ਪੰਜਾਬ ਦਾ ਮਤਾ - ਗੁਰੂ ਨਾਨਕ ਨਾਲ ਜੁੜੇ ਕਰਤਾਰਪੁਰ ਗੁਰਦੁਆਰੇ ਲਈ ਹੋਵੇ ਪਾਕਿਸਤਾਨ ਨਾਲ ਜ਼ਮੀਨ ਦੀ ਅਦਲਾ-ਬਦਲੀ

    • ਲੇਖਕ, ਖ਼ੁਸ਼ਬੂ ਸੰਧੂ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੁਆਗਤ ਕਰਦਿਆਂ ਪਾਕਿਸਤਾਨ 'ਚ ਸਥਿਤ ਇਤਿਹਾਸਕ ਗੁਰਦੁਆਰੇ ਨੂੰ ਭਾਰਤੀ ਅਧਿਕਾਰ ਖੇਤਰ 'ਚ ਲੈ ਕੇ ਆਉਣ ਲਈ ਪਾਕਿਸਤਾਨ ਨਾਲ ਜ਼ਮੀਨ ਅਦਲਾ-ਬਦਲੀ ਕਰਨ ਦਾ ਮਤਾ ਪਾਸ ਕੀਤਾ ਗਿਆ।

ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਮਤੇ ਨੂੰ ਪੰਜਾਬ ਸਰਕਾਰ ਕੇਂਦਰ ਸਰਕਾਰ ਅੱਗੇ ਰੱਖੇਗੀ।

ਵਿਧਾਨ ਸਭਾ ਦੇ ਇਜਲਾਸ ਦੌਰਾਨ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸ਼ਲਾਘਾ ਲਈ ਇੱਕ ਮਤਾ ਪੇਸ਼ ਕੀਤਾ ਗਿਆ।

ਮਤੇ 'ਤੇ ਚਰਚਾ ਦੌਰਾਨ ਇਹ ਸਿਫਾਰਿਸ਼ ਕੀਤੀ ਗਈ ਕਿ ਪਾਕਿਸਤਾਨ ਉਹ ਜ਼ਮੀਨ ਜਿੱਥੇ ਕਰਤਾਰਪੁਰ ਸਾਹਿਬ ਹੈ ਭਾਰਤ ਨੂੰ ਦੇ ਦੇਵੇ ਤਾਂ ਉਸ ਦੇ ਬਦਲੇ ਭਾਰਤ ਜ਼ਮੀਨ ਪਾਕਿਸਤਾਨ ਨੂੰ ਦੇ ਦੇਵੇਗਾ।

ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਮੰਗ ਸਿੱਖਾਂ ਵੱਲੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਵਾਦਤ ਪਾਕਿਸਤਾਨ ਦੌਰੇ ਤੋਂ ਬਾਅਦ ਕਰਤਾਕਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਪਰਵਾਨ ਚੜ੍ਹੀ।

ਇਹ ਵੀ ਪੜ੍ਹੋ-

ਬੀਬੀਸੀ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਮੀਨ ਦੀ ਅਦਲਾ-ਬਦਲੀ ਬਾਰੇ 1969 ਵਿੱਚ ਵੀ ਗੱਲ ਚੱਲ ਰਹੀ ਸੀ। ਪਰ 1971 ਦੀ ਲੜਾਈ ਦੌਰਾਨ ਰੁੱਕ ਗਈ।

ਉਨ੍ਹਾਂ ਕਿਹਾ, "ਵਿਧਾਨ ਸਭਾ ਵਿੱਚ ਜ਼ਮੀਨ ਦੀ ਅਦਲਾ-ਬਦਲੀ ਬਾਰੇ ਮਤਾ ਪਾਸ ਕੀਤਾ ਗਿਆ ਹੈ। ਇਸ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਇਸ ਮੁੱਦੇ 'ਤੇ ਫੈਸਲਾ ਕੇਂਦਰ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਲਿਆ ਜਾਵੇਗਾ।"

ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ "ਬ੍ਰਿਜ ਆਫ ਪੀਸ" ਵਜੋਂ ਦੱਸਿਆ।

ਕੈਪਟਨ ਅਮਰਿੰਦਰ ਨੇ ਲਾਂਘੇ ਨੂੰ ਦੱਸਿਆ ਸੀ ਸਾਜਿਸ਼

ਵਿਧਾਨ ਸਭਾ ਵਿੱਚ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਤੁਹਾਨੂੰ ਲਗਦਾ ਹੈ ਕਿ ਪਾਕਿਸਤਾਨੀ ਫੌਜ ਸਾਡੀ ਹਮਾਇਤੀ ਹੈ? ਉਹ ਲਗਾਤਾਰ ਸਾਡੇ ਜਵਾਨਾਂ ਨੂੰ ਬਾਰਡਰ ਤੇ ਮਾਰ ਰਹੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਉਹ ਉਸ ਪਹਿਲੇ ਜੱਥੇ ਦਾ ਹਿੱਸਾ ਬਣਨਗੇ ਜੋ ਕਰਤਾਰਪੁਰ ਲਾਂਘੇ ਤੋਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਰਤਾਪੁਰ ਦਾ ਲਾਂਘਾ ਖੁੱਲ੍ਹਣਾ ਕਿੰਨੀ ਹੀ ਵੱਡੀ ਕਾਮਯਾਬੀ ਹੋਵੇ ਫਿਰ ਵੀ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।

ਭਾਰਤ ਤੇ ਪਾਕਿਤਸਾਨ 'ਚ ਰੱਖਿਆ ਗਿਆ ਸੀ ਨੀਂਹ ਪੱਥਰ

26 ਨਵੰਬਰ 2018 ਨੂੰ ਬਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਵਿਖੇ ਇੱਕ ਸਮਾਗਮ ਦੌਰਾਨ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।

ਉਧਰ ਦੂਜੇ ਪਾਸੇ ਪਾਕਿਸਤਾਨ 'ਚ ਦੇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 28 ਨਵੰਬਰ 2018 ਨੂੰ ਵਿਸ਼ੇਸ਼ ਸਮਾਗਮ ਕਰਵਾ ਕੇ ਨੀਂਹ ਪੱਥਰ ਰੱਖਿਆ ਸੀ।

ਕੇਂਦਰ ਮੰਤਰੀ ਹਮਸਿਮਰਤ ਕੌਰ ਬਾਦਲ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਨੀਂਹ ਪੱਥਰ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਸਨ।0

ਇਹ ਵੀ ਪੜ੍ਹੋ-

ਕਰਤਾਰਪੁਰ ਗੁਰਦੁਆਰੇ ਦਾ ਮਹੱਤਵ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ, ਸਿਰਫ਼ ਤਿੰਨ ਘੰਟੇ ਦੀ ਦੂਰੀ 'ਤੇ ਸਥਿੱਤ ਹੈ।

ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸਨ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।

ਬਹੁਤ ਸਾਰੇ ਸ਼ਰਧਾਲੂ ਬੀਐਸਐਫ ਵੱਲੋਂ ਲਾਈਆਂ ਖ਼ਾਸ ਦੂਰਬੀਨਾਂ ਵਿੱਚੋਂ ਗੁਰਦੁਆਰੇ ਦੇ ਦਰਸ਼ਨਾਂ ਲਈ ਡੇਰਾ ਬਸੀ ਪਹੁੰਚਦੇ ਹਨ।

ਇਹ ਸਮੁੱਚੀ ਗਤੀਵਿਧੀ ਬੀਐਸਐਫ ਆਪਣੀ ਨਿਗਰਾਨੀ ਹੇਠ ਕਰਾਉਂਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)