ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਵਾਹਗਾ ਰਾਹੀਂ ਭਾਰਤ ਪਹੁੰਚੇ- ‘ਵੀਰਜ਼ਾਰਾ’ ਨਾਲ ਕੁਝ-ਕੁਝ ਮਿਲਦੀ ਇੱਕ ਅਸਲ ਕਹਾਣੀ

ਪਾਕਿਸਤਾਨੀ ਦੀ ਪਿਸ਼ਾਵਰ ਜੇਲ੍ਹ 'ਚ ਜਾਸੂਸੀ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਜੁਰਮ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਰਿਹਾਈ ਤੋਂ ਬਾਅਦ ਭਾਰਤ ਪਹੁੰਚ ਗਿਆ ਹੈ।

ਹਾਮਿਦ ਹੁਣ ਕੁਝ ਸਮਾਂ ਪਹਿਲਾਂ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ ਹੈ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ।

ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ।''

"ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਕੀਤਾ ਅਤੇ ਸਾਡੀ ਆਵਾਜ਼ ਚੁੱਕੀ। ਜੱਸ ਉੱਪਲ ਨਾਮ ਦੀ ਇੱਕ ਕੁੜੀ ਨੇ ਯੂਕੇ ਤੋਂ ਮਦਦ ਕੀਤੀ। ਐਡਵੋਕੇਟ ਅਰਵਿੰਦ ਸ਼ਰਮਾ ਨੇ ਬਿਨਾਂ ਕਿਸੇ ਫੀਸ ਤੋਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਾਇਆ।"

ਫੌਜੀਆ ਅੰਸਾਰੀ ਨੇ ਦੱਸਿਆ, "ਹਾਮਿਦ ਨੂੰ ਚਾਕਲੇਟ ਬਹੁਤ ਪਸੰਦ ਹਨ ਇਸ ਲਈ ਮੈਂ ਉਸ ਦੇ ਲਈ ਚਾਕਲੇਟ ਲੈ ਕੇ ਆਈ ਹਾਂ। ਇਸ ਦੇ ਨਾਲ ਹੀ ਉਸ ਨੂੰ ਆਲੂ ਮਟਰ ਵੀ ਕਾਫੀ ਪਸੰਦ ਹਨ, ਮਟਰ ਭਾਵੇਂ ਕਿੰਨੇ ਵੀ ਖੁਆ ਦਿਓ ਹਾਮਿਦ ਨੂੰ।''

ਪਿਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਸੀ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਸਕੇ।

ਕਥਿਤ ਤੌਰ 'ਤੇ ਸਾਲ 2012 'ਚ ਫੇਸਬੁੱਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ।

ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ ਸ਼ਹਿਰ ਤੋਂ ਹਿਰਾਸਤ 'ਚ ਲਿਆ ਗਿਆ ਸੀ।

ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਕੁਹਾਟ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ?

ਇਹ ਵੀ ਪੜ੍ਹੋ:

ਬੀਬੀਸੀ ਪੱਤਰਕਾਰ ਸ਼ਿਰਾਜ ਹਸਨ ਦੀ ਰਿਪੋਰਟ:

33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹਾਮਿਦ ਨੇ ਮੁੰਬਈ ਦੇ ਇੱਕ ਕਾਲਜ 'ਚ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ।

ਉਨ੍ਹਾਂ ਦੀ ਮਾਂ ਫੌਜੀਆ ਅੰਸਾਰੀ ਮੁੰਬਈ 'ਚ ਹਿੰਦੀ ਦੇ ਪ੍ਰੋਫੈਸਰ ਹਨ ਅਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਅਤੇ ਉਨ੍ਹਾਂ ਦੇ ਇੱਕ ਭਰਾ ਦੰਦਾਂ ਦੇ ਡਾਕਟਰ ਹਨ।

ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨੂੰ ਦੱਸਿਆ, "ਹਾਮਿਦ ਨੂੰ ਪਾਕਿਸਤਾਨ ਜਾਣ ਦੀ ਖਾਹਿਸ਼ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।"

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹਾ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਬਜ਼ਿਦ ਸਨ।

ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸੇ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ।

ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਾਨਕ ਲੋਕਾਂ ਨਾਲ ਫੇਸਬੁਕ ਰਾਹੀਂ ਸੰਪਰਕ ਕੀਤਾ।

ਕਾਬੁਲ ਦੇ ਰਸਤਿਓਂ ਪਹੁੰਚੇ ਕੋਹਾਟ

ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਜਾਣ ਵਾਲੀ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਏਅਰਲਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ।

ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਦਾ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ।

ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ।

ਹਾਮਿਦ ਅੰਸਾਰੀ ਕਥਿਤ ਤੌਰ 'ਤੇ ਕਾਬੁਲ ਤੋਂ ਜਲਾਲਾਬਾਦ (ਅਫਗਾਨਿਸਤਾਨ) ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਤੋਂ ਬਿਨਾਂ ਤੁਰਖਮ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ।

ਪੁਲਿਸ ਦਾ ਕਹਿਣਾ ਹੈ ਕਿ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਵਰਤਿਆ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਵਜੋਂ ਹਿਰਾਸਤ 'ਚ ਲੈ ਲਿਆ।

ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲਬਾਤ ਬੰਦ ਹੋਣ ਮਗਰੋਂ ਉਨ੍ਹਾਂ ਨੇ ਹਾਮਿਦ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਈ ਗੱਲਬਾਤ ਪੜ੍ਹੀ।

ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ।

ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਾਹ ਚੁਣਿਆ ਸੀ।

ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਮੰਨਿਆ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਦੇ ਤੁਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ ਸਨ।

ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?

ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨਾਂ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਪਹੁੰਚਣ 'ਚ ਉਨ੍ਹਾਂ ਦਾ ਮਦਦ ਕਰ ਸਕਣ।

ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹਨ ਜਾਂ ਫਰਜ਼ੀ ਇਸ ਦੀ ਪੁਸ਼ਟੀ ਹਾਲੇ ਸੰਭਵ ਨਹੀਂ ਹੈ।

ਪਰ ਮਾਰਚ 2010 ਤੋਂ ਨਵੰਬਰ 2012 ਦਰਮਿਆਨ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾ ਉਰ ਰਹਿਮਾਨ ਵੀ ਸ਼ਾਮਿਲ ਸਨ।

ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਂਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ।

ਗੁੰਮਸ਼ੁਦਗੀ ਤੇ 3 ਸਾਲ ਦੀ ਕੈਦ

2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪਿਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ‘ਹੇਬੀਅਸ ਕਾਰਪਸ ਪਟੀਸ਼ਨ’ ਦਾਇਰ ਕੀਤੀ।

ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ।

ਫਰਵਰੀ 2016 'ਚ ਫੌਜੀ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਉਸ ਵੇਲੇ ਸਰਕਾਰੀ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ।

ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਤੇ ਬਰਾਮਦਗੀ

ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਵੀ ਹੈ।

ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ।

ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।

ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਰਾਹੀਂ ਹੀ ਫੌਜੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ।

ਇਹ ਵੀ ਪੜ੍ਹੋ-

ਫੌਜੀਆ ਵੱਲੋਂ ਲਿਖੀ ਗਈ ਚਿੱਠੀ 'ਚ "ਲਿਲਾਹ ਰਹਿਮ ਕੀਜੀਏ" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ।

ਮਨੁ੍ੱਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਉਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ।

ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ।

ਗੁੰਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ।

ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ।

ਰਿਹਾਈ ਕਦੋਂ ਹੋਵੋਗੀ?

ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ।

ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ।

ਪਿਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ।

ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ।

ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪਿਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।

ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ।

ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ।

ਦਿਨ ਗਿ ਰਹੇ ਹਨ ਹਾਮਿਦ ਅੰਸਾਰੀ

ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ।

ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ।

ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ।

30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ।

ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, "ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)