You’re viewing a text-only version of this website that uses less data. View the main version of the website including all images and videos.
ਉੱਤਰ-ਭਾਰਤ 'ਚ ਤੇਜ਼ ਤੂਫ਼ਾਨ ਕਾਰਨ 100 ਲੋਕਾਂ ਦੀ ਹੋਈ ਮੌਤ, ਮੋਦੀ ਵਲੋਂ ਦੁੱਖ ਪ੍ਰਗਟ
ਉੱਤਰ-ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਤੇਜ਼ ਝੱਖੜ ਤੇ ਤੂਫ਼ਾਨ ਦੇ ਕਾਰਨ ਘੱਟੋ-ਘੱਟ 95 ਲੋਕਾਂ ਦੀ ਮੌਤ ਹੋਈ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।
ਬੁੱਧਵਾਰ ਸ਼ਾਮ ਨੂੰ ਆਏ ਇਸ ਝੱਖੜ ਨੇ ਬਿਜਲੀ ਦੇ ਖੰਭੇ ਅਤੇ ਦਰਖ਼ਤ ਪੁੱਟ ਸੁੱਟੇ ਅਤੇ ਮਕਾਨ ਤੇ ਹੋਰ ਇਮਰਾਤਾਂ ਢਹਿਢੇਰੀ ਕਰ ਦਿੱਤੀਆਂ। ਜਦੋਂ ਇਹ ਝੱਖੜ ਝੁੱਲਿਆ ਤਾਂ ਲੋਕ ਘਰਾਂ ਅੰਦਰ ਸੁੱਤੇ ਪਏ ਸਨ ਅਤੇ ਉਹ ਅੰਦਰ ਹੀ ਫਸ ਗਏ।
ਉੱਤਰ ਪ੍ਰਦੇਸ਼ ਸਰਕਾਰ ਨੇ ਤੂਫ਼ਾਨ ਕਾਰਨ 64 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ 43 ਆਗਰਾ ਵਿੱਚ ਮਾਰੇ ਗਏ ਹਨ। ਰਾਜਸਥਾਨ ਵਿੱਚ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ 34 ਦੱਸੀ ਗਈ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੱਖੜ ਤੇ ਮੀਂਹ ਕਾਰਨ ਮਾਰੇ ਗਏ ਲੋਕਾਂ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੱਕ ਟਵੀਟ ਰਾਹੀ ਪ੍ਰਧਾਨ ਮੰਤਰੀ ਨੇ ਜ਼ਮਖੀਆਂ ਤੇ ਜਲਦ ਸਿਹਤਮੰਦ ਹੋਣ ਦੀ ਅਰਦਾਸ ਦੇ ਨਾਲ -ਨਾਲ ਕੇਂਦਰੀ ਅਧਿਕਾਰੀਆਂ ਨੂੰ ਪ੍ਰਭਾਵਿਤ ਰਾਜਾਂ ਨਾਲ ਤਾਲਮੇਲ ਕਰਕੇ ਰਾਹਤ ਕਾਰਜਾਂ ਵਿੱਚ ਮਦਦ ਕਰਨ ਲਈ ਕਿਹਾ ਹੈ।
ਉੱਥੇ ਹੀ ਉਤਰਾਖੰਡ ਦੇ ਚਮੋਲੀ ਵਿੱਚ ਬੱਦਲ ਫੱਟਣ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ, ਜਿਸਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿਛਲੇ ਹਫ਼ਤੇ ਕੇਦਾਰਨਾਥ ਮੰਦਿਰ ਦੇ ਕਪਾਟ ਖੁੱਲ੍ਹੇ ਸੀ ਅਤੇ ਤੀਰਥ ਯਾਤਰੀਆਂ ਦਾ ਉਤਰਾਖੰਡ ਜਾਣਾ ਸ਼ੁਰੂ ਹੋ ਗਿਆ ਹੈ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਤੇਜ਼ ਮੀਂਹ ਅਤੇ ਤੂਫ਼ਾਨ ਕਾਰਨ ਉਤਰਾਖੰਡ ਵਿੱਚ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਗਏ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਬਿਜਲੀ ਵੀ ਗੁੱਲ ਰਹੀ।
ਉੱਤਰ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਸਿਰਫ਼ ਆਗਰਾ ਵਿੱਚ ਹੀ 36 ਲੋਕ ਤੂਫ਼ਾਨ ਅਤੇ ਮੀਂਹ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਉੱਥੇ ਹੀ ਇਸ ਤੂਫ਼ਾਨ ਕਾਰਨ ਰਾਜਸਥਾਨ ਦੇ ਕਈ ਘਰਾਂ ਵਿੱਚ ਅੱਗ ਲੱਗ ਗਈ। ਰਾਜਸਥਾਨ ਵਿੱਚ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਰਤਪੁਰ ਪ੍ਰਮੰਡਲ ਦੇ ਕਮਿਸ਼ਨਰ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 50-50 ਹਜ਼ਾਰ ਰੁਪਏ ਦਾ ਮੁਆਵਾਜ਼ਾ ਦਿੱਤਾ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਮੌਤਾਂ ਦਾ ਅੰਕੜਾਂ ਹੋਰ ਵਧਣ ਦਾ ਖ਼ਦਸਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਕੇਜੇ ਰਮੇਸ਼ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉੱਤਰ-ਭਾਰਤ ਵਿੱਚ ਕਈ ਥਾਵਾਂ 'ਤੇ ਤੇਜ਼ ਤੁਫ਼ਾਨ ਅਤੇ ਭਾਰੀ ਮੀਂਹ ਦਾ ਕਾਰਨ ਹੈ ਪੱਛਮੀ ਸਾਗਰ ਤੋਂ ਵਹਿਣ ਵਾਲੀ ਹਵਾ।
ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਸੁੱਕਾ ਮੌਸਮ ਸੀ, ਇਸ ਲਈ ਉੱਥੇ ਰੇਤ ਭਰਿਆ ਤੂਫ਼ਾਨ ਆਇਆ। ਪਰ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਨਮੀ ਅਤੇ ਹੁਮਸ ਸੀ, ਜਿਸ ਕਾਰਨ ਤੂਫ਼ਾਨ ਦੇ ਨਾਲ ਮੀਂਹ ਵੀ ਪਿਆ।
ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਮਹੀਨੇ 'ਚ ਇਸ ਤਰ੍ਹਾਂ ਦਾ ਤੂਫ਼ਾਨ ਆਉਣਾ ਗੈਰ-ਸੁਭਾਵਿਕ ਨਹੀਂ ਹੈ।
ਉਹ ਕਹਿੰਦੇ ਹਨ,''ਜਦੋਂ ਗਰਮੀ ਨਾਲ ਪਾਰਾ ਚੜ੍ਹਨ ਲਗਦਾ ਹੈ ਤਾਂ ਪੱਛਮੀ ਮਹਾਂਸਾਗਰ ਤੋਂ ਆਉਣ ਵਾਲੀ ਠੰਡੀ ਹਵਾ ਗਰਮੀ ਦੀ ਲਹਿਰ ਨੂੰ ਘੱਟ ਕਰਦੀ ਹੈ। ਇਸ ਦੌਰਾਨ ਤੂਫ਼ਾਨ, ਤੇਜ਼ ਬਾਰਿਸ਼ ਅਤੇ ਬਿਜਲੀ ਡਿੱਗਣ ਜਾਂ ਬੱਦਲ ਫਟਣ ਦੀਆਂ ਘਟਨਾਵਾਂ ਉੱਤਰ ਭਾਰਤ ਲਈ ਸੁਭਾਵਿਕ ਹਨ।''