You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਵਿੱਚ 7 ਭਾਰਤੀ ਇੰਜੀਨੀਅਰਾਂ ਸਮੇਤ 8 ਅਗਵਾ
ਉੱਤਰੀ ਅਫ਼ਗਾਨਿਸਤਾਨ ਦੇ ਬਗ਼ਲਾਨ ਸੂਬੇ ਵਿੱਚ ਅਣਪਛਾਤੇ ਅਗਵਾਕਾਰਾਂ ਨੇ ਇੱਕ ਬਿਜਲੀ ਕੰਪਨੀ ਦੇ 8 ਕਰਮਚਾਰੀਆਂ ਨੂੰ ਅਗਵਾ ਕੀਤਾ ਹੈ ਜਿੰਨ੍ਹਾਂ ਵਿੱਚੋਂ 7 ਵਿਅਕਤੀ ਭਾਰਤੀ ਇੰਜੀਨੀਅਰ ਹਨ।
ਖ਼ਬਰ ਏਜੰਸੀ ਪੀਟੀਆਈ ਨੇ ਸਥਾਨਕ ਟੋਲੋ ਨਿਊਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਅਧਿਕਾਰੀਆਂ ਮੁਤਾਬਕ ਇਹ ਘਟਨਾ ਸੂਬੇ ਦੀ ਰਾਜਧਾਨੀ ਪੁਲ-ਏ-ਖੁਮਾਰੀ ਤੋਂ ਸਮਾਂਗਨ ਵੱਲ ਜਾਂਦੀ ਸੜਕ ਉੱਤੇ ਹੋਈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸੂਬੇ ਦੇ ਪੁਲਿਸ ਮੁਖੀ, ਜ਼ਬੀਹੁਲਾਹ ਸ਼ੁਜਾ ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਇੱਕ ਸਰਕਾਰੀ ਬਿਜਲੀ ਘਰ ਤੋਂ ਇੱਕ ਛੋਟੀ ਬੱਸ ਵਿੱਚ ਵਾਪਸ ਆ ਰਹੇ ਸਨ ਜਦੋਂ ਰਸਤੇ ਵਿੱਚ ਕੁਝ ਅਣਪਛਾਤੇ ਬੰਦੂਕ ਧਾਰੀਆਂ ਨੇ ਉਨ੍ਹਾਂ ਨੂੰ ਸਥਾਨਕ ਡਰਾਈਵਰ ਸਮੇਤ ਅਗਵਾ ਕਰ ਲਿਆ।
ਸਥਾਨਕ ਸਮੇਂ ਮੁਤਾਬਕ ਇਹ ਘਟਨਾ ਸਵੇਰੇ ਦਸ ਵਜੇ ਵਾਪਰੀ। ਅਗਵਾ ਹੋਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹਾਲੇ ਤੱਕ ਨਸ਼ਰ ਨਹੀਂ ਕੀਤੀ ਗਈ ਹੈ।
ਦੇਸ ਵਿੱਚ ਭਾਰਤੀ ਸਫਾਰਤਖਾਨੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਸਾਰੇ ਇੰਜੀਨੀਅਰ ਬਿਜਲੀ ਉਤਪਾਦਨ ਘਰ ਚਲਾਉਣ ਵਾਲੇ 'ਦਾ ਅਫ਼ਗਾਨਿਸਤਾਨ ਬ੍ਰੇਸ਼ਨਾ ਸ਼ੇਰਕਤ' ਲਈ ਕੰਮ ਕਰਦੇ ਸਨ।
ਸਫਾਰਤਖਾਨੇ ਦੇ ਅਧਿਕਾਰੀ ਨੇ ਕਿਹਾ, "ਅਸੀਂ ਆਪਣੇ ਇੰਜੀਨੀਅਰਾਂ ਦੀ ਰਿਹਾਈ ਲਈ ਯਤਨ ਕਰ ਰਹੇ ਹਾਂ।" ਹਾਲਾਂਕਿ ਕਿਸੇ ਨੇ ਹਾਲੇ ਇਸ ਦੀ ਜਿੰਮੇਵਾਰੀ ਨਹੀਂ ਲਈ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਥਾਨਕ ਅਧਿਾਕਾਰੀਆਂ ਨੇ ਇਸ ਘਟਨਾ ਨੂੰ ਤਾਲਿਬਾਨ ਨਾਲ ਜੋੜਿਆ ਹੈ। ਅਫ਼ਗਾਨ ਇਸਲਾਮਿਕ ਪ੍ਰੈੱਸ ਮੁਤਾਬਕ ਸ਼ੁਜਾ ਨੇ ਕਿਹਾ ਕਿ ਇਹ ਕਾਰਵਾਈ ਕਾਰੀਨੂਰਦੀਨ ਦੇ ਵਫ਼ਾਦਾਰ ਲੜਾਕਿਆਂ ਨੇ ਕੀਤੀ ਹੈ।
ਕੇਓਸੀ ਕੰਪਨੀ
ਇਹ ਭਾਰਤੀ ਕੰਪਨੀ ਅਫ਼ਗਾਨਿਸਤਾਨ ਵਿੱਚ ਬਿਜਲੀ ਦੇ ਟਾਵਰ ਲਾਉਣ ਦਾ ਕੰਮ ਕਰਦੀ ਹੈ।
ਇਸ ਕੰਪਨੀ ਦੇ ਅਫਗਾਨ ਸਰਕਾਰ ਨਾਲ ਕਈ ਸਮਝੌਤੇ ਹਨ।
ਏਆਈਪੀ ਦੀ ਰਿਪੋਰਟ ਮੁਤਾਬਕ, ਇਹ ਕੰਪਨੀ ਸਰਕਾਰ ਨਾਲ ਮਿਲ ਕੇ ਉੱਥੇ ਸੈਂਟਰਲ ਏਸ਼ੀਆ ਸਾਊਥ ਏਸ਼ੀਆ ਇਲੈਕਟਰਿਸਿਟੀ ਟ੍ਰਾਂਸਮਿਸ਼ਨ ਐਂਡ ਟਰੇਡ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।
ਅਗਵਾਕਾਰੀ ਦੀਆਂ ਘਟਨਾਵਾਂ ਆਮ
ਅਫ਼ਗਾਨਿਸਤਾਨ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਕਰਕੇ ਅਗਵਾਕਾਰੀ ਦੀਆਂ ਘਟਨਾਵਾਂ ਆਮ ਹਨ।
ਸਾਲ 2016 ਵਿੱਚ ਕਾਬੁਲ ਤੋਂ ਇੱਕ ਭਾਰਤੀ ਰਾਹਤ ਕਰਮੀ ਨੂੰ ਅਗਵਾ ਕਰਕੇ 40 ਦਿਨਾਂ ਮਗਰੋਂ ਰਿਹਾ ਕਰ ਦਿੱਤਾ ਗਿਆ ਸੀ।