ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ 'ਤੇ ਅਸਰ?

ਵਿਸ਼ਵ ਦੀ ਤਿੰਨ ਬਿਲੀਅਨ ਅਬਾਦੀ 'ਚੋਂ 40 ਫੀਸਦ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। ਇੱਕ ਰਿਪੋਰਟ ਮੁਤਾਬਕ ਅਸੀਂ ਹਰ ਰੋਜ਼ ਦੋ ਘੰਟੇ ਸ਼ੇਅਰ, ਲਾਈਕ, ਟਵੀਟ ਤੇ ਅਪਡੇਟ ਕਰਨ ਵਿੱਚ ਲਗਾਉਂਦੇ ਹਾਂ।

ਕਹਿਣ ਦਾ ਭਾਵ ਹੈ ਕਿ ਹਰ ਮਿੰਟ ਅੱਧਾ ਮਿਲੀਅਨ ਟਵੀਟ ਤੇ ਸਨੈਪਚੈਟ ਫੋਟੋਆਂ ਸ਼ੇਅਰ ਕਰਨਾ।

ਕੀ ਸੋਸ਼ਲ ਮੀਡੀਆ ਦੀ ਸਾਡੀ ਜ਼ਿੰਦਗੀ ਵਿੱਚ ਇੰਨੀ ਅਹਿਮੀਅਤ ਹੋਣ ਕਰਕੇ ਅਸੀਂ ਆਪਣੀ ਮਾਨਸਿਕ ਸਿਹਤ ਅਤੇ ਸਮਾਂ ਤਾਂ ਬਰਬਾਦ ਨਹੀਂ ਕਰ ਰਹੇ?

ਸੋਸ਼ਲ ਮੀਡੀਆ ਕਾਫ਼ੀ ਨਵਾਂ ਹੈ, ਇਸ ਲਈ ਖੋਜ ਨਤੀਜੇ ਵੀ ਸੀਮਿਤ ਹੀ ਹਨ। ਖੋਜ ਜੋ ਕਿ ਜ਼ਿਆਦਾਤਰ ਖੁਦ ਦੀ ਰਿਪੋਰਟਿੰਗ ਹੁੰਦੀ ਹੈ, ਘਾਟਾਂ ਭਰਪੂਰ ਹੋ ਸਕਦੀ ਹੈ ਅਤੇ ਇਹ ਵਧੇਰੇ ਫੇਸਬੁੱਕ ਉੱਤੇ ਅਧਾਰਿਤ ਹੀ ਹੁੰਦੀ ਹੈ।

ਬੀਬੀਸੀ ਫਿਊਚਰ ਨੇ ਹੁਣ ਤੱਕ ਦੀਆਂ ਕੁਝ ਖੋਜਾਂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ।

ਤਣਾਅ

ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਹਰ ਤਰ੍ਹਾਂ ਦੇ ਬਿਆਨ ਲਈ ਕਰਦੇ ਹਨ। ਚਾਹੇ ਉਹ 'ਕਸਟਮਰ ਸਰਵਿਸ' ਬਾਰੇ ਹੋਵੇ ਜਾਂ ਫਿਰ ਸਿਆਸਤ, ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਨਾਲ ਤਣਾਅ ਹੋਣ ਦੇ ਆਸਾਰ ਬਣਦੇ ਹਨ।

2015 ਵਿੱਚ ਵਾਸ਼ਿੰਗਟਨ ਡੀਸੀ ਦੇ 'ਪਿਊ ਰਿਸਰਚ ਸੈਂਟਰ' ਦੇ ਖੋਜੀਆਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸੋਸ਼ਲ ਮੀਡੀਆ ਕਾਰਨ ਤਣਾਅ ਘੱਟਦਾ ਜਾਂ ਵੱਧਦਾ ਹੈ।

1800 ਲੋਕਾਂ ਉੱਤੇ ਸਰਵੇਅ ਕੀਤਾ ਗਿਆ। ਜਿਸ ਵਿੱਚ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਤਣਾਅ ਵਿੱਚ ਰਹਿੰਦੀਆਂ ਸਨ।

ਟਵਿੱਟਰ ਇੱਕ ਵੱਡਾ ਕਾਰਨ ਪਾਇਆ ਗਿਆ ਸੀ। ਕਿਉਂਕਿ ਇਸ ਨਾਲ ਹੋਰਨਾਂ ਲੋਕਾਂ ਦੇ ਤਣਾਅ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ।

ਟਵਿੱਟਰ ਉੱਤੇ ਵਧੇਰੇ ਕਾਪੀ-ਪੇਸਟ ਕਰਨ ਦਾ ਤਰੀਕਾ ਅਪਣਾਇਆ ਗਿਆ ਜਿਸ ਨੂੰ ਜ਼ਿਆਦਾਤਰ ਔਰਤਾਂ ਨੇ ਇਸਤੇਮਾਲ ਕੀਤਾ ਅਤੇ ਉਨ੍ਹਾਂ ਦਾ ਤਣਾਅ ਘਟਿਆ।

ਮਰਦਾਂ ਨਾਲ ਅਜਿਹਾ ਨਹੀਂ ਸੀ, ਜਿਨ੍ਹਾਂ ਦਾ ਸੋਸ਼ਲ ਮੀਡੀਆ ਨਾਲ ਜ਼ਿਆਦਾ ਨੇੜਤਾ ਦਾ ਰਿਸ਼ਤਾ ਨਹੀਂ ਸੀ।

ਖੋਜੀਆਂ ਮੁਤਾਬਕ ਸੋਸ਼ਲ ਮੀਡੀਆ 'ਥੋੜ੍ਹੇ ਘੱਟ ਪੱਧਰ' ਦਾ ਤਣਾਅ ਦਿੰਦਾ ਹੈ।

ਮੂਡ

2014 ਵਿੱਚ ਆਸਟਰੀਆ ਵਿੱਚ ਖੋਜਕਾਰਾਂ ਨੇ ਲੱਭਿਆ ਕਿ ਇਨਟਰਨੈੱਟ ਉੱਤੇ ਸਿਰਫ਼ ਰਿਸਰਚ ਕਰਨ ਨਾਲੋਂ ਉਨ੍ਹਾਂ ਲੋਕਾਂ ਦਾ, ਜਿਨ੍ਹਾਂ ਨੇ 20 ਮਿੰਟ ਤੱਕ ਫੇਸਬੁੱਕ ਦਾ ਇਸਤੇਮਾਲ ਕਰਨ ਨਾਲ ਉਨ੍ਹਾਂ ਦਾ ਮੂਡ ਖਰਾਬ ਹੋ ਜਾਂਦਾ ਹੈ।

ਇਨ੍ਹਾਂ ਲੋਕਾਂ ਨੂੰ ਲੱਗਿਆ ਕਿ ਇਸ ਨਾਲ ਸਿਰਫ਼ ਸਮੇਂ ਦੀ ਬਰਬਾਦੀ ਹੋਈ ਹੈ।

'ਯੂਨੀਵਰਸਿਟੀ ਆਫ਼ ਕੈਲੀਫੋਰਨੀਆ' ਮੁਤਾਬਕ ਚੰਗਾ ਜਾਂ ਮਾੜਾ ਮੂਡ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਜ਼ਿਆਦਾਤਰ ਭਾਵੁਕ ਸਮੱਗਰੀ ਦਾ ਇਸਤੇਮਾਲ ਕੀਤਾ ਹੈ।

ਬੇਚੈਨੀ

ਖੋਜਕਾਰਾਂ ਮੁਤਾਬਕ ਸੋਸ਼ਲ ਮੀਡੀਆ ਕਰਕੇ ਬੇਚੈਨੀ ਵੀ ਹੋ ਜਾਂਦੀ ਹੈ, ਜਿਸ ਕਰਕੇ ਬੇਅਰਾਮੀ, ਚਿੰਤਾ ਵੱਧਦੀ ਹੈ ਤੇ ਸੌਣ ਵਿੱਚ ਦਿੱਕਤ ਆਉਂਦੀ ਹੈ।

'ਜਰਨਲ ਕੰਪਿਊਟਰ ਐਂਡ ਹਿਊਮਨ ਬਿਹੇਵੀਅਰ' ਵਿੱਚ ਛਪੇ ਇੱਕ ਲੇਖ ਮੁਤਾਬਕ ਜੋ ਲੋਕ ਸੱਤ ਜਾਂ ਉਸ ਤੋਂ ਵੱਧ ਸੋਸ਼ਲ ਮੀਡੀਆ ਪਲੈਟਫਾਰਮਾਂ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਵਿੱਚ 0-2 ਪਲੇਟਫਾਰਮਾਂ ਦਾ ਇਸਤੇਮਾਲ ਕਰਨ ਵਾਲਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਬੇਚੈਨੀ ਦੇ ਲੱਛਣ ਹੁੰਦੇ ਹਨ।

ਡਿਪਰੈਸ਼ਨ (ਉਦਾਸੀ)

ਕੁਝ ਖੋਜਾਂ ਮੁਤਾਬਕ ਡਿਪ੍ਰੈਸ਼ਨ ਅਤੇ ਸੋਸ਼ਲ ਮੀਡੀਆ ਵਿਚਾਲੇ ਸਬੰਧ ਹੈ। ਹਾਲਾਂਕਿ ਕੁਝ ਲੋਕ ਖੋਜ ਕਰ ਰਹੇ ਹਨ ਕਿ ਸੋਸ਼ਲ ਮੀਡੀਆ ਕਿਵੇਂ ਚੰਗਾ ਸਾਧਨ ਹੋ ਸਕਦਾ ਹੈ।

ਇੱਕ ਖੋਜ ਜਿਸ ਵਿੱਚ 700 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾ ਮੁਤਾਬਕ ਮੂਡ ਖਰਾਬ ਹੋਣਾ ਅਤੇ ਅਯੋਗ ਤੇ ਨਾਉਮੀਦ ਹੋਣ ਦਾ ਅਹਿਸਾਸ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਜਿਨ੍ਹਾਂ ਦਾ ਔਨਲਾਈਨ ਨੈਗੇਟਿਵ ਨਜ਼ਰੀਆ ਸੀ, ਉਨ੍ਹਾਂ ਵਿੱਚ ਡਿਪ੍ਰੈਸ਼ਨ ਦੇ ਲੱਛਣ ਗੰਭੀਰ ਸਨ।

ਇਸੇ ਤਰ੍ਹਾਂ ਦੀ ਹੀ ਇੱਕ ਖੋਜ 2016 ਵਿੱਚ ਹੋਈ, ਜਿਸ ਵਿੱਚ 1700 ਲੋਕਾਂ ਨੇ ਹਿੱਸਾ ਲਿਆ। ਇਸ ਮੁਤਾਬਕ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਕੀਤਾ ਉਨ੍ਹਾਂ ਵਿੱਚ ਤਿੰਨ ਪੱਧਰੀ ਡਿਪ੍ਰੈਸ਼ਨ ਅਤੇ ਬੇਚੈਨੀ ਦਾ ਖ਼ਤਰਾ ਸੀ।

ਇਸ ਦੇ ਕਾਰਨ ਸਨ-ਸਾਈਬਰ-ਬੁਲਿੰਗ (ਆਨਲਾਈਨ ਤਸ਼ੱਦਦ), ਹੋਰਨਾਂ ਦੀ ਜ਼ਿੰਦਗੀ ਦਾ ਅਧੂਰਾ ਸੱਚ ਅਤੇ ਇਹ ਸੋਚਣਾ ਕਿ ਸੋਸ਼ਲ ਮੀਡੀਆ ਉੱਤੇ ਸਮਾਂ ਬਰਬਾਦ ਹੋਇਆ।

ਨੀਂਦ

ਮਨੁੱਖ ਆਪਣੀ ਸ਼ਾਮ ਹਨੇਰੇ ਵਿੱਚ ਬਿਤਾਉਂਦਾ ਸੀ, ਪਰ ਹੁਣ ਹਰ ਵੇਲੇ ਅਸੀਂ ਮਸਨੂਈ ਚਾਨਣ ਵਿੱਚ ਘਿਰੇ ਰਹਿੰਦੇ ਹਾਂ।

ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਨਾਲ 'ਮੈਲਾਟੋਨਿਨ ਹਾਰਮੋਨ' ਦੀ ਪੈਦਾਵਾਰ ਵਿੱਚ ਰੁਕਾਵਟ ਹੋ ਸਕਦੀ ਹੈ, ਜਿਸ ਕਰਕੇ ਨੀਂਦ ਆਉਂਦੀ ਹੈ। ਸਮਾਰਟ ਫੋਨ ਜਾਂ ਲੈਪਟਾਪ ਦੀ ਨੀਲੀ ਰੌਸ਼ਨੀ ਇੱਕ ਵੱਡਾ ਕਾਰਨ ਹੈ।

ਜੇ ਤੁਸੀਂ ਸਿਰਹਾਣੇ ਉੱਤੇ ਸਿਰ ਰੱਖ ਕੇ ਲੰਮੇ ਪਏ ਹੋ ਅਤੇ ਫੇਸਬੁੱਕ ਜਾਂ ਟਵਿੱਟਰ ਦੇਖ ਰਹੇ ਹੋ ਤਾਂ ਤੁਹਾਨੂੰ ਬੇਚੈਨੀ ਵਾਲੀ ਨੀਂਦ ਆਵੇਗੀ।

ਆਦਤ

ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਸਿਗਰਟ ਜਾਂ ਸ਼ਰਾਬ ਨਾਲੋਂ ਵੀ ਔਖਾ ਹੈ ਟਵੀਟ ਨਾ ਕਰਨਾ, ਪਰ ਸੋਸ਼ਲ ਮੀਡੀਆ ਦੇ ਨਸ਼ੇ ਨੂੰ ਮਾਨਸਿਕ ਰੋਗਾਂ ਦੀ ਜਾਂਚ ਵੇਲੇ ਇੱਕ ਵੱਡਾ ਕਾਰਨ ਨਹੀਂ ਮੰਨਿਆ ਜਾਂਦਾ।

ਸਵੈ-ਮਾਣ

ਸਿਰਫ਼ ਸੈਲਫੀਆਂ ਹੀ ਨਹੀਂ ਹਨ ਜੋ ਕਿ ਸਵੈ-ਮਾਣ ਨੂੰ ਠੇਸ ਨਹੀਂ ਪਹੁੰਚਾਉਂਦੀਆਂ ਹਨ। ਹਜ਼ਾਰ ਸਵੀਡਿਸ਼ ਫੇਸਬੁੱਕ ਯੂਜ਼ਰਜ਼ ਉੱਤੇ ਕੀਤੀ ਗਈ ਇੱਕ ਖੋਜ ਮੁਤਾਬਕ ਜੋ ਔਰਤਾਂ ਫੇਸਬੁੱਕ ਉੱਤੇ ਵਧੇਰੇ ਸਮਾਂ ਬਿਤਾਉਂਦੀਆਂ ਹਨ ਉਹ ਘੱਟ ਖੁਸ਼ ਅਤੇ ਉਨ੍ਹਾਂ ਨੂੰ ਖੁਦ ਉੱਤੇ ਘੱਟ ਭਰੋਸਾ ਹੁੰਦਾ ਹੈ।

"ਜਦੋਂ ਫੇਸਬੁੱਕ ਯੂਜ਼ਰ ਆਪਣੀ ਜ਼ਿੰਦਗੀ ਦੀ ਤੁਲਨਾ ਹੋਰਨਾਂ ਨਾਲ ਕਰਦੇ ਹਨ ਤੇ ਦੂਜਿਆਂ ਨੂੰ ਜ਼ਿਆਦਾ ਕਾਮਯਾਬ ਅਤੇ ਖੁਸ਼ ਦੇਖਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਜ਼ਿਆਦਾ ਸੁਖਾਲੀ ਨਹੀਂ ਹੈ।"

ਈਰਖਾ

ਇੱਕ ਸਰਵੇਖਣ ਜਿਸ ਵਿੱਚ 600 ਬਾਲਗ ਸ਼ਾਮਿਲ ਸਨ, ਉਨ੍ਹਾਂ ਵਿੱਚੋਂ ਤਕਰੀਬਨ 1/3 ਲੋਕਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਕਰਕੇ ਉਨ੍ਹਾਂ ਵਿੱਚ ਨਾਕਾਰਾਤਕ ਵਿਚਾਰ ਆਏ-ਖਾਸ ਕਰਕੇ ਨਿਰਾਸ਼ਾ। ਇਸ ਦੀ ਮੁੱਖ ਵਜ੍ਹਾ ਸੀ ਈਰਖਾ।

ਆਪਣੀ ਜ਼ਿੰਦਗੀ ਦੀ ਹੋਰਨਾਂ ਨਾਲ ਤੁਲਨਾ ਕਰਨ ਕਰਕੇ ਅਜਿਹਾ ਹੋਇਆ। ਮੁੱਖ ਵਜ੍ਹਾ ਸੀ ਸਫ਼ਰ ਦੀਆਂ ਤਸਵੀਰਾਂ।

ਇਕੱਲਾਪ

'ਅਮਰੀਕਨ ਜਰਨਲ ਆਫ਼ ਪ੍ਰੀਵੈਂਟਿਵ ਮੈਡੀਸਿਨ' ਵਿੱਚ ਇੱਕ ਰਿਪੋਰਟ ਛਪੀ ਜਿਸ ਵਿੱਚ 19-32 ਉਮਰ ਵਰਗ ਦੇ ਉਨ੍ਹਾਂ 7000 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜੋ ਆਪਣਾ ਵੱਧ ਸਮਾਂ ਸੋਸ਼ਲ ਮੀਡੀਆ ਉੱਤੇ ਲਾਉਂਦੇ ਹਨ।

ਉਨ੍ਹਾਂ ਵਿੱਚ ਸਮਾਜਿਕ ਇਕੱਲਾਪਣ ਹੋਣ ਦੇ ਦੋਗੁਣਾ ਕਾਰਨ ਹਨ ਜਿਸ ਕਰਕੇ ਸਮਾਜ ਦਾ ਹਿੱਸਾ ਨਾ ਹੋਣ, ਹੋਰਨਾਂ ਨਾਲ ਗੱਲਬਾਤ ਨਾ ਕਰਨ ਅਤੇ ਰਿਸ਼ਤਿਆਂ ਨੂੰ ਨਾ ਨਿਭਾਉਣ ਦਾ ਅਹਿਸਾਸ ਹੋ ਸਕਦਾ ਹੈ।

ਸਾਰ

ਹਾਲਾਂਕਿ ਬਹੁਤ ਸਾਰੇ ਖੇਤਰਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਫਿਰ ਵੀ ਕੁਝ ਮਜ਼ਬੂਤ ਨਤੀਜੇ ਸਾਹਮਣੇ ਆਏ ਹਨ।

ਸੋਸ਼ਲ ਮੀਡੀਆ ਇੱਕ ਵੱਖਰੇ ਤਰੀਕੇ ਨਾਲ ਅਸਰ ਪਾਉਂਦਾ ਹੈ। ਇਹ ਨਿਰਭਰ ਕਰਦਾ ਹੈ ਕਿ ਪਹਿਲਾਂ ਹਾਲਾਤ ਕਿਹੋ ਜਿਹੇ ਹਨ ਅਤੇ ਸ਼ਖਸ ਦੇ ਨਿੱਜੀ ਗੁਣ ਵੀ ਮਾਅਨੇ ਰੱਖਦੇ ਹਨ।

ਖਾਣਾ, ਜੂਆ ਅਤੇ ਨਵੇਂ ਦੌਰ ਦੀਆਂ ਕਈ ਹੋਰ ਦਿਲਖਿੱਚਵੀਆਂ ਚੀਜ਼ਾਂ ਵਾਂਗ ਹੀ ਕੁਝ ਲੋਕਾਂ ਲਈ ਸੋਸ਼ਲ ਮੀਡੀਆ ਦਾ ਵਧੇਰੇ ਇਸਤੇਮਾਲ ਨੁਕਸਾਨਦਾਇਕ ਹੋ ਸਕਦਾ ਹੈ।

ਇਹ ਕਹਿਣਾ ਗਲਤ ਹੈ ਕਿ ਸੋਸ਼ਲ ਮੀਡੀਆ ਪੂਰੀ ਦੁਨੀਆਂ ਲਈ ਮਾੜੀ ਚੀਜ਼ ਹੈ। ਕਿਉਂਕਿ ਇਹ ਸਾਡੀਆਂ ਜ਼ਿੰਦਗੀਆਂ ਵਿੱਚ ਕਈ ਫਾਇਦੇ ਵੀ ਲੈਕੇ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)