ਨਵੇਂ ਸਾਲ 'ਤੇ ਲਏ ਗਏ ਅਹਿਦ ਕਿਵੇਂ ਪੂਰੇ ਕਰੀਏ?

ਭਾਰ ਘਟਾਉਣਾ, ਜ਼ਿਆਦਾ ਕਸਰਤ ਕਰਨਾ, ਤੰਬਾਕੂ ਛੱਡਣਾ ਜਾਂ ਇੱਕ ਨਵੀਂ ਭਾਸ਼ਾ ਸਿੱਖਣਾ- ਨਵੇਂ ਸਾਲ 'ਤੇ ਅਸੀਂ ਇਸ ਤਰੀਕੇ ਦੇ ਕਈ ਸੰਕਲਪ ਬਣਾਉਂਦੇ ਹਾਂ ਜੋ ਪੂਰੇ ਨਹੀਂ ਹੋ ਪਾਉਂਦੇ।

ਬੀਬੀਸੀ ਰਿਐਲਿਟੀ ਚੈੱਕ ਨੇ ਇਹ ਸਮਝਣ ਕੀ ਕੋਸ਼ਿਸ਼ ਕੀਤੀ ਕਿ ਆਖ਼ਰ ਉਹ ਕਿਹੜੇ ਸੰਕਲਪ ਹਨ ਜਿਨ੍ਹਾਂ ਦੀ ਪੂਰੇ ਹੋਣ ਦੀ ਜ਼ਿਆਦਾ ਉਮੀਦ ਹੁੰਦੀ ਹੈ।

ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਕਿ ਕਿਹੜੇ ਸੰਕਲਪ ਤੁਹਾਨੂੰ ਲੈਣੇ ਚਾਹੀਦੇ ਹਨ ਪਰ ਅਸੀਂ ਤੁਹਾਨੂੰ ਸ਼ੋਧ ਦੇ ਆਧਾਰ 'ਤੇ ਇਹ ਸੁਝਾਅ ਦੇ ਸਕਦੇ ਹਾਂ ਕਿ ਆਖ਼ਰ ਤੁਹਾਨੂੰ ਸੰਕਲਪ ਕਿਵੇਂ ਲੈਣੇ ਚਾਹੀਦੇ ਹਨ।

ਇਸ ਗੱਲ ਦੇ ਪ੍ਰਮਾਣ ਮਿਲਦੇ ਹਨ ਕਿ ਮਨੁੱਖ ਨੂੰ ਨੁਕਸਾਨ ਪੂਰਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਨਵੀਂ ਚੀਜ਼ ਹਾਸਲ ਕਰਨ ਤੋਂ ਜ਼ਿਆਦਾ ਕੋਸ਼ਿਸ਼ ਅਸੀਂ ਘਾਟੇ ਨੂੰ ਪੁਰਾ ਕਰਨ ਲਈ ਕਰਦੇ ਹਾਂ।

ਜੇ ਅਸੀਂ ਸੰਕਲਪ ਕਿਸੇ ਨੁਕਸਾਨ ਨੂੰ ਪੂਰਾ ਕਰਨ ਲਈ ਬਣਾਈਏ ਜਿਵੇਂ, ਦੁਬਾਰਾ ਕਿਸੇ ਸ਼ੌਕ ਨੂੰ ਸ਼ੁਰੂ ਕਰਨਾ ਜਾਂ ਪਹਿਲਾਂ ਵਾਂਗ ਸਿਹਤ ਬਣਾਉਣਾ। ਅਜਿਹੇ ਸੰਕਲਪ ਕਿਸ ਨਵੇਂ ਹੁਨਰ ਨੂੰ ਸਿੱਖਣ ਤੋਂ ਜ਼ਿਆਦਾ ਕਾਮਯਾਬ ਹੁੰਦੇ ਹਨ।

ਇੱਕ ਖਾਸ ਗੱਲ ਹੋਰ ਕਿ ਸੰਕਲਪ ਅਜਿਹੇ ਹੋਣ ਜੋ ਅਸਲੀਅਤ ਵਿੱਚ ਪੂਰੇ ਕੀਤੇ ਜਾ ਸਕਣ।

ਲੋਕਾਂ ਦੀ ਸ਼ਮੂਲੀਅਤ ਹੋਵੇ

ਵਾਰਵਿਕ ਯੂਨੀਵਰਸਿਟੀ ਵਿੱਚ ਦਰਸ਼ਨ ਵਿਗਿਆਨਿਕ ਡਾ. ਜੌਨ ਮਾਈਕਲ ਨੇ ਸੰਕਲਪ ਪੂਰੇ ਕਰਨ ਵਿੱਚ ਸਮਾਜਿਕ ਕਾਰਨਾਂ ਦੇ ਬਾਰੇ ਸ਼ੋਧ ਕੀਤਾ।

ਉਨ੍ਹਾਂ ਮੁਤਾਬਕ, "ਅਸੀਂ ਉਹ ਸੰਕਲਪ ਜ਼ਿਆਦਾ ਪੂਰੇ ਕਰਦੇ ਹਾਂ ਜੋ ਦੂਜੇ ਲੋਕਾਂ ਲਈ ਜ਼ਿਆਦਾ ਮਹੱਤਵਪੂਰਨ ਹੋਣ। ਜਿਵੇਂ- ਜੇ ਅਸੀਂ ਸੰਕਲਪ ਪੂਰਾ ਨਹੀਂ ਕੀਤਾ ਤੇ ਕੋਈ ਮੁਸੀਬਤ ਵਿੱਚ ਫਸ ਸਕਦਾ ਹੈ।''

"ਜਿਵੇਂ ਇੱਕ ਦੋਸਤ ਨਾਲ ਕਲਾਸ ਲਈ ਜਾਣ ਦਾ ਸੰਕਲਪ। ਜੇ ਅਸੀਂ ਕਿਸੇ ਕੰਮ ਲਈ ਪੈਸਾ ਐਡਵਾਂਸ ਦਿੰਦੇ ਹਾਂ ਜਾਂ ਉਸ ਲਈ ਆਪਣਾ ਵਕਤ ਬਿਤਾਉਂਦੇ ਹਾਂ ਤਾਂ ਅਸੀਂ ਉਸਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਦ੍ਰਿੜ ਸੰਕਲਪ ਕਰਦੇ ਹਾਂ।''

ਕੁਝ ਖ਼ਾਸ ਸੰਕੇਤ

ਸਨਮਾਨ ਵੀ ਕਾਫ਼ੀ ਪ੍ਰੇਰਿਤ ਕਰਦਾ ਹੈ। ਜਨਤਕ ਤੌਰ 'ਤੇ ਕੀਤੇ ਸੰਕਲਪ ਜ਼ਿਆਦਾਤਰ ਤੁਸੀਂ ਪੂਰੇ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਤਾਂ ਲੋਕ ਤੁਹਾਡੇ ਬਾਰੇ ਬੁਰਾ ਸੋਚਣਗੇ।

ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੈਲ ਲੈਵੀ ਮੁਤਾਬਕ, "ਤੁਸੀਂ ਲੋਕਾਂ ਦਾ ਭਰੋਸਾ ਖੋਹਣਾ ਨਹੀਂ ਚਾਹੁੰਦੇ ਇਸ ਲਈ ਜਨਤਕ ਤੌਰ 'ਤੇ ਆਪਣੇ ਇਰਾਦੇ ਦਾ ਪ੍ਰਗਟਾਵਾ ਕਰਨਾ ਤੁਹਾਨੂੰ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਆਦਾ ਪ੍ਰੇਰਿਤ ਕਰਦਾ ਹੈ।''

"ਕਿਸੇ ਕੰਮ ਲਈ ਸ਼ਰਤ ਲਾਉਣਾ ਵੀ ਉਸ ਨੂੰ ਪੂਰਾ ਕਰਨ ਲਈ ਤੁਹਾਨੂੰ ਵੱਧ ਪ੍ਰੇਰਨਾ ਦਿੰਦਾ ਹੈ ਅਤੇ ਆਪਣੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।''

ਪ੍ਰੋਫੈਸਰ ਨੈਲ ਨੇ ਕਿਹਾ, "ਜਿਵੇਂ ਮੈਂ ਸੰਕਲਪ ਕਰਾਂ ਕਿ ਮੈਂ ਜਿਮ ਮੰਗਲਵਾਰ ਦੀ ਦੁਪਹਿਰ ਜਾਂ ਸ਼ਨੀਵਾਰ ਦੀ ਸਵੇਰ ਨੂੰ ਜਾਵਾਂਗਾ ਤਾਂ ਇਸ ਸੰਕਲਪ ਦੇ ਪੂਰੇ ਹੋਣ ਦੀ ਜ਼ਿਆਦਾ ਉਮੀਦ ਹੈ।''

"ਜੇ ਮੈਂ ਕਹਾਂ ਕਿ ਮੈਂ ਜ਼ਿਆਦਾ ਜਿਮ ਜਾਵਾਂਗਾ ਤਾਂ ਇਸ ਸੰਕਲਪ ਦੇ ਪੁਰਾ ਹੋਣ ਦੀ ਉਮੀਦ ਘੱਟ ਹੀ ਹੁੰਦੀ ਹੈ।''

ਬਹਾਣੇ ਬਣਾਉਣਾ

ਪ੍ਰੋਫੈਸਰ ਨੈਲ ਮੁਤਾਬਕ ਕਈ ਵਾਰ ਅਸੀਂ ਕਿਸੇ ਕੰਮ ਲਈ ਕੋਈ ਸ਼ਰਤ ਰੱਖ ਦਿੰਦੇ ਹਾਂ ਤਾਂ ਉਹ ਸ਼ਰਤਾਂ ਹੌਲੀ-ਹੌਲੀ ਸਾਡੇ ਬਹਾਨਿਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਪ੍ਰੋਫੈਸਰ ਨੈਲ ਨੇ ਕਿਹਾ, "ਜਿਵੇਂ ਮੈਂ ਜਿਮ ਨਹੀਂ ਜਾਵਾਂਗਾ ਜੇ ਘਰ ਵਿੱਚ ਅੱਗ ਲੱਗ ਜਾਏ ਜਾਂ ਜਿਸ ਦਿਨ ਮੇਰਾ ਜਨਮਦਿਨ ਹੈ। ਇਹ ਇੱਕ ਜਾਇਜ਼ ਗੱਲ ਹੈ।''

"ਪਰ ਮੈਂ ਇਹ ਕਹਿਣਾ ਸ਼ੁਰੂ ਹੋ ਜਾਵਾਂ ਕਿ ਹੁਣ ਮਹੀਨੇ ਦੇ ਆਖਰੀ ਦਿਨ ਹਨ ਤੇ ਮੈਂ ਅਗਲੇ ਮਹੀਨੇ ਤੋਂ ਜਿਮ ਜਾਵਾਂਗਾ ਜਾਂ ਇਸ ਵੇਲੇ ਸਵੇਰੇ ਉੱਠਣ ਦੇ ਲਈ ਠੰਡ ਜ਼ਿਆਦਾ ਹੈ। ਤਾਂ ਹਰ ਹਾਲਾਤ ਮੇਰੇ ਲਈ ਨਾ ਕੰਮ ਕਰਨ ਦੇ ਬਹਾਨੇ ਬਣ ਜਾਣਗੇ।''

ਸੰਕਲਪ ਨੂੰ ਲੰਬੇ ਵਕਤ ਦੇ ਪਲਾਨ ਦਾ ਹਿੱਸਾ ਬਣਾਉਣਾ

ਆਸਟ੍ਰੇਲੀਆ ਦੀ ਜੇਮਸ ਕੁੱਕ ਯੂਨੀਵਰਸਿਟੀ ਵਿੱਚ ਮਨੋਵਿਗਿਆਨੀ ਡਾ. ਐਨੇ ਸਵਿਨਬੋਰਨ ਮੁਤਾਬਕ ਕਿਸੇ ਸ਼ੱਕੀ ਸੰਕਲਪ ਦੀ ਬਜਾਏ ਜੇ ਤੁਸੀਂ ਕਿਸੇ ਸੰਕਲਪ ਨੂੰ ਆਪਣੇ ਲੰਬੇ ਵਕਤ ਦੀ ਯੋਜਨਾ ਦਾ ਹਿੱਸਾ ਬਣਾਉਂਦੇ ਹੋ ਤਾਂ ਤੁਸੀਂ ਉਸ ਨੂੰ ਪੂਰਾ ਕਰਨ ਲਈ ਜ਼ਿਆਦਾ ਪ੍ਰੇਰਿਤ ਹੁੰਦੇ ਹੋ।

ਜਿਵੇਂ ਤੁਹਾਡੀ ਕਦੇ ਖੇਡ ਵਿੱਚ ਦਿਲਚਸਪੀ ਨਹੀਂ ਰਹੀ ਤੇ ਤੁਸੀਂ ਇੱਕ ਐਥਲੀਟ ਬਣਨਾ ਚਾਹੋ ਤਾਂ ਤੁਸੀਂ ਇਹ ਸੰਕਲਪ ਪੂਰਾ ਨਹੀਂ ਕਰ ਸਕਦੇ।

ਜੇ ਤੁਸੀਂ 50 ਸਾਲ ਦੇ ਹੋਣ ਤੋਂ ਪਹਿਲਾਂ ਕਿਸੇ ਥਾਂ ਜਾਣਾ ਚਾਹੁੰਦੇ ਹੋ ਤੇ ਉਸ ਲਈ ਪੈਸੇ ਬਚਾਉਣ ਦਾ ਸੰਕਲਪ ਲੈਂਦੇ ਹੋ ਤਾਂ ਤੁਸੀਂ ਇਸ ਸੰਕਲਪ ਨੂੰ ਪੂਰਾ ਕਰ ਸਕਦੇ ਹੋ।

"ਕਿਸੇ ਸੰਕਲਪ ਨੂੰ ਪੂਰਾ ਕਰਨ ਵਿੱਚ ਉਸਦੀ ਯੋਜਨਾ ਦਾ ਅਹਿਮ ਹਿੱਸਾ ਹੁੰਦਾ ਹੈ।''

ਤੁਸੀਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਕਿਸ ਨਾਲ ਤੁਹਾਨੂੰ ਪ੍ਰੇਰਨਾ ਮਿਲਦੀ ਹੈ। ਆਪਣੇ ਵਤੀਰੇ ਦੇ ਨਕਾਰਤਮਕ ਤੇ ਸਕਾਰਾਤਮਕ ਪਹਿਲੂਆਂ ਨੂੰ ਵਿਚਾਰੋ ।

ਜਿਵੇਂ ਤੁਸੀਂ ਘੱਟ ਸ਼ਰਾਬ ਪੀਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਦੋਸਤਾਂ ਨਾਲ ਕਿਸੇ ਪਬ ਦੇ ਬਜਾਏ ਕਿਸੇ ਕਾਫੀ ਸ਼ੋਪ 'ਤੇ ਮਿਲਣਾ ਚਾਹੁੰਦੇ ਹੋ।

ਡਾ. ਸਵਿਮਬੋਰਨ ਮੁਤਾਬਕ ਜੋ ਲੋਕ ਇੱਛਾ ਸ਼ਕਤੀ ਤੇ ਨਿਰਭਰ ਰਹਿੰਦੇ ਹੋ ਉਹ ਅਕਸਰ ਨਾਕਾਮਯਾਬ ਹੁੰਦੇ ਹਨ।

ਉਨ੍ਹਾਂ ਮੁਤਾਬਕ, "ਤੁਹਾਨੂੰ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਯੋਜਨਾ ਬਣਾਉਣ ਦਾ ਨੀਰਸ ਕੰਮ ਲਗਾਤਾਰ ਕਰਨਾ ਪਏਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)