You’re viewing a text-only version of this website that uses less data. View the main version of the website including all images and videos.
100 ਦਿਨਾਂ ਤੋਂ ਧਰਨੇ 'ਤੇ ਬੈਠੀਆਂ ਆਂਗਨਵਾੜੀ ਵਰਕਰਾਂ ਦਾ ਕੀ ਹੈ ਡਰ?
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਆਂਗਨਵਾੜੀ ਵਰਕਰ ਅਤੇ ਹੈਲਪਰਾਂ ਪਿਛਲੇ 100 ਦਿਨਾਂ ਤੋਂ ਬਠਿੰਡਾ ਵਿੱਚ ਆਪਣੀਆਂ 4 ਮੁੱਖ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਹਨ।
ਇਨ੍ਹਾਂ ਦਾ ਰੋਸ ਹੈ ਕਿ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਵੀ ਸਰਕਾਰ ਨੇ ਹੁਣ ਸਰਕਾਰੀ/ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਾ ਦੇਣਾ ਸ਼ੁਰੂ ਕਰ ਦਿੱਤਾ ਹੈ,ਜਿਸ ਨੇ ਆਂਗਨਵਾੜੀਆਂ ਖਾਲੀ ਕਰ ਦਿੱਤੀਆਂ ਹਨ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਰਿਹਾ ਹੈ।
ਇਸ ਉਮਰ ਵਰਗ ਦੇ ਬੱਚਿਆਂ ਨੂੰ ਪਹਿਲਾਂ ਆਂਗਨਵਾੜੀ ਵਿੱਚ ਹੀ ਭੇਜਿਆ ਜਾਂਦਾ ਸੀ।
'ਖਾਲੀ ਹੋ ਗਏ ਆਂਗਨਵਾੜੀ ਕੇਂਦਰ'
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਮੁਤਾਬਕ, "ਬੀਤੇ ਨਵੰਬਰ 'ਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਏ ਸਮਝੌਤੇ ਤਹਿਤ ਇਸ ਉਮਰ ਦੇ ਬੱਚਿਆਂ ਨੂੰ ਆਂਗਨਵਾੜੀਆਂ ਵਿੱਚ ਹੀ ਰੱਖਣ ਦੀ ਮੰਗ ਮੰਨ ਲਈ ਗਈ ਸੀ ਪਰ ਲਾਗੂ ਨਹੀਂ ਕੀਤੀ ਗਈ ਜਿਸ ਕਾਰਨ ਆਂਗਨਵਾੜੀ ਸੈਂਟਰ ਖ਼ਾਲੀ ਹੋ ਚੁੱਕੇ ਹਨ। ਇਸ ਕਰਕੇ ਸਾਨੂੰ ਮੁੜ ਸੜਕਾਂ 'ਤੇ ਆਉਣਾ ਪਿਆ।"
ਕੀ ਹਨ ਮੰਗਾਂ?
- ਪੰਜਾਬ ਦੇ ਆਂਗਨਵਾੜੀ ਕੇਂਦਰਾਂ ਵਿੱਚ 27 ਹਜ਼ਾਰ ਵਰਕਰ ਅਤੇ 27 ਹਜ਼ਾਰ ਹੈਲਪਰ ਕੰਮ ਕਰਦੀਆਂ ਹਨ। ਆਂਗਨਵਾੜੀ ਵਰਕਰਾਂ ਨੂੰ 5600 ਰੁਪਏ ਅਤੇ ਹੈਲਪਰਾਂ ਨੂੰ 2800 ਰੁਪਏ ਮਾਣ ਭੱਤਾ ਮਿਲਦਾ ਹੈ।
- ਮੁਜ਼ਾਹਰਾਕਾਰੀ ਵਰਕਰਾਂ ਦੀ ਦੂਜੀ ਮੰਗ ਹੈ ਕਿ ਹਰਿਆਣਾ ਪੈਟਰਨ ਦੇ ਆਧਾਰ 'ਤੇ ਵਰਕਰਾਂ ਦੀ ਤਨਖ਼ਾਹ 11000 ਰੁਪਏ ਅਤੇ ਹੈਲਪਰਾਂ ਦੀ 5600 ਰੁਪਏ ਕੀਤੀ ਜਾਵੇ।
- ਸੇਵਾ ਮੁਕਤ ਹੋਣ ਤੋਂ ਬਾਅਦ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੈਨਸ਼ਨ ਦਿੱਤੀ ਜਾਵੇ।
- ਚਾਈਲਡ ਵੈੱਲਫੇਅਰ ਕੌਂਸਲ ਅਤੇ ਸੋਸ਼ਲ ਵੈੱਲਫੇਅਰ ਅਡਵਾਇਜ਼ਰੀ ਬੋਰਡ ਨਾਂ ਦੀਆਂ ਐਨਜੀਓ ਦੇ ਅਧੀਨ ਚੱਲ ਰਹੇ ਪੰਜਾਬ ਦੇ ਅੱਠ ਬਲਾਕਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਹੀ ਲਿਆਂਦਾ ਜਾਵੇ।
ਮੰਤਰੀ ਨਾਲ ਮਿਲਵਾਉਣ ਦਾ ਵਾਅਦਾ
ਬੀਤੀ ਤਿੰਨ ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨਾਲ ਗੱਲਬਾਤ ਕਰਵਾਉਣ ਦਾ ਸਮਝੌਤਾ ਹੋਇਆ ਹੈ ਪਰ ਆਂਗਨਵਾੜੀ ਵਰਕਰ ਯੂਨੀਅਨ ਵੱਲੋਂ ਗੱਲਬਾਤ ਦਾ ਸਿੱਟਾ ਨਿਕਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਧਰਨੇ ਵਿੱਚ ਹਰ ਰੋਜ਼ 100 ਤੋਂ ਜ਼ਿਆਦਾ ਗਿਣਤੀ ਵਿੱਚ ਔਰਤਾਂ ਸ਼ਾਮਲ ਹੁੰਦੀਆਂ ਹਨ।
ਆਂਗਨਵਾੜੀ ਵਰਕਰ ਗੁਰਵਿੰਦਰ ਕੌਰ ਦੱਸਦੀ ਹੈ, "ਸਾਡੇ ਨਾਲ ਸਾਡੇ ਪਰਿਵਾਰ ਵੀ ਸੰਘਰਸ਼ ਦਾ ਹਿੱਸਾ ਬਣਦੇ ਹਨ। ਮੇਰੀ 5600 ਤਨਖ਼ਾਹ ਹੈ। ਮੇਰੇ ਪਤੀ ਵੀ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਹਨ। ਮੇਰਾ ਸਹੁਰਾ ਕੈਂਸਰ ਦਾ ਮਰੀਜ਼ ਸੀ। ਕਈ ਵਾਰ ਧਰਨਿਆਂ ਦੌਰਾਨ ਬਾਹਰ ਰਹਿਣਾ ਪੈਂਦਾ ਸੀ,ਉਹ ਬਹੁਤ ਮਾੜਾ ਵੇਲਾ ਸੀ ਪਰ ਅਸੀਂ ਆਉਣ ਵਾਲੇ ਵਖ਼ਤ ਨੂੰ ਵੀ ਰੋਕਣਾ ਸੀ ਇਸ ਲਈ ਆਉਣਾ ਪਿਆ।"
ਧਰਨੇ ਵਿੱਚ ਸ਼ਾਮਲ ਕਿਰਨਾਂ ਰਾਣੀ ਐਮ ਏ ਬੀ ਐਂਡ ਪਾਸ ਹੈ। ਤਿੰਨਾਂ ਭਰਾਵਾਂ ਦੀ ਇਕਲੌਤੀ ਭੈਣ ਕਿਰਨਾਂ ਦਾ ਕਹਿਣਾ ਹੈ, "ਮੇਰੇ ਪਿਤਾ ਨੇ ਦਿਹਾੜੀਆਂ ਕਰਕੇ ਸਾਨੂੰ ਪੜ੍ਹਾਇਆ ਤੇ ਨੌਕਰੀ ਕਰਨ ਦੇ ਕਾਬਲ ਬਣਾਇਆ। ਮੇਰੀ ਉਮਰ 32 ਸਾਲ ਹੈ। ਘੱਟ ਤਨਖ਼ਾਹ ਕਰਕੇ ਜਾਂ ਤਾਂ ਚੰਗਾ ਰਿਸ਼ਤਾ ਨਹੀਂ ਮਿਲਦਾ ਜਾਂ ਦਾਜ ਦੀ ਮੰਗ ਇੰਨੀ ਵੱਡੀ ਹੁੰਦੀ ਹੈ ਕਿ ਮੇਰੇ ਮਾਪਿਆਂ ਦੀ ਵਿੱਤ ਤੋਂ ਬਾਹਰ ਹੁੰਦਾ ਹੈ।"
ਪਿਛਲੇ 100 ਦਿਨਾਂ ਤੋਂ ਜਾਰੀ ਹੈ ਧਰਨਾ
ਆਂਗਨਵਾੜੀ ਵਰਕਰਾਂ ਵਿੱਚ ਵੱਡੀ ਗਿਣਤੀ ਤਲਾਕਸ਼ੁਦਾ ਜਾਂ ਵਿਧਵਾ ਔਰਤਾਂ ਦੀ ਹੈ। ਧਰਨੇ ਵਿੱਚ ਸ਼ਾਮਲ ਆਂਗਨਵਾੜੀ ਹੈਲਪਰ 40 ਸਾਲਾ ਮਮਤਾ ਰਾਣੀ ਯੂਨੀਅਨ ਦੇ ਹਰ ਸੰਘਰਸ਼ ਵਿੱਚ ਹਾਜ਼ਰ ਹੁੰਦੀ ਹੈ। ਮਮਤਾ ਰਾਣੀ ਦੇ ਪਤੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ।
ਮਮਤਾ ਦੱਸਦੀ ਹੈ, "ਮੈਨੂੰ 2800 ਰੁਪਏ ਤਨਖ਼ਾਹ ਮਿਲਦੀ ਹੈ। ਤਿੰਨ ਬੱਚੇ ਹਨ। ਭੈਣ ਦੀ ਮੌਤ ਹੋ ਗਈ ਸੀ ਤਾਂ ਉਸਦਾ 9 ਮਹੀਨੇ ਦਾ ਬੱਚਾ ਵੀ ਮੈ ਪੰਜ ਸਾਲ ਪਾਲਿਆ। ਬਹੁਤ ਔਖਾ ਗੁਜ਼ਾਰਾ ਹੁੰਦਾ। ਹੁਣ ਏਸੇ ਆਸ ਨਾਲ ਧਰਨਿਆਂ ਵਿੱਚ ਆਉਂਦੀ ਹਾਂ ਕਿ ਕਿਤੇ ਇਹ ਨੌਕਰੀ ਵੀ ਹੱਥੋਂ ਨਾ ਚਲ਼ੀ ਜਾਵੇ।"
'ਜੇਲ 'ਚ ਰੋਟੀ ਵੀ ਨਹੀਂ ਮਿਲੀ'
ਰਾਮਾਂ ਮੰਡੀ ਵਿੱਚ ਆਂਗਨਵਾੜੀ ਵਿੱਚ ਕੰਮ ਕਰਨ ਵਾਲੀ ਵਰਕਰ ਇੰਦਰਜੀਤ ਕੌਰ ਤਲਾਕਸ਼ੁਦਾ ਹੈ ਅਤੇ ਉਨ੍ਹਾਂ ਦੀ ਹੈਲਪਰ ਮਨਜੀਤ ਕੌਰ ਵਿਧਵਾ ਹੈ। ਇੰਦਰਜੀਤ ਕੌਰ ਦੇ ਦੋ ਬੱਚੇ ਹਨ ਅਤੇ ਮਨਜੀਤ ਕੌਰ ਨੂੰ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਆਪਣੀ ਤਨਖ਼ਾਹ ਨਾਲ ਹੀ ਕਰਨਾ ਪੈਂਦਾ ਹੈ।
ਇੰਦਰਜੀਤ ਕੌਰ ਆਪਣੇ ਹਾਲਤਾਂ ਬਾਰੇ ਪੁੱਛੇ ਜਾਣ 'ਤੇ ਦੱਸਦੀ ਹੈ,''ਸਾਨੂੰ ਤਾਂ ਮਜ਼ਦੂਰ ਜਿੰਨੀ ਵੀ ਦਿਹਾੜੀ ਨੀ ਮਿਲਦੀ। ਅਸੀਂ ਤਾਂ ਦੋਵੇਂ ਇੱਕ ਦੂਜੇ ਦੀ ਮਦਦ ਨਾਲ ਗੁਜ਼ਾਰਾ ਕਰਦੀਆਂ ਹਾਂ,ਨਾਲ ਦੀਆਂ ਕੁੜੀਆਂ ਵੀ ਮਦਦ ਕਰ ਦਿੰਦੀਆਂ ਹਨ।ਕਈ ਵਾਰ ਕਰਜ਼ਾ ਵੀ ਚੜ ਜਾਂਦਾ।"
ਧਰਨੇ ਵਿੱਚ ਸ਼ਾਮਲ ਕਈ ਔਰਤਾਂ ਛੋਟੇ ਬੱਚਿਆਂ ਨਾਲ ਸ਼ਾਮਲ ਹਨ। ਛੋਟੀਆਂ ਉਮਰਾਂ ਵਿੱਚ ਵੀ ਇਹ ਬੱਚੇ ਮਾਪਿਆਂ ਦੀਆਂ ਮਜਬੂਰੀਆਂ ਨਾਲ ਤਾਲਮੇਲ ਬਿਠਾਉਣਾ ਸਿੱਖ ਗਏ ਹਨ। ਆਂਗਨਵਾੜੀ ਵਰਕਰ ਕੁਲਦੀਪ ਰਾਣੀ ਦੀ ਬੇਟੀ ਪਾਇਲ ਮਾਂ ਨਾਲ ਧਰਨੇ ਵਿੱਚ ਸ਼ਾਮਲ ਹੋਈ ਹੈ। ਉਹ ਕਹਿੰਦੀ ਹੈ, "ਸਾਡੇ ਬੱਚੇ ਵੈਸੇ ਵੀ ਸਾਡੇ ਧਰਨਿਆਂ ਕਾਰਨ ਤਕਲੀਫ਼ਾਂ ਝੱਲਦੇ ਹਨ ਤੇ ਇੱਥੇ ਜੋ ਸਾਡੇ ਨਾਲ ਬੀਤੀ ਇਹ ਵੀ ਝੱਲ ਲਏਗੀ।''
ਪਾਇਲ ਆਪਣੀ ਮਾਂ ਨਾਲ ਸਹਿਮਤੀ ਜਤਾਉਂਦੀ ਹੋਈ ਦੱਸਦੀ ਹੈ ਕਿ ਬਾਰ੍ਹਵੀਂ ਕਰਕੇ ਉਹ ਬਾਹਰ ਜਾਣਾ ਚਾਹੁੰਦੀ ਹੈ ਪਰ ਉਹ ਚਾਹੁੰਦੀ ਹੈ ਕਿ ਉਸ ਦੀ ਮਾਂ ਇੱਥੇ ਆਪਣੀਆਂ ਸਾਥਣਾਂ ਨਾਲ ਸੰਘਰਸ਼ ਕਰੇ। ਪਾਇਲ ਸਮਝਦੀ ਹੈ ਕਿ ਇਹ ਇਨਸਾਫ਼ ਦੀ ਲੜਾਈ ਹੈ ਜਿਸ ਵਿੱਚ ਉਹ ਵਿਦੇਸ਼ ਜਾ ਕੇ ਆਰਥਿਕ ਪੱਖ ਤੋਂ ਵੀ ਯੋਗਦਾਨ ਪਾਵੇਗੀ।
ਧਰਨੇ ਵਿੱਚ ਸ਼ਾਮਲ ਇੱਕ ਹੋਰ ਮਹਿਲਾ ਜਸਵੀਰ ਕੌਰ ਕਹਿੰਦੇ ਹਨ, ''ਚੰਗੇ-ਮਾੜੇ ਹਾਲਾਤਾਂ ਦੇ ਬਾਵਜੂਦ ਸਾਡੀਆਂ ਕੁੜੀਆਂ ਦੇ ਹੌਸਲੇ ਬੁਲੰਦ ਹਨ। ਧਰਨਿਆਂ ਦੌਰਾਨ ਦਿਨ-ਤਿਉਹਾਰ ਵੀ ਅਸੀਂ ਇਕੱਠੇ ਹੀ ਮਨਾਉਂਦੇ ਹਾਂ। ਪਰਿਵਾਰ ਅਤੇ ਬੱਚਿਆਂ ਦੀ ਵੀ ਪੂਰੀ ਮਦਦ ਮਿਲਦੀ ਹੈ।"
'ਜਥੇਬੰਦੀਆਂ ਦਾ ਸਾਥ ਮਿਲਦਾ ਹੈ'
ਜਥੇਬੰਦੀਆਂ ਦਾ ਸਹਿਯੋਗ ਵੀ ਇਨ੍ਹਾਂ ਦੇ ਹੌਸਲੇ ਵਧਾਉਂਦਾ ਹੈ।
"ਪਿਛਲੇ ਦਿਨੀਂ ਜਦੋਂ ਅਸੀਂ ਥਾਣੇ ਬੰਦ ਸੀ ਤਾਂ ਪੁਲਿਸ ਨੇ ਸਾਨੂੰ ਰੋਟੀ ਵੀ ਨਹੀਂ ਦਿੱਤੀ। ਕਿਸਾਨ ਯੂਨੀਅਨ ਵਾਲੇ ਲੰਗਰ ਇਕੱਠਾ ਕਰਕੇ ਦੇ ਗਏ ਸੀ। ਸਾਨੂੰ 35 ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਹਰਗੋਬਿੰਦ ਕੌਰ ਦੱਸਦੇ ਹਨ, " ਪਿਛਲੇ ਵੀਹ ਸਾਲਾਂ ਵਿੱਚ ਅਸੀਂ ਬਹੁਤ ਸੰਘਰਸ਼ ਲੜੇ ਤੇ ਜਿੱਤੇ ਨੇ। ਇਹ ਸੰਘਰਸ਼ ਜਿੰਨਾ ਵੀ ਲੰਮਾ ਚੱਲੇ ਅਸੀਂ ਲੜਾਂਗੇ। ਸਾਡੇ ਕੋਲ ਸਾਧਨਾਂ ਤੇ ਪੈਸੇ ਦੀ ਕਮੀ ਹੈ ਪਰ ਅਸੀਂ ਆਪਣੇ ਦਮ 'ਤੇ ਲੜਦੇ ਹਾਂ।''
14 ਤਰੀਕ ਨੂੰ ਕੈਬਨਿਟ ਮੰਤਰੀ ਨਾਲ ਮੀਟਿੰਗ ਹੈ ਜੇਕਰ ਉਸ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਅਸੀਂ ਪੂਰੇ ਪੰਜਾਬ ਵਿੱਚ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਵੀ ਕਰਾਂਗੇ ਤੇ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਵੀ ਪਿੰਡ-ਪਿੰਡ ਜਾ ਕੇ ਸਰਕਾਰ ਖ਼ਿਲਾਫ਼ ਲੋਕਾਂ ਅੱਗੇ ਆਪਣੀ ਗੱਲ ਰੱਖਾਂਗੇ।''