ਕੈਂਬਰਿਜ ਐਨਾਲਿਟਿਕਾ ਸਕੈਂਡਲ: ਫੇਸਬੁੱਕ ਮੁਖੀ ਮਾਰਕ ਜ਼ਕਰਬਰਗ ਨੇ ਮੰਨੀ ਗ਼ਲਤੀ

ਕੈਂਬਰਿਜ ਐਨਾਲਿਟਿਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੀ ਕੰਪੀਨ ਤੋਂ ''ਗ਼ਲਤੀਆਂ ਹੋਈਆਂ ਹਨ।''

ਉਨ੍ਹਾਂ ਨੇ ਅਜਿਹੇ ਪ੍ਰਬੰਧ ਕਰਨ ਦਾ ਭਰੋਸਾ ਦੁਆਇਆ ਹੈ ਜਿਸ ਨਾਲ ਥਰਡ-ਪਾਰਟੀ ਐਪਸ ਲਈ ਲੋਕਾਂ ਦੀ ਜਾਣਕਾਰੀ ਹਾਸਲ ਕਰਨਾ ਮੁਸ਼ਕਿਲ ਹੋ ਜਾਵੇ।

ਜ਼ਕਰਬਰਗ ਨੇ ਕਿਹਾ ਕਿ ਐਪ ਬਣਾਉਣ ਵਾਲੇ ਅਲੈਗਜ਼ੈਂਡਰ ਕੋਗਨ, ਕੈਂਬਰਿਜ ਐਨਾਲਿਟਿਕਾ ਅਤੇ ਫੇਸਬੁੱਕ ਵਿਚਾਲੇ ਜੋ ਹੋਇਆ ਉਹ ''ਵਿਸ਼ਵਾਸਘਾਤ'' ਦੇ ਬਰਾਬਰ ਹੈ।

ਉਨ੍ਹਾਂ ਨੇ ਕਿਹਾ, ''ਇਹ ਫੇਸਬੁੱਕ ਅਤੇ ਉਨ੍ਹਾਂ ਲੋਕਾਂ ਨਾਲ ਵੀ ਵਿਸ਼ਵਾਸਘਾਤ ਹੈ ਜਿਹੜੇ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਹਨ।''

ਸਖ਼ਤ ਕਦਮ ਚੁੱਕਣ ਦਾ ਵਾਅਦਾ

ਫੇਸਬੁੱਕ 'ਤੇ ਜਾਰੀ ਬਿਆਨ ਵਿੱਚ ਮਾਰਕ ਜ਼ਕਰਬਰਗ ਨੇ ਕਿਹਾ, ''ਫੇਸਬੁੱਕ ਨੂੰ ਮੈਂ ਸ਼ੁਰੂ ਕੀਤਾ ਹੈ ਅਤੇ ਸਾਡੇ ਇਸ ਮੰਚ 'ਤੇ ਜੋ ਕੁਝ ਵੀ ਹੁੰਦਾ ਹੈ ਉਸ ਲਈ ਮੈਂ ਜ਼ਿਮੇਵਾਰ ਹਾਂ।''

ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਜਾਂ ਫੇਰ ਉਸ ਤੋਂ ਪਹਿਲਾਂ ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਇਹ ਕਦਮ ਚੁੱਕੇ ਜਾਣਗੇ:

  • ਉਨ੍ਹਾਂ ਸਾਰੀਆਂ ਐਪਸ ਦੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਨੇ 2014 ਵਿੱਚ ਡੇਟਾ ਐਕਸਸ ਨੂੰ ਸੀਮਤ ਕੀਤੇ ਜਾਣ ਤੋਂ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਜਾਣਕਾਰੀਆਂ ਹਾਸਲ ਕਰ ਲਈਆਂ ਸਨ।
  • ਸ਼ੱਕੀ ਗਤੀਵਿਧੀਆਂ ਵਾਲੇ ਸਾਰੇ ਐਪਸ ਦੀ ਪੜਤਾਲ ਕੀਤੀ ਜਾਵੇਗੀ।
  • ਪੜਤਾਲ ਲਈ ਸਹਿਮਤ ਨਾ ਹੋਣ ਵਾਲੇ ਡਿਵੈਲਪਰ 'ਤੇ ਰੋਕ ਲਗਾ ਦਿੱਤੀ ਜਾਵੇਗੀ।
  • ਨਿੱਜੀ ਜਾਣਕਾਰੀਆਂ ਦੀ ਗ਼ਲਤ ਵਰਤੋਂ ਕਰਨ ਵਾਲੇ ਡਿਵੈਲਪਰਸ ਨੂੰ ਬੈਨ ਕਰ ਦਿੱਤਾ ਜਾਵੇਗਾ ਅਤੇ ਪ੍ਰਭਾਵਿਤ ਹੋਏ ਲੋਕਾਂ ਨੂੰ ਇਸਦੀ ਸੂਚਨਾ ਦਿੱਤੀ ਜਾਵੇਗੀ।

ਐਪ ਬਣਾਉਣ ਵਾਲਿਆਂ 'ਤੇ ਸਖ਼ਤੀ

ਫੇਸਬੁੱਕ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਨਾ ਹੋਣ, ਭਵਿੱਖ ਵਿੱਚ ਇਸ ਲਈ ਪ੍ਰਬੰਧ ਕੀਤੇ ਜਾਣਗੇ:

  • ਕਿਸੇ ਵੀ ਤਰ੍ਹਾਂ ਦੀ ਗ਼ਲਤ ਵਰਤੋਂ ਰੋਕਣ ਲਈ ਡਿਵੈਲਪਰਸ ਦਾ ਡਾਟਾ ਐਕਸਸ ਸੀਮਤ ਕੀਤਾ ਜਾਵੇਗਾ।
  • ਜੇਕਰ ਯੂਜ਼ਰ ਨੇ ਤਿੰਨ ਮਹੀਨੇ ਤੱਕ ਐਪ ਦੀ ਵਰਤੋਂ ਨਹੀਂ ਕੀਤੀ ਤਾਂ ਉਸਦੇ ਡਾਟਾ ਦਾ ਐਕਸਸ ਡਿਵੈਲਪਰ ਤੋਂ ਵਾਪਿਸ ਲੈ ਲਿਆ ਜਾਵੇਗਾ।
  • ਕਿਸੇ ਐਪ 'ਤੇ ਸਾਈਨ-ਇਨ ਕਰਦੇ ਸਮੇਂ ਯੂਜ਼ਰ ਵੱਲੋਂ ਦਿੱਤੇ ਜਾਣ ਵਾਲੇ ਡਾਟੇ ਨੂੰ ਨਾਮ, ਪ੍ਰੋਫਾਇਲ ਫੋਟੋ ਅਤੇ ਈਮੇਲ ਅਡ੍ਰੈਸ ਤੱਕ ਸੀਮਤ ਕਰ ਦਿੱਤਾ ਜਾਵੇਗਾ।
  • ਡਿਵੈਲਪਰ ਨੂੰ ਯੂਜ਼ਰ ਦੀ ਪੋਸਟ ਜਾਂ ਹੋਰ ਨਿੱਜੀ ਡੇਟਾ ਦਾ ਐਕਸਸ ਲੈਣ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ ਅਤੇ ਇੱਕ ਕਰਾਰ 'ਤੇ ਦਸਤਖ਼ਤ ਕਰਨਾ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)