ਕੀ ਪੰਜਾਬ ਪੁਲਿਸ ਦੀ ਆਨਲਾਈਨ ਮੁਹਿੰਮ ਗੈਂਗਸਟਰਾਂ ਨੂੰ ਪਾ ਸਕੇਗੀ ਨੱਥ?

ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਵਧ ਰਹੇ ਗੈਂਗ-ਸੱਭਿਆਚਾਰ ਅਤੇ ਅਪਰਾਧੀਆਂ 'ਤੇ ਕਾਬੂ ਪਾਉਣ ਲਈ ਆਨਲਾਈਨ ਅਤੇ ਸੋਸ਼ਲ ਮੀਡੀਆ ਮੁਹਿੰਮ ਵਿੱਢੀ ਗਈ ਹੈ।

ਇਸ ਮੁਹਿੰਮ ਨੂੰ ਸ਼ੁਰੂ ਕਰਨ ਲਈ ਪੰਜਾਬ ਪੁਲਿਸ ਨੇ ਆਪਣੇ ਫੇਸਬੁੱਕ ਪੇਜ (www.facebook.com/PunjabPoliceIndia), ਟਵਿਟਰ ਹੈਂਡਲ (www.twitter.com/PunjabPolice), ਪੰਜਾਬ ਦੇ ਡੀਜੀਪੀ ਦਾ ਟਵਿਟਰ ਹੈਂਡਲ ਅਤੇ ਪੰਜਾਬ ਪੁਲਿਸ ਦਾ youtube ਚੈਨਲ ਲਾਈਵ ਕੀਤੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਹਿੰਮ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਕੈਪਟਨ ਨੇ ਕਿਹਾ, "ਇਹ ਸੋਸ਼ਲ ਮੀਡੀਆ ਮੁਹਿੰਮ ਪੁਲਿਸ ਅਤੇ ਆਮ ਲੋਕਾਂ ਵਿੱਚ ਵਧ ਰਹੇ ਪਾੜੇ ਨੂੰ ਘੱਟ ਕਰਨ ਵਿੱਚ ਕਾਰਗਰ ਸਹਾਈ ਹੋਵੇਗੀ।"

ਉਨ੍ਹਾਂ ਕਿਹਾ, "ਇਸ ਨਾਲ ਅਸੀਂ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਅਤੇ ਸੂਬੇ ਵਿੱਚ ਅਪਰਾਧਾਂ ਨੂੰ ਵਧਾਉਣ ਲਈ ਕੀਤੇ ਜਾ ਰਹੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਵੀ ਕਾਬੂ ਪਾਵਾਂਗੇ।"

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਸੋਸ਼ਲ ਮੀਡੀਆ ਸੂਚਨਾ ਦੇਣ, ਫੀਡਬੈਕ ਲੈਣ ਅਤੇ ਸ਼ਿਕਾਇਤਾਂ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।"

ਉਨ੍ਹਾਂ ਪੁਲਿਸ ਨੂੰ ਜ਼ੋਰ ਦੇ ਕੇ ਆਖਿਆ ਕਿ ਸੋਸ਼ਲ ਮੀਡੀਆ ਨੂੰ ਪੁਲਿਸ ਅਤੇ ਆਮ ਲੋਕਾਂ ਦੀ ਭਲਾਈ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਿਆ ਜਾਵੇ।

ਜ਼ਿਕਰਯੋਗ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਕਥਿਤ ਮੁਕਾਬਲੇ ਤੋਂ ਬਾਅਦ, ਪੰਜਾਬ ਪੁਲਿਸ ਇਸ ਤਰ੍ਹਾਂ ਦੇ ਕਈ ਹੋਰ ਯਤਨ ਵੀ ਕਰ ਰਹੀ ਹੈ।

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਰਾਹ ਤੋਂ ਭਟਕਣ ਕਰ ਕੇ ਗੈਂਗਸਟਰਪੁਣੇ ਦੇ ਰਾਹ ਪਏ ਇਨ੍ਹਾਂ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪੰਜਾਬ ਪੁਲਿਸ ਦੇ ਮੁਖੀ ਦੀਆਂ ਹਦਾਇਤਾਂ 'ਤੇ ਹਰ ਜ਼ਿਲ੍ਹਾ ਪੁਲਿਸ ਮੁਖੀ ਨੇ ਗੈਂਗਸਟਰਾਂ ਦੇ ਪਰਿਵਾਰਾਂ ਤੱਕ ਪਹੁੰਚ ਬਣਾ ਰਹੇ ਹਨ।

ਪੁਲਿਸ ਡੀਜੀਪੀ ਦੀਆਂ ਹਦਾਇਤਾਂ ਤੋਂ ਅਨੁਸਾਰ ਗੈਂਗਸਟਰਾਂ ਨੂੰ ਮਾਪਿਆਂ ਤੇ ਪੰਚਾਇਤ ਰਾਹੀਂ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ।

ਇਸ ਤੋਂ ਇਲਾਵਾ ਪੰਜਾਬੀ ਗਾਇਕਾਂ ਵੱਲੋਂ ਆਪਣੇ ਗੀਤਾਂ ਵਿੱਚ ਸ਼ਰਾਬ ਅਤੇ ਹਥਿਆਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਣ 'ਤੇ ਲਗਾਮ ਕੱਸਣ ਲਈ ਪੰਜਾਬ ਪੁਲਿਸ ਵੱਲੋਂ ਆਪਣੇ ਤੌਰ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸ ਮੁਹਿੰਮ ਤਹਿਤ ਪੁਲਿਸ ਵੱਲੋਂ ਗਾਇਕਾਂ ਨੂੰ ਮੁਲਾਕਾਤ ਲਈ ਸੱਦਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਮਾਜ ਵਿੱਚ ਗਲਤ ਸੁਨੇਹਾ ਦੇਣ ਵਾਲੇ ਗੀਤਾਂ ਨੂੰ ਹੁੰਗਾਰਾ ਨਾ ਦੇਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)