ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਸਾਨ ਇਕਬਾਲ 'ਤੇ ਆਪਣੇ ਹਲਕੇ ਦੇ ਦੌਰੇ ਦੌਰਾਨ ਹਮਲਾ

ਇੱਕ ਬੰਦੂਕਧਾਰੀ ਨੇ ਪਾਕਿਸਤਾਨੀ ਗ੍ਰਹਿ ਮੰਤਰੀ ਅਹਸਾਨ ਇਕਬਾਲ ਨੂੰ ਗੋਲੀ ਮਾਰ ਕੇ ਜ਼ਖਮੀਂ ਕਰ ਦਿੱਤਾ ਹੈ। ਉਹ ਆਪਣੇ ਹਲਕੇ ਨਾਰੋਵਾਲ ਦੇ ਦੌਰੇ 'ਤੇ ਸਨ।

ਇਕਬਾਲ ਸ਼ਹਿਰ ਵਿੱਚ ਇੱਕ ਰੈਲੀ ਵਿੱਚ ਸ਼ਾਮਲ ਹੋਏ ਸਨ ਜਦੋਂ ਉਨ੍ਹਾਂ ਦੀ ਬਾਂਹ ਵਿੱਚ ਗੋਲੀ ਲੱਗੀ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

20 ਸਾਲਾ ਹਮਲਾਵਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਪਾਕਿਸਤਾਨ ਵਿੱਚ 15 ਜੁਲਾਈ ਨੂੰ ਆਮ ਚੋਣਾ ਹੋਣੀਆਂ ਹਨ।

ਇਕਬਾਲ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੀਨੀਅਰ ਮੈਂਬਰ ਹਨ।

ਪ੍ਰਧਾਨ ਮੰਤਰੀ ਸ਼ਾਹਿਦ ਖ਼ਾਨ ਅਬਾਸੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੰਜਾਬ ਪੁਲਿਸ ਦੇ ਮੁੱਖੀ ਤੋਂ ਫੌਰੀ ਰਿਪੋਰਟ ਤਲਬ ਕੀਤੀ ਹੈ।

ਹਮਲਾ ਕਿਵੇਂ ਹੋਇਆ?

ਇੱਕ ਸੀਨੀਅਰ ਸਰਕਾਰੀ ਸੂਤਰ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਉਹ ਇਸਾਈ ਭਾਈਚਾਰੇ ਨਾਲ ਮੁਲਾਕਾਤ ਮਗਰੋਂ ਵਾਪਸ ਆ ਰਹੇ ਸਨ।

ਸੂਤਰ ਨੇ ਅੱਗੇ ਦੱਸਿਆ ਕਿ ਹਮਲੇ ਦਾ ਇਸ ਨਾਲ ਕੋਈ ਲੈਣਾ-ਦੇਣਾ ਸੀ ਇਸ ਬਾਰੇ ਤਫ਼ਤੀਸ਼ ਤੋਂ ਬਾਅਦ ਹੀ ਕਿਹਾ ਜਾ ਸਕੇਗਾ।

ਪਾਕਿਸਤਾਨੀ ਪੰਜਾਬ ਸਰਕਾਰ ਦੇ ਬੁਲਾਰੇ ਮਲਿਕ ਅਹਿਮਦ ਖ਼ਾਨ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਉਨ੍ਹਾਂ ਦੀ ਸੱਜੀ ਬਾਂਹ 'ਚ ਗੋਲੀ ਮਾਰੀ ਗਈ ਸੀ।

ਉਨ੍ਹਾਂ ਕਿਹਾ, "ਹਮਾਲਾਵਰ ਦੂਸਰੀ ਗੋਲੀ ਚਲਾਉਣ ਹੀ ਵਾਲਾ ਸੀ ਜਦੋਂ ਪੁਲਿਸ ਅਤੇ ਮੌਜੂਦ ਲੋਕਾਂ ਨੇ ਉਸ ਨੂੰ ਦਬੋਚ ਲਿਆ।"

ਅਹਸਾਨ ਇਕਬਾਲ ਦੀ ਹਮਲੇ ਮਗਰੋਂ ਸਰਜਰੀ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)