ਬੰਦ ਹੋਣ ਜਾ ਰਹੀ ਹੈ ਵਿਵਾਦਾਂ 'ਚ ਘਿਰੀ ਕੈਂਬਰਿਜ ਐਨਾਲਿਟਿਕਾ

ਫੇਸਬੁੱਕ ਦੇ ਡਾਟਾ ਸਹਾਰੇ ਕਈ ਸਿਆਸੀ ਪਾਰਟੀਆਂ ਦੀ ਮਦਦ ਕਰਨ ਦੇ ਇਲਜ਼ਾਮਾਂ ਵਿੱਚ ਘਿਰੀ ਕੈਂਬਰਿਜ ਐਨਾਲਿਟਿਕਾ ਬੰਦ ਹੋਣ ਜਾ ਰਹੀ ਹੈ।

ਕੈਂਬਰਿਜ ਐਨਾਲਿਟਿਕਾ 'ਤੇ ਕਰੀਬ ਅੱਠ ਕਰੋੜ 70 ਲੱਖ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਕਰਨ ਅਤੇ ਸਿਆਸੀ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਹੈ।

ਕੰਪਨੀ ਦੀ ਵੈਬਸਾਈਟ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ, ਪਰ ਗਾਹਕ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਵਪਾਰ ਬੰਦ ਕਰਨਾ ਪੈ ਰਿਹਾ ਹੈ।

''ਇਸ ਮਾਮਲੇ ਵਿੱਚ ਹੋ ਰਹੀ ਜਾਂਚ ਜਾਰੀ ਰਹੇਗੀ ਅਤੇ ਅਸੀਂ ਜਾਂਚ ਕਰ ਰਹੀ ਅਥਾਰਿਟੀ ਨੂੰ ਪੂਰਾ ਸਹਿਯੋਗ ਦਵਾਂਗੇ।

ਬੇਬੁਨਿਆਦ ਇਲਜ਼ਾਮ

ਕੈਂਬਰਿਜ ਐਨਾਲਿਟਿਕਾ ਦੇ ਬੁਲਾਰੇ ਕਲਾਰੇਂਸ ਮਿਚੇਲ ਨੇ ਕੰਪਨੀ ਦੀ ਵੈਬਸਾਈਟ 'ਤੇ ਛਪੇ ਬਿਆਨ ਵਿੱਚ ਕਿਹਾ, ''ਪਿਛਲੇ ਕਈ ਮਹੀਨਿਆਂ ਤੋਂ ਕੰਪਨੀ 'ਤੇ ਬੇਬੁਨਿਆਦ ਇਲਜ਼ਾਮ ਲੱਗ ਰਹੇ ਹਨ ਅਤੇ ਕੰਪਨੀ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਉਨ੍ਹਾਂ ਗਤੀਵਿਧੀਆਂ ਲਈ ਬਦਨਾਮ ਕੀਤਾ ਜਾ ਰਿਹਾ ਹੈ ਜੋ ਕਾਨੂੰਨੀ ਤੌਰ 'ਤੇ ਗ਼ਲਤ ਹੈ।''

''ਸਾਨੂੰ ਆਪਣੇ ਕਰਮਚਾਰੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਹਮੇਸ਼ਾ ਨੈਤਿਕ ਅਤੇ ਕਾਨੂੰਨੀ ਰੂਪ ਤੋਂ ਸਹੀ ਕਦਮ ਚੁੱਕਦੇ ਰਹੇ ਹਨ। ਮੀਡੀਆ ਕਵਰੇਜ ਦੇ ਕਾਰਨ ਕੰਪਨੀ ਦੇ ਲਗਭਗ ਸਾਰੇ ਗਾਹਕ ਅਤੇ ਸਪਲਾਇਰ ਛੱਡ ਕੇ ਚਲੇ ਗਏ। ਇਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਇਸ ਵਪਾਰ ਨੂੰ ਚਲਾਉਣਾ ਫਾਇਦਾ ਦਾ ਸੌਦਾ ਨਹੀਂ ਹੈ।

ਇਲਜ਼ਾਮ ਇਹ ਵੀ ਹਨ ਕਿ ਕੰਪਨੀ ਨੇ ਉਸ ਡਾਟਾ ਦੀ ਵਰਤੋਂ 2016 ਵਿੱਚ ਹੋਈਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਸੀ।

ਬ੍ਰਿਟੇਨ ਦੇ ਚੈਨਲ 4 ਦੀ ਇੱਕ ਵੀਡੀਓ ਵਿੱਚ ਕੰਪਨੀ ਦੇ ਅਧਿਕਾਰੀ ਇਹ ਕਹਿੰਦੇ ਹੋਏ ਦੇਖੇ ਗਏ ਕਿ ਇਹ ਸਾਜ਼ਿਸ਼ ਅਤੇ ਰਿਸ਼ਵਤਖੋਰੀ ਦੀ ਮਦਦ ਨਾਲ ਲੀਡਰਾਂ ਨੂੰ ਬਦਨਾਮ ਕਰਦੇ ਹਨ।

ਭਾਰਤ ਵਿੱਚ ਕੈਂਬਰਿਜ ਐਨਾਲਿਟਿਕਾ ਦੇ ਸਬੰਧ

ਭਾਰਤ ਵਿੱਚ ਕੈਂਬਰਿਜ ਐਨਾਲਿਟਿਕਾ ਐਸਸੀਐਲ ਨਾਲ ਜੁੜਿਆ ਹੈ। ਇਸਦੀ ਵੈਬਸਾਈਟ ਮੁਤਾਬਕ ਇਹ ਲੰਡਨ ਦੇ ਐਸਸੀਐਲ ਗਰੁੱਪ ਅਤੇ ਓਵਲੇਨੋ ਬਿਜ਼ਨੇਸ ਇੰਟੈਲੀਜੈਂਸ (ਓਬੀਆਈ) ਪ੍ਰਾਈਵੇਟ ਲਿਮਿਟੇਡ ਦੀ ਸਾਂਝੀ ਫਰਮ ਹੈ।

ਕੈਂਬਰਿਜ ਐਨਾਲਿਟਿਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਕੰਪਨੀ ਤੋਂ ਗ਼ਲਤੀਆਂ ਹੋਈਆਂ ਹਨ।

ਉਨ੍ਹਾਂ ਨੇ ਅਜਿਹੇ ਪ੍ਰਬੰਧ ਕਰਨ ਦਾ ਭਰੋਸਾ ਜਤਾਇਆ ਸੀ ਜਿਸ ਨਾਲ ਥਰਡ ਪਾਰਟੀ ਐਪਸ ਦੇ ਲੋਕਾਂ ਦੀਆਂ ਜਾਣਕਾਰੀਆਂ ਹਾਸਲ ਕਰਨਾ ਮੁਸ਼ਕਿਲ ਹੋ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ