ਜਾਣੋ ਕਿਵੇਂ ਤੁਸੀਂ ਬੁਢਾਪੇ ਨੂੰ ਟਾਲ ਸਕਦੇ ਹੋ

    • ਲੇਖਕ, ਲੌਰਿਲ ਐਵਿਸ
    • ਰੋਲ, ਬੀਬੀਸੀ, ਸਿਹਤ ਪੱਤਰਕਾਰ

ਲੰਮੀ, ਸਿਹਤਮੰਦ ਜ਼ਿੰਦਗੀ ਜਿਉਣ, ਭਾਰ ਘਟਾਉਣ ਜਵਾਨ ਦਿਖਣ ਦੀ ਇੱਕ ਨਵੀਂ ਪ੍ਰਕਿਰਿਆ ਸਾਹਮਣੇ ਆਈ ਹੈ।

ਇਹ ਪ੍ਰਕਿਰਿਆ ਆਟੋਫ਼ੈਗੀ ਵਜੋਂ ਜਾਣੀ ਜਾਂਦੀ ਹੈ। ਇਸ ਵਿੱਚ ਸੈਲ ਆਪਣੇ ਆਪ ਨੂੰ ਨਵਿਆਂਉਂਦੇ ਹਨ। ਇਸ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘਟ ਜਾਂਦਾ ਹੈ ਅਤੇ ਉਮਰ ਵਧ ਜਾਂਦੀ ਹੈ।

ਜਾਪਾਨੀ ਵਿਗਿਆਨੀ ਯੋਸ਼ਿਨੋਰੀ ਓਸੂਮੀ ਨੂੰ ਇਸ ਦਿਸ਼ਾ ਵਿੱਚ ਆਪਣੇ ਖੋਜ ਕਾਰਜ ਲਈ ਸਾਲ 2016 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਖੋਜਾਂ ਨਾਲ ਪਾਰਕਿਨਸਨਜ਼ ਅਤੇ ਡਿਮੇਨਸ਼ੀਆ ਬਿਮਾਰੀਆਂ ਬਾਰੇ ਜਾਣਕਾਰੀ ਵਿੱਚ ਵਾਧਾ ਹੋਇਆ ਹੈ।

ਵਿਗਿਆਨੀਆਂ ਦਾ ਕੀ ਕਹਿਣਾ ਹੈ?

ਕੈਂਬਰਿਜ ਯੂਨੀਵਰਸਿਟੀ ਦੇ ਮੋਲਿਕਿਊਲਰ ਨਿਊਰੋਜਨੈਟਿਕਸ ਦੇ ਪ੍ਰੋਫੈਸਰ ਡਾ. ਡੇਵਿਡ ਰੁਬਿਨਸਜ਼ਟੀਨ ਨੇ ਕਿਹਾ, "ਚੂਹਿਆਂ 'ਤੇ ਕੀਤੇ ਅਧਿਐਨਾਂ ਤੋਂ ਇਸ ਬਾਰੇ ਪਤਾ ਲੱਗਿਆ ਹੈ ਕਿ ਕੀ ਹੋ ਸਕਦਾ ਹੈ।"

"ਅਜਿਹੇ ਅਧਿਐਨ ਹੋਏ ਹਨ ਜਿਨ੍ਹਾਂ ਵਿੱਚ ਵਿਗਿਆਨੀਆਂ ਨੇ ਉਨ੍ਹਾਂ ਦਵਾਈਆਂ, ਵਰਤ ਅਤੇ ਜਨੈਟਿਕ ਤਰੀਕਿਆਂ ਦੁਆਰਾ ਪ੍ਰਕਿਰਿਆ ਨੂੰ ਬਦਲਿਆ। ਨਤੀਜੇ ਵਜੋਂ ਜੀਵ ਵਧੇਰੇ ਸਮੇਂ ਤੱਕ ਜਿਉਂਦੇ ਰਹੇ ਅਤੇ ਉਨ੍ਹਾਂ ਦੀ ਸਿਹਤ ਵਿੱਚ ਕੁਲ ਮਿਲਾ ਕੇ ਸੁਧਾਰ ਹੋਇਆ।"

ਹਾਲਾਂ ਕਿ ਇਹ ਪ੍ਰਕਿਰਿਆ ਇਨਸਾਨਾਂ ਵਿੱਚ ਕਿਵੇਂ ਵਾਪਰਦੀ ਹੈ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ।

"ਮਿਸਾਲ ਵਜੋਂ ਚੂਹਿਆਂ ਵਿੱਚ, ਤੁਹਾਨੂੰ ਭੁੱਖ ਦਾ ਦਿਮਾਗ 'ਤੇ ਅਸਰ 24 ਘੰਟਿਆਂ ਵਿੱਚ ਦਿਸ ਜਾਂਦਾ ਹੈ। ਸਰੀਰ ਦੇ ਦੂਸਰੇ ਹਿੱਸਿਆਂ ਜਿਵੇਂ ਲੀਵਰ ਵਿੱਚ ਇਸ ਤੋਂ ਵੀ ਜਲਦੀ। ਸਾਨੂੰ ਪਤਾ ਹੈ ਕਿ ਭੁੱਖੇ ਰਹਿਣ ਦੇ ਸਿਹਤ ਲਈ ਲਾਭ ਹਨ ਪਰ ਉਹ ਲਾਭ ਹਾਸਲ ਕਰਨ ਲਈ ਇਨਸਾਨਾਂ ਨੂੰ ਕਿੰਨੀਂ ਦੇਰ ਭੁੱਖੇ ਰਹਿਣਾ ਪਵੇਗਾ, ਇਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।"

ਆਟੋਫ਼ੈਗੀ ਕੀ ਹੁੰਦੀ ਹੈ?

ਇਹ ਸ਼ਬਦ ਗਰੀਕ ਭਾਸ਼ਾ ਤੋਂ ਆਇਆ ਹੈ ਜਿਸ ਦਾ ਅਰਥ ਹੈ- ਖ਼ੁਦ ਨੂੰ ਖਾਣਾ।

ਇਸ ਪ੍ਰਕਿਰਿਆ ਵਿੱਚ ਸੈਲਾਂ ਦਾ ਵਿਘਟਨ ਹੁੰਦਾ ਹੈ ਜਿਸ ਨਾਲ ਊਰਜਾ ਪੈਦਾ ਹੁੰਦੀ ਹੈ ਅਤੇ ਉਹ ਆਪਣਾ ਨਵੀਨੀਕਰਨ ਕਰਦੇ ਹਨ।

ਲਾਗ ਤੋਂ ਬਾਅਦ ਇਸ ਪ੍ਰਕਿਰਿਆ ਨਾਲ ਸਰੀਰ ਵਿੱਚੋਂ ਰੋਗਾਣੂਆਂ ਦਾ ਖਾਤਮਾ ਕੀਤਾ ਜਾਂਦਾ ਹੈ।

ਇਸ ਨਾਲ ਸੈਲ ਆਪਣੇ ਟੁੱਟ ਭੱਜੇ ਪ੍ਰੋਟੀਨ ਦੇ ਟੁਕੜਿਆਂ ਤੋਂ ਛੁਟਕਾਰਾ ਹਾਸਲ ਕਰਦੇ ਹਨ। ਇਸ ਨਾਲ ਸਰੀਰ ਨੂੰ ਵਧਦੀ ਉਮਰ ਦੇ ਨਾਂਹਮੁਖੀ ਪ੍ਰਭਾਵਾਂ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ।

ਆਟੋਫ਼ੈਗੀ ਦੀ ਸਭ ਤੋਂ ਪਹਿਲੀ ਖੋਜ 1960 ਦੇ ਦਹਾਕੇ ਵਿੱਚ ਕੀਤੀ ਗਈ ਸੀ ਪਰ ਇਸ ਦਾ ਮਹੱਤਵ ਯੋਸ਼ਿਨੋਰੀ ਓਸੂਮੀ ਦੇ ਇਸ ਦਿਸ਼ਾ ਵਿੱਚ ਕੀਤੀ ਖੋਜ ਨਾਲ 1990 ਵਿਆਂ ਵਿੱਚ ਹੀ ਸਾਹਮਣੇ ਆਇਆ।

ਰੁਬਿਨਸਜ਼ਟੀਨ ਨੇ ਕਿਹਾ, "ਅਸੀਂ ਇਹ ਖੋਜਿਆ ਹੈ ਕਿ ਇਹ ਪਾਰਕਿੰਨਸਨਜ਼, ਹੰਟਿੰਗਟਨਜ਼ ਅਤੇ ਕੁਝ ਕਿਸਮ ਦੇ ਡਿਮਨੇਸ਼ੀਏ ਤੋਂ ਸੁੱਰਖਿਆ ਕਰਦੀ ਹੈ।"

ਸਿਹਤ ਸੰਬੰਧੀ ਨਵੀਆਂ ਕਿਤਾਬਾਂ ਕਹਿ ਰਹੀਆਂ ਹਨ ਕਿ ਇਸ ਪ੍ਰਕਿਰਿਆ ਨੂੰ ਸਾਡੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਚਾਲੂ ਕੀਤਾ ਜਾ ਸਕਦਾ ਹੈ। ਮਿਸਾਲ ਵਜੋਂ- ਵਰਤ ਰੱਖ ਕੇ।

ਮਾਸਪੇਸ਼ੀਆਂ ਦਾ ਭਾਰ

ਵੈਲਨੈਸ ਖੋਜੀ ਨਾਓਮੀ ਵਿਟਲ ਨੇ ਆਪਣੀ ਨਵੀਂ ਕਿਤਾਬ 'ਗਲੋ 15' ਵਿੱਚ ਇੱਕ 15 ਦਿਨ ਦਾ ਪ੍ਰੋਗਰਾਮ ਦਿੱਤਾ ਹੈ। ਇਸ ਪ੍ਰੋਗਰਾਮ ਮੁਤਾਬਕ ਹਫਤੇ ਵਿੱਚ ਤਿੰਨ ਵਾਰ 16 ਘੰਟੇ ਦੇ ਵਰਤ, ਕਿਸੇ ਦਿਨ ਘੱਟ ਪ੍ਰੋਟੀਨ ਖਾਣਾ, ਦਿਨ ਢਲੇ ਕਾਰਬੋਹਾਈਡਰੇਟ ਖਾਣਾ ਅਤੇ ਵਿੱਚ-ਵਿੱਚ ਤੇਜ਼ ਕਸਰਤ ਕਰਨਾ ਸ਼ਾਮਲ ਹਨ।

ਇਸ ਪ੍ਰੋਗਰਾਮ ਦੇ ਫਲੋਰਿਡਾ ਯੂਨੀਵਰਸਿਟੀ ਵਿੱਚ ਕੀਤੇ ਮੁਢਲੇ ਪ੍ਰੀਖਣਾ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਕਈ ਲਾਭ ਮਿਲੇ ਹਨ।

"ਕੁਝ ਲੋਕਾਂ ਦਾ 15 ਦਿਨਾਂ ਵਿੱਚ 7 ਪਾਊਂਡ ਭਾਰ ਘਟ ਗਿਆ। ਕਈਆਂ ਨੇ ਦੇਖਿਆ ਕਿ ਉਨ੍ਹਾਂ ਦੀਆਂ ਝੁਰੜੀਆਂ ਘਟ ਗਈਆਂ, ਲਹੂ ਦਾਬ ਅਤੇ ਮਾਸਪੇਸ਼ੀਆਂ ਦੇ ਭਾਰ ਵਿੱਚ ਬਦਲਾਅ ਆਇਆ।"

ਰੁਬਿਨਸਜ਼ਟੀਨ ਨੇ ਕਿਹਾ ਕਿ ਜੀਵਨ ਸ਼ੈਲੀ ਵਿੱਚ ਅਜਿਹੇ ਬਦਲਾਅ ਕਰਨ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਿਆ

ਉਨ੍ਹਾਂ ਕਿਹਾ, "ਜੇ ਤੁਹਾਡੀ ਵਾਕਈ ਬੁਰੀ ਜੀਵਨ ਸ਼ੈਲੀ ਹੈ, ਤੁਸੀਂ ਹਮੇਸ਼ਾ ਸਨੈਕ ਅਤੇ ਕੂੜਾ-ਕਰਕਟ ਖਾਂਦੇ ਰਹਿੰਦੇ ਹੋ ਤਾਂ ਤੁਸੀਂ ਇਸ ਪ੍ਰਕਿਰਿਆ ਨੂੰ ਚਾਲੂ ਨਹੀਂ ਕਰ ਸਕਦੇ।"

ਨਰਵ ਸੈੱਲ

ਸਪਸ਼ਟ ਤੌਰ 'ਤੇ ਬਹੁਤੇ ਭੁੱਖੇ ਰਹਿਣਾ ਕੋਈ ਨੇਕ ਵਿਚਾਰ ਨਹੀਂ ਹੈ ਅਤੇ ਜੇ ਕੋਈ ਆਪਣੀ ਖੁਰਾਕ ਜਾਂ ਜੀਵਨ ਸ਼ੈਲੀ ਵਿੱਚ ਕੋਈ ਵੱਡਾ ਬਦਲਾਅ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਰੁਬਿਨਸਜ਼ਟੀਨ ਨੂੰ ਬਿਮਾਰੀਆਂ ਦੇ ਇਲਾਜ ਵਿੱਚ ਆਟੋਫ਼ੈਗੀ ਦੇ ਲਾਭਾਂ ਨੂੰ ਲੈ ਕੇ ਕਾਫ਼ੀ ਉਮੀਦ ਹੈ।

ਉਨ੍ਹਾਂ ਨੇ ਆਪਣੇ ਪ੍ਰਯੋਗਸ਼ਾਲਾ ਪ੍ਰੀਖਣਾ ਵਿੱਚ ਦੇਖਿਆ ਕਿ ਅਲਜ਼ਾਈਮਰ ਅਤੇ ਪਾਰਕਿੰਨਸਜ਼ ਬਿਮਾਰੀਆਂ ਦੇ ਮਰੀਜ਼ਾਂ ਦੇ ਨਰਵ ਸੈਲਾਂ ਵਿੱਚ ਪ੍ਰੋਟੀਨ ਦੀਆਂ ਗੰਢਾਂ ਬਣ ਜਾਂਦੀਆਂ ਹਨ।

ਉਨ੍ਹਾਂ ਕਿਹਾ, "ਅਸੀਂ ਦੇਖਿਆ ਕਿ ਜੇ ਤੁਸੀਂ ਆਟੋਫ਼ੈਗੀ ਸ਼ੁਰੂ ਕਰ ਲਵੋਂ ਤਾਂ ਇਹ ਪ੍ਰੋਟੀਨ ਤੇਜ਼ੀ ਨਾਲ ਬਾਹਰ ਨਿਕਲਦੇ ਹਨ। ਇਸ ਨਾਲ ਨਿਊਰੋ-ਡੀਜਨਰੇਟਿਵ ਬਿਮਾਰੀਆਂ ਜਿਵੇਂ ਹੰਟਿੰਗਟਨ ਅਤੇ ਕੁਝ ਕਿਸਮ ਦੇ ਡਿਮਨੇਸ਼ੀਏ ਤੋਂ ਸੁਰਖਿਆ ਮਿਲਦੀ ਹੈ।"

ਹੋਰਾਂ ਨੂੰ ਵੀ ਅਤੇ ਰੁਬਿਨਸਜ਼ਟੀਨ ਨੂੰ ਵੀ ਉਮੀਦ ਹੈ ਕਿ ਭਵਿੱਖ ਵਿੱਚ ਆਟੋਫ਼ੈਗੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਦਵਾਈਆਂ ਬਣਾਈਆਂ ਜਾ ਸਕਣਗੀਆਂ।

ਅਮਰੀਕਾ ਦੀ ਇੱਕ ਨਵੀਂ ਕੰਪਨੀ ਨੂੰ ਆਟੋਫ਼ੈਗੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਦਵਾਈਆਂ ਬਣਾਉਣ ਲਈ 58.5 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)