ਨਜ਼ਰੀਆ: 'ਭੂਤ-ਪ੍ਰੇਤ ਅਤੇ ਸ਼ੈਤਾਨੀ ਤਾਕਤਾਂ ਵਿਖਾਓ, 20 ਲੱਖ ਰੁਪਏ ਲੈ ਜਾਓ'

    • ਲੇਖਕ, ਡਾ. ਹਮੀਦ ਦਾਭੋਲਕਰ
    • ਰੋਲ, ਸਮਾਜਿਕ ਕਾਰਕੁਨ

ਦੁਨੀਆਂ ਭਰ ਦੇ ਇਸਾਈਆਂ ਲਈ ਵੈਟੀਕਨ ਸਿਟੀ ਸਭ ਤੋਂ ਉੱਚਾ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ। ਇੱਥੇ ਇਸਾਈ ਧਰਮ ਦੇ ਸਭ ਤੋਂ ਵੱਡੇ ਧਰਮਗੁਰੂ ਪੋਪ ਰਹਿੰਦੇ ਹਨ।

ਵੈਟੀਕਨ ਸਿਟੀ ਵਿੱਚ ਪਾਦਰੀਆਂ ਲਈ ਧਾਰਮਿਕ ਮਾਮਲਿਆਂ ਨਾਲ ਜੁੜੇ ਪ੍ਰੋਗਰਾਮ ਕਰਾਏ ਜਾਂਦੇ ਹਨ।

ਜਲਦ ਹੀ ਇੱਥੇ ਪਾਦਰੀਆਂ ਨੂੰ ਭੂਤਾਂ-ਪ੍ਰੇਤਾਂ ਨੂੰ ਭਜਾਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਕੋਰਸ ਕਰਾਉਣ ਦੇ ਇਸ ਫੈਸਲੇ 'ਤੇ ਵਿਵਾਦ ਛਿੜ ਗਿਆ ਹੈ।

ਇਸ ਟ੍ਰੇਨਿੰਗ ਵਿੱਚ ਪਾਦਰੀਆਂ ਨੂੰ ਸਿਖਾਇਆ ਜਾਵੇਗਾ ਕਿ ਭੂਤ ਜਾਂ ਸ਼ੈਤਾਨੀ ਸ਼ਕਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ।

ਇਸਾਈ ਧਰਮ ਵਿੱਚ ਭੂਤ-ਪ੍ਰੇਤ ਅਤੇ ਸ਼ੈਤਾਨੀ ਤਾਕਤਾਂ ਵਿੱਚ ਵਿਸ਼ਵਾਸ ਕਰਨ ਦੀ ਪਰੰਪਰਾ ਰਹੀ ਹੈ।

ਇਸਾਈ ਧਰਮ ਵਿੱਚ ਸੰਤ ਬਣਨ ਲਈ ਚਮਤਕਾਰ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਮਦਰ ਟੇਰੇਸਾ ਦੇ ਸੰਤ ਬਣਨ ਦਾ ਆਧਾਰ ਵੀ ਚਮਤਕਾਰ ਦਾ ਦਾਅਵਾ ਸੀ।

ਦੁਨੀਆਂ ਭਰ ਦੇ ਤਰਕਸ਼ੀਲਾਂ ਨੇ ਚਰਚ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਆਲੋਚਨਾ ਦੇ ਬਾਵਜੂਦ ਚਰਚ ਦੀ ਇਹ ਪਰੰਪਰਾ ਜਾਰੀ ਹੈ।

ਇਸਾਈ ਧਰਮ ਨੂੰ ਪੁਰਾਤਨ ਕਾਲ ਵਿੱਚ ਲੈ ਜਾਣ ਦੀ ਕੋਸ਼ਿਸ਼

ਵੈਟੀਕਨ ਦਾ ਇਹ ਫੈਸਲਾ ਚਰਚ ਨੂੰ ਪੁਨਰਜਾਗਰਣ ਕਾਲ ਤੋਂ ਪਹਿਲਾਂ ਦੇ ਦੌਰ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਲੱਗਦਾ ਹੈ।

ਅਜਿਹੇ ਵਿੱਚ ਗੰਭੀਰਤਾ ਨਾਲ ਚਰਚ ਦੇ ਇਸ ਕਦਮ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਵੈਟੀਕਨ ਸਿਟੀ ਦੇ ਸੂਤਰਾਂ ਨੇ ਇਸ ਕੋਰਸ ਦੇ ਪਿੱਛੇ ਦਾ ਤਰਕ ਸਮਾਜ ਵੱਲੋਂ ਇਸ ਦੀ ਮੰਗ ਨੂੰ ਦੱਸਿਆ ਹੈ।

ਖਬਰਾਂ ਅਨੁਸਾਰ ਇਟਲੀ ਵਿੱਚ 50 ਹਜ਼ਾਰ ਲੋਕ ਸ਼ੈਤਾਨੀ ਤਾਕਤਾਂ ਅਤੇ ਭੂਤ-ਪ੍ਰੇਤ ਤੋਂ ਛੁੱਟਕਾਰੇ ਲਈ ਚਰਚ ਦੀ ਮਦਦ ਲੈਂਦੇ ਹਨ।

ਜੇ ਪੂਰੇ ਯੁਰਪ ਦੀ ਗੱਲ ਕੀਤੀ ਜਾਵੇ ਤਾਂ ਆਂਕੜੇ 10 ਲੱਖ ਲੋਕਾਂ ਤੱਕ ਹੋ ਸਕਦਾ ਹੈ।

ਦਿਮਾਗੀ ਬੀਮਾਰੀ ਜਾਂ ਭੂਤ-ਪ੍ਰੇਤ ਦਾ ਚੱਕਰ?

ਵਿਗਿਆਨ ਅਤੇ ਮਾਨਸਿਕ ਸਿਹਤ ਦੇ ਖੇਤਰਾਂ ਵਿੱਚ ਤਰੱਕੀ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਲੋਕ ਅਜਿਹੀਆਂ ਸਮੱਸਿਆਵਾਂ ਤੋਂ ਰਾਹਤ ਕਿਉਂ ਪਾਣਾ ਚਾਹੁੰਦੇ ਹਨ।

ਪਰ ਗਿਰਜਾਘਰ ਨੇ ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਵਾਲੀ ਮਦਦ ਦੇਣ ਦਾ ਫੈਸਲਾ ਕਿਉਂ ਲਿਆ, ਇਹ ਸਮਝ ਨਹੀਂ ਆਉਂਦਾ।

ਦਿਮਾਗ ਵਿਗਿਆਨ ਅਤੇ ਮਨੋਵਿਗਿਆਨ ਸਾਨੂੰ ਅਜਿਹੀਆਂ ਬਿਮਾਰੀਆਂ ਬਾਰੇ ਦੱਸਦਾ ਹੈ ਜਿਸ ਵਿੱਚ ਲੋਕਾਂ ਨੂੰ ਕਾਲਪਨਿਕ ਆਵਾਜ਼ਾਂ ਅਤੇ ਤਸਵੀਰਾਂ ਦਿੱਖ ਸਕਦੀਆਂ ਹਨ।

ਸਕਿਜ਼ੋਫ੍ਰੇਨੀਆ ਵਰਗੀਆਂ ਬੀਮਾਰੀਆਂ ਵਿੱਚ ਇਹ ਲੱਛਣ ਹੋ ਸਕਦੇ ਹਨ। ਇਸ ਵਿੱਚ ਲੋਕ ਬਿਨਾਂ ਕਿਸੇ ਹਰਕਤ ਦੇ ਆਪਣੇ ਦਿਮਾਗ ਵਿੱਚ ਰਸਾਇਣਿਕ ਮੁਸ਼ਕਲਾਂ ਕਰਕੇ ਆਵਾਜ਼ਾ ਅਤੇ ਤਸਵੀਰਾਂ ਦੇਖ ਅਤੇ ਸੁਣ ਸਕਦੇ ਹਨ।

ਜਿਹੜੇ ਪਰਿਵਾਰਾਂ ਜਾਂ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ, ਉਹ ਇਸਨੂੰ ਭੂਤ-ਪ੍ਰੇਤ ਨਾਲ ਜੋੜ ਕੇ ਵੇਖਦੇ ਹਨ।

ਇਸ ਲਈ ਕੁਝ ਲੋਕ ਜਾਦੂ-ਟੋਨੇ ਦਾ ਵੀ ਸਹਾਰਾ ਲੈਂਦੇ ਹਨ।

ਆਰਥਿਕ ਪੱਖੋਂ ਜਾਂ ਨਿਜੀ ਰਿਸ਼ਤਿਆਂ ਵਿੱਚ ਤਣਾਅ ਝੇਲ ਰਹੇ ਲੋਕ ਵੀ ਦੁਖਾਂ ਦੇ ਹੱਲ ਲਈ ਅਲੌਕਿਕ ਤਾਕਤਾਂ ਨੂੰ ਜ਼ਿੰਮੇਵਾਰ ਮੰਨ ਸਕਦੇ ਹਨ।

ਆਪਣੇ ਦੁਖਾਂ ਲਈ ਹੋਰਾਂ ਨੂੰ ਜ਼ਿੰਮੇਵਾਰ ਦੱਸਣਾ

ਮਨੁੱਖ ਅਕਸਰ ਆਪਣੇ ਦੁਖਾਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਦੱਸਦੇ ਹਨ।

ਇੱਕ ਬਿਹਤਰ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਦੁਖਾਂ ਦੇ ਅਸਲੀ ਕਾਰਣ ਜਾਣਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਵਿੱਚ ਸਮਰਥ ਬਣਾਉਣਾ ਚਾਹੀਦਾ ਹੈ।

ਪਰ ਗਿਰਜਾਘਰ ਦੇ ਇਸ ਫੈਸਲੇ ਨਾਲ ਬਿਲਕੁਲ ਉਲਟਾ ਹੋ ਰਿਹਾ ਹੈ।

ਜੇ ਗਿਰਜਾਘਰ ਵਾਕੇਈ ਇਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਪਾਦਰੀਆਂ ਨੂੰ ਮਨੁੱਖੀ ਮਨ ਅਤੇ ਦਿਮਾਗ ਨੂੰ ਸਮਝਣ ਨਾਲ ਜੁੜੀ ਪੜ੍ਹਾਈ ਵਿੱਚ ਕੋਰਸ ਕਰਾਉਣਾ ਚਾਹੀਦਾ ਹੈ।

ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕੁਝ ਲੋਕਾਂ ਨੂੰ ਅਜਿਹਾ ਮਹਿਸੂਸ ਕਿਉਂ ਹੁੰਦਾ ਹੈ।

ਉਨ੍ਹਾਂ ਨੂੰ ਮਾਨਸਕ ਸਿਹਤ ਲਈ ਡਾਕਟਰਾਂ ਦੀ ਮਦਦ ਲੈਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

ਗੈਰ-ਵਿਗਿਆਨਕ ਹਰਕਤਾਂ

ਗਿਰਜਾਘਰ ਵੱਲੋਂ ਗੈਰ-ਵਿਗਿਆਨਕ ਚੀਜ਼ਾਂ ਦਾ ਸਮਰਥਨ ਕਰਨ ਦਾ ਲੰਮਾ ਇਤਿਹਾਸ ਹੈ।

ਲਗਭਗ ਤਿੰਨ ਸੌ ਸਾਲ ਪਹਿਲਾਂ ਗੈਲੀਲਿਯੋ ਨੇ ਇਹ ਸਾਬਤ ਕੀਤਾ ਸੀ ਕਿ ਧਰਤੀ ਪੁਲਾੜ ਦਾ ਕੇਂਦਰ ਨਹੀਂ ਹੈ ਅਤੇ ਧਰਤੀ ਸੂਰਜ ਦਾ ਚੱਕਰ ਲਗਾਉਂਦੀ ਹੈ ਨਾ ਕੀ ਸੂਰਜ ਧਰਤੀ ਦਾ ਚੱਕਰ ਲਗਾਉਂਦਾ ਹੈ।

ਗਿਰਜਾਘਰ ਨੇ ਉਨ੍ਹਾਂ ਨੂੰ ਵਧਾਈ ਦੇਣ ਦੀ ਥਾਂ ਮੌਤ ਦੀ ਸਜ਼ਾ ਸੁਣਾ ਦਿੱਤੀ। ਹਾਲਾਂਕਿ, ਗੈਲੀਲਿਯੋ ਨੇ ਚਰਚ ਤੋਂ ਮੁਆਫੀ ਮੰਗ ਕੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾ ਲਿਆ ਸੀ।

ਪੋਪ ਕੋਲ ਵਿਗਿਆਨ ਵੱਲ ਜਾਣ ਦਾ ਮੌਕਾ

ਤਿੰਨ ਸੌ ਸਾਲ ਬਾਅਦ ਗਿਰਜਾਘਰ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ। ਗਿਰਜਾਘਰ ਦੇ ਇਸ ਕਦਮ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ।

ਜੇ ਵੈਟੀਕਨ ਆਪਣੀ ਤਿੰਨ ਸੌ ਸਾਲ ਪੁਰਾਣੀ ਗਲਤੀ ਨੂੰ ਦੋਹਰਾਨਾ ਨਹੀਂ ਚਾਹੁੰਦਾ ਤਾਂ ਇਸਨੂੰ ਇਹ ਕੋਰਸ ਸ਼ੁਰੂ ਨਹੀਂ ਕਰਨਾ ਚਾਹੀਦਾ।

ਇਸਾਈ ਧਰਮ ਦੀਆਂ ਗੈਰ-ਵਿਗਿਆਨਕ ਪ੍ਰਥਾਵਾਂ ਦੀ ਰਿਚਰਡ ਡਾਕਿਨ ਅਤੇ ਸੈਮ ਹੈਰਿਸ ਵਰਗੇ ਲੇਖਕ ਵੀ ਆਲੋਚਨਾ ਕਰ ਚੁੱਕੇ ਹਨ।

ਸੈਮ ਹੈਰਿਸ ਦੀ ਕਿਤਾਬ 'ਅ ਲੈਟਰ ਟੂ ਕ੍ਰਿਸਟਿਅਨ ਨੇਸ਼ਨ' ਅਤੇ 'ਐਂਡ ਆਫ ਫੇਥ' ਇਸ ਸਬਜੈਕਟ ਬਾਰੇ ਡੂੰਘਾਈ ਵਿੱਚ ਗੱਲ ਕਰਦੀਆਂ ਹਨ।

ਪੋਪ ਫਰਾਂਸਿਸ ਦੇ ਵਿਚਾਰ ਅਗਾਂਹਵਧੂ ਹਨ। ਸਮਲੈਂਗਿਕਤਾ ਦੇ ਮੁੱਦੇ 'ਤੇ ਉਨ੍ਹਾਂ ਨੇ ਖੁੱਲ੍ਹਾ ਦਿਲ ਵਿਖਾਇਆ ਹੈ।

ਪੋਪ ਫਰਾਂਸਿਸ ਅਤੇ ਗਿਰਜਾਘਰ ਕੋਲ ਵਿਗਿਆਨਕ ਢੰਗ ਨਾਲ ਸੋਚ ਦਾ ਸਮਰਥਨ ਦੇਣ ਦਾ ਇਹ ਵਧੀਆ ਮੌਕਾ ਹੈ।

ਯੁਰਪੀ ਦੇਸ਼ਾਂ ਤੋਂ ਇੱਕ ਕਦਮ ਅੱਗੇ ਭਾਰਤ

ਭਾਰਤ ਵਿੱਚ ਖੁਦ ਨੂੰ ਕਹਾਉਣ ਵਾਲੇ ਕਈ ਬਾਬੇ ਅਤੇ ਧਰਮਗੁਰੂ ਹਨ ਜੋ ਆਪਣੀਆਂ ਸ਼ਕਤੀਆਂ ਦੇ ਦਮ 'ਤੇ ਭੂਤ ਅਤੇ ਸ਼ੈਤਾਨਾਂ ਨੂੰ ਭਜਾਉਣ ਦਾ ਦਾਅਵਾ ਕਰਦੇ ਹਨ।

ਸਾਲ 2013 ਵਿੱਚ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲ ਸਮਿਤਿ' ਦੇ 20 ਸਾਲਾਂ ਦੇ ਸੰਘਰਸ਼ ਅਤੇ ਇਸ ਦੇ ਨੇਤਾ ਨਰੇਂਦਰ ਦਾਭੋਲਕਰ ਦੀ ਕੁਰਬਾਨੀ ਤੋਂ ਬਾਅਦ ਮਹਾਰਾਸ਼ਟਰ ਐਂਟੀ ਬਲੈਕ ਮੈਜਿਕ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣਿਆ।

ਇਹ ਪਹਿਲਾ ਕਾਨੂੰਨ ਸੀ ਜਿਸ ਵਿੱਚ ਧਰਮ ਦੇ ਨਾਂ 'ਤੇ ਅਲੌਕਿਕ ਸ਼ਕਤੀਆਂ ਦਾ ਦਾਅਵਾ ਕਰਕੇ ਕਿਸੇ ਦੇ ਸ਼ੋਸ਼ਣ ਨੂੰ ਸਜ਼ਾ ਯੋਗ ਅਪਰਾਧ ਮੰਨਿਆ ਗਿਆ।

ਇਸ ਕਾਨੂੰਨ ਦੇ ਬਣਨ ਦੇ ਬਾਅਦ ਅਜਿਹੇ 400 ਠੱਗ ਬਾਬਿਆਂ ਨੂੰ ਜੇਲ੍ਹ ਪਹੁੰਚਾਇਆ ਜਾ ਚੁੱਕਿਆ ਹੈ।

ਪੰਜਾਬ, ਹਰਿਆਣਾ ਅਤੇ ਬਿਹਾਰ ਦੀਆਂ ਸਰਕਾਰਾਂ ਨੇ ਵੀ ਇਸ ਕਾਨੂੰਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਤਰ੍ਹਾਂ ਦੇ ਕਾਨੂੰਨਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਰਤ ਵਿਗਿਆਨਕ ਆਧਾਰ 'ਤੇ ਚੀਜ਼ਾਂ ਨੂੰ ਵੇਖਣ ਦੇ ਮਾਮਲੇ ਵਿੱਚ ਯੁਰਪੀ ਦੇਸ਼ਾਂ ਤੋਂ ਇੱਕ ਕਦਮ ਅੱਗੇ ਹੈ।

ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤਿ ਨੇ ਕਈ ਸ਼ਖਸਾਂ ਨੂੰ 20 ਲੱਖ ਰੁਪਇਆਂ ਦੀ ਚੁਣੌਤੀ ਦਿੱਤੀ ਹੈ ਜੋ ਭੂਤਾਂ ਅਤੇ ਸ਼ੈਤਾਨੀ ਤਾਕਤਾਂ ਨੂੰ ਸਾਹਮਣੇ ਲਿਆ ਸਕਣ।

ਜੇ ਗਿਰਜਾਘਰ ਇਹ ਕੋਰਸ ਵਾਪਸ ਨਹੀਂ ਲੈਂਦਾ ਹੈ ਤਾਂ ਉਸ ਨੂੰ ਚੁਣੌਤੀ ਸਵੀਕਾਰ ਕਰਕੇ ਸ਼ੈਤਾਨੀ ਤਾਕਤਾਂ ਨੂੰ ਲੋਕਾਂ ਦੇ ਅੱਗੇ ਲਿਆਉਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)