ਪੀਰੀਅਡਜ਼ ਨਾਲ ਜੁੜੀ ਬੀਮਾਰੀ PCOD ਕੀ ਹੈ?

    • ਲੇਖਕ, ਇੰਦਰਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੀਰੀਅਡਜ਼ ਨਾਲ ਜੁੜੀ ਬੀਮਾਰੀ ਪੀਸੀਓਡੀ ਸ਼ਾਇਦ ਕਾਫ਼ੀ ਕੁੜੀਆਂ ਅਤੇ ਔਰਤਾਂ ਨੂੰ ਨਾ ਪਤਾ ਹੋਵੇ ਪਰ ਇਹ ਕਈ ਵਾਰੀ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ। ਇਸ ਦਾ ਮੁੱਢਲੇ ਤੌਰ ਵਿੱਚ ਵੀ ਪਤਾ ਲਾਇਆ ਜਾ ਸਕਦਾ ਹੈ। ਪੀਸੀਓਡੀ ਬਾਰੇ ਇਸਤਰੀ ਰੋਗਾਂ ਦੇ ਮਾਹਿਰ ਡਾ. ਗੁਰਮੀਤ ਬੰਸਲ ਨੇ ਜਾਣਕਾਰੀ ਦਿੱਤੀ।

ਪੀਸੀਓਡੀ ਹੈ ਕੀ?

ਪੀਸੀਓਡੀ ਯਾਨਿ ਕਿ 'ਪੋਲੀਸਿਸਟਿਕ ਓਵਰੀਅਨ ਡਿਜ਼ੀਜ਼' ਬਹੁਤ ਹੀ ਆਮ ਹਾਰਮੋਨਜ਼ ਦੀ ਗੜਬੜੀ ਹੈ ਜਿਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਡਿਸਆਰਡਰ ਹੋ ਜਾਂਦੇ ਹਨ।

ਅੱਜ-ਕੱਲ੍ਹ ਕੁੜੀਆਂ ਵਿੱਚ 'ਪੋਲੀਸਿਸਟਿਕ ਡਿਸਆਰਡਰ' ਵੱਧ ਰਿਹਾ ਹੈ ਅਤੇ ਇਸ ਦੀ ਅਹਿਮ ਵਜ੍ਹਾ ਹੈ ਸਾਡਾ ਰਹਿਣ-ਸਹਿਣ।

ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਆਇਆ ਹੈ। ਬੱਚੇ ਮੋਮੋਜ਼, ਪਾਸਤਾ, ਪਿਜ਼ਾ, ਚਿਪਸ, ਕੋਲਡਰਿੰਕਜ਼ ਵਧੇਰੇ ਪਸੰਦ ਕਰਦੇ ਹਨ।

ਕਾਰਪੋਰੇਟ ਲਾਈਫ਼ਸਟਾਈਲ ਹੈ ਅਤੇ ਸਾਡੇ ਕੋਲ ਕਸਰਤ ਕਰਨ ਲਈ ਸਮਾਂ ਨਹੀਂ ਹੈ।

ਕੀ ਇਸ ਦੀ ਵਜ੍ਹਾ 'ਹੈਰੀਡਿਟੇਰੀ' (ਖਾਣਦਾਨੀ) ਵੀ ਹੁੰਦੀ ਹੈ?

ਕਈ ਵਾਰੀ ਇਸ ਦੀ ਵਜ੍ਹਾ ਹੈਰੀਡਿਟੇਰੀ ਹੁੰਦੀ ਹੈ ਅਤੇ ਕਈ ਵਾਰੀ ਇਹ ਸਾਡੇ ਲਾਈਫਸਟਾਈਲ ਕਰਕੇ ਹੁੰਦਾ ਹੈ।

ਜੇ ਪਹਿਲਾਂ ਪਰਿਵਾਰ ਵਿੱਚ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਵੀ ਪਹੁੰਚ ਸਕਦੀ ਹੈ।

ਪੀਸੀਓਡੀ ਦੇ ਲੱਛਣ ਕੀ ਹਨ?

  • ਪੀਸੀਓਡੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਸ ਦੇ ਮੁੱਢਲੇ ਲੱਛਣ ਹਨ-ਵਜ਼ਨ ਵੱਧਣਾ ਜਿਸ ਕਰਕੇ ਪੀਰੀਅਡਜ਼ ਵਿੱਚ ਗੜਬੜੀ ਹੋ ਜਾਂਦੀ ਹੈ। ਚਿਹਰੇ 'ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ, ਮੂੰਹ 'ਤੇ ਦਾਣੇ ਹੋ ਜਾਂਦੇ ਹਨ।
  • ਆਮ ਪੀਰੀਅਡ ਸਾਈਕਲ 21-35 ਦਿਨ ਤੱਕ ਦਾ ਹੁੰਦਾ ਹੈ। ਜੇ ਕਿਸੇ ਕੁੜੀ ਜਾਂ ਔਰਤ ਦੇ ਪੀਰੀਅਡ ਸਾਈਕਲ ਵਿੱਚ 35 ਦਿਨ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਹੈ ਤਾਂ ਸਮਝ ਲਓ ਕਿ ਪੀਰੀਅਡ ਸਾਈਕਲ ਵਿਗੜ ਗਿਆ ਹੈ।
  • ਇਹ ਪੀਰੀਅਡ ਸਾਈਕਲ 35 ਦਿਨ ਤੋਂ 60 ਦਿਨ ਹੋ ਜਾਂਦਾ ਹੈ ਅਤੇ ਫਿਰ ਤਿੰਨ ਮਹੀਨੇ ਤੋਂ ਲੈ ਕੇ 6 ਮਹੀਨੇ ਹੋ ਜਾਂਦਾ ਹੈ।

ਕੀ ਪੀਸੀਓਡੀ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ?

ਪੀਸੀਓਡੀ ਕਰਕੇ ਕਈ ਵਾਰੀ ਔਰਤਾਂ ਬਾਂਝ ਹੋ ਜਾਂਦੀਆਂ ਹਨ। ਉਹ ਕੋਸ਼ਿਸ਼ ਕਰਦੀਆਂ ਹਨ ਪਰ ਉਹ ਮਾਂ ਨਹੀਂ ਬਣ ਸਕਦੀਆਂ। ਪੀਸੀਓਡੀ ਕਾਰਨ ਅੰਡੇਦਾਨੀ ਵਿੱਚ ਅੰਡਾ ਬਣਨ ਦੀ ਕਾਬਲੀਅਤ ਖ਼ਤਮ ਹੋ ਜਾਂਦੀ ਹੈ।

ਪੀਸੀਓਡੀ ਹੈ ਜਾਂ ਨਹੀਂ ਇਹ ਕਿਵੇਂ ਪਤਾ ਲਾਇਆ ਜਾਂਦਾ ਹੈ?

ਸਭ ਤੋਂ ਪਹਿਲਾਂ ਜ਼ਰੂਰੀ ਹੈ ਇਹ ਜਾਣਨਾ ਕਿ ਪੀਸੀਓਡੀ ਦੇ ਲੱਛਣ ਕੀ ਹਨ। ਡਾਕਟਰ ਨੂੰ ਹਮੇਸ਼ਾਂ ਲੱਛਣ ਦੱਸੋ। ਪੀਰੀਅਡ ਵਿੱਚ ਕੀ ਮੁਸ਼ਕਿਲ ਆ ਰਹੀ ਹੈ, ਪੀਰੀਅਡ ਸਾਈਕਲ ਵਿੱਚ ਕੋਈ ਬਦਲਾਅ ਹੋਇਆ ਹੈ ਜਾਂ ਨਹੀਂ। ਤੁਹਾਡੇ ਵਾਲ ਕਿੰਨੇ ਕੁ ਵੱਧਦੇ ਹਨ, ਕੀ ਕਦੇ ਵਾਲ ਝੜੇ ਹਨ। ਇਹ ਸਭ ਜਾਣਨਾ ਬਹੁਤ ਜ਼ਰੂਰੀ ਹੈ।

ਕੀ ਹਾਰਮੋਨਲ ਇੰਬੈਲੇਂਸ (ਹਾਰਮੋਨ ਵਿਗੜਨ) ਦਾ ਸਬੰਧ ਪੀਸੀਓਡ ਨਾਲ ਹੈ?

ਸਰੀਰ ਵਿੱਚ ਬੇਸਿਕ ਹਾਰਮੋਨ ਇੰਸੋਲਿਨ ਹੁੰਦਾ ਹੈ। ਕਈ ਵਾਰੀ ਇੰਸੋਲਿਨ ਦਾ ਲੈਵਲ ਵੱਧ ਜਾਂਦਾ ਹੈ। ਸਾਡੇ ਸਰੀਰ ਵਿੱਚ ਬਹੁਤ ਸੈੱਲ ਹੁੰਦੇ ਹਨ ਜਿਨ੍ਹਾਂ ਵਿੱਚ ਗਲੂਕੋਜ਼ ਪਹੁੰਚਣਾ ਤਾਕਤ ਦੇਣ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ।

ਹਰ ਸੈੱਲ ਦੇ ਬਾਹਰ ਇੱਕ ਤਾਲਾ ਲੱਗਿਆ ਹੁੰਦਾ ਹੈ, ਉਸ ਦੀ ਚਾਬੀ ਹੁੰਦੀ ਹੈ ਇੰਸੋਲਿਨ। ਜੇ ਇੰਸੋਲਿਨ ਕੰਮ ਨਹੀਂ ਕਰਦਾ ਤਾਂ ਗਲੂਕੋਜ਼ ਸੈੱਲ ਦੇ ਅੰਦਰ ਨਹੀਂ ਜਾ ਸਕਦਾ।

ਇੰਸੋਲਿਨ ਲੈਵਲ ਵੱਧ ਜਾਂਦਾ ਹੈ ਪਰ ਇਸਤੇਮਾਲ ਨਹੀਂ ਹੁੰਦਾ। ਇਸ ਕਰਕੇ ਬਲੱਡ ਸ਼ੂਗਰ ਲੈਵਲ ਵੱਧ ਜਾਂਦਾ ਹੈ। ਇਸ ਕਰਕੇ ਉਮਰ ਵਧਣ 'ਤੇ ਸ਼ੂਗਰ ਹੋਣ ਦਾ ਖਦਸ਼ਾ ਰਹਿੰਦਾ ਹੈ।

ਇਸ ਕਾਰਨ ਕੈਲੋਸਟਰੋਲ, ਹਾਈਪਰਟੈਂਸ਼ਨ, ਦਿਲ ਦੇ ਰੋਗ ਹੋ ਸਕਦੇ ਹਨ। ਔਰਤਾਂ ਨੂੰ ਯੂਟਰਾਈਨ ਐਂਡੋਮੈਟਰਾਈਲ ਕੈਂਸਰ ਹੋ ਸਕਦਾ ਹੈ ਜੋ ਕਿ ਬੱਚੇਦਾਨੀ ਵਿੱਚ ਹੁੰਦਾ ਹੈ।

ਲਾਈਫਸਟਾਈਲ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਕਰਨ ਦੀ ਲੋੜ ਹੈ ?

  • ਸਭ ਤੋਂ ਪਹਿਲਾਂ ਆਪਣੇ ਖਾਣੇ ਵਿੱਚ ਬਦਲਾਅ ਕਰੋ।
  • ਹਾਈ-ਪ੍ਰੋਟੀਨ ਡਾਈਟ ਲਓ।
  • ਕਾਰਬੋਹਾਈਡਰੇਟ ਵਾਲੇ ਭੋਜਨ ਨਹੀਂ ਖਾਣੇ।
  • ਮੈਦੇ ਵਾਲੀਆਂ ਚੀਜ਼ਾਂ ਮੋਮੋਜ਼, ਪੇਸਟੀਜ਼, ਮੈਗੀ, ਜੈਮ, ਕੁਲਫ਼ੀਆਂ ਦੀ ਮਾਤਰਾ ਆਪਣੇ ਭੋਜਨ ਵਿੱਚ ਘਟਾ ਦਿਓ।
  • ਹਰ ਰੋਜ਼ 20 ਮਿਨਟ ਦੀ ਕਸਰਤ ਜ਼ਰੂਰੀ ਹੈ। ਯੋਗਾ, ਨੱਚਣਾ ਜਾਂ ਰੱਸਾ ਵੀ ਕੁੱਦ ਸਕਦੇ ਹੋ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਆਮ ਸਿਸਟ ਅਤੇ ਪੋਲੀਸਿਸਟਿਕ ਸਿਸਟ ਵਿੱਚ ਕੀ ਫਰਕ ਹੁੰਦਾ ਹੈ?

ਇਹ ਦੋਵੇਂ ਵੱਖ-ਵੱਖ ਹਨ। ਪੀਸੀਓਡੀ ਵਿੱਚ 12 ਤੋਂ ਵੱਧ ਸਿਸਟ ਹੋ ਸਕਦੇ ਹਨ। ਇੱਕ ਸਿਸਟ ਦਾ ਆਕਾਰ 2 ਤੋਂ 9 ਮਿਲੀਮੀਟਰ ਦਾ ਹੁੰਦਾ ਹੈ। ਇਹ ਅਲਟ੍ਰਾਸਾਊਂਡ ਜ਼ਰੀਏ ਪਤਾ ਲਾਇਆ ਜਾਂਦਾ ਹੈ। ਖੂਨ ਦੀ ਜਾਂਚ ਵੀ ਕਰਵਾਈ ਜਾਂਦੀ ਹੈ।

ਕਲੀਨੀਕਲ, ਅਲਟ੍ਰਾਸੋਨਿਕ, ਬਾਇਓਕੈਮੀਕਲ ਇਹ ਤਿੰਨ ਤਰ੍ਹਾਂ ਦੇ ਡਾਇਗਨੋਸਿਜ਼ ਹੁੰਦੇ।

ਪੀਸੀਓਡੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਸਭ ਤੋਂ ਪਹਿਲਾਂ ਵਜ਼ਨ ਘਟਾਓ।

ਜਾਂਚ ਤੋਂ ਬਾਅਦ ਲੋੜ ਮਤਾਬਕ 'ਓਰਲ ਕੌਂਟਰਾਸੈਪਟਿਵ ਪਿਲਜ਼' ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਪੀਰੀਅਡ ਰੈਗੁਲਰ ਹੁੰਦੇ ਹਨ ਅਤੇ ਮੂੰਹ 'ਤੇ ਵਾਲਾਂ ਦਾ ਆਉਣਾ ਘਟੇਗਾ।

ਜੇ 10 ਫੀਸਦੀ ਵਜ਼ਨ ਘੱਟ ਜਾਵੇ ਤਾਂ ਪੀਰੀਅਡ ਰੈਗੁਲਰ ਹੋ ਜਾਂਦੇ ਹਨ।

ਲੱਛਣ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਭਾਰ-ਆਪਣਾ ਭਾਰ ਕੱਦ ਦੇ ਹਿਸਾਬ ਨਾਲ ਜ਼ਰੂਰ ਜਾਣੋ।
  • ਟਿੱਢ 'ਤੇ ਚੜ੍ਹੀ ਚਰਬੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।
  • ਐਕਨੇ (ਮੂੰਹ 'ਤੇ ਦਾਣੇ) ਹੋ ਜਾਂਦੇ ਹਨ, ਅਣਚਾਹੀਆਂ ਥਾਵਾਂ 'ਤੇ ਵਾਲ ਆਉਣ ਲੱਗ ਜਾਂਦੇ ਹਨ।
  • ਵਾਲ ਝੜਨ ਲੱਗ ਜਾਂਦੇ ਹਨ।
  • ਪੀਰੀਅਡਜ਼ ਵਿਗੜ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)