ਪੰਜਾਬ ਦੇ ਇਸ ਪਿੰਡ ਦੀ ਤੁਲਨਾ ਖਾਪ ਪੰਚਾਇਤਾਂ ਨਾਲ ਹੋ ਰਹੀ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਚਣਕੋਈਆਂ ਖੁਰਦ (ਲੁਧਿਆਣਾ) ਤੋਂ ਬੀਬੀਸੀ ਪੰਜਾਬੀ ਲਈ

ਦੋ ਹਜ਼ਾਰ ਤੋਂ ਘੱਟ ਅਬਾਦੀ ਵਾਲੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜਲੇ ਪਿੰਡ ਚਣਕੋਈਆਂ ਖੁਰਦ 'ਚ ਪਿੰਡ ਦੇ ਹੀ ਮੁੰਡੇ ਵੱਲੋਂ ਪਿੰਡ ਦੀ ਕੁੜੀ ਨਾਲ 'ਵਿਆਹ' ਕਰਵਾਉਣਾ ਸਮੁੱਚੇ ਪਿੰਡ ਲਈ ਅਲੋਕਾਰੀ ਘਟਨਾ ਹੋ ਨਿੱਬੜੀ ਹੈ।

ਮੁੰਡਾ ਕੁੜੀ ਤਾਂ ਉਸੇ ਦਿਨ ਕਿਧਰੇ ਰਿਸ਼ਤੇਦਾਰੀ 'ਚ ਚਲੇ ਗਏ ਪਰ ਪਿੱਛੇ ਹਾਲਾਤ ਤਣਾਅ ਵਾਲੇ ਛੱਡ ਗਏ ਹਨ। ਇਸ 'ਘਟਨਾ' ਦਾ ਹੀ ਅਸਰ ਹੈ ਕਿ ਸਮੁੱਚਾ ਪਿੰਡ ਇਕੱਠਾ ਹੋ ਗਿਆ ਹੈ।

ਪੰਚਾਂ-ਸਰਪੰਚਾਂ ਨੇ ਸਿਆਸੀ ਧੜੇਬੰਦੀ ਤੋਂ ਉਪਰ ਉੱਠ ਕੇ, ਗੁਰਦੁਆਰਾ ਕਮੇਟੀ, ਪਿੰਡ ਦੀਆਂ ਕਲੱਬਾਂ ਸਾਰਿਆਂ ਨਾਲ ਮਿਲ ਕੇ ਪਿੰਡ 'ਚ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀ ਖ਼ਿਲਾਫ਼ ਸਮਾਜਿਕ ਬਾਈਕਾਟ ਦਾ ਮਤਾ ਪਾਸ ਕਰ ਦਿੱਤਾ ਹੈ।

ਉਨ੍ਹਾਂ ਨਾਲ ਰਾਬਤਾ, ਮਿਲਵਰਤਨ ਰੱਖਣ ਵਾਲੇ ਵੀ ਇਸ 'ਸਜ਼ਾ' ਦੇ ਭਾਗੀਦਾਰ ਹੋਣਗੇ। ਮਤੇ ਦੀਆਂ ਕਾਪੀਆਂ ਵੀ ਪਿੰਡ 'ਚ ਥਾਂ-ਥਾਂ ਲੱਗੀਆਂ ਨਜ਼ਰ ਆਉਂਦੀਆਂ ਹਨ।

ਕਾਂਗਰਸ ਪਾਰਟੀ ਨਾਲ ਸਬੰਧਤ ਕਾਰਜਕਾਰੀ ਸਰਪੰਚ ਹਾਕਮ ਸਿੰਘ ਅਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਜਗਜੀਤ ਜੱਗੀ ਦਾ ਕਹਿਣਾ ਹੈ ਕਿ ਇਹ ਫੈਸਲਾ ਪਿੰਡ ਦੀ ਭਲਾਈ ਲਈ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਸਾਂਝੇ ਤੌਰ 'ਤੇ ਕੀਤਾ।

'ਸਾਨੂੰ ਵਿਦੇਸ਼ਾਂ ਤੋਂ ਵੀ ਹਮਾਇਤ'

ਇਸ 'ਚ ਵਿਆਹ ਕਰਵਾਉਣ ਵਾਲੇ ਮੁੰਡੇ ਤੇ ਕੁੜੀ ਦੇ ਪਰਿਵਾਰਕ ਜੀਅ ਵੀ ਸਹਿਮਤ ਹਨ। ਪਿੰਡ ਦੇ ਇਕੱਠ 'ਚ ਬਹੁਤੀ ਗਿਣਤੀ ਨੌਜਵਾਨਾਂ ਦੀ ਸੀ ਤੇ ਉਨ੍ਹਾਂ ਨੇ ਪੰਚਾਇਤੀ ਮਤੇ ਦੀ ਡੱਟਵੀਂ ਹਮਾਇਤ ਕੀਤੀ।

ਸਮੁੱਚਾ ਇਕੱਠ ਹੀ ਪਿੰਡ 'ਚ ਮੁੰਡੇ ਕੁੜੀ ਦੇ ਵਿਆਹ ਨੂੰ ਗ਼ਲਤ ਠਹਿਰਾਉਂਦਾ ਹੈ। ਸਮੁੱਚੀ ਪੰਚਾਇਤ ਨੂੰ ਇਸ ਗੱਲ ਦਾ ਰੰਜ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਮਤੇ ਦੀ ਕਾਪੀ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਉਨ੍ਹਾਂ ਦੀ ਤੁਲਨਾ ਹਰਿਆਣਾ ਦੀਆਂ 'ਖਾਪ ਪੰਚਾਇਤਾਂ' ਨਾਲ ਕਰਨ ਲੱਗੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਦੇਸ-ਵਿਦੇਸ਼ ਤੋਂ ਕਈ ਸੁਨੇਹੇ ਉਨ੍ਹਾਂ ਨੂੰ ਹਮਾਇਤ 'ਚ ਮਿਲੇ ਹਨ। ਗੁਆਂਢੀ ਪਿੰਡਾਂ ਦੇ ਲੋਕਾਂ ਨੇ ਵੀ ਸਹੀ ਕਦਮ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਇੱਕ ਵਿਆਹ ਨੇ ਪਿੰਡ ਦੇ ਹੋਰਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਨਸੀਹਤ ਦੇ ਦਿੱਤੀ ਹੈ ਅਤੇ ਇਸ ਮਤੇ ਤੋਂ ਬਾਅਦ ਕੋਈ ਅਜਿਹੀ ਬੱਜਰ ਕੁਤਾਹੀ ਕਰਨ ਬਾਰੇ ਨਹੀਂ ਸੋਚੇਗਾ।

ਪਰਿਵਾਰ ਵੱਲੋਂ ਵੀ ਮਤੇ ਦੀ ਹਮਾਇਤ

ਪੰਚਾਇਤੀ ਮੈਂਬਰ ਤੇ ਮੋਹਤਬਰਾਂ ਨੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਦੇ ਹਨ ਤੇ ਨਿਯਮਾਂ ਦੇ ਦਾਇਰੇ 'ਚ ਹੀ ਪਿੰਡ ਤੇ ਸਮਾਜ ਦੀ ਭਲਾਈ ਲਈ ਇਹ ਕਦਮ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁੰਡਾ ਕੁੜੀ ਮਰਜ਼ੀ ਨਾਲ ਪ੍ਰੇਮ ਵਿਆਹ ਕਿਸੇ ਦੂਜੇ ਪਿੰਡ ਕਰਵਾਉਣਾ ਚਾਹੁੰਦੇ ਹੋਣ ਤਾਂ ਉਹ ਸਹਾਇਤਾ ਵੀ ਕਰਨਗੇ ਪਰ ਪਿੰਡ 'ਚ ਹੀ ਵਿਆਹ ਦੀ ਮਨਜ਼ੂਰੀ ਨਹੀਂ ਹੈ।

22 ਸਾਲਾ ਕਰਨਵੀਰ ਸਿੰਘ ਤੇ 27 ਸਾਲਾ ਸੁਖਪ੍ਰੀਤ ਸਿੰਘ ਨੇ ਪੰਚਾਇਤੀ ਮਤੇ ਨੂੰ ਦਰੁਸਤ ਦੱਸਿਆ। ਲੜਕੀ ਦੇ ਦਾਦਾ ਸ਼ਿੰਗਾਰਾ ਸਿੰਘ, ਦਾਦੀ ਚਰਨੋ ਤੇ ਮਾਂ ਸੁਰਿੰਦਰ ਕੌਰ ਨੇ ਵੀ ਕਿਹਾ ਕਿ ਪੰਚਾਇਤੀ ਮਤਾ 'ਤੇ ਪਿੰਡ ਵਾਸੀ ਸਹੀ ਹਨ।

ਲੜਕੀ ਦੇ ਭਰਾ ਅਜੇ ਕੁਮਾਰ ਨੇ ਕਿਹਾ, "ਵਿਆਹ ਕਰਵਾਉਣ ਵਾਲੇ 21 ਸਾਲਾ ਮਨਪ੍ਰੀਤ ਸਿੰਘ ਨੇ ਯਾਰ-ਮਾਰ ਕੀਤੀ ਹੈ। ਉਹ ਮੇਰੇ ਭਰਾ ਗੁਰਵੀਰ ਦਾ ਦੋਸਤ ਸੀ ਤੇ ਰੋਜ਼ਾਨਾ ਸਾਡੇ ਘਰ ਕਬੂਤਰ ਉਡਾਉਣ ਆਉਂਦਾ ਸੀ।''

ਮਨਪ੍ਰੀਤ ਤੇ ਪਰਮਜੀਤ ਕੌਰ ਦੇ ਘਰੋਂ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਅਜੇ ਦਾ ਭਰਾ ਗੁਰਵੀਰ ਸਿੰਘ ਨੇੜਲੇ ਪਿੰਡ ਦੀ ਨਾਬਾਲਗ ਲੜਕੀ ਨੂੰ ਲੈ ਕੇ ਭੱਜ ਗਿਆ। ਅਜੇ ਅਨੁਸਾਰ ਇਸ ਕੰਮ 'ਚ ਮਨਪ੍ਰੀਤ ਨੇ ਹੀ ਪੂਰੀ ਮਦਦ ਕੀਤੀ ਸੀ

ਅਜੇ ਨੇ ਇਲਜ਼ਾਮ ਲਾਇਆ ਕਿ ਦੂਜੇ ਦਿਨ ਹੀ ਮਨਪ੍ਰੀਤ ਸਿੰਘ ਉਨ੍ਹਾਂ ਦੀ ਭੈਣ ਨੂੰ ਲੈ ਕੇ ਭੱਜ ਗਿਆ।

ਇਕ ਮਤੇ ਨੇ ਰੋਕੇ ਚਾਰ ਹੋਰ 'ਵਿਆਹ'

ਗੁਰਦੁਆਰਾ ਸਾਹਿਬ 'ਚ ਜੁੜੇ ਇਕੱਠ ਦੌਰਾਨ ਪੰਚ ਬਲਜੀਤ ਕੌਰ ਗਰਜਵੀਂ ਆਵਾਜ਼ 'ਚ ਮਤੇ ਦੀ ਹਮਾਇਤ ਕਰਦੀ ਹੋਈ ਕਹਿੰਦੀ ਹੈ, ''ਇਕ ਮਤੇ ਨੇ ਚਾਰ ਹੋਰ ਅਜਿਹੇ ਵਿਆਹ ਰੋਕ ਦਿੱਤੇ ਹਨ।"

ਉਸ ਦਾ ਕਹਿਣਾ ਸੀ ਕਿ ਜੇ ਸਖ਼ਤ ਕਦਮ ਨਾ ਚੁੱਕਿਆ ਜਾਂਦਾ ਤਾਂ ਚਾਰ ਹੋਰ ਮੁੰਡੇ ਕੁੜੀਆਂ ਨੇ 'ਇਹੋ ਰਸਤਾ' ਅਖ਼ਤਿਆਰ ਕਰਨਾ ਸੀ, ਜੋ ਹੁਣ ਕਦੇ ਸੰਭਵ ਨਹੀਂ।

ਉਸ ਨੇ ਕਿਹਾ, ''ਜੇ ਅਸੀਂ ਇਹ ਹਿੰਮਤ ਨਾ ਕਰਦੇ ਤਾਂ ਪਿੰਡ 'ਚ ਕਤਲੋਗਾਰਤ ਹੋਣੀ ਸੀ ਪਰ ਹੁਣ ਨਾ ਤਾਂ ਪਿੰਡ 'ਚੋਂ ਪਿੰਡ ਅੰਦਰ ਕੋਈ ਬਰਾਤ ਚੜ੍ਹਨੀ ਐ ਤੇ ਨਾ ਹੀ ਕੋਈ ਡੋਲੀ ਉੱਠਣੀ ਐ।"

ਪਿੰਡ 'ਚ ਹੀ ਵਿਆਹ ਕਰਵਾਉਣ ਵਾਲੀ ਕੁੜੀ (ਪਰਮਜੀਤ ਕੌਰ) ਦੇ ਚਾਚਾ ਬੂਟਾ ਸਿੰਘ ਨੇ ਇਹੋ ਦੱਸਿਆ। ਉਨ੍ਹਾਂ ਨੇ ਭਤੀਜੀ ਵੱਲੋਂ ਕੀਤੇ ਵਿਆਹ ਨੂੰ ਗ਼ਲਤ ਤੇ ਸ਼ਰਮਨਾਕ ਦੱਸਿਆ ਤੇ ਮਤੇ ਦੀ ਹਮਾਇਤ ਕਰਦਿਆਂ ਆਖਿਆ, "ਘੱਟੋ ਘੱਟ ਚਾਰ ਹੋਰ ਅਜਿਹੇ ਵਿਆਹ ਹੋਣ ਤੋਂ ਰੁਕੇ ਹਨ।''

ਲੜਕੀਆਂ ਦੀ ਪੜ੍ਹਾਈ 'ਤੇ ਵੀ ਅਸਰ

ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਗਈ ਲੜਕੀ ਦੀ ਚਾਚੇ ਦੀ ਕੁੜੀ ਨੂੰ ਸਿਰਫ ਇਸੇ ਕਰਕੇ ਬੀ.ਏ. ਭਾਗ ਪਹਿਲਾਂ 'ਚ ਦਾਖਲਾ ਕਰਵਾਉਣ ਤੋਂ ਹਟਾ ਲਿਆ ਗਿਆ ਹੈ।

ਲੜਕੀ ਦੇ ਪਿਤਾ ਬੂਟਾ ਸਿੰਘ ਨੇ ਕਿਹਾ, ''ਕੁੜੀ ਨੂੰ ਘਰ ਬਿਠਾਉਣਾ ਮਨਜ਼ੂਰ ਹੈ ਪਰ ਅਜਿਹੀ ਨਮੋਸ਼ੀ ਨਹੀਂ ਝੱਲ ਹੋਣੀ।"

ਉਸ ਨੇ ਦੱਸਿਆ ਕਿ ਕਈ ਹੋਰ ਪਰਿਵਾਰ ਵੀ ਇਸ ਘਟਨਾ ਕਰਕੇ ਸਦਮੇ 'ਚ ਹਨ ਤੇ ਲੜਕੀਆਂ ਨੂੰ ਦੂਰ ਕਿਧਰੇ ਨਾ ਪੜ੍ਹਾਉਣ ਦੀ ਸੋਚ ਰਹੇ ਹਨ।

ਮੁੰਡੇ ਕੁੜੀਆਂ ਦੇ ਹੱਥਾਂ 'ਚ ਮੋਬਾਈਲ ਤੇ ਸੋਸ਼ਲ ਮੀਡੀਆ ਨੂੰ ਵੀ ਪਿੰਡ ਵਾਸੀ ਕਿਸੇ ਹੱਦ ਤੱਕ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸ ਇੱਕ ਮਤੇ ਕਰਕੇ ਪੰਜਾਬ ਦਾ ਇਹ ਛੋਟਾ ਜਿਹਾ ਪਿੰਡ ਸੁਰਖੀਆਂ 'ਚ ਤਾਂ ਹੈ ਪਰ ਪਿੰਡ ਦੇ ਹਾਲਾਤ ਅਣਸੁਖਾਵੇਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)