ਕੀ ਡਾਇਬਟੀਜ਼ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ

ਅੱਜ ਵਿਸ਼ਵ ਡਾਇਬਟੀਜ਼ ਦਿਵਸ ਹੈ। ਇਹ ਡਾਇਬਟੀਜ਼ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ ਹੈ।

ਡਾਇਬਟੀਜ਼ ਦਿਵਸ ਦੀ ਸ਼ੁਰੂਆਤ ਡਾਇਬਟੀਜ਼ ਕਾਰਨ ਲੋਕਾਂ ਵਿੱਚ ਵੱਧਦੇ ਸਿਹਤ ਸਬੰਧੀ ਖ਼ਤਰੇ ਵੱਲ ਧਿਆਨ ਖਿੱਚਣ ਲਈ ਸਾਲ 1991 ਵਿੱਚ ਕੀਤੀ ਗਈ ਸੀ।

ਭਾਰਤ ਵਿੱਚ ਵੀ ਡਾਇਬਟੀਜ਼ ਦੀ ਇੱਕ ਵੱਡੀ ਸਮੱਸਿਆ ਹੈ ਅਤੇ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਮੁਤਾਬਕ ਸਾਲ 2015 ਵਿੱਚ ਭਾਰਤ 'ਚ ਡਾਇਬਟੀਜ਼ ਦੇ 6 ਕਰੋੜ 91 ਲੱਖ ਮਾਮਲੇ ਸਾਹਮਣੇ ਆਏ।

ਡਾਇਬਟੀਜ਼ ਕੀ ਹੈ?

ਡਾਇਬਟੀਜ਼ ਵਿੱਚ ਕਿਸੇ ਵਿਅਕਤੀ 'ਚ ਸ਼ੁਗਰ ਦਾ ਲੈਵਲ ਬਹੁਤ ਵੱਧ ਜਾਂਦਾ ਹੈ। ਟਾਇਬਟੀਜ਼ 2 ਤਰ੍ਹਾਂ ਦੀ ਹੁੰਦਾ ਹੈ-ਟਾਈਪ 1 ਅਤੇ ਟਾਈਪ 2 ਡਾਇਬਟੀਜ਼।

ਟਾਈਪ 1 ਅਤੇ ਟਾਈਪ 2 ਵਿੱਚ ਕੀ ਫ਼ਰਕ ਹੈ?

ਦੋਵੇ ਤਰ੍ਹਾਂ ਦੀ ਡਾਇਬਟੀਜ਼ ਦਾ ਸਬੰਧ ਸਰੀਰ ਦੇ ਹਾਰਮੋਨ ਇੰਸੁਲਿਨ ਨਾਲ ਜੁੜਿਆ ਹੁੰਦਾ ਹੈ। ਇੰਸੁਲਿਨ ਪੈਂਕ੍ਰਿਆਸ ਨਾਂ ਦੇ ਅੰਗ ਤੋਂ ਪੈਦਾ ਹੁੰਦਾ ਹੈ।

ਪੈਂਕ੍ਰਿਆਸ ਢਿੱਡ ਦੇ ਪਿੱਛੇ ਹੁੰਦਾ ਹੈ। ਇੰਸੁਲਿਨ ਸਰੀਰ ਵਿੱਚ ਸ਼ੁਗਰ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।

ਟਾਈਪ 1 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਵਿੱਚ ਇੰਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ।

ਟਾਈਪ 2 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਲੋੜ ਮੁਤਾਬਿਕ ਇੰਸੁਲਿਨ ਉਤਪਾਦਿਤ ਕਰਨਾ ਬੰਦ ਕਰ ਦਿੰਦਾ ਹੈ ਜਾਂ ਕੋਸ਼ਿਕਾਵਾਂ ਇੰਸੁਲਿਨ 'ਤੇ ਪ੍ਰਤੀਕਿਰਿਆ ਨਹੀਂ ਦਿੰਦੀ।

ਸ਼ੁਗਰ ਦਾ ਲੈਵਲ

ਅਜਿਹੇ ਵਿੱਚ ਦੋਵੇ ਤਰ੍ਹਾਂ ਦੇ ਡਾਇਬਟੀਜ਼ 'ਚ ਸ਼ੁਗਰ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ। ਹਾਲਾਂਕਿ ਦੋਵਾਂ ਦਾ ਤਰੀਕਾ ਵੱਖੋ-ਵੱਖ ਹੁੰਦਾ ਹੈ।

ਬੱਚਿਆਂ ਵਿੱਚ ਵੱਡੀ ਗਿਣਤੀ 'ਚ ' ਟਾਈਪ 1 ਡਾਇਬਟੀਜ਼ ਪਾਇਆ ਜਾਂਦਾ ਹੈ ਪਰ ਹੁਣ ਟਾਈਪ 2 ਡਾਇਬਟੀਜ਼ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਆਮ ਤੌਰ 'ਤੇ ਟਾਈਪ 2 ਡਾਇਬਟੀਜ਼ ਦੀ ਸਮੱਸਿਆ ਬਾਲਗਾਂ ਨੂੰ ਜ਼ਿਆਦਾ ਰਹਿੰਦੀ ਹੈ। ਹਰ 10 ਵਿੱਚੋਂ 9 ਬਾਲਗਾਂ ਵਿੱਚ ਟਾਈਪ 2 ਡਾਇਬਟੀਜ਼ ਦੇ ਮਾਮਲੇ ਪਾਏ ਜਾਂਦੇ ਹਨ।

ਟਾਈਪ 2 ਡਾਇਬਟੀਜ਼ ਦੇ ਜ਼ਿਆਦਾ ਮਾਮਲੇ ਹੋਣ ਦਾ ਕਾਰਨ ਇਹ ਵੀ ਹੈ ਕਿ ਵੱਧ ਭਾਰ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਮੋਟਾਪਾ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।

ਟਾਈਪ 1 ਡਾਇਬਟੀਜ਼ ਦੀਆਂ ਮੁੱਖ ਗੱਲਾਂ

  • ਇਹ ਪੂਰੀ ਜ਼ਿੰਦਗੀ ਬਣਿਆ ਰਹਿੰਦਾ ਹੈ।
  • ਇਹ ਖਾਣ ਦੀਆਂ ਆਦਤਾਂ ਜਾਂ ਡਾਇਟ ਦੇ ਕਾਰਨ ਨਹੀਂ ਹੁੰਦਾ।
  • ਇਸਦਾ ਪੂਰਾ ਇਲਾਜ ਨਹੀਂ ਹੈ ਅਤੇ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਟਾਈਪ 1 ਵਿੱਚ ਕੀ ਹੁੰਦਾ ਹੈ?

  • ਇਹ ਉਦੋਂ ਹੁੰਦਾ ਹੈ ਜਦੋਂ ਇੰਸੁਲਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ। ਇਸਦੇ ਕਾਰਨ ਸਰੀਰ ਗਲੁਕੋਜ਼ ਦੀ ਵਰਤੋਂ ਨਹੀਂ ਕਰ ਪਾਉਂਦਾ ਜੋ ਇੱਕ ਤਰ੍ਹਾਂ ਦੀ ਸ਼ੁਗਰ ਹੈ।
  • ਗਲੂਕੋਜ਼ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਗਲੂਕੋਜ਼ ਦੀ ਵਰਤੋ ਨਾ ਕਰ ਸਕਣ 'ਤੇ ਸਰੀਰ ਕਿਤੋਂ ਹੋਰ ਊਰਜਾ ਲੈਂਦਾ ਹੈ।
  • ਇਸਦੇ ਲਈ ਸਰੀਰ ਚਰਬੀ ਅਤੇ ਪ੍ਰੋਟੀਨ ਦਾ ਇਸਤੇਮਾਲ ਕਰਦਾ ਹੈ ਜੋ ਸਰੀਰ ਦੇ ਵੱਖ ਵੱਖ ਹਿੱਸਿਆ ਵਿੱਚ ਮੌਜੂਦ ਹੁੰਦੇ ਹਨ।
  • ਇਸ ਲਈ ਡਾਇਬਟੀਜ਼ ਹੋਣ 'ਤੇ ਲੋਕਾਂ ਦਾ ਭਾਰ ਘੱਟ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੇ।
  • ਟਾਈਪ 1 ਡਾਇਬਟੀਜ਼ ਨਾਲ ਪੀੜਤ ਲੋਕ ਬਾਰ-ਬਾਰ ਟਾਇਲਟ ਆਉਣ, ਥਕਾਵਟ ਮਹਿਸੂਸ ਹੋਣ ਅਤੇ ਪਿਆਸ ਲੱਗਣ ਦੀ ਸ਼ਿਕਾਇਤ ਕਰਦੇ ਹਨ।

ਕਿਵੇਂ ਹੁੰਦਾ ਹੈ ਇਲਾਜ

ਇਹ ਸਾਫ਼ ਤੌਰ 'ਤੇ ਨਹੀਂ ਕਿਹਾ ਜਾ ਸਕਿਆ ਹੈ ਕਿ ਇੰਸੁਲਿਨ ਦਾ ਉਤਪਾਦਨ ਕਰਨ ਵਾਲੀ ਕੋਸ਼ਿਕਾਵਾਂ ਕੰਮ ਕਰਨਾ ਕਿਉਂ ਬੰਦ ਕਰ ਦਿੰਦੀਆਂ ਹਨ।

ਸਮੇਂ-ਸਮੇਂ 'ਤੇ ਇੰਸੁਲਿਨ ਦੇ ਟੀਕੇ ਲਗਾ ਕੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ।ਜਿਸ ਨਾਲ ਸਰੀਰ ਊਰਜਾ ਲਈ ਗਲੂਕੋਜ਼ ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ।

ਟਾਈਪ 2 ਬਾਰੇ ਮੁੱਖ ਗੱਲਾਂ

  • ਜ਼ਿਆਦਾਤਰ ਮਾਮਲਿਆਂ ਵਿੱਚ ਟਾਈਪ 2 ਡਾਇਬਟੀਜ਼ ਜ਼ਿਆਦਾ ਸ਼ੁਗਰ ਅਤੇ ਮੋਟਾਪੇ ਵਾਲੀਆਂ ਚੀਜ਼ਾਂ ਜ਼ਿਆਦਾ ਖਾਣ ਅਤੇ ਕਸਰਤ ਨਾ ਕਰਨ ਨਾਲ ਹੁੰਦਾ ਹੈ।
  • ਕੁਝ ਮਾਮਲਿਆਂ ਵਿੱਚ ਇਹ ਵੱਖ-ਵੱਖ ਕਾਰਨਾਂ ਕਰਕੇ ਵੀ ਹੁੰਦਾ ਹੈ।
  • ਇਸਦਾ ਪੂਰਾ ਇਲਾਜ ਸੰਭਵ ਨਹੀਂ ਹੈ। ਇਸ ਨਾਲ ਵੀ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਟਾਈਪ 2 ਵਿੱਚ ਕੀ ਹੁੰਦਾ ਹੈ?

ਟਾਈਪ 2 ਡਾਇਬਟੀਜ਼ ਟਾਈਪ 1 ਨਾਲੋ ਜ਼ਿਆਦਾ ਪਾਇਆ ਜਾਂਦਾ ਹੈ ਅਤੇ ਕਰੀਬ 85 ਤੋਂ 90 ਫ਼ੀਸਦ ਡਾਇਬਟੀਜ਼ ਦੇ ਮਰੀਜ ਇਸ ਨਾਲ ਪੀੜਤ ਮਿਲਦੇ ਹਨ।

ਅਸੀਂ ਜੋ ਖਾਣਾ ਖਾਂਦੇ ਹਾਂ ਇੰਸੁਲਿਨ ਉਸ ਨਾਲ ਗਲੁਕੋਜ਼ ਬਾਹਰ ਕੱਢਣ ਅਤੇ ਸਰੀਰ ਦੇ ਹੋਰ ਅੰਗਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਸਾਡੇ ਸਰੀਰ ਵਿੱਚ ਗਲੂਕੋਜ਼ ਦੀ ਜ਼ਰੂਰਤ ਉਰਜਾ ਲਈ ਹੁੰਦੀ ਹੈ।

ਇੰਸੁਲਿਨ ਸਾਡੇ ਸਰੀਰ ਵਿੱਚ ਵਿਭਿੰਨ ਕੋਸ਼ਿਕਾਵਾਂ ਨੂੰ ਗਲੂਕੋਜ਼ ਲੈਣ ਵਿੱਚ ਮਦਦ ਕਰਦਾ ਹੈ।

ਬਿਨਾਂ ਇਸਦੇ ਕੋਸ਼ਿਕਾਵਾਂ ਗਲੂਕੋਜ਼ ਨਹੀਂ ਲੈ ਸਕਦੀਆਂ ਅਤੇ ਉਹ ਸਰੀਰ ਵਿੱਚ ਇਕੱਠਾ ਹੁੰਦਾ ਹੈ।

ਕਈ ਲੋਕ ਆਪਣੇ ਖਾਣ-ਪੀਣ ਕਾਰਨ ਲੰਬੇ ਸਮੇਂ ਤੱਕ ਟਾਈਪ 2 ਡਾਇਬਟੀਜ਼ ਤੋਂ ਬਚੇ ਰਹਿੰਦੇ ਹਨ ਪਰ ਬੱਚਿਆਂ ਅਤੇ ਨੌਜਵਾਨਾਂ ਵਿੱਚ ਇਹ ਸਮੱਸਿਆ ਵੱਧ ਰਹੀ ਹੈ।

ਕਿਵੇਂ ਹੁੰਦਾ ਹੈ ਇਲਾਜ

  • ਟਾਈਪ 2 ਡਾਇਬਟੀਜ਼ ਦਾ ਪਤਾ ਚੱਲਣ ਤੇ ਮਰੀਜ ਨੂੰ ਖਾਣ-ਪੀਣ ਵਿੱਚ ਬਦਲਾਅ ਕਰਨ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  • ਟਾਈਪ 2 ਡਾਇਬਟੀਜ਼ ਸਰੀਰ ਵਿੱਚ ਬਹੁਤ ਜ਼ਿਆਦਾ ਗਲੂਕੋਜ਼ ਇਕੱਠਾ ਹੋਣ ਨਾਲ ਹੁੰਦੀ

ਅਜਿਹੇ ਵਿੱਚ ਜ਼ਿਆਦਾ ਸ਼ੁਗਰ ਅਤੇ ਚਰਬੀ ਵਾਲਾ ਖਾਣਾ ਘੱਟ ਕਰਨ ਅਤੇ ਕਸਰਤ ਦੇ ਜ਼ਰੀਏ ਉਸਨੂੰ ਬਰਨ ਕਰਨ ਨਾਲ ਸਰੀਰ ਵਿੱਚ ਗਲੂਕੋਜ਼ ਘੱਟ ਹੋਣ 'ਚ ਮਦਦ ਮਿਲਦੀ ਹੈ।

ਕੁਝ ਮਾਮਲਿਆਂ ਵਿੱਚ ਟਾਈਪ 2 ਦੇ ਮਰੀਜਾਂ ਨੂੰ ਦਵਾਈ ਜਾਂ ਵਧੇਰੇ ਇੰਸੁਲਿਨ ਵੀ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)