ਜੱਸੀ ਹੈਲਪ-ਹੈਲਪ ਚੀਕੀ ਤਾਂ ਮੈਂ ਬਾਹਰ ਆ ਗਿਆ- ਮਿੱਠੂ ਸਿੱਧੂ

ਕੈਨੇਡਾ ਦੇ ਬੀਸੀ ਦੀ ਕੋਰਟ ਆਫ਼ ਅਪੀਲ ਨੇ ਬਹੁਚਰਚਿਤ ਜੱਸੀ ਸਿੱਧੂ ਕਤਲ ਮਾਮਲੇ ਵਿਚ ਮ੍ਰਿਤਕਾ ਦੀ ਮਾਂ ਤੇ ਮਾਮੇ ਨੂੰ ਭਾਰਤ ਹਵਾਲੇ ਨਾ ਕਰਨ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਅਦਾਲਤ ਨੇ ਇਹ ਫ਼ੈਸਲਾ ਬੀਤੇ 5 ਤੋਂ 7 ਨਵੰਬਰ ਨੂੰ ਹੋਈ ਮਾਮਲੇ ਦੀ ਤਿੰਨ ਦਿਨਾਂ ਦੀ ਸੁਣਵਾਈ ਦੇ ਆਧਾਰ ਉੱਤੇ ਸੁਣਾਇਆ ਹੈ।

ਮ੍ਰਿਤਕਾ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਉੱਤੇ ਆਪਣੀ ਹੀ ਧੀ ਦਾ ਅਣਖ਼ ਖਾਤਰ ਕਤਲ ਕਰਵਾਉਣ ਦਾ ਭਾਰਤ ਵਿਚ ਕੇਸ ਦਰਜ ਹੈ। ਜੂਨ 2000 ਦੇ ਇਸ ਮਾਮਲੇ ਵਿਚ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਭਾਰਤ ਹਵਾਲੇ ਨਾ ਕਰਨ ਦੀ ਪਟੀਸ਼ਨ ਪਾਈ ਗਈ ਸੀ।

2017 ਵਿਚ ਜਦੋਂ ਪੰਜਾਬ ਪੁਲਿਸ ਦੀ ਟੀਮ ਮਲਕੀਤ ਕੌਰ ਤੇ ਸੁਰਜੀਤ ਬਦੇਸ਼ਾ ਨੂੰ ਲੈਣ ਕੈਨੇਡਾ ਗਈ ਸੀ ਤਾਂ ਐਨ ਵਾਪਸੀ ਤੋਂ ਪਹਿਲਾਂ ਅਦਾਲਤ ਨੇ ਰੋਕ ਲਗਾ ਦਿੱਤੀ ਸੀ।

8 ਨਵੰਬਰ ਸਾਲ 2000 'ਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਸਿੱਧੂ ਤੇ ਉਸਦੀ ਪਤਨੀ ਜੱਸੀ ਸਿੱਧੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ। ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ।

ਇਹ ਵੀ ਪੜ੍ਹੋ :

2017 ਵਿਚ ਜਦੋਂ ਮਲਕੀਤ ਕੌਰ ਤੇ ਬਦੇਸ਼ਾ ਨੂੰ ਭਾਰਤ ਭੇਜਣ ਦਾ ਹੁਕਮ ਹੋਇਆ ਤੇ ਫਿਰ ਰੋਕ ਲੱਗੀ ਉਦੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਨੇ ਜੱਸੀ ਬਾਰੇ ਮਿੱਠੂ ਸਿੱਧੂ ਨਾਲ ਖਾਸ ਗੱਲਬਾਤ ਕੀਤੀ ਸੀ। ਪੇਸ਼ ਹੈ ਉਸਦੇ ਕੁਝ ਅੰਸ਼-

'ਮੈਨੂੰ ਅੱਜ ਵੀ ਜਾਨ ਦਾ ਖ਼ਤਰਾ ਹੈ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ।

ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦੇ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ।

23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ ਹਾਂ।

1994 ਦੇ ਨਵੰਬਰ ਮਹੀਨੇ ਦੀ ਸ਼ਾਮ ਦਾ ਠੰਡਾ ਜਿਹਾ ਦਿਨ ਸੀ। ਜਦੋਂ ਮੈਂ ਜਗਰਾਉਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ 'ਤੇ ਪਿੰਡ ਜਾਣ ਲਈ ਦੋਸਤਾਂ ਨਾਲ ਸਵਾਰੀ ਟੈਂਪੂ ਦੀ ਉਡੀਕ ਵਿੱਚ ਖੜਾ ਸੀ। ਉਦੋਂ ਮੇਰੀ ਉਮਰ ਵੀਹ ਸਾਲ ਦੀ ਹੋਵੇਗੀ ਤੇ ਇੰਨੇ ਕੁ ਸਾਲ ਦੀ ਇੱਕ ਸੋਹਣੀ ਸੁਨੱਖੀ ਲੰਮੇ ਕੱਦ ਵਾਲੀ ਮੁਟਿਆਰ ਦੂਰੋਂ ਆਉਂਦੀ ਦਿਖੀ।

ਉਸ ਸਫ਼ਰ ਨੇ ਜ਼ਿੰਦਗੀ ਬਦਲ ਦਿੱਤੀ

ਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮੈਂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਉਸ ਸਮੇਂ ਜੱਸੀ ਟੈਂਪੂ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ, ਜਿਥੇ ਮੈਂ ਖੜਾ ਸੀ। ਛੇ ਕਿੱਲੋਮੀਟਰ ਦੇ ਸਫ਼ਰ 'ਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ।

ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮੇਰੇ ਦੋ ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਾਧਾਰਨ ਘਰ ਵੱਲ ਖੁੱਲ੍ਹਦਾ ਸੀ। ਆਜ਼ਾਦ ਖਿਆਲਾਂ ਵਾਲੀ ਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖ਼ੁਦ ਸਕੂਟਰ ਚਲਾ ਕੇ ਮੇਰੇ ਘਰ ਅੱਗੇ ਪਹੁੰਚ ਗਈ।

ਇਹ ਵੀ ਪੜ੍ਹੋ:

ਉਥੇ ਸਕੂਟਰ ਬੰਦ ਕਰਕੇ 'ਹੈਲਪ-ਹੈਲਪ' ਚੀਕੀ ਤਾਂ ਮੈਂ ਘਰੋਂ ਬਾਹਰ ਆ ਗਿਆ। ਮੈਂ ਸਕੂਟਰ ਸਟਾਰਟ ਕਰ ਦਿੱਤਾ। ਨਾਲ ਹੀ ਮੈਂ ਕਿਹਾ ਕਿ ਗੱਲ ਕਰਨੀ ਮੰਗਦਾ ਹਾਂ। ਅੱਗੋਂ ਜਵਾਬ ਹਾਂ ਵਿੱਚ ਮਿਲਿਆ ਤੇ ਜਾਂਦੀ ਹੋਈ ਜੱਸੀ ਦੱਸ ਗਈ ਕਿ ਉਸਨੇ ਭਲਕੇ ਮੁੜ ਜਗਰਾਉਂ ਜਾਣਾ ਤੇ ਮੈਨੂੰ ਵੀ ਆਉਣ ਦਾ ਸੱਦਾ ਦੇ ਗਈ।

ਮੁਲਾਕਾਤ ਹੋਈ ਪਰ ਗੱਲਬਾਤ ਨਹੀਂ

ਅਗਲੇ ਦਿਨ ਅਸੀਂ ਜਗਰਾਉਂ ਮਿਲੇ ਤੇ ਵਾਪਸ ਪਰਤੇ ਪਰ ਗੱਲ ਕੋਈ ਨਾ ਹੋ ਸਕੀ। ਬਾਅਦ ਵਿੱਚ ਅਸੀਂ ਗੁਆਂਢ ਦੇ ਹੀ ਇੱਕ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੀਆਂ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ।

ਮੇਰਾ ਦਿਲ ਬੈਠ ਗਿਆ ਤੇ ਜੱਸੀ ਵੀ ਜਾਣਾ ਨਹੀਂ ਸੀ ਚਾਹੁੰਦੀ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ ਪੰਦਰਾਂ ਦਿਨ ਲਈ ਹੋਰ ਰੁਕੀ ਰਹੀ।

ਪੜ੍ਹਣ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਉਹ ਵਿਆਹ ਕਰਵਾ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਅਕਸਰ ਕੈਨੇਡਾ ਵਿੱਚ ਵੱਖਰਾ ਘਰ ਲੈ ਕੇ ਮੇਰੇ ਨਾਲ ਰਹਿਣ ਦੀਆਂ ਗੱਲਾਂ ਕਰਦੀ ਸੀ।

ਜਦੋਂ ਪੰਦਰਾਂ ਦਿਨਾਂ ਮਗਰੋਂ ਜੱਸੀ ਕੈਨੇਡਾ ਲਈ ਉਡਾਰੀ ਮਾਰ ਗਈ। ਫਿਰ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋਇਆ। ਚਿੱਠੀ ਅੰਗਰੇਜ਼ੀ ਵਿੱਚ ਆਉਂਦੀ ਹੋਣ ਕਰਕੇ ਮੈਂਨੂੰ ਕਿਸੇ ਤੋਂ ਪੜ੍ਹਾਉਣੀ ਪੈਂਦੀ ਸੀ। ਮਹੀਨੇ ਵਿੱਚ ਇੱਕ ਵਾਰ ਜਗਰਾਉਂ ਦੇ ਇੱਕ ਪੀ.ਸੀ.ਓ. 'ਤੇ ਜੱਸੀ ਦਾ ਫੋਨ ਆਉਂਦਾ।

ਜੱਸੀ ਨਾਲ ਬਿਤਾਇਆ ਉਹ ਮੇਰਾ ਆਖ਼ਰੀ ਦਿਨ

ਇਸ ਤਰ੍ਹਾਂ ਪੰਜ ਸਾਲ ਬੀਤੇ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਤੇ ਦੋ ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰਡ ਕਰਵਾ ਲਿਆ।

ਕਹਾਣੀ ਵਿੱਚ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮੈਨੂੰ ਉੱਥੇ ਸੱਦਣ ਲਈ ਪੇਪਰ ਅਪਲਾਈ ਕੀਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਹੋਇਆ।

ਜੱਸੀ ਇੰਨੀ ਦਲੇਰ ਕੁੜੀ ਸੀ ਕਿ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਉਸ ਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਮੇਰੇ ਤੇ ਮੇਰੇ ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾਇਆ।

ਇਸ ਪਿੱਛੋਂ ਜੱਸੀ ਤੇ ਮੈਂ ਰਿਸ਼ਤੇਦਾਰੀਆਂ ਵਿੱਚ ਲੁਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ ਚਾਰ ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮੇਰੇ ਤੇ ਜੱਸੀ 'ਤੇ ਹਮਲਾ ਹੋ ਗਿਆ।'

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)