ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਆਈ 'ਕੁੜੀਆਂ ਦੀ ਜਿੱਤ' ਦੀ ਖ਼ਬਰ

ਪੰਜਾਬ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲ 'ਤੇ ਸਮੇਂ ਸੀਮਾ ਦੀ ਪਾਬੰਦੀ ਨੂੰ ਹਟਾਉਣ ਬਾਰੇ ਚੱਲ ਰਹੀ ਮੁਹਿੰਮ ਦੇ ਸਫ਼ਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਪਿੰਜਰਾ ਤੋੜ ਮੁਹਿੰਮ ਦੀ ਸਫ਼ਲਤਾ ਦਾ ਦਾਅਵਾ ਕਰਦਿਆਂ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪ੍ਰਧਾਨ ਕਨੂਪ੍ਰਿਆ ਦਾ ਕਹਿਣਾ ਹੈ ਕਿ ਹੁਣ ਕੁੜੀਆਂ ਦੇ ਦਿਮਾਗ਼ 'ਚ ਇਹ ਡਰ ਨਹੀਂ ਰਹੇਗਾ ਕਿ ਜੇ ਮੈਂ ਲੇਟ ਹੋ ਗਈ ਹਾਂ ਤਾਂ ਫਾਈਨ ਲੱਗੇਗਾ।

ਦਰਅਸਲ ਪਿਛਲੇ ਕੁਝ ਸਮੇਂ ਤੋਂ ਕੁੜੀਆਂ ਦੇ ਹੋਸਟਲ ਨੂੰ ਮੁੰਡਿਆਂ ਦੇ ਹੋਸਟਲ ਵਾਂਗ 24 ਘੰਟੇ ਖੁੱਲੇ ਰੱਖਣ ਦੀ ਮੰਗ ਕਰਦਿਆਂ ਪਿੰਜਰਾ ਤੋੜ ਮੁਹਿੰਮ ਚਲਾਈ ਜਾ ਰਹੀ ਹੈ।

ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਗੱਲ ਕਰਦਿਆਂ ਕਨੂਪ੍ਰਿਆ ਨੇ ਕਿਹਾ, "ਇਹ ਵੀ ਕੈਂਪਸ ਵਿੱਚ ਦੂਜਾ ਇਤਿਹਾਸਕ ਫ਼ੈਸਲਾ ਹੈ, ਜਿਸ ਦੇ ਤਹਿਤ ਕੈਂਪਸ ਦੀਆਂ ਵਿਥਿਆਰਥਣਾਂ ਵੀ ਮੁੰਡਿਆਂ ਵਾਂਗ ਬਰਾਬਰ ਦੀ ਸ਼ਮੂਲੀਅਤ ਦਰਜ ਕਰਵਾਉਣਗੀਆਂ। ਉਨ੍ਹਾਂ 'ਤੇ ਕਈ ਤਰ੍ਹਾਂ ਦੇ ਫਾਈਨ ਨਹੀਂ ਲੱਗਣਗੇ।"

ਇਹ ਵੀ ਪੜ੍ਹੋ-

ਕਨੂਪ੍ਰਿਆ ਨੇ ਕਿਹਾ ਕਿ 48 ਦਿਨਾਂ ਤੋਂ ਚੱਲ ਰਹੇ ਇਸ ਧਰਨੇ ਦਾ ਸਿੱਟਾ ਬੇਹੱਦ ਖੁਸ਼ੀ ਵਾਲਾ ਹੈ। ਹੁਣ ਕੁੜੀਆਂ ਵੀ ਆਪਣੇ ਫ਼ੈਸਲੇ ਆਪ ਲੈ ਸਕਣਗੀਆਂ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਇਸ ਲਈ ਇੱਕ ਰਿਕਾਰਡ ਬੁੱਕ ਵੀ ਰੱਖੀ ਜਾਵੇਗੀ।

ਇੱਕ ਹੋਰ ਵਿਦਿਆਰਥਣ ਹਸਨਪ੍ਰੀਤ ਦਾ ਕਹਿਣਾ ਹੈ ਕਿ ਪਿਛਲੇ 48 ਦਿਨਾਂ ਤੋਂ ਕੁੜੀਆਂ ਦੇ ਹੋਸਟਲ ਨੂੰ 24 ਘੰਟੇ ਖੋਲਣ ਦੀ ਮੰਗ ਨੂੰ ਅੱਜ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ 'ਚ ਮੰਨ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਸਾਰੇ ਵਿਦਿਆਰਥੀਆਂ ਤੇ ਸੈਨੇਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਪ੍ਰੋਗਰੈਸਿਵ ਯੂਨੀਵਰਸਿਟੀ ਬਣਾਉਣ ਵਿੱਚ ਹਿੱਸਾ ਪਾਇਆ ਹੈ। ਪੰਜਾਬ ਯੂਨੀਵਰਸਿਟੀ ਵੀ ਅਜਿਹੀ ਯੂਨੀਵਰਸਿਟੀ ਬਣੀ ਹੈ ਜਿਸ ਨੇ ਲਿੰਗ ਅਸਮਾਨਤਾ ਦੇ ਨੇਮਾਂ ਨੂੰ ਤੋੜਿਆ ਹੈ।"

ਇਹ ਵੀ ਪੜ੍ਹੋ-

ਯੂਨੀਵਰਸਿਟੀ ਦੀ ਸੂਚਨਾ ਅਧਿਕਾਰੀ ਰੇਣੁਕਾ ਸਲਵਾਨ ਦਾ ਕਹਿਣਾ ਹੈ ਕਿ ਫਿਲਹਾਲ ਕੁੜੀਆਂ 11 ਵਜੇ ਤੋਂ ਬਾਅਦ ਰਜਿਸਟਰ 'ਤੇ ਐਂਟਰੀ ਕਰਕੇ ਬਾਹਰ ਜਾ ਸਕਦੀਆਂ।

ਆਖ਼ਰ ਕੀ ਹੈ ਪਿੰਜਰਾ ਤੋੜ

ਇਹ ਮੁਹਿੰਮ, ਜਿਵੇਂ ਕਿ ਨਾਮ ਹੀ ਦੱਸਦਾ ਹੈ, ਵਿਦਿਆਰਥਣਾਂ ਨਾਲ ਕੀਤੇ ਜਾਂਦੇ ਪੱਖਪਾਤੀ ਨੇਮਾਂ ਦੇ ਖ਼ਿਲਾਫ਼ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰਲਜ਼ ਹੋਸਟਲਾਂ ਵਿੱਚ ਵਰਤੇ ਜਾਂਦੇ ਹਨ।

ਪਿੰਜਰਾ ਤੋੜ ਸਾਰੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਸਾਰੇ ਪਿੰਜਰਿਆਂ ਨੂੰ ਤੋੜਨ ਦਾ ਸੁਨੇਹਾ ਦਿੰਦਾ ਹੈ, ਜੋ ਉਨ੍ਹਾਂ ਦੀ ਉੱਡਣ ਦੀ ਇੱਛਾ ਨੂੰ ਨੱਥ ਪਾਉਣਾ ਚਾਹੁੰਦੇ ਹਨ, ਭਾਵੇਂ ਉਹ ਹੋਸਟਲ ਦਾ ਸਮਾਂ ਹੀ ਕਿਉਂ ਨਾ ਹੋਵੇ।

ਇਸੇ ਮੁੱਦੇ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹੁਣ ਮੰਗ ਕਰ ਰਹੀਆਂ ਹਨ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨਾਲ ਹੋਸਟਲ ਟਾਈਮਿੰਗ ਸਬੰਧੀ ਹੁੰਦਾ ਪੱਖਪਾਤ ਤੁਰੰਤ ਬੰਦ ਕੀਤਾ ਜਾਵੇ।

"ਰਾਤਾਂ ਚਾਨਣ ਮੰਗਦੀਆਂ ਜਿੰਦਰੇ ਨਹੀਂ"- ਇਸ ਮੁਹਿੰਮ ਤਹਿਤ ਪਟਿਆਲਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹੋਸਟਲਾਂ ਦੇ ਤੈਅ ਸ਼ੁਦਾ ਸਮੇਂ (ਸ਼ਾਮੀ ਛੇ ਵਜੇ) ਦੇ ਖ਼ਿਲਾਫ਼ ਸੰਘਰਸ਼ ਕਰ ਚੁੱਕੀਆਂ ਹਨ।

ਪਹਿਲਾਂ ਸ਼ਾਮੀ ਛੇ ਵਜੇ ਕੁੜੀਆਂ ਨੂੰ ਹੋਸਟਲ ਵਿਚ ਬੰਦ ਕਰ ਦਿੱਤਾ ਜਾਂਦਾ ਸੀ ਜਿਸ ਦੇ ਖ਼ਿਲਾਫ਼ ਸੰਘਰਸ਼ ਕੀਤਾ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ 24 ਘੰਟੇ ਲਈ ਤਾਂ ਨਹੀਂ ਪਰ ਰਾਤੀ ਅੱਠ ਵਜੇ ਤੱਕ ਦੀ ਮੁਹਲਤ ਦੇ ਦਿੱਤੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)