ਯੂਗੋਸਲਾਵੀਆ ਜੋ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋ ਗਿਆ

    • ਲੇਖਕ, ਅਨਜਾ ਮਯੂਟਿਕ
    • ਰੋਲ, ਬੀਬੀਸੀ

ਦੁਨੀਆਂ ਦੇ ਇਤਿਹਾਸ ਵਿੱਚ ਕਈ ਮੁਲਕ ਨਕਸ਼ੇ 'ਤੇ ਬਣੇ ਤੇ ਕਈ ਮਿਟੇ। ਸਰਹੱਦਾਂ ਦੀਆਂ ਲਕੀਰਾਂ ਖਿੱਚ ਕੇ ਮਿਟਾ ਦਿੱਤੀਆਂ ਗਈਆਂ।

ਭਾਰਤੀ ਉਪਮਹਾਂਦੀਪ ਦੀ ਹੀ ਗੱਲ ਕਰੀਏ ਤਾਂ ਸਮਰਾਟ ਅਸ਼ੋਕ ਦੇ ਸਮੇਂ ਭਾਰਤ ਅਫ਼ਗਾਨਿਸਤਾਨ ਤੱਕ ਫੈਲਿਆ ਹੋਇਆ ਸੀ। ਮੁਗਲ ਬਾਦਸ਼ਾਹ ਵੀ ਕਾਬਲ ਅਤੇ ਕੰਧਾਰ ਤੋਂ ਟੈਕਸ ਵਸੂਲਿਆ ਕਰਦੇ ਸਨ।

ਬਾਅਦ ਵਿੱਚ ਅਫਗਾਨਿਸਤਾਨ ਵੱਖਰਾ ਦੇਸ ਬਣ ਗਿਆ। ਹੁਣ ਭਾਰਤ ਦੀ ਸਰਹੱਦ ਵਰਤਮਾਨ ਪਾਕਿਸਤਾਨ ਤੱਕ ਰਹਿ ਗਈ।

70 ਸਾਲ ਪਹਿਲਾਂ ਇਹ ਸਰਹੱਦ ਹੋਰ ਪਿੱਛੇ ਆ ਕੇ ਅੰਮ੍ਰਿਤਸਰ ਅਤੇ ਲਾਹੌਰ ਵਿਚਕਾਰ ਆ ਗਈ। ਭਾਰਤ ਦੇ ਦੋ ਟੁਕੜੇ ਕਰਕੇ ਇਸ ਦੇ ਦੋ ਦੇਸ ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਗਏ। ਫੇਰ ਸਾਲ 1971 ਵਿੱਚ ਬੰਗਲਾਦੇਸ਼ ਨਾਮ ਦਾ ਨਵਾਂ ਦੇਸ ਨਕਸ਼ੇ 'ਤੇ ਉੱਭਰਿਆ।

ਭਾਰਤ ਵਰਗੀਆਂ ਘਟਨਾਵਾਂ ਇਤਿਹਾਸ ਵਿੱਚ ਕਈ ਮੁਲਕਾਂ ਦੀ ਹੁੰਦੀਆਂ ਰਹੀਆਂ ਹਨ। ਯੂਰਪ ਵਿੱਚ ਵੀ ਸਰਹੱਦਾਂ ਫੈਲਦੀਆਂ-ਸੁੰਘੜਦੀਆਂ ਰਹੀਆਂ ਹਨ।

ਹਾਲ ਹੀ ਦੇ ਦਿਨਾਂ ਵਿੱਚ ਯੂਰਪ ਵਿੱਚ ਇੱਕ ਦੇਸ ਹੁੰਦਾ ਸੀ, ਯੂਗੋਸਲਾਵੀਆ। ਹੁਣ ਉਹ ਖ਼ਤਮ ਹੋ ਚੁੱਕਿਆ ਹੈ।

ਇਸ ਦੇਸ ਦਾ ਇਤਿਹਾਸ ਵਿੱਚ ਤਾਂ ਬਹੁਤ ਜ਼ਿਕਰ ਹੈ ਪਰ ਇਹ ਨਕਸ਼ੇ 'ਤੇ ਕਿਤੇ ਨਹੀਂ ਮਿਲਦਾ। ਹੁਣ ਇਸ ਦੀ ਥਾਂ ਬਹੁਤ ਸਾਰੇ ਦੇਸ ਬਣ ਗਏ ਹਨ। ਚੱਲੋ ਅੱਜ ਤੁਹਨੂੰ ਇਸੇ ਦੇਸ ਦੀ ਸੈਰ ਕਰਾਈਏ। ਜਿਸਦਾ ਨਾਮ ਹੈ, ਯੂਗੋਸਲਾਵੀਆ।

ਨਿਊਯਾਰਕ ਨਿਵਾਸੀ ਸਫਰਨਾਮਾ ਲੇਖਕਾ, ਅਨਜਾ ਮਿਊਟਿਕ ਦਾ ਜਨਮ ਯੂਗੋਸਲਾਵੀਆ ਵਿੱਚ ਹੋਇਆ ਸੀ। ਫੇਰ ਉਹ ਪੜ੍ਹਾਈ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਦੂਸਰੇ ਦੇਸ ਚਲੇ ਗਏ।

ਤਕਰੀਬਨ ਵੀਹ ਸਾਲਾਂ ਤੋਂ ਸਫਰਨਾਮੇ ਲਿਖ ਰਹੀ ਅਨਜਾ ਜਦੋਂ ਹੁਣ ਆਪਣੇ ਦੇਸ ਦੀ ਸੈਰ ਕਰਨ ਨਿਕਲੀ ਤਾਂ ਉਨ੍ਹਾਂ ਦਾ ਦੇਸ ਨਕਸ਼ੇ ਤੋਂ ਮਿਟ ਚੁੱਕਿਆ ਸੀ।

ਸ਼ੁਰੂਆਤੀ ਬਚਪਨ ਯੂਗੋਸਲਾਵੀਆ ਵਿੱਚ ਹੀ ਬੀਤਿਆ

ਲੇਖਕਾ ਦਾ ਜਨਮ ਪੂਰਬੀ ਯੂਗੋਸਲਾਵੀਆ ਦੇ ਦੂਸਰੇ ਵੱਡੇ ਸ਼ਹਿਰ ਜਗਰੇਬ ਵਿੱਚ ਹੋਇਆ ਪਰ ਜਗਰੇਬ ਹੁਣ ਕੋਰੇਸ਼ੀਆ ਦੀ ਰਾਜਧਾਨੀ ਹੈ।

ਅਨਜਾ ਨੇ ਸਾਰੇ ਸ਼ਹਿਰ ਦਾ ਦੌਰਾ ਕੀਤਾ ਪਰ ਉਨ੍ਹਾਂ ਨੂੰ ਉਹ ਗਲੀਆਂ ਕਿਤੇ ਨਹੀਂ ਮਿਲੀਆਂ ਜਿਨ੍ਹਾਂ ਵਿੱਚ ਕਦੇ ਉਹ ਖੇਡੇਦੇ ਹੁੰਦੇ ਸਨ।

ਹਾਲਾਂਕਿ ਉਹ ਬਚਪਨ ਵਿੱਚ ਹੀ ਪਰਿਵਾਰ ਸਮੇਤ ਨਿਊਯਾਰਕ ਚਲੇ ਗਏ ਸਨ ਪਰ ਉਨ੍ਹਾਂ ਦਾ ਸ਼ੁਰੂਆਤੀ ਬਚਪਨ ਯੂਗੋਸਲਾਵੀਆ ਵਿੱਚ ਹੀ ਬੀਤਿਆ ਸੀ।

1993 ਵਿੱਚ ਜਦੋਂ ਯੂਗੋਸਲਾਵੀਆ ਦੇ ਹਾਲਾਤ ਖਰਾਬ ਹੋਏ ਤਾਂ ਉਨ੍ਹਾਂ ਦਾ ਪਰਿਵਾਰ ਦੇਸ ਛੱਡ ਕੇ ਚਲਿਆ ਗਿਆ। ਉਸ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਚ ਲਈ ਹੋਵੇ।

ਆਪਣੀ ਹੋਂਦ ਸਲਾਮਤ ਰੱਖਣ ਲਈ ਦੇਸ ਛੱਡਣ ਤੋਂ ਸਿਵਾ ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਸੀ।

ਤਕਰੀਬਨ 15 ਸਾਲ ਬਾਅਦ ਅਨਜਾ ਨੂੰ ਆਪਣੀਆਂ ਜੜਾਂ ਤਲਾਸ਼ਣ ਦੀ ਸੁੱਝੀ। ਜੇ ਉਸ ਜੰਗ ਦੇ ਨਤੀਜਿਆਂ ਤੇ ਨਜ਼ਰ ਪਾਈਏ ਤਾਂ ਉਨ੍ਹਾਂ ਦੇ ਦੇਸ ਨੂੰ 6-7 ਟੁਕੜਿਆਂ ਵਿੱਚ ਵੰਡ ਦਿੱਤਾ ਗਿਆ। ਕੀ ਹੋਇਆ ਉਨ੍ਹਾਂ ਲੋਕਾਂ ਦਾ ਜਿੰਨ੍ਹਾਂ ਨੇ ਉਹ ਬਟਵਾਰਾ ਦੇਖਿਆ?

ਸੂਬੇ ਜੋ ਕਦੇ ਯੂਗੋਸਲਾਵੀਆ ਦੇ ਹਿੱਸੇ ਸਨ ਹੁਣ ਆਜ਼ਾਦ ਮੁਲਕ

ਸਾਲ 1990 ਵਿੱਚ ਯੂਗੋਸਲਾਵੀਆ ਦੇ ਟੁੱਟਣ ਮਗਰੋਂ-ਕਰੋਸ਼ੀਆ, ਸਰਬੀਆ, ਮੌਂਟੇਨੇਗਰੋ,ਮੈਸੇਡੋਨੀਆ, ਬੋਸਨੀਆ ਹਰਜ਼ੇਗੋਵੀਨਾ ਦੇਸ ਬਣੇ। ਜਿੰਨ੍ਹਾਂ ਵਿੱਚੋਂ ਕਰੋਸ਼ੀਆ ਨੇ ਆਪਣੇ ਆਪ ਨੂੰ ਆਜ਼ਾਦ ਐਲਾਨ ਕਰ ਦਿੱਤਾ।

ਕਰੋਸ਼ੀਆ ਦੀ ਆਜ਼ਾਦੀ ਦੀ ਲੜਾਈ 1995 ਤੱਕ ਲੜੀ ਗਈ। ਇਸ ਮਗਰੋਂ ਭਿਆਨਕ ਖਾਨਾਜੰਗੀ ਹੋਈ ਜੋ ਕਿ 1995 ਦੀ ਡੇਟਨ ਦੀ ਸੰਧੀ ਨਾਲ ਬੰਦ ਹੋਈ।

1999 ਵਿੱਚ ਕੋਸੋਵੋ ਦੇ ਬਾਗੀਆਂ ਦੀ ਹਮਾਇਤ ਦੇ ਨਾਂ 'ਤੇ ਨਾਟੋ ਫੌਜਾਂ ਨੇ ਕਿਵੇਂ ਸਰਬੀਆ 'ਤੇ ਬੰਬ ਸੁੱਟੇ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ।

ਅਨਜਾ ਨੇ ਆਪਣੇ ਸੱਤ ਦਿਨਾਂ ਦੌਰੇ ਦੌਰਾਨ ਕਈ ਲੋਕਾਂ ਨਾਲ ਕੌਫ਼ੀ ਪੀਂਦਿਆਂ ਗੱਲਬਾਤ ਕੀਤੀ। ਹੁਣ ਹਰ ਉਹ ਸੂਬਾ ਜੋ ਕਦੇ ਯੂਗੋਸਲਾਵੀਆ ਦਾ ਹਿੱਸਾ ਹੁੰਦਾ ਸੀ, ਇੱਕ ਆਜ਼ਾਦ ਮੁਲਕ ਸੀ।

ਅਨਜਾ ਨੇ ਸਾਰਿਆਂ ਵਿੱਚ ਇੱਕ-ਇੱਕ ਦਿਨ ਬਿਤਾਇਆ। ਉਨ੍ਹਾਂ ਦੀ ਹਮਸਫਰ ਇੱਕ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਛਪੀ ਇੱਕ ਗਾਈਡਬੁੱਕ ਸੀ।

ਅਨਜਾ ਨੂੰ ਉਮੀਦ ਸੀ ਕਿ ਲੋਕੀਂ ਕੌਫ਼ੀ ਪੀਂਦੇ ਹੋਏ ਦਰਦ ਭਰੀਆਂ ਕਹਾਣੀਆਂ ਸੁਣਾਉਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਕੌਫ਼ੀ ਪੀਂਦੇ ਹੋਏ ਗੱਲਾਂ ਕਰਕੇ ਉਹ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਚਾਹੁੰਦੇ ਸਨ।

ਆਪਣੇ ਸਫ਼ਰ ਦੌਰਾਨ ਅਨਜਾ ਕੋਈ 50 ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀ ਗੱਲਬਾਤ ਦੇ ਨੋਟ ਲਏ। ਉਹ ਪੈਰਾਮਿਲਟਰੀ ਫੋਰਸਜ਼ ਦੇ ਜਵਾਨਾਂ, ਸਿਆਸਤਦਾਨਾਂ, ਸ਼ਾਇਰਾਂ,ਕਵੀਆਂ ਆਦਿ ਕਈ ਲੋਕਾਂ ਨੂੰ ਮਿਲੇ।

ਇਨ੍ਹਾਂ ਗੱਲਾਂਬਾਤਾਂ ਤੋਂ ਅਨਜਾ ਨੂੰ ਲੱਗਿਆ ਕਿ ਭਾਵੇਂ ਯੂਗੋਸਲਾਵੀਆ ਦੁਨੀਆਂ ਦੇ ਨਕਸ਼ੇ ਤੋਂ ਮਿਟ ਗਿਆ ਹੈ ਪਰ ਇਸ ਦਾ ਸੱਭਿਆਚਾਰ ਹਾਲੇ ਜਿਉਂਦਾ ਹੈ। ਉਹ ਮੈਸੇਡੋਨੀਆ ਦੇ ਕਵੀ ਚਲਵੋਸਕੀ ਦੀ ਧੀ ਨੂੰ ਮਿਲੇ। ਉਨ੍ਹਾਂ ਦੇ ਸਵਾਗਤ ਤੋਂ ਉਨ੍ਹਾਂ ਨੂੰ ਲੱਗਿਆ ਹੀ ਨਹੀਂ ਕਿ ਉਹ ਪਹਿਲੀ ਵਾਰ ਮਿਲ ਰਹੇ ਹਨ।

ਅਨਜਾ ਪੁਰਾਣੇ ਬਾਜ਼ਾਰਾਂ ਵਿੱਚ ਵੀ ਘੁੰਮੇ। ਉੱਥੇ ਚਮੜੇ ਅਤੇ ਕੱਪੜੇ ਦੀਆਂ ਦੁਕਾਨਾਂ ਹਾਲੇ ਵੀ ਰਵਾਇਤੀ ਢੰਗ ਨਾਲ ਸਜੀਆਂ ਹੋਈਆਂ ਸਨ। ਰਵਾਇਤੀ ਜੁੱਤਿਆਂ ਦੀਆਂ ਦੁਕਾਨਾਂ ਉਸੇ ਤਰ੍ਹਾਂ ਸਨ।

ਉਸ ਸਮੇਂ ਜ਼ਿੰਦਗੀ ਵਧੀਆ ਸੀ

ਘੁੰਮਦੇ-ਫਿਰਦੇ ਅਨਜਾ ਇੱਕ ਪਰਿਵਾਰ ਨੂੰ ਮਿਲੇ। ਖੁੱਲ੍ਹੇ ਥਾਂ ਵਿੱਚ ਬਣਿਆ ਉਨ੍ਹਾਂ ਦਾ ਘਰ ਪੂਰਬੀ ਯੂਗੋਸਲਾਵੀਆ ਦੇ ਜਮਾਨੇ ਦਾ ਹੀ ਸੀ। ਅੰਜੀਰ ਦੇ ਰੁੱਖ ਲੱਗੇ ਹੋਏ ਸਨ।

ਵਿਹੜੇ ਵਿੱਚ ਦੋ ਔਰਤਾਂ ਭੁੰਨੀਆਂ ਹੋਈਆਂ ਮਿਰਚਾਂ ਵਾਲਾ ਰਵਾਇਤੀ ਪਕਵਾਨ ਬਣਾ ਰਹੀਆਂ ਸਨ। ਪਤਝੜ ਵਿੱਚ ਬਣਾਏ ਜਾਂਦੇ ਪਕਵਾਨ ਨੂੰ ਤਿਆਰ ਕਰਨ ਵਿੱਚ ਕਾਫ਼ੀ ਮਿਹਨਤ ਲਗਦੀ ਹੈ।

ਅਨਜਾ ਅੰਜੀਰ ਦੇ ਦਰਖ਼ਤ ਹੇਠ ਬੈਠ ਗਏ। ਕਦੇ-ਕਦੇ ਉਹ ਪਕਵਾਨ (ਅਜਵਾਰਾ) ਵਿੱਚ ਕੜਛੀ ਮਾਰ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਲੈਂਦੇ। ਔਰਤਾਂ ਨੇ ਉਨ੍ਹਾਂ ਨੂੰ ਤੁਰਕੀ ਕੌਫ਼ੀ ਵੀ ਪਿਲਾਈ ਅਤੇ ਲੱਕੜ ਦੀ ਟਰੇਅ ਵਿੱਚ ਸਲੋਟਕੋ ਵੀ ਦਿੱਤਾ।

ਸਲੋਟਕੋ ਇੱਕ ਸਥਾਨਕ ਮੁਰੱਬਾ ਹੈ। ਇਹ ਰਸਭਰੀਆਂ ਦਾ ਬਣਦਾ ਹੈ ਅਤੇ ਬਹੁਤ ਮਿੱਠਾ ਹੁੰਦਾ ਹੈ। ਅਨਜਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਯੂਗੋਸਲਾਵੀਆ ਦੀ ਕਿਹੜੀ ਚੀਜ਼ ਉਨ੍ਹਾਂ ਨੂੰ ਯਾਦ ਹੈ। ਔਰਤਾਂ ਨੇ ਦੱਸਿਆ ਕਿ ਉਸ ਸਮੇਂ ਜ਼ਿੰਦਗੀ ਵਧੀਆ ਸੀ।

ਸ਼ਫਰ ਦੌਰਾਨ ਲੋਕਾਂ ਨੇ ਉਨ੍ਹਾਂ ਨਾਲ ਯੂਗੋਸਲਾਵੀਆ ਦੇ ਪਤਨ ਦੇ ਕਈ ਕਾਰਨ ਸਾਂਝੇ ਕੀਤੇ। ਕਈਆਂ ਨੇ ਸਿਆਸੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਕਈਆਂ ਨੇ ਆਪਣੇ ਹੀ ਸਿਧਾਂਤ ਦੱਸੇ। ਜਦਕਿ ਕਈਆਂ ਨੇ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ।

ਕੁਝ ਨੇ ਬਚਪਨ ਦੇ ਦੋਸਤਾਂ ਨੂੰ ਵੀ ਯਾਦ ਕੀਤਾ, ਜਿੰਨ੍ਹਾਂ ਨੂੰ ਉਹ ਮੁੜ ਕਦੇ ਮਿਲੇ ਹੀ ਨਹੀਂ। ਸਾਰਿਆਂ ਨੇ ਹੀ ਬਟਵਾਰੇ ਵਿੱਚ ਕੁਝ ਨਾ ਕੁਝ ਗੁਆਇਆ ਸੀ।

ਨਿਊਯਾਰਕ ਵਾਪਸ ਆਉਣ ਸਮੇਂ ਅਨਜਾ ਕੋਲ ਲੋਕਾਂ ਨੂੰ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਸਨ। ਇਸ ਸਫ਼ਰ ਨੇ ਉਨ੍ਹਾਂ ਨੂੰ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ ਮੌਕਾ ਦਿੱਤਾ।

ਹੁਣ ਅਨਜਾ ਦਾ ਮੰਨਣਾ ਹੈ ਕਿ ਘਰ ਬਦਲਦੇ ਰਹਿੰਦੇ ਹਨ ਪਰ ਜਿਸ ਥਾਂ ਨਾਲ ਸਾਡਾ ਤਾਲੁਕ ਹੋਵੇ ਉਹ ਥਾਂ ਯਾਦਾਂ ਵਿੱਚ ਹਮੇਸ਼ਾ ਤਾਜ਼ਾ ਰਹਿੰਦੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਨਜਾ ਦੇ ਬਚਪਨ ਅਤੇ ਦੇਸ ਦੀਆਂ ਯਾਦਾਂ ਤਾਜ਼ਾ ਹਨ ਪਰ ਹੁਣ ਨਾ ਤਾਂ ਉਨ੍ਹਾਂ ਦਾ ਘਰ ਹੈ ਅਤੇ ਨਾ ਹੀ ਦੇਸ।

ਅਨਜਾ ਮਯੂਟਿਕ ਨੇ ਇਹ ਲੇਖ ਬੀਬੀਸੀ ਟ੍ਰੈਵਲ ਲਈ ਲਿਖਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)