You’re viewing a text-only version of this website that uses less data. View the main version of the website including all images and videos.
ਮਈ ਦਿਵਸ: ਕਾਮਿਆਂ ਦੀ ਜ਼ਿੰਦਗੀ ਵਿੱਚ ਵਿਹਲ ਦੇ ਮਾਅਨੇ
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
ਮਈ ਦਿਵਸ ਕਾਮਿਆਂ ਦੀ ਜ਼ਿੰਦਗੀ ਵਿੱਚ ਕੰਮ ਅਤੇ ਵਿਹਲ ਦੇ ਮਾਅਨੇ ਸਮਝਣ ਦਾ ਢੁਕਵਾਂ ਮੌਕਾ ਹੈ। ਬੀਬੀਸੀ ਨੇ ਇਸ ਮੌਕੇ ਪੰਜਾਬ ਅਤੇ ਮਹਾਂਰਾਸ਼ਟਰ ਤੋਂ ਕੁਝ ਤਸਵੀਰਾਂ ਜੁਟਾਈਆਂ ਹਨ ਜਿਨ੍ਹਾਂ ਵਿੱਚ ਕਾਮਿਆਂ ਦੀਆਂ ਸੰਖੇਪ ਜੀਵਨੀਆਂ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਿਹਲ ਅਤੇ ਫੁਰਸਤ ਦੇ ਮਾਅਨੇ ਦਰਜ ਹਨ।
ਧਰਮਪਾਲ, ਫੈਕਟਰੀ ਕਾਮਾ
ਅਠਾਰਾਂ ਸਾਲਾ ਧਰਮਪਾਲ ਪਹਿਲਾਂ ਆਪਣੇ ਪਿੰਡ ਗੁੰਮਟੀ ਕਲਾਂ (ਜ਼ਿਲ੍ਹਾ ਬਠਿੰਡਾ) ਵਿੱਚ ਦਿਹਾੜੀ ਕਰਦਾ ਸੀ ਪਰ ਕੰਮ ਘੱਟ ਮਿਲਦਾ ਸੀ। ਹੁਣ ਕੋਲਡ ਡਰਿੰਕ ਸਪਲਾਇਰ ਕੋਲ ਮਜ਼ਦੂਰੀ ਕਰਦਾ ਹੈ। ਚਾਰ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ।
ਉਹ ਮਾਲਕ ਦੀ ਦਿੱਤੀ ਰਿਹਾਇਸ਼ ਵਿੱਚ ਹੋਰਨਾਂ ਮੁਲਾਜ਼ਮਾਂ ਨਾਲ ਹੀ ਰਹਿੰਦਾ ਹੈ। ਤਿੰਨ ਵੇਲੇ ਦੀ ਰੋਟੀ ਮਾਲਕ ਦਿੰਦਾ ਹੈ। ਪਿੰਡ ਕਦੇ-ਕਦਾਈ ਜਾਂਦਾ ਹੈ। ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਸੱਤ-ਅੱਠ ਵਜੇ ਤੱਕ ਕੰਮ ਕਰਦਾ ਹੈ।
ਦੁਪਹਿਰ ਨੂੰ ਇੱਕ ਘੰਟੇ ਦੀ ਛੁੱਟੀ ਮਿਲਦੀ ਹੈ। ਧਰਮਪਾਲ ਹਰ ਸਵਾਲ ਦਾ ਜਵਾਬ ਦੇਣ ਵੇਲੇ ਦੂਜੇ ਕਰਮਚਾਰੀ ਵੱਲ ਦੇਖਦਾ ਹੈ। ਧਰਮਪਾਲ ਨੇ ਬਰਨਾਲਾ ਵਿੱਚ ਬੀਬੀਸੀ ਦੇ ਪੱਤਰਕਾਰ ਸੁਖਚਰਨ ਪ੍ਰੀਤ ਨੂੰ ਦੱਸਿਆ, "ਮੈਨੂੰ ਕਬੱਡੀ ਖੇਡਣ ਦਾ ਸ਼ੌਂਕ ਸੀ। ਮੇਰੇ ਨਾਲ ਦੇ ਮੁੰਡੇ ਹਾਲੇ ਵੀ ਖੇਡਦੇ ਹਨ।"
ਧਰਮਪਾਲ ਸਾਰੀ ਤਨਖ਼ਾਹ ਘਰੇ ਭੇਜ ਦਿੰਦਾ ਹੈ। ਧਰਮਪਾਲ ਨੇ ਸਿਨੇਮਾ ਕਦੇ ਨਹੀਂ ਦੇਖਿਆ, ਟੀ.ਵੀ. ਉੱਤੇ ਹੀ ਫਿਲਮਾਂ ਦੇਖੀਆਂ ਹਨ। ਧਰਮਪਾਲ ਨੂੰ ਉਦਾਸ ਗੀਤ ਜ਼ਿਆਦਾ ਪਸੰਦ ਹਨ। ਵਿਹਲੇ ਸਮੇਂ ਗੀਤ ਸੁਣਦਾ ਹੈ।
ਸੁਰੇਸ਼ ਸੋਨਾਵਨੇ, ਉਸਾਰੀ ਮਜ਼ਦੂਰ
24 ਸਾਲਾ ਦੇ ਸੁਰੇਸ਼ ਸੋਨਾਵਨੇ ਆਪਣੀਆਂ ਜੀਵਨ-ਵਸਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਫ਼ਤੇ ਵਿੱਚ ਸੱਤ ਦਿਨ ਕੰਮ ਕਰਦਾ ਹੈ। ਉਹ 2006 ਵਿੱਚ ਮਾਲੇਗਾਓਂ ਤੋਂ ਮੁੰਬਈ ਆਇਆ।
ਉਨ੍ਹਾਂ ਦੀ ਜ਼ਿੰਦਗੀ ਵਿੱਚ ਆਰਾਮ ਦਾ ਦਿਨ ਸਿਰਫ਼ ਥਕੇਵੇਂ ਅਤੇ ਬੀਮਾਰੀ ਕਾਰਨ ਹੀ ਆਉਂਦਾ ਹੈ। ਸੁਰੇਸ਼ ਬਹੁਤ ਸੰਕੋਚ ਨਾਲ ਬੋਲਦਾ ਹੈ ਅਤੇ ਉਸ ਕੋਲ ਮਨੋਰੰਜਨ ਲਈ ਸਮਾਂ ਅਤੇ ਸਰਮਾਇਆ ਥੁੜਿਆ ਹੀ ਰਹਿੰਦਾ ਹੈ।
ਉਸ ਦਾ ਵਿਹਲਾ ਸਮਾਂ ਮੋਬਾਈਲ ਫੋਨ ਉੱਤੇ ਕ੍ਰਿਕਟ, ਯੂਟਿਊਬ ਉੱਤੇ ਗੀਤ ਅਤੇ ਹਿੰਦੀ ਫਿਲਮਾਂ ਦੇਖਣ ਵਿੱਚ ਗੁਜ਼ਰਦਾ ਹੈ। ਤਕਰੀਬਨ ਦੋ ਸਾਲ ਪਹਿਲਾਂ ਉਨ੍ਹਾਂ ਨੇ 'ਸੈਰਾਟ' ਨਾਮ ਦੀ ਫਿਲਮ ਸਿਨੇਮਾ ਵਿੱਚ ਦੇਖੀ ਸੀ।
ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਮੁਬੰਈ ਦੇ ਗੋਰਾਈ ਇਲਾਕੇ ਵਿੱਚ ਗਲੋਬਲ ਵਿਪਾਸਨਾ ਪਿਗੋੜਾ ਦੀ ਯਾਤਰਾ ਕੀਤੀ ਸੀ ਜੋ ਬੁੱਧ ਧਰਮ ਨਾਲ ਜੁੜਿਆ ਧਾਰਮਿਕ ਅਸਥਾਨ ਹੈ।
ਗੁਰਮੀਤ ਸਿੰਘ, ਕਾਮਾ, ਤਰਖਾਣਾ ਕੰਮ
33 ਸਾਲਾ ਗੁਰਮੀਤ ਸਿੰਘ ਆਪਣੇ ਪਿੰਡ ਸਹਿਜੜਾ (ਜ਼ਿਲ੍ਹਾ ਬਰਨਾਲਾ) ਤੋਂ ਤਰਖ਼ਾਣਾ ਕੰਮ ਕਰਨ ਦੂਜੀਆਂ ਥਾਵਾਂ ਤੱਕ ਜਾਂਦਾ ਹੈ। ਉਸ ਦੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਘਰਵਾਲੀ ਅਤੇ ਤਿੰਨ ਬੱਚਿਆਂ ਦਾ ਗੁਜ਼ਾਰਾ ਉਸ ਦੀ ਕਮਾਈ ਨਾਲ ਚੱਲਦਾ ਹੈ।
ਹੁਣ 400 ਰੁਪਏ ਦਿਹਾੜੀ ਮਿਲਦੀ ਹੈ ਪਰ ਕੰਮ ਟੁੱਟਦਾ ਰਹਿੰਦਾ ਹੈ। ਕਈ ਵਾਰ 20-20 ਦਿਨ ਕੰਮ ਨਹੀਂ ਮਿਲਦਾ ਤਾਂ ਦੋਸਤਾਂ ਤੋਂ ਉਧਾਰ ਫੜ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਗੁਰਮੀਤ ਨੇ ਬਰਨਾਲਾ ਵਿੱਚ ਬੀਬੀਸੀ ਨੂੰ ਦੱਸਿਆ, "ਵਿਹਲੇ ਸਮੇਂ ਘਰੇ ਬੱਚਿਆਂ ਨਾਲ ਹੀ ਰਹਿੰਦਾ ਹਾਂ। ਗਾਣੇ ਸੁਣਨ ਦਾ ਸ਼ੌਂਕ ਹੈ ਅਤੇ ਇਸੇ ਲਈ ਮੋਬਾਇਲ ਰੱਖਿਆ ਹੋਇਆ ਹੈ।" ਗੁਰਮੀਤ ਨੇ ਸਿਨੇਮਾ ਕਦੀ ਨਹੀਂ ਦੇਖਿਆ ਅਤੇ ਨਾ ਹੀ ਫਿਲਮਾਂ ਦਾ ਸ਼ੌਂਕ ਹੈ।
ਸੋਪਾਨ ਗੇਨੂੰਬਡਾਂਗੇ , ਕੁਲੀ
ਸੋਪਾਨ ਗੇਨੂੰਬਡਾਂਗੇ ਨਾਸਿਕ ਵਿੱਚ ਕੁਲੀ ਹੈ। ਸੋਕੇ ਕਾਰਨ ਉਹ ਪੈਂਤੀ ਸਾਲ ਪਹਿਲਾਂ ਆਪਣੇ ਭਰਾਵਾਂ ਨਾਲ ਅਹਿਮਦਨਗਰ ਤੋਂ ਨਾਸਿਕ ਤੋਂ ਮੁੰਬਈ ਆਇਆ ਸੀ।
ਸੋਪਾਨ ਨੇ ਹੱਥ ਰੇਹੜੀ ਚਲਾਉਣੀ ਸ਼ੁਰੂ ਕੀਤੀ। ਉਸ ਲਈ ਵਿਹਲ ਦਾ ਮਤਲਬ ਸਿਰਫ਼ ਕੰਮ ਦੀ ਉਡੀਕ ਕਰਨਾ ਹੈ।
ਉਹ ਆਪਣਾ ਵਿਹਲਾ ਸਮਾਂ ਆਪਣੇ ਸਾਥੀ ਕੁਲੀਆਂ ਨਾਲ ਗੱਲਾਂ ਕਰ ਕੇ ਗੁਜ਼ਾਰਦਾ ਹੈ।
ਮਨਜੀਤ ਕੌਰ, ਅਨਾਜ ਮੰਡੀ ਮਜ਼ਦੂਰ
ਮਨਜੀਤ ਕੌਰ ਤੋਂ ਜੀਤਾਂ ਬਣੀ 54 ਸਾਲਾ ਬੀਬੀਸੀ ਨੂੰ ਆਪਣਾ ਅਸਲ ਨਾਮ ਚੇਤੇ ਨਹੀਂ ਰਹਿੰਦਾ ਕਿਉਂ ਕਿ ਉਸ ਨੂੰ ਸਿਰਫ਼ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਕਮਾਉਣਾ ਚੇਤੇ ਰਹਿੰਦਾ ਹੈ।
ਜਗਰਾਉਂ ਦੇ ਅਗਵਾੜ ਲਧਾਈ ਦੀ ਰਹਿਣ ਵਾਲੀ ਜੀਤਾਂ ਹਾੜ੍ਹੀ ਅਤੇ ਸਾਉਣੀ ਵੇਲੇ ਆਪਣੇ ਪਰਿਵਾਰ ਨਾਲ ਦਾਣਾ ਮੰਡੀਆਂ ਵਿੱਚ ਦਿਹਾੜੀ ਕਰਦੀ ਹੈ। ਬਾਕੀ ਸਮੇਂ ਦੌਰਾਨ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜਾਂ ਸ਼ਾਮ ਸਮੇਂ ਦਾਣਿਆਂ ਦੀ ਭੱਠੀ ਮਘਾਉਂਦੀ ਹੈ।
ਸਿਨੇਮਾ ਘਰ ਦਾ ਉਸ ਨੇ ਕਦੇ ਮੂੰਹ ਨਹੀਂ ਦੇਖਿਆ। ਉਸ ਲਈ ਕੰਮ ਤੇ ਵਿਹਲੇ ਸਮੇਂ ਵਿੱਚ ਕੀਤੀਆਂ ਗੱਲਾਂ ਹੀ ਮਨੋਰੰਜਨ ਹਨ।
ਉਸ ਦਾ ਕਹਿਣਾ ਸੀ ਕਿ ਪਹਿਲਾਂ ਜ਼ਿੰਦਗੀ ਧੀਆਂ-ਪੁੱਤਾਂ ਨੂੰ ਪਾਲਣ ਖ਼ਾਤਰ ਦਿਹਾੜੀਆਂ ਕਰਦਿਆਂ ਲੰਘੀ ਅਤੇ ਹੁਣ ਪੋਤੇ-ਪੋਤੀਆਂ ਲਈ ਉਹੋ ਕੁਝ ਕਰਨਾ ਪੈ ਰਿਹਾ ਹੈ।
ਮਈ ਦਿਵਸ ਸਬੰਧੀ ਰੱਖੇ ਸਮਾਗਮ ਵਿੱਚ ਉਹ ਹੋਰਨਾਂ ਦਿਹਾੜੀਦਾਰ ਔਰਤਾਂ ਨਾਲ ਸ਼ਾਮਲ ਹੋਈ। ਲਾਲ ਸਲਾਮ ਦੇ ਨਾਅਰੇ ਵਾਲੇ ਲਾਲ ਝੰਡੇ ਅਤੇ ਬੈਨਰ ਚੁੱਕ ਕੇ ਉਸ ਨੇ ਮਜ਼ਦੂਰਾਂ ਦੇ ਹੱਕ ਵਿੱਚ ਨਾਅਰੇ ਵੀ ਬੁਲੰਦ ਕੀਤੇ।
ਕੌਮਾਂਤਰੀ ਮਈ ਦਿਹਾੜੇ ਦੀ ਅਹਿਮੀਅਤ ਬਾਰੇ ਉਸ ਨੂੰ ਜਾਣਕਾਰੀ ਨਹੀਂ। ਉਂਝ ਉਹ ਕਈ ਸਾਲਾਂ ਤੋਂ ਮਈ ਦਿਵਸ ਦੇ ਸਮਾਗਮਾਂ ਵਿੱਚ ਹਾਜ਼ਰੀ ਜ਼ਰੂਰ ਭਰਦੀ ਹੈ।
ਉਸ ਨੇ ਬੀਬੀਸੀ ਦੇ ਪੱਤਰਕਾਰ ਜਸਵੀਰ ਸ਼ੇਤਰਾ ਨੂੰ ਦੱਸਿਆ ਕਿ ਉਸ ਨੂੰ ਮਈ ਦਿਵਸ ਮੌਕੇ ਮਜ਼ਦੂਰਾਂ ਦੇ ਹੱਕ ਵਿੱਚ ਕੀਤੀਆਂ ਜਾਂਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ, ਸੁਫ਼ਨੇ ਵਰਗੀਆਂ। ਜਾਪਦਾ ਹੈ ਕਿ ਉਸ ਦੇ ਸੁਫ਼ਨੇ ਹੀ ਉਸ ਦੀ ਵਿਹਲ ਨੂੰ ਸਕਾਰਥ ਕਰਦੇ ਹਨ।
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ