You’re viewing a text-only version of this website that uses less data. View the main version of the website including all images and videos.
ਇਸ ਗਿਰਜਾਘਰ ਵਿੱਚ ਕਿਉਂ ਪੜ੍ਹੇ ਜਾਂਦੇ ਹਨ ਹਿੰਦੂ ਉਪਨਿਸ਼ਦ?
- ਲੇਖਕ, ਸੰਕੇਤ ਸਬਨਿਸ ਅਤੇ ਰਾਹੁਲ ਰਣਸੁਭੇ
- ਰੋਲ, ਬੀਬੀਸੀ ਪੱਤਰਕਾਰ
ਇਸਾਈ ਧਰਮ ਵਿੱਚ ਗੁੱਡ ਫਰਾਈਡੇਅ ਅਤੇ ਈਸਟਰ ਦੇ ਪਾਠ ਅਹਿਮ ਹੁੰਦੇ ਹਨ ਪਰ ਮਹਾਰਾਸ਼ਟਰ ਦੇ ਕੁਝ ਗਿਰਜਾਘਰਾਂ ਵਿੱਚ ਹਿੰਦੂਆਂ ਦੇ ਧਾਰਮਿਕ ਗ੍ਰੰਥ ਉਪਨਿਸ਼ਦ ਪੜ੍ਹੇ ਜਾ ਰਹੇ ਹਨ।
ਪਿਛਲੇ ਕੁਝ ਸਾਲਾਂ ਤੋਂ ਮੁੰਬਈ ਦੇ ਕੁਝ ਗਿਰਜਾਘਰਾਂ ਵਿੱਚ ਗੁੱਡ ਫਰਾਈਡੇਅ ਮੌਕੇ ਨਾਰਾਇਣ ਉਪਨਿਸ਼ਦ ਦਾ ਪਾਠ ਹੋ ਰਿਹਾ ਹੈ।
ਗਿਰਜਾਘਰ ਵਿੱਚ ਹੋਰ ਪਾਠਾਂ ਨਾਲ ਨਾਰਾਇਣ ਉਪਨਿਸ਼ਦ ਵੀ ਪੜ੍ਹਿਆ ਜਾ ਰਿਹਾ ਹੈ।
ਇਹ ਕਦਮ 'ਸਵਾਧਿਆਏ' ਪਰਿਵਾਰ ਨੇ ਚੁੱਕਿਆ ਹੈ। ਇਹ ਇੱਕ ਹਿੰਦੂ ਅਧਿਆਤਮਕ ਸੰਸਥਾ ਹੈ।
ਇਸ ਸੰਸਥਾ ਦੇ ਮੈਂਬਰ ਗਿਰਜਾਘਰਾਂ ਵਿੱਚ ਨਾਰਾਇਣ ਉਪਨਿਸ਼ਦ ਦੇ ਪਾਠ ਪੜ੍ਹਦੇ ਹਨ।
ਨਾਰਾਇਣ ਉਪਨਿਸ਼ਦ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ। ਇਹ ਕਦਮ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਹੈ।
ਅਮੋਦ ਦਾਤਰ ਸਵਾਧਿਆਏ ਪਰਿਵਾਰ ਦੇ ਮੈਂਬਰ ਹਨ।
ਉਨ੍ਹਾਂ ਕਿਹਾ, ''1991 ਵਿੱਚ ਪਾਂਡੂਰੰਗਸ਼ਾਸਤ੍ਰੀ ਅਥਾਵਾਲੇ ਨੇ ਇਸਦੀ ਸ਼ੁਰੂਆਤ ਕੀਤੀ ਸੀ। ਗੁੱਡ ਫਰਾਈਡੇਅ ਇਸਾਈਆਂ ਲਈ ਦੁੱਖ ਦੀ ਘੜੀ ਹੈ। ਉਨ੍ਹਾਂ ਦੇ ਦੁੱਖ ਦੇ ਪਲਾਂ ਵਿੱਚ ਅਸੀਂ ਉਨ੍ਹਾਂ ਦਾ ਸਾਥ ਦਿੰਦੇ ਹਾਂ।''
ਉਨ੍ਹਾਂ ਅੱਗੇ ਕਿਹਾ, ''ਨਾਰਾਇਣ ਉਪਨਿਸ਼ਦ ਵਿਸ਼ਨ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ। ਤੈਤਿਰਿਯਾ ਆਰਨਯਾਕਾ ਦਾ ਦਸਵਾਂ ਅਧਿਆਏ ਨਾਰਾਇਣ ਉਪਨਿਸ਼ਦ ਤੋਂ ਹੈ ਅਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਹੈ। ਇਸਾਈਆਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ, ਉਲਟਾ ਉਹ ਸਾਨੂੰ ਸਹਿਯੋਗ ਦਿੰਦੇ ਹਨ।''
ਉਪਨਿਸ਼ਦ ਦਾ ਸਾਰ
ਦਾਤਰ ਦੇ ਨਾਰਾਇਣ ਉਪਨਿਸ਼ਦ ਦੇ ਪਹਿਲੇ ਮੰਤਰ ਦਾ ਸਾਰ ਦੱਸਿਆ।
''ਨਾਰਾਇਣ ਦੇ ਹਜ਼ਾਰਾਂ ਸਿਰ ਅਤੇ ਬੇਅੰਤ ਅੱਖਾਂ ਹਨ ਜੋ ਦੁਨੀਆਂ ਦੀ ਭਲਾਈ ਲਈ ਕੇਂਦਰਿਤ ਹਨ, ਜੋ ਦੁਨੀਆਂ ਨੂੰ ਸਮੇਟੇ ਹੈ। ਇਸ ਲਈ ਉਸਦੀ ਪੂਜਾ ਹੋਣੀ ਚਾਹੀਦੀ ਹੈ। ਨਾਰਾਇਣ ਪਾਪ ਧੋਂਦਾ ਹੈ। ਉਹ ਰੱਬ ਹੈ ਪਰ ਸੰਸਾਰੀ ਚੀਜ਼ਾਂ ਨਾਲ ਵੀ ਜੁੜਿਆ ਹੈ। ਇਸ ਲਈ ਉਸਦੀ ਪੂਜਾ ਹੋਣੀ ਚਾਹੀਦੀ ਹੈ।''
ਇਸ ਮੰਤਰ ਨਾਲ ਪਾਠ ਸ਼ੁਰੂ ਹੁੰਦਾ ਹੈ।
ਗਿਰਜਾਘਰ ਦੇ ਪਾਦਰੀ ਫਰਾਂਸਿਸ ਡੀ ਬ੍ਰਿਟੋ ਨੇ ਬੀਬੀਸੀ ਮਰਾਠੀ ਨੂੰ ਦੱਸਿਆ, ''ਭਾਰਤ ਕਈ ਵਿਰਾਸਤਾਂ, ਭਾਸ਼ਾਵਾਂ ਅਤੇ ਧਰਮਾਂ ਦਾ ਦੇਸ਼ ਹੈ। ਹਰ ਕਿਸੇ ਦਾ ਪੂਜਾ ਕਰਨ ਦਾ ਤਰੀਕਾ ਵੱਖ ਹੈ। ਇਹੀ ਇਸ ਦੇਸ਼ ਦੀ ਸੁੰਦਰਤਾ ਹੈ ਪਰ ਇਸ ਨਾਲ ਦੋ ਧਰਮਾਂ ਵਿਚਾਲੇ ਦੁਸ਼ਮਨੀ ਨਹੀਂ ਹੋਣੀ ਚਾਹੀਦੀ।''
ਉਨ੍ਹਾਂ ਅੱਗੇ ਕਿਹਾ, ''ਇਸਦੇ ਲਈ ਇੱਕ ਦੂਜੇ ਨਾਲ ਮਿਲਕੇ ਖੁਸ਼ੀਆਂ ਸਾਂਝੀਆਂ ਕਰਨਾ ਜ਼ਰੂਰੀ ਹੈ। ਸਾਨੂੰ ਸਵਾਧਿਆਏ ਪਰਿਵਾਰ ਦੇ ਇਸ ਕਦਮ ਤੋਂ ਕੋਈ ਪ੍ਰੇਸ਼ਾਨੀ ਨਹੀਂ।''
''ਉਹ ਗੁੱਡ ਫਰਾਈਡੇਅ 'ਤੇ ਸਾਡੇ ਕੋਲ ਆਂਦੇ ਹਨ ਅਤੇ ਅਸੀਂ ਦਿਵਾਲੀ 'ਤੇ ਉਨ੍ਹਾਂ ਕੋਲ ਚਲੇ ਜਾਂਦੇ ਹਾਂ।''
ਅਮੋਦ ਦਾਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2016 ਵਿੱਚ 98 ਗਿਰਜਾਘਰ ਅਤੇ 2017 ਵਿੱਚ 114 ਗਿਰਜਾਘਰ ਇਹ ਪ੍ਰੋਗਰਾਮ ਕਰਦੇ ਹਨ।
ਮੁੰਬਈ, ਪੂਣੇ, ਠਾਣੇ, ਨਾਸ਼ਿਕ, ਔਰੰਗਾਬਾਦ, ਅਹਿਮਦਾਬਾਦ, ਰਾਜਕੋਟ ਅਤੇ ਵਡੋਡਰਾ ਵਿੱਚ ਇਹ ਰੀਤ ਨਿਭਾਈ ਜਾਂਦੀ ਹੈ।