80 ਸਾਲ ਦੀ ਉਮਰ 'ਚ 20 ਸਾਲ ਵਾਲੀ ਫੁਰਤੀ ਦਾ ਰਾਜ਼?

    • ਲੇਖਕ, ਫਰਗਸ ਵਾਲਸ਼
    • ਰੋਲ, ਬੀਬੀਸੀ ਪੱਤਰਕਾਰ

ਵਿਗਿਆਨੀਆਂ ਦਾ ਮੰਨਣਾ ਹੈ ਕਿ ਬੁਢਾਪੇ ਵਿੱਚ ਜ਼ਿਆਦਾ ਕਸਰਤ ਕਰਨ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ ਅਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਨਹੀਂ ਹੁੰਦਾ।

ਵਿਗਿਆਨੀਆਂ ਨੇ 125 ਸਾਈਕਲ ਚਲਾਉਣ ਵਾਲਿਆਂ 'ਤੇ ਇੱਕ ਸਰਵੇ ਕੀਤਾ ਹੈ ਜਿਨ੍ਹਾਂ ਵਿੱਚੋਂ ਕੁਝ ਦੀ ਉਮਰ 80 ਸਾਲ ਹੈ ਅਤੇ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ 20 ਸਾਲ ਦੇ ਨੌਜਵਾਨਾਂ ਦੇ ਬਰਾਬਰ ਹੈ।

82 ਸਾਲਾ ਪ੍ਰੋਫੈਸਰ ਨੋਰਮਨ ਲਾਜ਼ਾਰਸ, ਜੋ ਕਿ ਇਸ ਸਰਵੇ ਦਾ ਹਿੱਸਾ ਹਨ ਅਤੇ ਖੋਜ ਦੇ ਸਹਿ-ਲੇਖਕ ਹਨ ਉਨ੍ਹਾਂ ਦਾ ਕਹਿਣਾ ਹੈ,''ਜੇ ਕਸਰਤ ਇੱਕ ਗੋਲੀ ਹੁੰਦੀ ਤਾਂ ਹਰ ਕੋਈ ਇਸ ਨੂੰ ਲੈ ਲੈਂਦਾ।''

''ਕਸਤਰ ਸਰੀਰ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਦਿਮਾਗ, ਮਾਸਪੇਸ਼ੀਆਂ ਅਤੇ ਬੀਮਾਰੀ ਤੋਂ ਬਚਣ ਦੀ ਸ਼ਕਤੀ ਨੂੰ ਵੀ ਮਜ਼ਬੂਤ ਬਣਾਉਂਦੀ ਹੈ।''

ਇਹ ਰਿਸਰਚ ਜਰਨਲ ਏਜਿੰਜ ਸੈੱਲ ਵਿੱਚ ਛਪੀ ਸੀ।

'ਇੰਸਟੀਚਿਊਟ ਆਫ਼ ਇਨਫਲਾਮੇਸ਼ਨ ਐਂਡ ਏਜਇੰਗ' ਦੇ ਡਾਇਰੈਕਟਰ ਪ੍ਰੋਫੈਸਰ ਜਾਨਟ ਲਾਰਡ ਮੁਤਾਬਕ,''20 ਸਾਲ ਦੀ ਉਮਰ ਤੋਂ ਬਾਅਦ ਸਾਡੇ ਸਰੀਰ 'ਚ ਬੀਮਾਰੀ ਨਾਲ ਲੜਨ ਦੀ ਸ਼ਕਤੀ 2 ਤੋਂ 3 ਫ਼ੀਸਦ ਸਾਲਾਨਾ ਘਟਣ ਲਗਦੀ ਹੈ।''

"ਇਸ ਕਾਰਨ ਬੁਢਾਪੇ ਵਿੱਚ ਇਨਫੈਕਸ਼ਨ, ਗਠੀਆ ਰੋਗ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਲਗ ਜਾਂਦੀਆਂ ਹਨ।''

''ਸਾਈਕਲ ਚਲਾਉਣ ਵਾਲਿਆਂ ਦਾ ਇਮਊਨ ਸਿਸਟਮ 20 ਸਾਲ ਦੇ ਨੌਜਵਾਨ ਦੇ ਬਰਾਬਰ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਉਨ੍ਹਾਂ ਦੇ ਬਰਾਬਰ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਹੁੰਦੇ ਹਨ।''

ਖੋਜਕਾਰਾਂ ਨੇ ਟੀ-ਸੈੱਲ ਲਈ ਖ਼ੂਨ ਵਿੱਚ ਨਿਸ਼ਾਨ ਦੇਖੇ ਜਿਹੜੇ ਇਨਫੈਕਸ਼ਨ ਨਾਲ ਲੜਨ ਲਈ ਇਮਊਨ ਸਿਸਟਮ ਦੀ ਮਦਦ ਕਰਦੇ ਹਨ।

ਇਹ ਥਾਈਮਸ ਵਿੱਚ ਪੈਦਾ ਹੁੰਦੇ ਹਨ, ਜੋ ਕਿ ਛਾਤੀ ਦੇ ਗਲੈਂਡ ਵਿੱਚ ਹੁੰਦਾ ਹੈ ਜਿਸ ਦਾ ਆਕਾਰ ਆਮ ਤੌਰ 'ਤੇ ਬਾਲਗ ਅਵਸਥਾ 'ਚ ਸੁੰਗੜਦਾ ਹੈ।

ਉਨ੍ਹਾਂ ਨੇ ਦੇਖਿਆ ਸਾਈਕਲ ਚਲਾਉਣ ਵਾਲੇ 80 ਸਾਲਾਂ ਦੇ ਬਜ਼ੁਰਗਾਂ ਦੇ ਟੀ-ਸੈੱਲਾਂ ਦਾ ਉਹੀ ਪੱਧਰ ਹੈ ਜਿਹੜਾ 20 ਸਾਲ ਦੇ ਨੌਜਵਾਨ ਦਾ ਹੈ।

ਖੋਜਕਾਰ ਮੰਨਦੇ ਹਨ ਕਿ ਬੁਢਾਪੇ ਵਿੱਚ ਸਰੀਰਕ ਪੱਖੋਂ ਚੁਸਤ ਰਹਿਣ ਵਾਲੇ ਲੋਕਾਂ ਨੂੰ ਟੀਕਾ ਲੱਗਵਾਉਣ ਸਮੇਂ ਮੁਸ਼ਕਿਲ ਨਹੀਂ ਆਉਂਦੀ।

ਕਿੰਗਜ਼ ਕਾਲਜ ਲੰਡਨ ਦੇ ਪ੍ਰੋਫੈਸਰ ਅਤੇ ਸਹਿ-ਲੇਖਕ ਸਟੀਵ ਹੈਰੀਜ ਦਾ ਕਹਿਣਾ ਹੈ,''ਬੈਠੇ ਰਹਿਣ ਦੀ ਥਾਂ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖ ਦੀ ਬਣਤਰ ਸਰੀਰਕ ਪੱਖੋਂ ਚੁਸਤ ਰਹਿਣ ਦੇ ਤੌਰ 'ਤੇ ਹੁੰਦੀ ਹੈ।''

''ਜ਼ਰੂਰੀ ਨਹੀਂ ਇਸ ਲਈ ਤੁਸੀਂ ਕਿਸੇ ਖੇਡ ਦਾ ਹਿੱਸਾ ਬਣੋ, ਕਿਸੇ ਮੁਕਾਬਲੇ 'ਚ ਹਿੱਸਾ ਲਵੋ ਜਾਂ ਫਿਰ ਸਾਈਕਲ ਚਲਾਓ। ਤੁਸੀਂ ਕੋਈ ਵੀ ਐਕਟੀਵਿਟੀ ਕਰ ਸਕਦੇ ਹੋ। ਤੁਹਾਡੀ ਹਰ ਕਸਰਤ ਤੁਹਾਡੇ ਲਈ ਸਹਾਇਕ ਹੋਵੇਗੀ।''

ਪ੍ਰੋਫੈਸਰ ਹੈਰੀਜ ਤੇ ਪ੍ਰੋਫੈਸਰ ਲਾਜ਼ਾਰਸ ਮੰਨਦੇ ਹਨ ਕਿ ਸਰੀਰਕ ਪੱਖੋਂ ਚੁਸਤ ਰਹਿਣ ਵਾਲੇ ਬਜ਼ੁਰਗ ਜੀਉਣ ਦੀ ਅਸਲ ਭਾਸ਼ਾ ਨੂੰ ਦਰਸਾਉਂਦੇ ਹਨ।

ਏਜਿੰਜ ਸੈੱਲ ਦੀ ਖੋਜ ਮੁਤਾਬਕ ਸਾਈਕਲ ਚਲਾਉਣ ਵਾਲਿਆਂ ਦੀਆਂ ਮਾਸ ਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਸਰੀਰ ਕਦੇ ਮੋਟਾ ਨਹੀਂ ਹੁੰਦਾ।

ਮੈਂ ਦਰਜਨਾਂ ਸਾਈਕਲਿਸਟ ਨੂੰ ਮਿਲਿਆ। ਉਹ ਦੁਨੀਆਂ ਦੇ ਸਭ ਤੋਂ ਖੁਸ਼ ਇਨਸਾਨ ਲਗ ਰਹੇ ਸੀ ਅਤੇ ਹਰ ਮੌਸਮ ਵਿੱਚ ਉਹ ਆਪਣੀ ਰਾਈਡ ਜਾਰੀ ਰੱਖਦੇ ਹਨ।

ਉਹ ਔਡਕਸ ਸਾਈਕਲਿੰਗ ਸੰਸਥਾ ਦੇ ਮੈਂਬਰ ਸਨ। ਇਸ ਸੰਸਥਾ ਵੱਲੋਂ 100 ਤੋਂ 300 ਕਿੱਲੋਮੀਟਰ ਤੱਕ ਦੀ ਸਾਈਕਲਿੰਗ ਦੇ ਪ੍ਰੋਗ੍ਰਾਮ ਕਰਵਾਏ ਜਾ ਚੁੱਕੇ ਹਨ।

79 ਸਾਲਾ ਪੈਮ ਜੋਨਸ ਨੇ ਮੈਨੂੰ ਦੱਸਿਆ,''ਇਹ ਮੈਂ ਆਪਣੀ ਸਿਹਤ ਠੀਕ ਰੱਖਣ ਲਈ ਕਰਦਾ ਹਾਂ ਕਿਉਂਕਿ ਇਹ ਬਹੁਤ ਮਿਲਾਪੜਾ ਹੈ ਅਤੇ ਮੈਂ ਇਸਦਾ ਬਹੁਤ ਆਨੰਦ ਮਾਣਦਾ ਹਾਂ।''

82 ਸਾਲਾ ਬਰੀਅਨ ਮੈਟਕਿਨਸ ਦਾ ਕਹਿਣਾ ਹੈ,'' ਇਸ ਨਾਲ ਮੇਰਾ ਸਰੀਰ ਇਸ ਤਰ੍ਹਾਂ ਹੋ ਗਿਆ ਜਿਵੇਂ ਮੇਰੀ ਉਮਰ 19 ਸਾਲ ਦੇ ਨੌਜਵਾਨ ਵਰਗੀ ਹੋਵੇ।''

64 ਸਾਲਾ ਜਿਮ ਵੁਡਸ ਆਪਣੇ ਗਰੁੱਪ ਵਿੱਚ ਬਾਕੀ ਲੋਕਾਂ ਦੇ ਮੁਕਾਬਲੇ ਸਭ ਤੋਂ ਘੱਟ ਉਮਰ ਦੇ ਹਨ ਅਤੇ ਉਹ ਹਰ ਹਫ਼ਤੇ ਆਪਣੀ ਬਾਈਕ 'ਤੇ 100 ਮੀਲ ਦਾ ਸਫ਼ਰ ਤੈਅ ਕਰਦੇ ਹਨ।

60 ਮੀਲ ਸਾਈਕਲ ਚਲਾਉਣਾ ਸ਼ਾਇਦ ਤੁਹਾਡੇ ਮਨੋਰੰਜਨ ਦਾ ਸਾਧਨ ਨਾ ਹੋਵੇ ਪਰ ਇਹ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ ਇਸ ਕਰਕੇ ਉਨ੍ਹਾਂ ਨੇ ਇਸ ਨੂੰ ਲਗਾਤਾਰ ਜਾਰੀ ਰੱਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)