ਸੋਸ਼ਲ ਮੀਡੀਆ ਦੇ ਮਾੜੇ ਅਸਰ ਤੋਂ ਬੱਚਿਆਂ ਨੂੰ ਬਚਾਉਣ ਦੇ ਟਿਪਸ

    • ਲੇਖਕ, ਜੇਨ ਵੀਕਫੀਲਡ
    • ਰੋਲ, ਪੱਤਰਕਾਰ, ਬੀਬੀਸੀ

ਰੰਗਨ ਚੈਟਰਜੀ ਇੱਕ ਜਨਰਲ ਪ੍ਰੈਕਟੀਸ਼ਨਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਰਨ ਨਾਲ ਨੌਜਵਾਨਾਂ 'ਤੇ ਮਾਨਸਿਕ ਰੋਗਾਂ ਦਾ ਪ੍ਰਭਾਵ ਪੈ ਰਿਹਾ ਹੈ।

ਇੱਕ 16 ਸਾਲਾ ਮੁੰਡੇ ਨੇ ਜਦੋਂ ਖੁਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਸ ਨੂੰ ਰੰਗਨ ਚੈਟਰਜੀ ਕੋਲ ਰੈਫ਼ਰ ਕੀਤਾ ਗਿਆ ਸੀ।

"ਉਸ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਅਸਰ ਉਸ ਦੀ ਮਾਨਸਿਕ ਸਿਹਤ 'ਤੇ ਪੈ ਰਿਹਾ ਸੀ।"

ਡਾ. ਰੰਗਨ ਦੇ ਸੁਝਾਅ

  • ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
  • ਸੌਣ ਤੋਂ ਇੱਕ ਘੰਟਾ ਪਹਿਲਾਂ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰੇ।
  • ਕੁਝ ਹਫ਼ਤਿਆਂ ਬਾਅਦ ਰਾਤ ਨੂੰ ਅਤੇ ਸਵੇਰੇ ਦੋ-ਦੋ ਘੰਟੇ ਇਸ ਤੋਂ ਦੂਰ ਰਹੇ।

"ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ 6 ਮਹੀਨੇ ਬਾਅਦ ਉਸ ਦੀ ਮਾਂ ਦਾ ਫੋਨ ਆਇਆ ਕਿ ਉਹ ਸਕੂਲ ਵਿੱਚ ਖੁਸ਼ ਹੈ ਤੇ ਆਪਣੇ ਸਾਥੀਆਂ ਵਿੱਚ ਘੁਲ-ਮਿਲ ਗਿਆ ਹੈ।"

ਅਜਿਹੇ ਹੀ ਕਈ ਹੋਰ ਮਾਮਲਿਆਂ ਕਰਕੇ ਡਾ. ਰੰਗਨ ਦੇ ਮੰਨ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠੇ।

"ਸੋਸ਼ਲ ਮੀਡੀਆ ਦਾ ਮਾਨਸਿਕ ਹਾਲਤ 'ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਵੱਡੀ ਮੁਸ਼ਕਿਲ ਹੈ ਤੇ ਇਸ ਲਈ ਸਾਨੂੰ ਕੁਝ ਨਿਯਮਾਂ ਦੀ ਲੋੜ ਹੈ। ਅਸੀਂ ਸਮਾਜ ਨੂੰ ਕਿਵੇਂ ਸਿੱਖਿਅਤ ਕਰੀਏ ਕਿ ਤਕਨੀਕ ਦਾ ਇਸਤੇਮਾਲ ਇਸ ਤਰ੍ਹਾਂ ਕਰੋ ਕਿ ਨੁਕਸਾਨ ਦੀ ਥਾਂ ਸਾਨੂੰ ਫਾਇਦਾ ਹੋਵੇ?"

ਇਹ ਵੀ ਪੜ੍ਹੋ:-

ਇਸ ਤੋਂ ਇਲਾਵਾ ਅਮਰੀਕੀ ਬਾਲ ਭਲਾਈ ਦੇ ਇੱਕ ਸੰਗਠਨ ਨੇ ਹਾਲ ਹੀ ਵਿੱਚ ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਨੂੰ ਲਿਖਿਆ ਕਿ 'ਮੈਸੇਂਜਰ ਕਿਡਜ਼ ਐਪ' ਨੂੰ ਬੰਦ ਕਰ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਕਰਕੇ ਸੁਭਾਅ ਵਿੱਚ ਗੰਭੀਰ ਬਦਲਾਅ ਆ ਰਹੇ ਹਨ ਅਤੇ 10 ਸਾਲ ਦੀ ਉਮਰ ਦੀਆਂ ਕੁੜੀਆਂ ਵੀ ਸਰੀਰ ਦੀ ਬਣਤਰ ਨੂੰ ਲੈ ਕੇ ਫਿਕਰਮੰਦ ਹਨ।

'ਰਾਇਲ ਸੁਸਾਇਟੀ ਆਫ਼ ਪਬਲਿਕ ਹੈਲਥ' ਨੇ ਪੰਜ ਮਸ਼ਹੂਰ ਸੋਸ਼ਲ ਮੀਡੀਆ ਸਾਈਟਸ ਦਾ ਇਸਤੇਮਾਲ ਕਰਨ ਵੇਲੇ ਸੁਭਾਅ ਜਾਣਨ ਲਈ 11 ਤੋਂ 25 ਸਾਲ ਤੱਕ ਦੇ 1500 ਨੌਜਵਾਨਾਂ ਨਾਲ ਗੱਲਬਾਤ ਕੀਤੀ।

ਸਰਵੇਖਣ ਵਿੱਚ ਸਾਹਮਣੇ ਆਇਆ ਕਿ ਸਨੈਪਚੈਟ ਤੇ ਇੰਸਟਾਗ੍ਰਾਮ ਕਰਕੇ ਬੇਚੈਨੀ ਵਧਦੀ ਹੈ। ਯੂ-ਟਿਊਬ ਦਾ ਸਭ ਤੋਂ ਸਕਾਰਾਤਮਕ ਅਸਰ ਸੀ।

ਸਰਵੇਖਣ ਦੀ ਮੁਖੀ ਸ਼ਿਰਲੇ ਕ੍ਰੈਮਰ ਨੇ ਤਿੰਨ ਬਦਲਾਅ ਕਰਨ ਦੇ ਸੁਝਾਅ ਦਿੱਤੇ:

  • ਜਦੋਂ ਕੋਈ ਨੌਜਵਾਨ ਇੱਕ ਤੈਅ ਸਮਾਂ ਆਨਲਾਈਨ ਰਹੇ ਉਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਆਉਣੀ ਚਾਹੀਦੀ ਹੈ।
  • ਡਿਜੀਟਲ ਤਬਦਲੀਆਂ ਹੋਈਆਂ ਫੋਟੋਆਂ 'ਤੇ ਵਾਟਰਮਾਰਕ ਲੱਗਿਆ ਹੋਣਾ ਚਾਹੀਦਾ ਹੈ।
  • ਸੋਸ਼ਲ ਮੀਡੀਆ ਦਾ ਇਸੇਤਾਮਲ ਕਿਵੇਂ ਕੀਤਾ ਜਾਵੇ ਇਸ ਲਈ ਸਕੂਲ ਵਿੱਚ ਪੜ੍ਹਾਈ ਹੋਣੀ ਚਾਹੀਦੀ ਹੈ।

ਮਨੋਵਿਗਿਆਨੀ ਲੁਈਸ ਥਿਓਡੋਸਿਉਸ ਦਾ ਕਹਿਣਾ ਹੈ ਕਿ ਬੱਚੇ ਫੋਨ 'ਤੇ ਵੱਧ ਸਮਾਂ ਬਿਤਾਉਂਦੇ ਹਨ।

"ਕੁਝ ਬੱਚੇ ਪਰੇਸ਼ਾਨ ਕਰਨ ਵਾਲੇ ਮੈਸੇਜ ਨੂੰ ਖ਼ਤਮ ਕਰਨ ਲਈ ਫੋਨ ਨੂੰ ਤੋੜ ਦਿੰਦੇ ਹਨ।"

ਮਾਪੇ ਕੀ ਕਰ ਸਕਦੇ ਹਨ?

  • ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬੱਚੇ ਕਿੰਨਾ ਸਮਾਂ ਆਨਲਾਈਨ ਬਿਤਾਉਂਦੇ ਹਨ ਅਤੇ ਇਹ ਯਕੀਨੀ ਬਣਾਉਣ ਕਿ ਉਹ ਕਸਰਤ ਕਰਨਾ, ਖਾਣਾ-ਪੀਣਾ, ਸੌਣਾ ਤੇ ਲੋਕਾਂ ਨੂੰ ਮਿਲਣਾ ਨਾ ਛੱਡਣ।
  • ਖਾਣਾ ਖਾਣ ਵੇਲੇ ਫੋਨ 'ਤੇ ਰੋਕ ਹੋਵੇ ਤੇ ਸੌਣ ਤੋਂ ਇੱਕ ਘੰਟਾ ਪਹਿਲਾਂ ਉਨ੍ਹਾਂ ਨੂੰ ਫੋਨ ਤੋਂ ਦੂਰ ਲੈ ਜਾਓ। ਬੱਚਿਆਂ ਨੂੰ ਆਪਣੇ ਕਮਰੇ ਵਿੱਚ ਫੋਨ ਤੇ ਹੋਰ ਡਿਵਾਈਸਿਜ਼ ਨੂੰ ਚਾਰਜ ਨਾ ਕਰਨ ਦਿੱਤਾ ਜਾਵੇ।
  • ਬੱਚਿਆਂ ਨਾਲ ਰੋਜ਼ ਗੱਲ ਕਰੋ ਕਿ ਉਹ ਆਨਲਾਈਨ ਕੀ ਕਰਦੇ ਹਨ ਤੇ ਕਿਹੜੀ ਪੋਸਟ ਅੱਜ ਆਨਲਾਈਨ ਪਾਈ। ਉਨ੍ਹਾਂ ਦੇ ਦੋਸਤ ਕੌਣ-ਕੌਣ ਹਨ ਤੇ ਉਨ੍ਹਾਂ ਦੇ ਮੂਡ 'ਤੇ ਕਿੰਨਾ ਅਸਰ ਪਾ ਰਹੇ ਹਨ।
  • ਛੋਟੇ ਬੱਚਿਆਂ ਦੇ ਪਾਸਵਰਡ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ ਤਾਂਕਿ ਉਨ੍ਹਾਂ ਦੀਆਂ ਆਨਲਾਈਨ ਕਾਰਵਾਈਆਂ 'ਤੇ ਨਜ਼ਰ ਰੱਖੀ ਜਾ ਸਕੇ।
  • ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ਦੇ ਇਸਤੇਮਾਲ 'ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਰੋਕ ਹੈ।
  • ਬੱਚਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇੰਟਰਨੈੱਟ ਦੀ ਵਰਤੋਂ ਸਕੂਲ ਤੋਂ ਮਿਲਿਆ ਕੰਮ ਕਰਨ ਤੇ ਆਪਣੀ ਕੋਈ ਵਧੀਆ ਪੋਸਟ ਪਾਉਣ ਲਈ ਇਸਤੇਮਾਲ ਕਰਨ।

ਯੂਕੇ ਦੇ ਸਿਹਤ ਮਹਿਕਮੇ ਦੇ ਅਧਿਕਾਰੀ ਨਵੰਬਰ ਵਿੱਚ ਤਕਨੀਕੀ ਕੰਪਨੀਆਂ ਸਨੈਪਚੈਟ, ਫੇਸਬੁੱਕ, ਗੂਗਲ, ਐੱਪਲ ਤੇ ਟਵਿੱਟਰ ਨੂੰ ਮਿਲੇ ਤੇ ਹੇਠ ਲਿਖੇ ਮੁੱਦਿਆਂ 'ਤੇ ਚਰਚਾ ਕੀਤੀ:

-ਆਨਲਾਈਨ ਧਮਕੀਆਂ ਤੇ ਨੁਕਸਾਨਦਾਇਕ ਸਮੱਗਰੀ

-ਨੌਜਵਾਨਾਂ ਦਾ ਆਨਲਾਈਨ ਸਮਾਂ ਬਿਤਾਉਣ

-ਯੂਜ਼ਰ ਦੀ ਉਮਰ ਦੀ ਪੁਸ਼ਟੀ ਕਿਵੇਂ ਕੀਤੀ ਜਾਵੇ

ਯੂਕੇ ਵਿੱਚ ਫੇਸਬੁੱਕ ਦੀ ਪਬਲਿਕ ਪਾਲਿਸੀ ਦੇ ਮੁਖੀ ਕਰੀਮ ਪੈਲੰਟ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਸਰਵੇਖਣ ਮੁਤਾਬਕ ਜਦੋਂ ਲੋਕਾਂ ਨਾਲ ਸੰਪਰਕ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਹੁੰਦੀ ਹੈ ਤਾਂ ਇਹ ਸਾਡੀ ਸਿਹਤ ਲਈ ਚੰਗਾ ਸਾਬਿਤ ਹੋ ਸਕਦਾ ਹੈ।"

ਟਵਿੱਟਰ ਨੇ ਕਿਹਾ, "ਅਸੀਂ ਇਸ ਮੁੱਦੇ 'ਤੇ ਸਕਾਰਾਤਮਕ ਗੱਲਬਾਤ ਲਈ ਤਿਆਰ ਹਾਂ।"

ਗੂਗਲ ਨੇ ਜਨਤੱਕ ਤੌਰ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਨੈਪਚੈਟ ਨੇ ਕਿਹਾ ਕਿ ਉਹ ਧਮਕੀ ਭਰੇ ਮੈਸੇਜ ਮਿਲਣ ਦੀ ਮੁਸ਼ਕਿਲ ਦਾ ਹੱਲ ਕੱਢਣ ਲਈ ਕੰਮ ਕਰ ਰਹੇ ਹਨ।

ਐੱਪਲ ਨੂੰ ਵੀ ਇਸ ਦੇ ਨਿਵੇਸ਼ਕਾਂ ਨੇ ਕਿਹਾ ਕਿ ਸਮਾਰਟ-ਫੋਨ ਦੇ ਨਸ਼ੇ ਤੋਂ ਦੂਰ ਕਰਨ ਲਈ ਬੱਚਿਆਂ ਵੱਲੋਂ ਸਾਫ਼ਟਵੇਅਰ ਇਸਤੇਮਾਲ ਕਰਨ ਦੀ ਹੱਦ ਤੈਅ ਕਰ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਆਈਫੋਨਜ਼ ਵਿੱਚ ਪਹਿਲਾਂ ਹੀ ਇਸ ਦੀ ਸੈਟਿੰਗ ਕੀਤੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ