You’re viewing a text-only version of this website that uses less data. View the main version of the website including all images and videos.
ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਚਤਰਥ ਨੂੰ ਕਿੰਨਾ ਜਾਣਦੇ ਹੋ ਤੁਸੀਂ
- ਲੇਖਕ, ਸੁਪ੍ਰਿਆ ਸੋਗਲੇ
- ਰੋਲ, ਮੁੰਬਈ ਤੋਂ, ਬੀਬੀਸੀ ਹਿੰਦੀ ਦੇ ਲਈ
''ਕਾਮੇਡੀ ਨਾਈਟਸ ਵਿਦ ਕਪਿਲ'' ਅਤੇ ''ਦਿ ਕਪਿਲ ਸ਼ਰਮਾ ਸ਼ੋਅ'' ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਚ ਉਤਰਨ ਵਾਲੇ ਕਪਿਲ ਸ਼ਰਮਾ ਬੀਤੇ ਦਿਨੀਂ ਵਿਆਹ ਦੇ ਬੰਧ ਵਿੱਚ ਬੱਝ ਗਏ।
ਉਨ੍ਹਾਂ ਦੀ ਵੋਹਟੀ ਗਿੰਨੀ ਚਤਰਥ ਨੇ ਆਪਣੇ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਲੰਬਾ ਸਮਾਂ ਪਰਦੇ ਤੋਂ ਗਾਇਬ ਰਹੇ ਕਪਿਲ ਸ਼ਰਮਾ ਆਪਣੇ ਵਿਆਹ ਕਾਰਨ ਮੁੜ ਚਰਚਾ ਵਿੱਚ ਆ ਗਏ ਹਨ। 17 ਨਵੰਬਰ ਨੂੰ ਗਿੰਨੀ ਚਤਰਥ ਦੇ ਜਨਮ ਦਿਨ 'ਤੇ ਕਪਿਲ ਨੇ ਉਨ੍ਹਾਂ ਨਾਲ ਫੋਟੋ ਵੀ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ:
ਜਿਸ ਵਿੱਚ ਉਨ੍ਹਾਂ ਨੇ ਹਰ ਹਾਲਾਤ ਵਿੱਚ ਨਾਲ ਖੜ੍ਹੇ ਰਹਿਣ ਲਈ ਗਿੰਨੀ ਦਾ ਧੰਨਵਨਾਦ ਕੀਤਾ। ਲੰਬੇ ਸਮੇਂ ਬਾਅਦ ਕਪਿਲ ਸ਼ਰਮਾ ਇੱਕ ਵਾਰ ਮੁੜ ਆਪਣੇ ਕਾਮੇਡੀ ਸ਼ੋਅ ਨਾਲ ਛੋਟੇ ਪਰਦੇ 'ਤੇ ਆ ਰਹੇ ਹਨ।
ਪਹਿਲੀ ਮੁਲਾਕਾਤ
ਗਿੰਨੀ ਚਤਰਥ ਦਾ ਅਸਲੀ ਨਾਮ ਭਵਨੀਤ ਚਤਰਥ ਹੈ। ਉਨ੍ਹਾਂ ਨੂੰ ਪਿਆਰ ਨਾਲ ਗਿੰਨੀ ਬੁਲਾਇਆ ਜਾਂਦਾ ਹੈ।
ਜਲੰਧਰ ਦੇ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਗਿੰਨੀ ਅਤੇ ਕਪਿਲ ਸ਼ਰਮਾ ਦੀ ਪਹਿਲੀ ਮੁਲਾਕਾਤ 2005 ਵਿੱਚ ਹੋਈ ਸੀ।
ਉਸ ਸਮੇਂ ਕਪਿਲ ਦੀ ਉਮਰ 24 ਸਾਲ ਅਤੇ ਗਿੰਨੀ ਦੀ ਉਮਰ 19 ਸਾਲ ਸੀ।
ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਜੇਬ ਖਰਚੇ ਲਈ ਉਸ ਦੌਰਾਨ ਥੀਏਟਰ ਦੇ ਸ਼ੋਅ ਡਾਇਰੈਕਟ ਕਰਦੇ ਸਨ। ਇਸੇ ਦੇ ਲਈ ਉਹ ਵੱਖ-ਵੱਖ ਕਾਲਜਾਂ 'ਚ ਜਾ ਕੇ ਵਿਦਿਆਰਥੀਆਂ ਦੇ ਆਡੀਸ਼ਨ ਲੈਂਦੇ ਸਨ।
ਕਪਿਲ ਲਈ ਘਰੋਂ ਖਾਣਾ ਲਿਆਉਂਦੀ ਸੀ
ਆਡੀਸ਼ਨ ਦੌਰਾਨ ਕਪਿਲ ਸ਼ਰਮਾ ਦੀ ਮੁਲਾਕਾਤ ਗਿੰਨੀ ਨਾਲ ਹੋਈ ਸੀ। ਗਿੰਨੀ ਦੇ ਕੰਮ ਨਾਲ ਉਹ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਹ ਉਨ੍ਹਾਂ ਦੇ ਪਲੇਅ ਦਾ ਹਿੱਸਾ ਵੀ ਬਣੀ।
ਉਸ ਸਮੇਂ ਗਿੰਨੀ ਰਿਹਰਸਲ ਵਿੱਚ ਕਪਿਲ ਸ਼ਰਮਾ ਲਈ ਘਰੋਂ ਖਾਣਾ ਲਿਆਉਂਦੀ ਸੀ।
ਅਦਾਕਾਰਾ ਬਣਨ ਦਾ ਸੁਪਨਾ ਦੇਖਣ ਵਾਲੀ ਗਿੰਨੀ ਚਤਰਥ ਨੇ 2009 ਵਿੱਚ ਸਟਾਰ ਵਨ ਦੇ ਸਟੈਂਡ-ਅਪ ਕਾਮੇਡੀ ਪ੍ਰੋਗਰਾਮ 'ਹੱਸ ਬੱਲੀਏ'' ਵਿੱਚ ਹਿੱਸਾ ਲਿਆ ਸੀ, ਜਿਸਦਾ ਹਿੱਸਾ ਕਪਿਲ ਸ਼ਰਮਾ ਵੀ ਸਨ।
ਇਹ ਵੀ ਪੜ੍ਹੋ:
ਸ਼ੋਅ ਤੋਂ ਬਾਅਦ ਗਿੰਨੀ ਨੂੰ ਪੰਜਾਬੀ ਫ਼ਿਲਮ ਅਤੇ ਪੰਜਾਬੀ ਟੈਲੀਵੀਜ਼ਨ ਤੋਂ ਆਫ਼ਰ ਆਏ, ਪਰ ਉਨ੍ਹਾਂ ਨੇ ਅਦਾਕਾਰੀ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ।
ਫਾਈਨੈਂਸ ਵਿੱਚ ਐਮਬੀਏ ਕਰ ਚੁੱਕੀ ਗਿੰਨਾ ਨੇ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾਉਣ ਦਾ ਫ਼ੈਸਲਾ ਕੀਤਾ।
ਗਿੰਨੀ ਚਤਰਥ ਦੀ ਇੱਕ ਛੋਟੀ ਭੈਣ ਵੀ ਹੈ।
ਕਪਿਲ ਸ਼ਰਮਾ ਜਦੋਂ ਪਹਿਲੀ ਵਾਰ ਗਿੰਨੀ ਦਾ ਹੱਥ ਮੰਗਣ ਗਏ ਸੀ ਤਾਂ ਗਿੰਨੀ ਦੇ ਪਿਤਾ ਨੇ ਉਨ੍ਹਾਂ ਦਾ ਰਿਸ਼ਤਾ ਠੁਕਰਾ ਦਿੱਤਾ ਸੀ।
ਦਸੰਬਰ 2016 ਵਿੱਚ ਕਪਿਲ ਨੇ ਗਿੰਨੀ ਨੂੰ ਫ਼ੋਨ ਕਰਕੇ ਉਨ੍ਹਾਂ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ ਅਤੇ ਇਸ ਵਾਰ ਸਭ ਕੁਝ ਕਪਿਲ ਦੇ ਮਨ ਮੁਤਾਬਕ ਹੋਇਆ।
17 ਮਾਰਚ 2017 ਵਿੱਚ ਕਪਿਲ ਨੇ ਆਪਣੇ ਫ਼ੈਨ ਤੋਂ ਗਿੰਨੀ ਨੂੰ ਆਪਣਾ ਬੈਟਰ ਹਾਫ਼ ਕਹਿ ਕੇ ਟਵਿੱਟਰ ਜ਼ਰੀਏ ਰੁਬਰੂ ਕਰਵਾਇਆ।
ਜਲੰਧਰ ਵਿੱਚ ਵਿਆਹ ਰਚਾ ਰਹੇ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਹਨੀਮੂਨ 'ਤੇ ਨਹੀਂ ਜਾਣਗੇ। ਦਰਅਸਲ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।
ਵਿਆਹ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਤਾਂ ਹੋ ਰਹੀ ਹੈ, ਕਰੀਅਰ ਵਿੱਚ ਵੀ ਉਹ ਨਵੀਂ ਤਿਆਰੀ ਨਾਲ ਉਤਰ ਰਹੇ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ