ਨਾਮੁਮਕਿਨ ਨੂੰ ਮੁਮਕਿਨ ਕਰਨ ਦਾ ਜਨੂੰਨ ਰੱਖਦੀਆਂ ਇਹ ਖਿਡਾਰਨਾਂ

ਮਾਰਚ 2018 ਵਿੱਚ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਜਾਣ ਲਈ ਇਹ ਖਿਡਾਰਨਾਂ ਚੇਨਈ ਦੇ ਇੱਕ ਕਾਲਜ ਦੇ ਬਾਸਕਟਬਾਲ ਮੈਦਾਨ ਵਿੱਚ ਪੂਰੇ ਉਤਸ਼ਾਹ ਨਾਲ ਤਿਆਰੀ ਕਰ ਰਹੀਆਂ ਹਨ।

ਭਾਰਤ ਦੇ ਵ੍ਹੀਲਚੇਅਰ ਬਾਸਕਟਬਾਲ ਖਿਡਾਰੀਆਂ ਦੀ ਟੀਮ ਵਿੱਚ ਚੁਣੇ ਜਾਣ ਲਈ ਮੁਕਾਬਲਾ ਕਰ ਰਹੀਆਂ ਇਨ੍ਹਾਂ ਖਿਡਾਰਨਾਂ ਨਾਲ ਫੋਟੋ ਪੱਤਰਕਾਰ ਹਰੀ ਆਦੀਵਾਰਕਰ ਨੇ ਕੁਝ ਦਿਨ ਬਿਤਾਏ।

ਇਸ ਆਲਮੀ ਟੂਰਨਾਮੈਂਟ ਵਿੱਚ ਪਹਿਲੀ ਵਾਰ ਭਾਰਤ ਦੀ ਮਹਿਲਾ ਟੀਮ ਹਿੱਸਾ ਲੈਣ ਜਾ ਰਹੀ ਹੈ।

ਜੇਕਰ ਇਹ ਟੀਮ ਅਕਤੂਬਰ ਵਿੱਚ ਹੋਣ ਵਾਲੇ ਨਿਰਣਾਇਕ ਮੈਚ ਤੱਕ ਪਹੁੰਚ ਗਈ ਤਾਂ ਅਗਾਮੀ ਪੈਰਾ ਉਲੰਪਿਕ ਲਈ ਵੀ ਇਨ੍ਹਾਂ ਦਾ ਰਾਹ ਸਾਫ ਹੋ ਜਾਵੇਗਾ।

ਇਹ ਪੈਰਾ ਉਲੰਪਿਕ 2020 ਵਿੱਚ ਹੋਣੇ ਹਨ।

ਨੌਂ ਦਿਨ ਚੱਲੇ ਅਭਿਆਸ ਮੈਚਾਂ ਦੋਰਾਨ ਇਸ ਟੀਮ ਨੇ ਦਿਨ ਵਿੱਚ ਸੱਤ ਘੰਟੇ ਅਭਿਆਸ ਕੀਤਾ।

ਉਪਰੋਕਤ ਤਸਵੀਰ ਵਿੱਚ ਦਮ ਵਧਾਉਣ ਵਾਲੀ ਕਸਰਤ ਵਜੋਂ ਇੱਕ ਖਿਡਾਰੀ ਚਾਰ ਹੋਰ ਨੂੰ ਖਿੱਚ ਰਹੀ ਹੈ।

ਟਾਇਲਟਸ ਤੱਕ ਪਹੁੰਚ ਨਾ ਹੋਣ ਕਾਰਨ ਇਹ ਟੀਮ ਪਾਣੀ ਦੀਆਂ ਬਾਲਟੀਆਂ ਵਿੱਚ ਹੱਥ ਧੋਂਦੀ ਹੈ।

ਸੋਲਾਂ ਸਾਲਾ ਰੇਖਾ ਸਿਰਫ ਆਪਣਾ ਪਹਿਲਾ ਨਾਮ ਵਰਤਦੀ ਹੈ। ਇਸ ਟੀਮ ਦੀ ਉਹ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ।

ਰੇਖਾ ਇੱਕ ਸਾਲ ਦੀ ਉਮਰ ਦੌਰਾਨ ਹੀ ਅਪੰਗ ਹੋ ਗਈ ਸੀ ਪਰ ਉਸਨੇ ਵੀਲ੍ਹਚੇਅਰ ਦੀ ਵਰਤੋਂ ਤਿੰਨ ਸਾਲ ਪਹਿਲਾਂ ਹੀ ਕਰਨੀ ਸ਼ੁਰੂ ਕੀਤੀ।

ਹੁਣ ਉਹ ਟੀਮ ਦੀਆਂ ਫੁਰਤੀਲੀਆਂ ਖਿਡਾਰਨਾਂ ਵਿੱਚ ਸ਼ੁਮਾਰ ਹੁੰਦੀ ਹੈ। ਉਸ ਨੇ ਕਿਹਾ, "ਸਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ।"

68 ਸਾਲਾ ਐਨਥਨੀ ਪਰੇਰਾ ਜੋ ਕਿ ਇੱਕ ਸਾਬਕਾ ਇੰਜੀਨੀਅਰ ਹਨ ਪੁਰਸ਼ ਤੇ ਮਹਿਲਾ ਟੀਮਾਂ ਦੇ ਸਾਂਝੇ ਕੋਚ ਹਨ।

1971 ਦੀ ਭਾਰਤ-ਪਾਕ ਜੰਗ ਵਿੱਚ ਜ਼ਖਮੀ ਹੋਣ ਮਗਰੋਂ ਹੀ ਉਹ ਪੈਰਾ ਖਿਡਾਰੀ ਹਨ।

ਉਹਨਾਂ ਕਿਹਾਂ, "ਮੈਂ ਕੁਝ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਬਾਸਕਟਬਾਲ ਖਿਡਾਰੀ ਵਜੋਂ ਆਪਣੀ ਪਾਰੀ ਸ਼ੁਰੂ ਕੀਤੀ।"

"ਉਮਰ ਵਧਣ ਨਾਲ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਵਰਗੇ ਲੋਕਾਂ ਲਈ ਕੁਝ ਕਰਾਂ ਇਸ ਲਈ ਮੈਂ ਕੋਚ ਬਣ ਗਿਆ।"

ਵੀਲ੍ਹਚੇਅਰ ਬਾਸਕਟਬਾਲ ਭਾਰਤ ਵਿੱਚ ਨਵੀਂ ਖੇਡ ਹੈ ਤੇ ਇਸਦੀ ਕੌਮੀ ਫੈਡਰੇਸ਼ਨ ਵੀ ਹੈ।

2014 ਵਿੱਚ ਬਣੀ ਇਸ ਫੈਡਰੇਸ਼ਨ ਦੀ ਮੁਖੀ ਮਾਧਵੀ ਲਥਾ ਨੇ ਦੱਸਿਆ ਕਿ ਇਸ ਖੇਡ ਨੇ ਉਹਨਾਂ ਦਾ ਜੀਵਨ ਬਚਾ ਦਿੱਤਾ।

ਲਥਾ ਇਸ ਗੱਲ ਤੋਂ ਫਿਕਰਮੰਦ ਹਨ ਕਿ ਅਪੰਗ ਲੋਕਾਂ ਦੀਆਂ ਖੇਡਾਂ ਬਾਰੇ ਦੇਸ ਵਿੱਚ ਚੇਤਨਾ ਦੀ ਕਮੀ ਹੈ ਜਿਸ ਕਾਰਨ ਫੰਡ ਵੀ ਘੱਟ ਮਿਲਦੇ ਹਨ।

ਫੈਡਰੇਸ਼ਨ ਫਿਲਹਾਲ ਇਸ ਪੰਦਰਾਂ ਮੈਂਬਰੀ ਟੀਮ ਨੂੰ ਥਾਈਲੈਂਡ ਭੇਜਣ ਲਈ ਸਾਢੇ ਚਾਰ ਲੱਖ ਰੁਪਏ ਦਾ ਜੁਗਾੜ ਕਰਨ ਵਿੱਚ ਲੱਗੀ ਹੋਈ ਹੈ ਤਾਂ ਕਿ ਹਵਾਈ ਜਹਾ਼ਜ਼ ਦੀਆਂ ਟਿਕਟਾਂ ਖ਼ਰੀਦੀਆਂ ਜਾ ਸਕਣ।

ਫੁਰਸਤ ਦੇ ਪਲਾਂ ਵਿੱਚ ਮੁਸਕਰਾ ਰਹੀਆਂ ਖਿਡਾਰਨਾਂ ਨੇ ਦੱਸਿਆ ਕਿ ਭਾਵੇਂ ਖੇਡ ਨੇ ਉਹਨਾਂ ਲਈ ਸੰਭਾਵਨਾਵਾਂ ਪੈਦਾ ਕੀਤੀਆਂ ਹਨ ਪਰ ਫੇਰ ਵੀ ਖਿਡਾਰਨਾਂ ਵਜੋਂ ਉਹਨਾਂ ਨੂੰ ਚੁਣੌਤੀਆਂ ਦੀ ਘਾਟ ਨਹੀਂ ਹੈ।

ਦੇਸ ਵਿੱਚ ਵਧੇਰੇ ਹੋਟਲ, ਪਾਖਾਨੇ ਤੇ ਆਉਣ-ਜਾਣ ਦੇ ਸਾਧਨ ਵੀਲ੍ਹਚੇਅਰ ਵਰਤਣ ਵਾਲਿਆਂ ਲਈ ਢੁਕਵੇਂ ਨਹੀਂ ਹਨ।

ਫੈਡਰੇਸ਼ਨ ਖਿਡਾਰੀਆਂ ਲਈ ਢੁਕਵੀਂਆਂ ਸਹੂਲਤਾਂ ਨਹੀਂ ਜੁਟਾ ਪਾ ਰਹੀ ਜਿਸ ਕਰਕੇ ਉਹ ਦੂਜੇ ਦਰਜੇ ਦੀਆਂ ਦੇਸੀ ਵੀਲ੍ਹਚੇਅਰਾਂ ਨਾਲ ਅਭਿਆਸ ਕਰਨ ਨੂੰ ਮਜ਼ਬੂਰ ਹਨ।

ਵੀਲ੍ਹਚੇਅਰਾਂ ਜਾਂ ਉਹਨਾਂ ਦੇ ਪੁਰਜੇ ਵਿਦੇਸ਼ਾਂ ਤੋਂ ਮੰਗਾਉਣਾ ਮਹਿੰਗਾ ਪੈਂਦਾ ਹੈ।

ਹਿਮਾ ਕਲਿਆਣੀ ਤੇ ਮਨੀਸ਼ਾ ਪਾਟਿਲ ਕਰਨਾਟਕਾ ਸੂਬੇ ਤੋਂ ਹਨ।

ਉਨ੍ਹਾਂ ਨੂੰ ਰੋਜ਼ਾਨਾ ਆਪਣੇ ਹੋਸਟਲ ਤੋਂ ਬਾਸਕਟਬਾਲ ਮੈਦਾਨ ਤੱਕ ਇੱਕ ਕਿਲੋਮੀਟਰ ਦਾ ਸਫ਼ਰ ਟਰੈਫ਼ਿਕ ਨਾਲ ਭਰੀ ਸੜਕ ਪਾਰ ਕਰਕੇ ਤੈਅ ਕਰਨਾ ਪੈਂਦਾ ਹੈ।

2016 ਦੀ ਜਨ ਸੰਖਿਆ ਦੇ ਅੰਕੜਿਆਂ ਮੁਤਾਬਕ 15 ਕਰੋੜ ਲੋਕ ਤੁਰਨ ਫ਼ਿਰਨ ਪੱਖੋਂ ਅਪਾਹਜ ਹਨ ਜਿਨ੍ਹਾਂ ਵਿੱਚੋਂ ਇੱਕੀ ਲੱਖ ਔਰਤਾਂ ਹਨ।

34 ਸਾਲਾ ਕਾਰਤਿਕੀ ਪਟੇਲ ਟੀਮ ਦੀ ਕਪਤਾਨ ਹੈ। 2008 ਵਿੱਚ ਇੱਕ ਹਾਦਸੇ ਦੌਰਾਨ ਉਹਨਾਂ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਸੀ।

"ਹਾਦਸੇ ਤੋਂ ਪਹਿਲਾਂ ਮੈਂ ਬਾਸਕਟਬਾਲ ਖੇਡਦੀ ਸੀ ਪਰ ਕਿਉਂਕਿ ਇਸ ਵਿੱਚ ਕੋਈ ਜ਼ਿਆਦਾ ਮਹਿਲਾਂ ਖਿਡਾਰਨਾਂ ਨਹੀਂ ਸਨ ਇਸ ਲਈ ਮੈਂ ਬੈਡਮਿੰਟਨ ਖੇਡਣ ਲੱਗ ਪਈ। ਹਾਦਸੇ ਤੋਂ ਬਾਅਦ ਮੈਂ ਫੇਰ ਬਾਸਕਟਬਾਲ ਵੱਲ ਪਰਤ ਆਈ।"

ਕਾਰਤਿਕੀ ਪਟੇਲ ਨੇ ਕਿਹਾ ਕਿ ਉਹਨਾਂ ਨੂੰ ਵਧੀਆ ਵ੍ਹੀਲਚੇਅਰਾਂ ਦੀ ਜ਼ਰੂਰਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)