ਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨ

    • ਲੇਖਕ, ਕ੍ਰਿਸਟੀ ਬਰੀਵਰ
    • ਰੋਲ, ਬੀਬੀਸੀ ਨਿਊਜ਼

ਇੱਕ ਆਮ ਧਾਰਨਾ ਹੈ ਕਿ ਮੋਟਾਪੇ ਨਾਲ ਮੁਕਾਬਲਾ ਕਰਨ ਲਈ ਸਿਰਫ਼ ਪੱਕਾ ਇਰਾਦਾ ਹੋਣਾ ਚਾਹੀਦਾ ਹੈ।

ਮੈਡੀਕਲ ਵਿਗਿਆਨ ਇਸ ਨਾਲ ਸਹਿਮਤ ਨਹੀਂ ਹੈ। ਆਓ ਜਾਣੀਏ ਉਨ੍ਹਾਂ ਪੰਜ ਗੱਲਾਂ ਬਾਰੇ ਜਿਨ੍ਹਾਂ ਕਰਕੇ ਤੁਸੀਂ ਮੋਟੇ ਹੋ ਸਕਦੇ ਹੋ। ਇਸ ਨਤੀਜੇ ਬੀਬੀਸੀ ਦੀ ਦਸਤਾਵੇਜ਼ੀ ਦਿ ਟਰੁੱਥ ਅਬਾਊਟ ਓਬਿਸਿਟੀ ਵਿੱਚ ਸਾਹਮਣੇ ਆਏ ਹਨ।

1. ਮਾਈਕ੍ਰੋਬਜ਼ ਦੀ ਘਾਟ

ਜਿਲੀਅਨ ਅਤੇ ਜੇਕੀ ਜੋੜੀਆਂ ਭੈਣਾਂ ਹਨ ਪਰ ਇੱਕ ਭੈਣ ਦਾ ਵਜ਼ਨ ਦੂਜੀ ਤੋਂ 41 ਕਿਲੋਗ੍ਰਾਮ ਵੱਧ ਹੈ।

'ਟਵਿਨ ਰਿਸਰਚ ਯੂਕੇ ਸਟੱਡੀ' ਨਾਲ ਸਬੰਧਿਤ ਪ੍ਰੋਫੈਸਰ ਟਿਮ ਸਪੈਕਟਰ ਦੋਵਾਂ ਭੈਣਾਂ ਦੀ ਸਿਹਤ ਦਾ ਪਿਛਲੇ 25 ਸਾਲ ਤੋਂ ਅਧਿਐਨ ਕਰ ਰਹੇ ਹਨ।

ਉਹ ਮੰਨਦੇ ਹਨ ਕਿ ਦੋਵਾਂ ਦੇ ਭਾਰ ਵਿੱਚ ਫ਼ਰਕ ਦਾ ਵੱਡਾ ਕਾਰਨ ਸੂਖਮ ਔਰਗੈਨਿਜ਼ਮ ਮਾਈਕ੍ਰੋਬਜ਼ ਹਨ, ਜੋ ਤੁਹਾਡੀਆਂ ਅੰਤੜੀਆਂ ਵਿੱਚ ਰਹਿੰਦੇ ਹਨ।

ਸਪੈਕਟਰ ਕਹਿੰਦੇ ਹਨ, "ਹਰ ਵਾਰ ਜਦੋਂ ਵੀ ਕੁਝ ਖਾਂਦੇ ਹੋ ਤਾਂ ਤੁਸੀਂ ਕਰੋੜਾਂ-ਅਰਬਾਂ ਮਾਈਕ੍ਰੋਬਜ਼ ਨੂੰ ਵੀ ਖਾਣਾ ਦੇ ਰਹੇ ਹੁੰਦੇ ਹੋ, ਅਜਿਹੇ ਵਿੱਚ ਤੁਸੀਂ ਕਦੇ ਵੀ ਇਕੱਲੇ ਖਾਣਾ ਨਹੀਂ ਖਾਂਦੇ।"

ਦੋਵਾਂ ਭੈਣਾਂ ਦੇ ਮਲ ਦੀ ਜਾਂਚ ਕਰਨ ਤੋਂ ਸਾਹਮਣੇ ਆਇਆ ਕਿ ਪਤਲੀ ਭੈਣ ਜਿਲੀਅਨ ਦੇ ਸਰੀਰ ਵਿੱਚ ਵੱਖ ਵੱਖ ਤਰ੍ਹਾਂ ਦੇ ਮਾਈਕ੍ਰੋਬਜ਼ ਸਨ।

ਦੂਜੇ ਪਾਸੇ ਵੱਧ ਭਾਰ ਵਾਲੀ ਭੈਣ ਜੈਕੀ ਦੇ ਸਰੀਰ ਵਿੱਚ ਓਨੇ ਤਰ੍ਹਾਂ ਦੇ ਮਾਈਕ੍ਰੋਬਜ਼ ਨਹੀਂ ਹਨ।

ਲਗਭਗ 5000 ਵਿਅਕਤੀਆਂ ਵਿੱਚ ਇਹੋ ਜਿਹਾ ਪੈਟਰਨ ਦੇਖਣ ਵਾਲੇ ਪ੍ਰੋਫੈਸਰ ਸਪੈਕਟਰ ਦੱਸਦੇ ਹਨ, "ਜਿਸ ਵਿਅਕਤੀ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦੇ ਮਾਈਕ੍ਰੋਬਜ਼ ਹੋਣਗੇ, ਉਹ ਓਨਾ ਹੀ ਪਤਲਾ ਹੋਵੇਗਾ, ਜੇ ਤੁਹਾਡਾ ਵਜ਼ਨ ਵਧ ਹੈ ਤਾਂ ਇਸਦਾ ਅਰਥ ਹੈ ਕਿ ਤੁਹਾਡੇ ਸਰੀਰ ਵਿੱਚ ਮਾਈਕ੍ਰੋਬਜ਼ ਉਤਨੇ ਨਹੀਂ ਹਨ, ਜਿੰਨੇ ਕਿ ਹੋਣੇ ਚਾਹੀਦੇ ਹਨ।

ਜੇ ਤੁਸੀਂ ਹੈਲਦੀ ਡਾਈਟ (ਰੇਸ਼ੇਦਾਰ ਖ਼ੁਰਾਕ) ਲਓ ਤਾਂ ਤੁਹਾਡੇ ਸਰੀਰ ਵਿੱਚ ਮਾਈਕ੍ਰੋਬਜ਼ ਦੀਆਂ ਕਿਸਮਾਂ ਵਧ ਸਕਦੀਆਂ ਹਨ।

ਉਹ ਚੀਜ਼ਾਂ ਜਿਹਨਾਂ ਵਿੱਚ ਬਹੁਤ ਸਾਰੇ ਫ਼ਾਈਬਰ ਹਨ ...

  • ਅਨਾਜ ਦੇ ਬੀਜ਼ਾਂ ਵਾਲਾ ਨਾਸ਼ਤਾ
  • ਫਲ਼, ਅੰਗੂਰ ਅਤੇ ਨਾਸ਼ਪਾਤੀ ਵਰਗੇ ਰਸੀਲੇ ਫ਼ਲ
  • ਬ੍ਰੋਕਲੀ ਅਤੇ ਗਾਜਰ ਵਰਗੀਆਂ ਸਬਜ਼ੀਆਂ
  • ਸਹਿਜਨ (ਡਰੱਮ ਸਟਿਕ)
  • ਦਾਲਾਂ
  • ਮੂੰਗਫਲੀ, ਬਦਾਮ ਆਦਿ।

2. ਜੀਨ ਆਪਣੇ ਆਪ 'ਚ ਲਾਟਰੀ

ਖਾਣ-ਪੀਣ ਦਾ ਧਿਆਨ ਰੱਖਣ ਦੇ ਬਾਵਜੂਦ ਵੀ ਜੇਕਰ ਤੁਹਾਡਾ ਭਾਰ ਵਧਦਾ ਜਾਂਦਾ ਹੈ ਤਾਂ ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਜੀਨਜ਼ ਹੀ ਅਜਿਹੇ ਹੋਣ।

ਪ੍ਰੋਫੈਸਰ ਸਫਦ ਫਾਰੂਕੀ ਕਹਿੰਦੇ ਹਨ, 'ਇਹ ਇੱਕ ਲਾਟਰੀ ਵਾਂਗ ਹੈ, ਇਹ ਹੁਣ ਸਾਫ਼ ਹੋ ਚੁੱਕਿਆ ਹੈ ਕਿ ਵਜ਼ਨ ਉੱਤੇ ਕੰਟਰੋਲ ਰੱਖਣ 'ਚ ਵਿਅਕਤੀ ਦੇ ਜੀਨਜ਼ ਦੀ ਵੀ ਭੂਮਿਕਾ ਹੁੰਦੀ ਹੈ। ਜੇ ਤੁਹਾਡੇ ਜੀਨਜ਼ ਵਿੱਚ ਕੋਈ ਗੜਬੜ ਹੈ ਤਾਂ ਇਹ ਮੋਟਾਪਾ ਵਧਾਉਣ ਲਈ ਕਾਫ਼ੀ ਹੈ।'

ਜੀਨ ਕਿਸੇ ਵਿਅਕਤੀ ਦੀ ਭੁੱਖ, ਉਸ ਨੇ ਕੀ ਖਾਣਾ ਹੈ ਅਤੇ ਕਿੰਨਾ ਖਾਣਾ ਹੈ, ਇਸ ਬਾਰੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਤੁਸੀਂ ਕਿੰਨੀ ਛੇਤੀ ਕੈਲਰੀ ਖਰਚ ਕਰਦੇ ਹੋ ਅਤੇ ਸਾਡਾ ਸਰੀਰ ਵਜ਼ਨ ਨੂੰ ਕਿਵੇਂ ਝੱਲਦਾ ਹੈ ਇਹ ਵੀ ਜੀਨ ਹੀ ਤੈਅ ਕਰਦੇ ਹਨ।

ਇਸ ਤਰ੍ਹਾਂ ਦੇ ਜੀਨਜ਼ ਦੀ ਗਿਣਤੀ ਘੱਟੋ-ਘੱਟ 100 ਹੈ, ਜਿਨ੍ਹਾਂ ਵਿੱਚ ਕੁਝ MCR4 ਜੀਨ ਵੀ ਸ਼ਾਮਲ ਹਨ।

ਮੰਨਿਆ ਜਾਂਦਾ ਹੈ ਕਿ ਇੱਕ ਹਜ਼ਾਰ ਪਿੱਛੇ ਇੱਕ ਵਿਅਕਤੀ ਵਿੱਚ ਇਸ ਜੀਨ ਦਾ ਵਿਗੜੇ ਹੋਏ ਸਰੂਪ 'ਚ ਹੁੰਦਾ ਹੈ। ਇਹ ਸਾਡੀ ਭੁੱਖ ਨੂੰ ਨਿਰਧਾਰਿਤ ਕਰਦਾ ਹੈ।

3. ਤੁਸੀਂ ਕਦੋਂ ਕੀ ਖਾ ਰਹੇ ਹੋ?

ਤੁਹਾਨੂੰ ਪੁਰਾਣਈ ਕਹਾਵਤ ਪਤਾ ਹੋਵੇਗੀ ਜਿਸ ਵਿੱਚ ਕਿਹਾ ਗਿਆ ਹੈ, ਕਿ ਸਵੇਰ ਦਾ ਖਾਣਾ ਇੱਕ ਰਾਜਾ ਵਾਂਗ, ਦਿਨ ਦਾ ਖਾਣਾ ਇੱਕ ਜਗੀਰਦਾਰ ਵਾਂਗ ਅਤੇ ਰਾਤ ਦਾ ਖਾਣਾ ਇੱਕ ਗਰੀਬ ਵਿਅਕਤੀ ਦੀ ਤਰ੍ਹਾਂ ਖਾਣਾ ਚਾਹੀਦਾ ਹੈ।

ਮੋਟਾਪੇ ਦੇ ਮਾਹਿਰ ਡਾਕਟਰ ਜੇਮਜ਼ ਬਰਾਊਨ ਕਹਿੰਦੇ ਹਨ ਕਿ ਅਸੀਂ ਜਿੰਨਾ ਦੇਰੀ ਨਾਲ ਖਾਣਾ ਖਾਵਾਂਗੇ ਸਾਡਾ ਭਾਰ ਵਧਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ।

ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਰਾਤ ਸਮੇਂ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ, ਜੋ ਮੋਟਾਪੇ ਦਾ ਕਾਰਨ ਬਣਦਾ ਹੈ, ਪਰ ਅਸਲ ਵਿੱਚ ਇਸ ਦਾ ਸਬੰਧ ਸਾਡੇ ਬਾਡੀ ਕਲੌਕ ਨਾਲ ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਦਿਨ ਵਿੱਚ ਸਾਡਾ ਕੈਲੋਰੀ ਪਾਚਨ ਬਿਹਤਰ ਕਰਦਾ ਹੈ।"

ਇਸ ਲਈ ਜੋ ਲੋਕ ਸ਼ਿਫ਼ਟ ਵਿੱਚ ਕੰਮ ਕਰਦੇ ਹਨ ਉਹ ਭਾਰ ਵਧਣ ਦੀ ਸਮੱਸਿਆ ਦਾ ਵੱਧ ਸਾਹਮਣਾ ਕਰ ਸਕਦੇ ਹਨ।

ਰਾਤ ਦੇ ਸਮੇਂ ਸਾਡਾ ਸਰੀਰ ਚਰਬੀ ਅਤੇ ਸ਼ੂਗਰ ਪਚਾਉਣ ਲਈ ਸੰਘਰਸ਼ ਕਰਦਾ ਹੈ।

ਇਸ ਲਈ ਵਜ਼ਨ ਘਟਾਉਣ ਜਾਂ ਵਧਾਉਣ ਤੋਂ ਬਚਣ ਲਈ ਸ਼ਾਮ ਸੱਤ ਵਜੇ ਤੋਂ ਪਹਿਲਾਂ ਹੀ ਆਪਣੇ ਇੱਕ ਦਿਨ ਦੇ ਭੋਜਨ ਦੀਆਂ ਕੈਲਰੀਆਂ ਖਾ ਲੈਣੀਆਂ ਚਾਹੀਦੀਆਂ ਹਨ।

ਡਾਕਟਰ ਬਰਾਊਨ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਬ੍ਰਿਟੇਨ ਵਿੱਚ ਰਾਤ ਦਾ ਖਾਣਾ ਖਾਣ ਦਾ ਔਸਤ ਸਮਾਂ ਸ਼ਾਮੀਂ 5 ਵਜੇ ਤੋਂ ਖਿਸਕ ਕੇ 10 ਵਜੇ ਹੋ ਗਿਆ ਹੈ। ਇਸੇ ਲਈ ਮੋਟਾਪੇ ਦੇ ਪੱਧਰ ਵਿੱਚ ਵੀ ਵਾਧਾ ਹੋਇਆ ਹੈ।

ਅੱਜ ਦੇ ਦੌਰ ਵਿੱਚ ਤਣਾਅਪੂਰਨ ਜੀਵਨਸ਼ੈਲੀ ਦੇ ਬਾਵਜੂਦ ਤੁਸੀਂ ਕੁਝ ਅਜਿਹਾ ਕਰ ਸਕਦੇ ਹੋ ਜਿਸ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ।

ਡਾਕਟਰ ਬਰਾਊਮ ਮੁਤਾਬਕ ਬਰੇਕਫਾਸਟ ਨਾ ਕਰਨਾ ਅਤੇ ਟੋਸਟ ਖਾਕੇ ਕੰਮ ਚਲਾਉਣਾ ਠੀਕ ਨਹੀਂ ਹੈ। ਇਸ ਦੀ ਬਜਾਇ ਚਰਬੀ ਅਤੇ ਅਨਾਜ ਵਾਲਾ ਟੋਸਟ ਖਾਣ ਨਾਲ ਤੁਹਾਡਾ ਪੇਟ ਭਰਿਆ ਲੱਗੇਗਾ।

4. ਦਿਮਾਗ ਨੂੰ ਭੁਲੇਖੇ 'ਚ ਪਾਓ

ਬਿਹੇਵੀਅਰਲ ਇਨਸਾਈਟ ਟੀਮ ਸੁਝਾਅ ਦਿੰਦੀ ਹੈ ਕਿ ਬਰਤਾਨੀਆ ਦੇ ਲੋਕ ਆਪਣੇ ਭੋਜਨ ਦਾ ਹਿਸਾਬ ਰੱਖਣ ਵਿੱਚ ਬਹੁਤ ਬੁਰੇ ਹਨ।

ਬਿਹੇਵੀਅਰਲ ਇਨਸਾਈਟ ਦੇ ਹਿਊਗੋ ਹਾਰਪਰ ਸੁਝਾਅ ਦਿੰਦੇ ਹਨ ਕਿ ਤੁਸੀਂ ਕੈਲਰੀਆਂ ਦੀ ਗਿਣਤੀ ਕਰਨ ਦੀ ਬਜਾਇ ਆਪਣੀ ਖਾਣ-ਪੀਣ ਦੀਆਂ ਆਦਤਾਂ ਬਦਲ ਸਕਦੇ ਹੋ।

ਉਦਾਹਰਨ ਲਈ ਅਜਿਹੇ ਭੋਜਨ ਨੂੰ ਨਾ ਦੇਖਣਾ ਉਨ੍ਹਾਂ ਨੂੰ ਮਾਨਸਿਕ ਸ਼ਕਤੀ ਦੀ ਤਾਕਤ ਨਾਲ ਨਾ ਖਾਣ ਦੇ ਯਤਨ ਕਰਨ ਨਾਲੋਂ ਵਧੇਰੇ ਅਸਰਦਾਰ ਹੋ ਸਕਦਾ ਹੈ।

ਅਜਿਹੀ ਵਿੱਚ, ਤੁਸੀਂ ਆਪਣੀ ਰਸੋਈ ਵਿੱਚੋਂ ਸਿਹਤ ਲਈ ਹਾਨੀਕਾਰਕ ਸਨੈਕਸ ਬਾਹਰ ਕਰ ਕੇ ਫਲਾਂ ਦੀ ਟੋਕਰੀ ਰੱਖ ਸਕਦੇ ਹੋ।

ਇਸ ਤੋਂ ਇਲਾਵਾ, ਬਿਸਕੁਟ ਦਾ ਪੂਰਾ ਪੈਕੇਟ ਲੈ ਕੇ ਟੀਵੀ ਦੇ ਸਾਹਮਣੇ ਨਾ ਬੈਠੋ। ਇਸਦੇ ਬਜਾਇ ਤੁਸੀਂ ਪਲੇਟ ਵਿੱਚ ਓਨੇ ਹੀ ਬਿਸਕਟ ਰੱਖੋ ਜਿੰਨੇਂ ਤੁਸੀਂ ਖਾਣਾ ਚਾਹੁੰਦੇ ਹੋ।

ਇਸ ਤੋਂ ਇਲਾਵਾ ਸਾਫਟ ਡਰਿੰਕਸ ਦੇ ਘੱਟ ਕੈਲੋਰੀਆਂ ਵਾਲੇ ਰੂਪਾਂ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਚਾਕਲੇਟ, ਬਿਸਕੁਟ ਨਾਲ ਸ਼ਾਮ ਦੀ ਚਾਹ ਪੀਣਾ ਛੱਡਣ ਦੀ ਥਾਂ ਤੁਸੀਂ ਇਸਦੀ ਮਾਤਰਾ ਘਟਾ ਸਕਦੇ ਹੋ।

ਡਾ. ਹਾਰਪਰ ਦਾ ਕਹਿਣਾ ਹੈ ਕਿ ਜੇਕਰ ਚੀਜ਼ਾਂ ਦੀ ਮਾਤਰਾ ਵਿੱਚ 5-10% ਫੀਸਦ ਦੀ ਕਮੀ ਆ ਜਾਂਦੀ ਹੈ ਤਾਂ ਇਸਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ।

5. ਹਾਰਮੋਨਜ਼ ਦੀ ਕੀ ਭੂਮਿਕਾ ਹੈ

ਬੇਰੀਆਟ੍ਰਿਕ ਸਰਜਰੀ ਦੀ ਸਫ਼ਲਤਾ ਸਿਰਫ਼ ਪੇਟ ਘਟਾਉਣ ਵਿੱਚ ਹੀ ਨਹੀਂ ਹੁੰਦੀ ਸਗੋਂ ਪੇਟ ਵਿੱਚ ਪੈਦਾ ਹੋਣ ਵਾਲੇ ਹਾਰਮੋਨਜ਼ ਵਿੱਚ ਵੀ ਤਬਦੀਲੀ ਕਰਦੀ ਹੈ।

ਸਾਡੀ ਭੁੱਖ ਸਾਡੇ ਹਾਰਮੋਨਜ਼ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਪਤਾ ਲਗਾਇਆ ਗਿਆ ਹੈ ਕਿ ਮੋਟਾਪੇ ਦੇ ਇਲਾਜ ਲਈ ਸਭ ਤੋਂ ਪ੍ਰਭਾਵੀ ਇਲਾਜ ਬੇਰੀਆਟ੍ਰਿਕ ਇਲਾਜ ਹੈ। ਜਿਸ ਦੌਰਾਨ ਉਹ ਹਾਰਮੋਨ ਬਣਦੇ ਹਨ ਜੋ ਸਾਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਅਸੀਂ ਭੁੱਖੇ ਨਹੀਂ ਹਾਂ।

ਇਹ ਇਕ ਵੱਡਾ ਅਪਰੇਸ਼ਨ ਹੈ। ਜਿਸ ਵਿਚ ਪੇਟ ਦਾ ਆਕਾਰ 90 ਪ੍ਰਤੀਸ਼ਤ ਘੱਟ ਜਾਂਦਾ ਹੈ ਅਤੇ ਇਹ ਸਿਰਫ਼ ਉਨ੍ਹਾਂ 'ਤੇ ਹੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਬੀਐੱਮਆਈ ਘੱਟੋ-ਘੱਟ 35 ਹੋਵੇ।

ਇੰਪੀਰੀਅਲ ਕਾਲਜ ਲੰਡਨ ਵਿਚ ਖੋਜਕਰਤਿਆਂ ਨੇ ਅੰਤੜੀਆਂ ਦੇ ਹਾਰਮੋਨਜ਼ ਦੀ ਸਿਰਜਨਾ ਕੀਤੀ ਹੈ, ਜੋ ਇਸ ਸਰਜਰੀ ਦੇ ਬਾਅਦ ਭੁੱਖ ਵਿੱਚ ਬਦਲਾਅ ਲਿਆਉਂਦੇ ਹਨ।

ਇਸ ਆਪਰੇਸ਼ਨ ਕਰਾਉਣ ਵਾਲੇ ਮਰੀਜ਼ਾਂ ਨੂੰ ਹਰ ਰੋਜ਼ ਇਹਨਾਂ ਹਾਰਮੋਨਜ਼ ਦਾ ਟੀਕਾ ਲਾਇਆ ਜਾਂਦਾ ਹੈ।

ਡਾ. ਟ੍ਰਿਸੀਆ ਟੈਨ ਦੱਸਦੇ ਹਨ, "ਮਰੀਜ਼ ਘੱਟ ਭੁੱਖ ਮਹਿਸੂਸ ਕਰ ਰਹੇ ਹਨ ਅਤੇ ਉਹ ਘੱਟ ਖਾ ਰਹੇ ਹਨ, ਇਸ ਤਰ੍ਹਾਂ ਉਨ੍ਹਾਂ ਨੇ ਸਿਰਫ਼ 28 ਦਿਨਾਂ ਵਿੱਚ 2-8 ਕਿਲੋਗ੍ਰਾਮ ਭਾਰ ਘਟਾਇਆ ਹੈ।

ਜੇ ਇਹ ਦਵਾਈ ਸੁਰੱਖਿਅਤ ਸਿੱਧ ਹੁੰਦੀ ਹੈ ਤਾ ਮਰੀਜ਼ਾਂ 'ਤੇ ਇਸ ਦੀ ਵਰਤੋਂ ਕਰਨ ਦੀ ਯੋਜਨਾ ਹੈ, ਜਦੋਂ ਤੱਕ ਉਨ੍ਹਾਂ ਦਾ ਭਾਰ ਸਿਹਤ ਦੇ ਪੱਖੋਂ ਠੀਕ ਨਹੀਂ ਹੋ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)