136 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਮਿਲੀ ਪਹਿਲੀ ਮਹਿਲਾ ਵੀਸੀ

    • ਲੇਖਕ, ਮੋਨਾ ਰਾਨਾ
    • ਰੋਲ, ਲਾਹੌਰ ਤੋਂ ਬੀਬੀਸੀ ਪੰਜਾਬੀ ਦੇ ਲਈ

136 ਸਾਲ ਪੁਰਾਣੀ ਪੰਜਾਬ ਯੂਨੀਵਰਸਟੀ ਲਾਹੌਰ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਵਾਈਸ ਚਾਂਸਲਰ ਦਾ ਅਹੁਦਾ ਮਿਲਿਆ ਹੈ। ਪ੍ਰੋਫੈੱਸਰ ਡਾਕਟਰ ਨਾਸਿਰਾ ਜਬੀਨ ਇਸ ਖਿੱਤੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਬਣੇ ਹਨ।

ਯੂਨੀਵਰਸਿਟੀ ਦੇ ਹੁਣ ਤੱਕ ਦੇ ਕਾਰਜਕਾਲ ਵਿੱਚ 56 ਵਾਈਸ ਚਾਂਸਲਰ ਬਦਲੇ ਗਏ ਜਿਨ੍ਹਾਂ ਵਿੱਚ ਸਾਰੇ ਮਰਦ ਇਸ ਅਹੁਦੇ ਤੇ ਬਿਰਾਜਮਾਨ ਸਨ। 57ਵੀਂ ਵਾਰ ਆਪਣੇ ਮੁਕਾਬਲੇ 'ਚ ਆਏ 4 ਮਰਦਾਂ ਨੂੰ ਪਛਾੜ ਕੇ ਨਾਸਿਰਾ ਜਬੀਨ ਨੇ ਇਹ ਬਾਜ਼ੀ ਮਾਰ ਲਈ।

ਮਹਿਲਾ ਕੁਲਪਤੀ ਬਣਨ 'ਤੇ ਜਿੱਥੇ ਯੂਨੀਵਰਸਟੀ ਦੀਆਂ ਔਰਤਾਂ ਬੇਹੱਦ ਖੁਸ਼ ਹਨ ਉੱਥੇ ਹੀ ਕਈ ਵਿਦਿਆਰਥੀ ਉਨ੍ਹਾਂ ਦੀ ਨਿਯੁਕਤੀ 'ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਪੰਜਾਬ ਯੂਨੀਵਰਸਟੀ ਲਾਹੌਰ ਵਿੱਚ ਸ਼ੁਰੂ ਤੋਂ ਹੀ ਇਸਲਾਮੀ ਜਮਾਤ ਦੇ ਸਟੂਡੈਂਟਸ ਵਿੰਗ ਇਸਲਾਮੀ ਜਮਾਤ-ਏ-ਤਾਲਬਾ ਦਾ ਕਾਫ਼ੀ ਦਬਦਬਾ ਰਿਹਾ ਹੈ।

ਇਸਲਾਮੀ ਸੋਚ ਰੱਖਣ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਯੂਨੀਵਰਸਟੀ ਵਿੱਚ ਕਰਤਾ-ਧਰਤਾ ਹਾਫ਼ੀਜ਼ ਇਦਰੀਸ ਨੂੰ ਜਦੋਂ ਪੁੱਛਿਆ ਗਿਆ ਕਿ ਮਹਿਲਾ ਵੀਸੀ ਬਣਨ 'ਤੇ ਉਨ੍ਹਾਂ ਦੀ ਕੀ ਰਾਇ ਹੈ ਤਾਂ ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ।

ਇਸ ਤੋਂ ਅਲਾਵਾ ਉਨ੍ਹਾਂ ਨੇ ਕਿਹਾ, ''ਔਰਤ ਹੋਣ ਦੇ ਨਾਤੇ ਉਨ੍ਹਾਂ 'ਤੇ ਇਹ ਜ਼ਿੰਮੇਵਾਰੀ ਚੁਣੌਤੀ ਭਰੀ ਹੋਵੇਗੀ। ਡਾ. ਨਾਸਿਰਾ ਨੂੰ ਖ਼ੁਦ ਨੂੰ ਸਾਬਿਤ ਕਰਨ ਅਤੇ ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਮਾਨਸਿਕ ਦਬਾਅ ਦਾ ਸਾਹਮਣਾ ਵੀ ਕਰਨਾ ਪਵੇਗਾ।''

ਕਈ ਵਿਦਿਆਰਥੀਆਂ ਵੱਲੋਂ ਸਵਾਗਤ

ਉਨ੍ਹਾਂ ਕਿਹਾ ਨਾਸਿਰਾ ਜਬੀਨ ਦੇ ਵੀਸੀ ਬਣਨ 'ਤੇ ਉਨ੍ਹਾਂ ਦੀ ਜਮਾਤ ਨੂੰ ਕੋਈ ਇਤਰਾਜ਼ ਨਹੀਂ।

ਹਾਫ਼ੀਜ਼ ਇਦਰੀਸ ਨੇ ਤਾਂ ਕੋਈ ਇਤਰਾਜ਼ ਨਹੀਂ ਕੀਤਾ ਪਰ ਇੱਕ ਹੋਰ ਵਿਦਿਆਰਥੀ ਸ਼ਹਿਰਯਾਰ ਨਿਆਜ਼ ਨੇ ਇਸ ਦਾ ਵਿਰੋਧ ਕੀਤਾ।

ਉਸ ਦਾ ਕਹਿਣਾ ਹੈ, '' ਯੂਨੀਵਰਸਟੀ ਨੂੰ ਚਲਾਉਣਾ ਔਰਤ ਦੇ ਵਸ ਦੀ ਗੱਲ ਨਹੀਂ ਕਿਉਂਕਿ ਯੂਨੀਵਰਸਟੀ ਵਿੱਚ ਵਿਦਿਆਰਥੀ ਕਿਸੇ ਨਾ ਕਿਸੇ ਗੱਲ 'ਤੇ ਪ੍ਰਦਰਸ਼ਨ ਕਰਦੇ ਰਹਿੰਦੇ ਹਨ ਤੇ ਝਗੜੇ ਵੀ ਹੁੰਦੇ ਰਹਿੰਦੇ ਹਨ।''

"ਇਸ ਤੋਂ ਪਹਿਲਾਂ ਵੀਸੀ ਖ਼ੁਦ ਮੌਕੇ 'ਤੇ ਜਾ ਕੇ ਮਸਲੇ ਸੁਲਝਾ ਲੈਂਦੇ ਸੀ ਪਰ ਇੱਕ ਔਰਤ ਹੋਣ ਦੇ ਨਾਤੇ ਨਾਸਿਰਾ ਜਬੀਨ ਲਈ ਇਨ੍ਹਾਂ ਧੜਿਆਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।''

''ਯੂਨੀਵਰਸਟੀ 'ਚ ਦਾਖ਼ਲੇ ਲੈਣ ਸਬੰਧੀ ਕਾਫ਼ੀ ਸਿਆਸਤ ਹੁੰਦੀ ਹੈ ਅਤੇ ਇਸ ਸਿਆਸੀ ਦਬਾਅ ਨੂੰ ਝੱਲਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗਾ।''

ਇੱਕ ਹੋਰ ਵਿਦਿਆਰਥੀ ਆਬਦੀਨ ਹਸਨ ਨੇ ਮਹਿਲਾ ਵੀਸੀ ਬਣਨ 'ਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਔਰਤਾਂ ਨੂੰ ਹੱਲਾਸ਼ੇਰੀ ਦੇਣ ਦੀ ਇਹ ਬੜੀ ਸ਼ਾਨਦਾਰ ਮਿਸਾਲ ਹੈ।

ਉਸ ਨੇ ਕਿਹਾ, ''ਨਾਸਿਰਾ ਜਬੀਨ ਵਿੱਚ ਕਾਬਲੀਅਤ ਹੈ ਤੇ ਉਹ ਯੂਨੀਵਰਸਟੀ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਹਨ।''

ਲਾਹੌਰ ਦੀ ਪੰਜਾਬ ਯੂਨੀਵਰਸਟੀ ਦੇ ਸਾਬਕਾ ਵਾਈਸ ਚਾਂਸਲਰ ਜ਼ਕਰੀਆ ਜ਼ਾਕਿਰ ਨੇ ਕੁਝ ਗ਼ਲਤ ਫ਼ੈਸਲਿਆਂ ਦੀ ਸਜ਼ਾ ਭੁਗਤੀ ਤੇ ਸੁਪਰੀਮ ਕੋਰਟ ਆਫ਼ ਪਾਕਿਸਤਾਨ ਨੇ ਉਨ੍ਹਾਂ ਨੂੰ ਹਟਾ ਦਿੱਤਾ।

4 ਪ੍ਰੋਫੈਸਰਾਂ ਨੂੰ ਰੇਸ 'ਚ ਪਛਾੜਿਆ

ਸਰਚ ਕਮੇਟੀ ਨੂੰ ਜ਼ਿੰਮੇਵਾਰੀ ਮਿਲੀ ਕਿ ਫੌਰੀ ਤੌਰ 'ਤੇ ਯੂਨੀਵਰਸਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਵੇ।

5 ਸੀਨੀਅਰ ਪ੍ਰੋਫੈਸਰਾਂ ਦਾ ਇੰਟਰਵਿਊ ਲਿਆ ਗਿਆ ਜਿਨ੍ਹਾਂ 'ਚ 4 ਪੁਰਸ਼ ਅਤੇ ਇੱਕ ਔਰਤ ਸੀ। ਨਾਸਿਰਾ ਜਬੀਨ ਨੇ ਇਹ ਬਾਜ਼ੀ ਜਿੱਤੀ ਅਤੇ ਅਹੁਦਾ ਹਾਸਿਲ ਕੀਤਾ।

ਪੰਜਾਬ ਯੂਨੀਵਰਸਟੀ ਲਾਹੌਰ ਵਿੱਚ ਤਕਰੀਬਨ 45 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ 'ਚ 52 ਫ਼ੀਸਦ ਕੁੜੀਆਂ ਹਨ।

ਡਾ. ਨਾਸਿਰਾ ਜਬੀਨ ਵੀਸੀ ਬਣਨ ਤੋਂ ਪਹਿਲਾਂ ਇੰਸਟੀਚਿਊਟ ਆਫ਼ ਸਾਇੰਸਜ਼ ਦੇ ਡਾਇਰੈਕਟਰ ਸਨ।

ਉਨ੍ਹਾਂ ਦੇ ਇੰਸਟੀਚਿਊਟ ਦੀ ਵਿਦਿਆਰਥਣ ਨੂਰ ਜ਼ੈਨਬ ਕਹਿੰਦੀ ਹੈ, ''ਪਾਕਿਸਤਾਨੀ ਸੋਸਾਇਟੀ ਵਿੱਚ ਔਰਤਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ। ਇਨ੍ਹਾਂ ਹਾਲਤਾਂ ਵਿੱਚ ਨਾਸਿਰਾ ਜਬੀਨ ਦਾ ਵੀਸੀ ਬਣਨਾ ਇੱਕ ਬਹੁਤ ਵੱਡੀ ਗੱਲ ਹੈ। ਡਾ. ਨਾਸਿਰਾ ਨੂੰ ਇਹ ਸਨਮਾਨ ਉਨ੍ਹਾਂ ਦੀ ਕਾਬਲੀਅਤ ਕਾਰਨ ਮਿਲਿਆ ਹੈ।''

ਇੱਕ ਹੋਰ ਵਿਦਿਆਰਥਣ ਆਈਸ਼ਾ ਜਲਾਨੀ ਨੂੰ ਨਵੀਂ ਵੀਸੀ ਤੋਂ ਬਹੁਤ ਉਮੀਦਾਂ ਹਨ। ਉਹ ਕਹਿੰਦੀ ਹੈ, ''ਨਵੇਂ ਵੀਸੀ ਕੁਝ ਅਜਿਹੇ ਫ਼ੈਸਲੇ ਕਰਨਗੇ ਜਿਨ੍ਹਾਂ ਦਾ ਫ਼ਾਇਦਾ ਔਰਤਾਂ ਨੂੰ ਮਿਲੇਗਾ।''

ਇੱਕ ਵਿਦਿਆਰਥਣ ਅਸਨਾ ਖਾਲੀਦ ਦਾ ਕਹਿਣਾ ਹੈ ਕਿ ਖੇਡਾਂ ਵਿੱਚ ਮਰਦਾਂ ਨਾਲੋਂ ਔਰਤਾਂ ਦੀ ਨੁਮਾਇੰਦਗੀ ਘੱਟ ਹੈ। ਨਵੀਂ ਵਾਈਸ ਚਾਂਸਲਰ ਦੇ ਆਉਣ ਨਾਲ ਔਰਤਾਂ ਨੂੰ ਵੀ ਬਰਾਬਰ ਦਾ ਦਰਜਾ ਮਿਲ ਸਕਦਾ ਹੈ।

ਇੰਸਟੀਟਚਿਊਟ ਆਫ਼ ਐਡਮਿਨਿਸਟਰੇਟਿਵ ਸਾਇੰਸਜ਼ ਵਿੱਚ ਪੜ੍ਹਾਉਣ ਵਾਲੀ ਅਧਿਆਪਕਾ ਰਬੀਆ ਨਵਾਜ਼ ਕਹਿੰਦੇ ਹਨ ਕਿ ਡਾ. ਨਾਸਿਰਾ ਜਬੀਨ ਉਨ੍ਹਾਂ ਲਈ ਇੱਕ ਰੋਲ ਮਾਡਲ ਹੈ ਤੇ ਉਨ੍ਹਾਂ ਦਾ ਵਾਈਸ ਚਾਂਸਲਰ ਬਣਨਾ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਨ੍ਹਾਂ ਦੀ ਖ਼ੁਦ ਦੀ ਜਿੱਤ ਹੋਵੇ।

'ਔਰਤਾਂ ਦੀ ਨੁਮਾਇੰਦਗੀ ਵਧਾਉਣ ਲਈ ਕੰਮ ਕਰਾਂਗੀ'

ਡਾ. ਨਾਸਿਰਾ ਜਬੀਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ।

ਉਨ੍ਹਾਂ ਕਿਹਾ, ''ਵਾਈਸ ਚਾਂਸਲਰ ਦਫ਼ਤਰ 'ਤੇ ਸਭ ਦਾ ਹੱਕ ਹੁੰਦਾ ਹੈ। ਮੈਂ ਕੁੜੀਆਂ ਅਤੇ ਮੁੰਡਿਆਂ ਸਭ ਦੀ ਭਲਾਈ ਲਈ ਕੰਮ ਕਰਾਂਗੀ। ਯੂਨੀਵਰਸਿਟੀ ਦੇ ਕੁਝ ਵਿਭਾਗ ਅਜਿਹੇ ਹਨ ਜਿੱਥੇ ਔਰਤਾਂ ਦੀ ਨੁਮਾਇੰਦਗੀ ਘੱਟ ਹੈ। ਇਸ ਗੱਲ ਦੀ ਲੋੜ ਹੈ ਕਿ ਮਰਦਾਂ ਅਤੇ ਔਰਤਾਂ ਵਿੱਚ ਬਰਾਬਰੀ ਹੋਵੇ ਤੇ ਉਹ ਮਿਲ-ਜੁਲ ਕੇ ਕੰਮ ਕਰਨ।''

ਉਨ੍ਹਾਂ ਕਿਹਾ, ''ਮਰਦਾਂ ਤੇ ਔਰਤਾਂ ਤੋਂ ਇਲਾਵਾ ਤੀਜੇ ਤਬਕੇ ਨੂੰ ਵੀ ਸਹੂਲਤਾਂ ਮਿਲਣੀਆ ਚਾਹੀਦੀਆਂ ਹਨ ਜਿਸ ਲਈ ਉਹ ਕੰਮ ਕਰਨਗੇ।''

ਉਹ ਕਹਿੰਦੇ ਹਨ ਕਿ ਇੱਕ ਔਰਤ ਨੂੰ ਇੰਨਾ ਵੱਡਾ ਅਹੁਦਾ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਮਾਜ ਵਿੱਚ ਤਬੀਦੀਲੀ ਆਈ ਹੈ ਅਤੇ ਨਵੀਂ ਸੋਚ ਨੂੰ ਮੌਕਾ ਮਿਲਿਆ ਹੈ।

ਡਾ. ਨਾਸਿਰਾ ਕਹਿੰਦੇ ਹਨ, ''ਨਵੀਂ ਜ਼ਿੰਮੇਵਾਰੀ ਹਰ ਕਿਸੇ ਲਈ ਚੁਣੌਤੀ ਭਰੀ ਹੁੰਦੀ ਹੈ ਭਾਵੇਂ ਉਹ ਮਰਦ ਹੋਵੇ ਜਾਂ ਫਿਰ ਔਰਤ। ਇਸ ਤੋਂ ਪਹਿਲਾਂ ਵੀ ਮੈਂ ਜਿਨ੍ਹਾਂ ਅਹੁਦਿਆਂ 'ਤੇ ਸੀ ਮੈਂ ਉਸ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਇਸ ਨੂੰ ਨਿਭਾਵਾਂਗੀ।''

"ਇਹ ਬਹੁਤ ਗ਼ਲਤ ਸੋਚ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਘੱਟ ਕਾਲਬੀਅਤ ਹੁੰਦੀ ਹੈ।''

'ਹੁਣ ਲੋਕਾਂ ਦੀ ਸੋਚ ਬਦਲੀ ਹੈ'

ਯੂਨੀਵਰਸਟੀ ਵਿੱਚ ਖੱਬੇ ਪੱਖੀ ਧੜੇ ਵੀ ਹਨ। ਕਈ ਵਾਰ ਇਨ੍ਹਾਂ ਧੜਿਆਂ ਵਿੱਚ ਲੜਾਈ-ਝਗੜੇ ਵੀ ਹੁੰਦੇ ਹਨ। ਯੂਨੀਵਰਸਟੀ ਦੇ ਕੁਝ ਵਿਦਿਆਰਥੀ ਸਮਝਦੇ ਹਨ ਕਿ ਇਨ੍ਹਾਂ ਹਾਲਤਾਂ ਨੂੰ ਕਾਬੂ ਕਰਨਾ ਕਿਸੇ ਔਰਤ ਦੇ ਵੱਸ ਦੀ ਗੱਲ ਨਹੀਂ।

ਡਾ. ਨਾਸਿਰਾ ਜਬੀਨ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਹਾਲਾਤ ਪੁਰਾਣੇ ਵਿਚਾਰਾਂ ਤੋਂ ਕਾਫ਼ੀ ਵੱਖ ਹਨ।

ਉਹ ਕਹਿੰਦੇ ਹਨ,''ਇਸਲਾਮੀ ਜਮਾਤ ਵਿੰਗ ਦੇ ਵਿਦਿਆਰਥੀਆਂ ਦਾ ਅਸਰ ਓਨਾ ਨਹੀਂ ਜਿੰਨਾ ਪਹਿਲਾਂ ਹੁੰਦਾ ਸੀ।''

ਉਨ੍ਹਾਂ ਕਿਹਾ ਜਿਸ ਤਰ੍ਹਾਂ ਔਰਤ ਘਰ ਵਿੱਚ ਬੱਚਿਆਂ 'ਤੇ ਕਾਬੂ ਰੱਖਦੀ ਹੈ ਉਸ ਤਰ੍ਹਾਂ ਯੂਨੀਵਰਸਟੀ ਵੀ ਉਨ੍ਹਾਂ ਦਾ ਘਰ ਹੀ ਹੈ ਅਤੇ ਵਿਦਿਆਰਥੀ ਉਨ੍ਹਾਂ ਦੇ ਬੱਚੇ। ਉਹ ਜਾਣਦੇ ਹਨ ਕਿ ਕਿਵੇਂ ਬੱਚਿਆਂ ਨੂੰ ਕਾਬੂ 'ਚ ਰੱਖਣਾ ਹੈ।

ਡਾ. ਨਾਸਿਰਾ ਜਬੀਨ ਨੇ ਕਿਹਾ ਕਿ ਜੇਕਰ ਮਰਦ ਸਭ ਕੁਝ ਠੀਕ ਰੱਖਣਾ ਜਾਣਦੇ ਤਾਂ ਯੂਨੀਵਰਸਿਟੀ 'ਚ ਕਦੇ ਵੀ ਲੜਾਈ-ਝਗੜੇ ਨਾ ਹੁੰਦੇ ਤੇ ਜਲਸੇ-ਜਲੂਸ ਨਾ ਨਿਕਲਦੇ।

ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਕਦੇ ਕੋਈ ਔਰਤ ਕੁਲਪਤੀ ਨਹੀਂ ਬਣੀ।

ਅਜਿਹਾ ਕਿਉਂ ਹੈ ਕਿ ਔਰਤਾਂ ਦੀ ਨੁਮਾਇੰਦਗੀ ਇਸ ਖਿੱਤੇ ਵਿੱਚ ਘੱਟ ਕਿਉਂ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਡੀਪੀਆਰ ਸੰਜੀਵ ਤਿਵਾਰੀ ਅਤੇ ਸਾਬਕਾ ਵੀਸੀ ਪ੍ਰੋਫੈੱਸਰ ਕੇ ਐਨ ਪਾਠਕ ਨਾਲ ਗੱਲਬਾਤ ਕੀਤੀ।

ਯੂਨੀਵਰਸਟੀ ਦੇ ਸਾਬਕਾ ਡੀਪੀਆਰ ਸੰਜੀਵ ਤਿਵਾਰੀ ਦਾ ਕਹਿਣਾ ਹੈ,'' ਵੀਸੀ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਸਰਚ ਕਮੇਟੀ ਦੀ ਹੁੰਦੀ ਹੈ ਤੇ ਉਨ੍ਹਾਂ ਵੱਲੋਂ ਕਦੇ ਮਹਿਲਾ ਵੀਸੀ ਨੂੰ ਨਿਯੁਕਤ ਨਹੀਂ ਕੀਤਾ ਗਿਆ। ਅਜਿਹਾ ਨਹੀਂ ਹੈ ਕਿ ਔਰਤਾਂ ਵਿੱਚ ਇਸ ਅਹੁਦੇ ਲਈ ਕਾਬਲੀਅਤ ਨਹੀਂ ਹੁੰਦੀ।''

"ਇਸ ਅਹੁਦੇ ਲਈ ਵੱਡੇ ਪੱਧਰ 'ਤੇ ਲੌਬਿੰਗ ਹੁੰਦੀ ਹੈ ਅਤੇ ਸਿਆਸੀ ਦਬਾਅ ਵੀ ਪਾਏ ਜਾਂਦੇ ਹਨ। ਇਸ ਦੀ ਚੋਣ ਪ੍ਰਕਿਰਿਆ ਅਸਪੱਸ਼ਟ ਹੁੰਦੀ ਹੈ।''

ਸਾਬਕਾ ਵਾਈਸ ਚਾਂਸਲਰ ਕੇ.ਐਨ. ਪਾਠਕ ਦਾ ਕਹਿਣਾ ਹੈ, ''ਬਹੁਤ ਸਾਰੇ ਖਿੱਤਿਆਂ 'ਚ ਔਰਤਾਂ ਦੀ ਹਿੱਸੇਦਾਰੀ ਘੱਟ ਰਹੀ ਹੈ ਤੇ ਹੁਣ ਸਮੇਂ ਦੇ ਨਾਲ-ਨਾਲ ਔਰਤਾਂ ਅੱਗੇ ਆ ਰਹੀਆਂ ਹਨ ਤੇ ਇਸ ਦਾ ਅਸਰ ਅੱਗੇ ਅਦਾਰਿਆਂ 'ਚ ਦੇਖਣ ਨੂੰ ਮਿਲੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)