ਹਾਮਿਦ ਦੀ ਰਿਹਾਈ ਲਈ ਲੜਨ ਵਾਲੀ ਪਾਕਿਸਤਾਨ ਦੀ ਵਕੀਲ ਰੁਖ਼ਸ਼ੰਦਾ ਨਾਜ਼ ਦੀ ਕਹਾਣੀ

    • ਲੇਖਕ, ਫਰਾਨ ਰਫ਼ੀ
    • ਰੋਲ, ਇਸਲਾਮਾਬਾਦ ਤੋਂ ਬੀਬੀਸੀ ਦੇ ਭਾਰਤੀ ਭਾਸ਼ਾਵਾਂ ਲਈ ਪੱਤਰਕਾਰ

ਮੁੰਬਈ ਦੇ ਹਾਮਿਦ ਅਨਸਾਰੀ ਪਾਕਿਸਤਾਨ ਵਿੱਚ ਛੇ ਸਾਲ ਜੇਲ੍ਹਾਂ ਵਿਚ ਕੱਟਣ ਤੋਂ ਬਾਆਦ ਮੰਗਲਵਾਰ ਨੂੰ ਭਾਰਤ ਪਰਤ ਕੇ ਆਪਣੇ ਮਾਂ-ਬਾਪ ਨੂੰ ਮਿਲੇ ਹਨ। ਹਾਮਿਦ ਦੀ ਬੰਦ ਖਲਾਸੀ ਪਿੱਛੇ ਸਭ ਤੋਂ ਵੱਧ ਮਿਹਨਤ ਕਰਨ ਵਾਲਿਆਂ ਵਿੱਚੋਂ ਇੱਕ ਹਨ-ਰੁਖ਼ਸ਼ੰਦਾ ਨਾਜ਼।

ਉਹ ਪਾਕਿਸਤਾਨ ਵਿੱਚ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਹਨ, ਜਿਨ੍ਹਾਂ ਨੇ ਸਾਲ 2014 ਵਿੱਚ ਹਾਮਿਦ ਦਾ ਕੇਸ ਆਪਣੇ ਹੱਥਾਂ ਵਿੱਚ ਲਿਆ ਅਤੇ ਹਾਮਿਦ ਦੀ ਰਿਹਾਈ ਅਤੇ ਭਾਰਤ ਵਾਪਸੀ ਤੱਕ ਹਾਮਿਦ ਦੇ ਨਾਲ ਖੜ੍ਹੇ ਰਹੇ।

ਰੁਖ਼ਸ਼ੰਦਾ ਦਾ ਜਨਮ ਪਾਕਿਸਤਾਨ ਦੇ ਕੁਇਟਾ ਸ਼ਹਿਰ ਵਿੱਚ ਹੋਇਆ। ਕੁਇਟਾ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਹੈ। ਖੈਬਰ ਪਖ਼ਤੂਨਖਵਾ ਵਿੱਚ ਵੱਸਣ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਰਿਹਾ ਅਤੇ ਰੁਖ਼ਸ਼ੰਦਾ ਦੀ ਦੇਖਪਾਲ ਇੱਥੇ ਹੀ ਹੋਈ।

ਖ਼ੈਬਰ ਵਿੱਚ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪਿਛਲੇ 25 ਸਾਲਾਂ ਤੋਂ ਇੱਥੇ ਹੀ ਵਕਾਲਤ ਕਰ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਸ਼ਹੂਰ ਵਕੀਲ ਅਸਮਾ ਜਹਾਂਗੀਰ ਤੋਂ ਪ੍ਰਭਾਵਿਤ ਹੋ ਕੇ ਵਕੀਲ ਬਣਨ ਦਾ ਫੈਸਲਾ ਲਿਆ। ਜਿਨ੍ਹਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਵਿੱਚ ਕੰਮ ਲਈ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ:

ਰੁਖ਼ਸ਼ੰਦਾ ਮੁਤਾਬਕ ਪਾਕਿਸਤਾਨ ਵਿੱਚ ਕਿਸੇ ਔਰਤ ਲਈ ਵਕਾਲਤ ਕਰਨਾ ਸੌਖਾ ਕੰਮ ਨਹੀਂ ਹੈ ਪਰ ਅਸਮਾ ਵਰਗਾ ਆਦਰਸ਼ ਸਾਹਮਣੇ ਹੋਣਾ ਬਹੁਤ ਮਦਦਗਾਰ ਹੁੰਦਾ ਹੈ।

ਉਹ ਪਾਕਿਸਤਾਨ ਵਿੱਚ ਕਾਫੀ ਸਰਗਰਮ ਰਹੇ ਹਨ ਅਤੇ ਜੇਲ੍ਹਾਂ ਵਿੱਚ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ।

"ਮੈਂ ਜ਼ਿਆਦਾਤਰ ਹਾਸ਼ੀਏ ਤੇ ਧੱਕੀਆਂ ਬਿਰਾਦਰੀਆਂ ਨਾਲ ਕੰਮ ਕਰਦੀ ਹਾਂ, ਉਹ ਧਾਰਮਿਕ ਘੱਟ ਗਿਣਤੀਆਂ ਵੀ ਹੋ ਸਕਦੀਆਂ ਹਨ ਤੇ ਮੁਸ਼ਕਿਲਾਂ ਵਿੱਚ ਫਸੀਆਂ ਔਰਤਾਂ ਵੀ।"

ਉਨ੍ਹਾਂ ਅੱਗੇ ਕਿਹਾ, " ਮੈਂ ਦੇਸ ਦੇ ਅੰਦਰ ਹੀ ਉਜੜੀਆਂ ਔਰਤਾਂ ਨਾਲ ਵੀ ਕੰਮ ਕਰਦੀ ਹਾਂ ਅਤੇ ਵੂਮੈੱਨ ਕਰਾਈਸਿਸ ਸ਼ੈਲਟਰ ਦੀ ਸੰਸਥਾਪਕ ਮੈਂਬਰ ਹਾਂ, ਜੋ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਦੀ ਮਦਦ ਕਰਦੀ ਹੈ।"

ਇੱਕ ਭਾਰਤੀ ਦੀ ਪਹਿਲਾਂ ਵੀ ਰਿਹਾਈ ਕਰਵਾਈ

ਸਾਲ 1919 ਵਿੱਚ ਉਨ੍ਹਾਂ ਨੇ ਅਸ਼ੋਕ ਕੁਮਾਰ ਦੇ ਕੇਸ ਤੇ ਕੰਮ ਕੀਤਾ- ਜਿਸ ਨੇ ਆਪਣੇ ਤਿੰਨ ਬੱਚਿਆਂ ਨਾਲ ਸਰਹੱਦ ਪਾਰ ਕਰ ਲਈ ਸੀ ਤੇ ਲੰਡੀ ਕੋਟਲ ਤੋਂ ਜਾਸੂਸੀ ਦੇ ਇਲਜ਼ਾਮਾਂ ਵਿੱਚ ਫੜੇ ਗਏ ਸਨ ਕਿਉਂਕਿ ਉਨ੍ਹਾਂ ਕੋਲ ਸਹੀ ਵੀਜ਼ਾ ਨਹੀਂ ਸੀ।

ਦੋ ਸਾਲ ਦੀ ਜੱਦੋਜਹਿਦ ਤੋਂ ਬਾਅਦ ਉਨ੍ਹਾਂ ਨੇ ਅਸ਼ੋਕ ਨੂੰ ਬਰੀ ਕਰਾ ਕੇ ਰਿਹਾ ਕਰਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ।

ਰੁਖ਼ਸ਼ੰਦਾ ਨੂੰ ਸਾਲ ਦ2014 ਵਿੱਚ ਭਾਰਤ ਤੋਂ ਇੱਕ ਪੱਤਰਕਾਰ ਰੀਟਾ ਮਨਚੰਦਾ ਨੇ ਸੰਪਰਕ ਕੀਤਾ ਸੀ। ਰੀਟਾ ਰੁਖ਼ਸ਼ੰਦਾ ਨੂੰ ਅਸ਼ੋਕ ਦੇ ਕੇਸ ਕਾਰਨ ਹੀ ਜਾਣਦੇ ਸਨ ਅਤੇ ਹਾਮਿਦ ਬਾਰੇ ਦੱਸਿਆ।

ਰੁਖ਼ਸ਼ੰਦਾ ਨੇ ਰੀਟਾ ਨਾਲ ਹੋਈ ਗੱਲਬਾਤ ਬਾਰੇ ਦੱਸਿਆ, "ਉਨ੍ਹਾਂ ਕਿਹਾ ਕਿ ਇੱਕ ਮੁੰਡਾ ਸੀ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਜਿਉਂਦਾ ਵੀ ਹੈ ਜਾਂ ਨਹੀਂ।" ਰੁਖ਼ਸ਼ੰਦਾ ਨੇ ਰੀਟਾ ਨੂੰ ਹਾਮਿਦ ਦੇ ਮਾਪਿਆਂ ਨਾਲ ਸੰਪਰਕ ਕਰਵਾਉਣ ਲਈ ਕਿਹਾ ਤਾਂ ਜੋ ਹਾਮਿਦ ਦੇ ਕੇਸ ਬਾਰੇ ਹੋਰ ਜਾਣਕਾਰੀ ਮਿਲ ਸਕੇ।

ਉਸ ਸਮੇਂ ਰੁਖ਼ਸ਼ੰਦਾ ਕਰਾਚੀ ਵਿੱਚ ਸਨ। ਹਾਮਿਦ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਭੇਜੇ ਅਤੇ ਮਿਲਣ ਲਈ ਪੇਸ਼ਾਵਰ ਵੀ ਗਏ। ਰੁਖ਼ਸ਼ੰਦਾ ਨੇ ਇੱਕ ਹੋਰ ਸੀਨੀਅਰ ਵਕੀਲ ਕਾਜ਼ੀ ਮੁਹੰਮਦ ਅਨਵਰ ਨਾਲ ਮਿਲ ਕੇ ਕੇਸ ਆਪਣੇ ਹੱਥੀਂ ਲੈ ਲਿਆ ਅਤੇ ਬਿਨਾਂ ਫੀਸ ਦੇ ਲੜਿਆ।

ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦਾ ਡਰ

ਰੁਖ਼ਸ਼ੰਦਾ ਨੇ ਬੀਬੀਸੀ ਨੂੰ ਦੱਸਿਆ ਸਾਰੇ ਕੇਸ ਦੌਰਾਨ ਹੀ ਉਨ੍ਹਾਂ ਨੂੰ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦੇ ਵਿਗੜਨ ਦੀ ਫਿਕਰ ਲੱਗੀ ਰਹਿੰਦੀ ਸੀ।

ਉਨ੍ਹਾਂ ਨੂੰ ਡਰ ਸੀ ਕਿ ਵਿਗੜੇ ਰਿਸ਼ਤਿਆਂ ਦਾ ਅਸਰ ਹਾਮਿਦ ਦੇ ਕੇਸ ਉੱਪਰ ਜ਼ਰੂਰ ਪਵੇਗਾ। ਦੂਸਰੇ ਪਾਸੇ ਉਹ ਨਹੀਂ ਚਾਹੁੰਦੇ ਕਿ ਕੇਸ ਦੀ ਬਹੁਤੀ ਚਰਚਾ ਹੋਵੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਹ ਕੇਸ ਭਾਰਤ ਅਤੇ ਪਾਕਿਸਤਾਨ ਦੀ ਵਿਦੇਸ਼ ਨੀਤੀ ਵਿੱਚ ਵਰਤਿਆ ਜਾਵੇ।

ਇਹ ਵੀ ਪੜ੍ਹੋ:

ਰੁਖ਼ਸ਼ੰਦਾ ਕੇਸ ਦੇ ਦੌਰਾਨ ਹਾਮਿਦ ਦੇ ਕਾਫ਼ੀ ਨਜ਼ਦੀਕ ਆ ਗਏ ਸਨ। ਇਸ ਬਾਰੇ ਉਨ੍ਹਾਂ ਦੱਸਿਆ, "ਕਦੇ-ਕਦੇ ਜੇਲ੍ਹ ਵਾਲੇ ਮੈਨੂੰ ਹਾਮਿਦ ਨਾਲ ਤਿੰਨ-ਤਿੰਨ ਦਿਨ ਨਾ ਮਿਲਣ ਦਿੰਦੇ। ਉਹ ਮੇਰੀ ਉਡੀਕ ਕਰਦਾ ਰਿਹੰਦਾ ਕਿਉਂਕਿ ਉਸ ਨੂੰ ਮਿਲਣ ਵਾਲੀ ਮੈਂ ਹੀ ਇਕੱਲੀ ਸ਼ਖਸ ਸੀ। ਉਸ ਨੂੰ ਕਾਊਂਸਲਰ ਨਾਲ ਵੀ ਨਹੀਂ ਸੀ ਮਿਲਣ ਦਿੱਤਾ ਜਾਂਦਾ।"

ਉਨ੍ਹਾਂ ਨੇ ਯਾਦ ਕਰਕੇ ਦੱਸਿਆ ਕਿ ਹਾਮਿਦ ਦਾ ਪੇਟ ਖ਼ਰਾਬ ਰਹਿੰਦਾ ਸੀ ਇਸ ਲਈ ਉਹ ਪੂਰੀ ਕੋਸ਼ਿਸ਼ ਕਰਦੇ ਸਨ ਕਿ ਉਸ ਨੂੰ ਦਹੀਂ ਚੌਲ ਹੀ ਮਿਲਣ।

“ਮੇਰਾ ਸਭ ਤੋਂ ਪਿਆਰਾ ਕੈਦੀ”

"ਮੈਂ ਇਹ ਵੀ ਦੇਖਦੀ ਕਿ ਉਸ ਨੂੰ ਸੁੱਕਾ ਦੁੱਧ ਮਿਲੇ ਜੋ ਉਸ ਨੂੰ ਬਹੁਤ ਪਸੰਦ ਸੀ। ਉਸਨੂੰ ਮੈਗੀ ਵੀ ਪਸੰਦ ਸੀ ਅਤੇ ਮਿਓਨੀਜ਼, ਸ਼ੈਡਰ ਚੀਜ਼ ਅਤੇ ਬਰਗਰ ਵੀ ਮੰਗਦਾ ਸੀI"

ਉਨ੍ਹਾਂ ਨੇ ਹਸਦੇ ਹੋਏ ਦੱਸਿਆ, "ਜੇਲ੍ਹ ਵਾਲੇ ਕਹਿੰਦੇ ਸਨ ਕਿ ਇਹ ਮੇਰਾ ਸਭ ਤੋਂ ਪਿਆਰਾ ਕੈਦੀ ਹੈ।"

ਰੁਖ਼ਸ਼ੰਦਾ ਦਾ ਕਹਿਣਾ ਹੈ ਕਿ ਹਮਿਦ ਦੇ ਮਾਤਾ ਨੂੰ ਵੀ ਹੈਰਾਨੀ ਹੋਈ ਕਿ ਹਾਮਿਦ ਬਰਗਰ ਖਾਣ ਲੱਗ ਪਿਆ ਹੈ। "ਪਰ ਮੈਂ ਉਨ੍ਹਾਂ ਨੂੰ ਦਸਦੀ ਕਿ ਹਾਮਿਦ ਪੇਸ਼ਾਵਰ ਵਿੱਚ ਸਾਡਾ ਮਹਿਮਾਨ ਹੈ, ਅਸੀਂ ਉਸ ਨੂੰ ਸ਼ਿਨਵਰੀ ਪੁਲਾਓ ਅਤੇ ਚੀਜ਼ ਬਰਗਰ ਖੁਆਉਂਦੇ ਹਾਂ। ਫੇਰ ਹਾਮਿਦ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਸਦੇ ਕੱਪੜੇ ਤੰਗ ਹੋ ਗਏ ਹਨ।"

ਰੁਖ਼ਸ਼ੰਦਾ ਨੇ ਦੱਸਿਆ ਕਿ ਉਹ ਹਾਮਿਦ ਨੂੰ ਉਨ੍ਹਾਂ ਦੀ ਮਾਂ ਦੇ ਸੁਨੇਹੇ ਦਿੰਦੀ ਅਤੇ ਹਾਮਿਦ ਨੂੰ ਇਹ ਵੀ ਪੁੱਛਦੀ ਕਿ ਉਸ ਨੇ ਘਰ ਕੋਈ ਸੁਨੇਹਾ ਭੇਜਣਾ ਹੈ।

"ਜੇਲ੍ਹ ਵਿੱਚ, ਉਸ ਨੇ ਹੱਥ ਦੀ ਕਾਰੀਗਰੀ ਕਰਨੀ ਵੀ ਸਿੱਖੀ। ਉਸ ਨੇ ਮੈਨੂੰ ਮਾਚਿਸ ਦੀਆਂ ਤੀਲ੍ਹੀਆਂ ਦਾ ਬਣਿਆ ਇੱਕ ਘਰ ਤੋਹਫ਼ੇ ਵਿੱਚ ਦਿੱਤਾ। ਇੱਕ ਪਰਸ ਜਿਸ ਤੇ ਇਮਬ੍ਰੋਇਡਰੀ ਕੀਤੀ ਸੀ ਅਤੇ ਪੈਨ ਜਿਨ੍ਹਾਂ ਉਪਰ ਮੇਰਾ ਨਾਮ ਖੁਣਿਆ ਹੋਇਆ ਸੀ। ਇਹ ਸਭ ਉਸੇ ਨੇ ਬਣਾਇਆ ਸੀ। ਇਹ ਉਸਦਾ ਪਿਆਰ ਅਤੇ ਧੰਨਵਾਦ ਪ੍ਰਗਟਾਉਣ ਦਾ ਢੰਗ ਸੀ।"

ਆਖ਼ਰੀ ਮੁਲਾਕਾਤ ਵਿੱਚ ਰੁਖ਼ਸ਼ੰਦਾ ਅਤੇ ਹਾਮਿਦ ਨੇ ਭਵਿੱਖ ਬਾਰੇ ਚਰਚਾ ਕੀਤੀ। ਉਹ ਭਾਰਤ ਕਿਵੇਂ ਜਾਵੇਗਾ ਤੇ ਕਿਹੜੇ ਕੱਪੜੇ ਪਾਵੇਗਾ। ਉਨ੍ਹਾਂ ਦੱਸਿਆ, "ਮੈਂ ਉਸ ਨੂੰ ਸੌਗਾਤ ਵਜੋਂ ਇੱਕ ਚਿਤਰਾਲੀ ਟੋਪੀ ਦਿੱਤੀ"

ਅੰਤ ਵਿੱਚ ਰੁਖ਼ਸ਼ੰਦਾ ਨੇ ਕਿਹਾ ਕਿ ਉਨ੍ਹਾਂ ਨੂੰ ਹਾਮਿਦ ਦੇ ਆਪਣੇ ਪਰਿਵਾਰ ਨਾਲ ਮਿਲਣ ਦੀ ਬਹੁਤ ਜਿਆਦਾ ਖ਼ੁਸ਼ੀ ਹੈ।

"ਮੈਂ ਹਾਮਿਦ ਨਾਲ ਆਪਣੇ ਕੋਲ ਪਏ ਸਾਰੇ ਕਾਗਜ਼ਾਤ ਨਸ਼ਟ ਕਰ ਦਿਆਂਗੀ ਕਿਉਂਕਿ ਉਨ੍ਹਾਂ ਵਿੱਚ ਉਸਦੀਆਂ ਨਿੱਜੀ ਗੱਲਾਂ ਹਨ ਪਰ ਮੈਂ ਉਸ ਵੱਲੋਂ ਦਿੱਤੇ ਸਾਰੇ ਤੋਹਫਿਆਂ ਦੀ ਫੋਟੋ ਜੜਾ ਕੇ ਇੱਕ ਮੋਮੈਂਟੋ ਵਜੋਂ ਸੰਭਾਲਾਂਗੀ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)