਂਦਰ ਬਣਿਆ ਜਦੋਂ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ 4.8 ਕਰੋੜ ਰੁਪਏ ਵਿੱਚ ਖਰੀਦ ਲਿਆ।

ਇਸ ਸਾਲ ਦੇ ਸ਼ੁਰੂ ਵਿੱਚ ਪ੍ਰਭਸਿਮਰਨ ਨੇ ਪੰਜਾਬ ਦੀ ਅੰਡਰ -23 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅਮ੍ਰਿਤਸਰ ਦੇ ਖਿਲਾਫ਼ ਸਿਰਫ 301 ਗੇਂਦਾਂ ਵਿੱਚ 298 ਦੌੜਾਂ ਬਣਾਈਆਂ ਸਨ। ਦੌੜਾਂ ਦੀ ਇਹ ਝੜੀ ਉਸ ਨੇ ਭਾਰਤ ਦੀ ਅੰਡਰ-19 ਟੀਮ ਦੇ ਸ੍ਰੀਲੰਕਾ ਦੇ ਦੌਰੇ ਲਈ ਚੋਣਕਾਰਾਂ ਵੱਲੋਂ ਅਣਗੌਲਿਆਂ ਕਰਨ ਤੋਂ ਤੁਰੰਤ ਬਾਅਦ ਲਾ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)