ਰਾਹੁਲ ਗਾਂਧੀ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਵਾਅਦੇ ਤੋਂ ਮੁਕਰਨ ਦਾ ਸੱਚ

ਮੱਧ ਪ੍ਰਦੇਸ 'ਚ ਕਾਂਗਰਸ ਦੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਸੱਤਾ 'ਚ ਆਉਣ ਤੋਂ 10 ਦਿਨਾਂ ਬਾਅਦ ਹੀ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦੇਵੇਗੀ।

ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਇੱਕ ਚੋਣ ਰੈਲੀ 'ਚ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀ।

ਉਸ ਸਭਾ 'ਚ ਉਨ੍ਹਾਂ ਦੇ ਭਾਸ਼ਣ ਦਾ ਇੱਕ ਹਿੱਸਾ ਅਤੇ ਉਸ ਦੇ ਨਾਲ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਕਈ ਦੱਖਣੀ ਪੰਥੀ ਸੋਚ ਵਾਲੇ ਸੋਸ਼ਲ ਮੀਡੀਆ ਯੂਜਰਜ਼ ਨੇ ਆਪਣੇ ਗਰੁਪਜ਼ ਅਤੇ ਫੇਸਬੁੱਕ ਪੇਜ ਰਾਹੀਂ ਸ਼ੇਅਰ ਕੀਤਾ।

ਇਸ ਵੀਡੀਓ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ।

ਕੀ ਹੈ ਇਸ ਵਾਇਰਲ ਵੀਡੀਓ 'ਚ

ਬੀਬੀਸੀ ਨੇ ਦੇਖਿਆ ਕਿ ਜਿਹੜੇ ਪੇਜਾਂ 'ਤੇ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ।

ਇਹ ਵੀ ਪੜ੍ਹੋ-

ਇਸ ਕਲਿੱਪ ਦੇ ਪਹਿਲੇ ਹਿੱਸੇ 'ਚ ਰਾਹੁਲ ਗਾਂਧੀ ਇਹ ਕਹਿੰਦੇ ਸੁਣੇ ਜਾਂਦੇ ਹਨ, "ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ ਸੱਤਾ 'ਚ ਆਉਣ ਦੇ 10 ਦਿਨਾਂ ਬਾਅਦ, ਤੁਹਾਡੇ (ਕਿਸਾਨਾਂ) ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ।"

ਕੁਝ ਲੋਕਾਂ ਨੇ ਇਸ ਵੀਡੀਓ 'ਚ ਰਾਹੁਲ ਗਾਂਧੀ ਦੀ ਮੰਦਸੌਰ (ਮੱਧ ਪ੍ਰਦੇਸ਼) ਦੀ ਚੋਣ ਰੈਲੀ ਦਾ ਵੀਡੀਓ ਵੀ ਵਰਤਿਆ ਹੈ ਤਾਂ ਕੁਝ ਲੋਕਾਂ ਨੇ ਵਿਦਿਸ਼ਾ ਦੀ ਚੋਣ ਰੈਲੀ 'ਚ ਦਿੱਤੇ ਗਏ ਭਾਸ਼ਨ ਦਾ ਇੱਕ ਹਿੱਸਾ ਇਸਤੇਮਾਲ ਕੀਤਾ ਹੈ।

ਉੱਥੇ ਹੀ ਵਾਇਰਲ ਵੀਡੀਓ ਦੇ ਦੂਜੇ ਹਿੱਸੇ 'ਚ ਰਾਹੁਲ ਗਾਂਧੀ ਕਹਿੰਦੇ ਦਿਖਦੇ ਹਨ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਮਦਦ ਕਰਨ ਦਾ ਰਸਤਾ ਹੈ, ਪਰ ਇਹ ਹੱਲ ਨਹੀਂ ਹੈ। ਹੱਲ ਗੁੰਝਲਦਾਰ ਹੈ - ਇਸ ਵਿੱਚ ਉਨ੍ਹਾਂ ਦੀ ਮਦਦ ਕਰਨਾ ਵੀ ਸ਼ਾਮਿਲ ਹੈ।"

ਜੇਕਰ ਤੁਸੀਂ ਉਨ੍ਹਾਂ ਦੇ ਬਿਆਨਾਂ ਨੂੰ ਨਾਲ ਜੋੜ ਦੇ ਦੇਖੋ ਤਾਂ ਇਸ ਨਾਲ ਬਿਲਕੁਲ ਅਜਿਹਾ ਲਗਦਾ ਹੈ ਕਿ ਰਾਹੁਲ ਗਾਂਧੀ ਆਪਣੀ ਕਹੀ ਗੱਲ ਤੋਂ ਪਲਟ ਰਹੇ ਹਨ।

ਪਰ ਇਹ ਸੱਚ ਨਹੀਂ ਹੈ।

ਬੀਬੀਸੀ ਦੀ ਜਾਂਚ

ਉਨ੍ਹਾਂ ਦੇ ਦੋਵਾਂ ਬਿਆਨਾਂ ਨੂੰ ਬੜੀ ਚਲਾਕੀ ਨਾਲ ਕੱਟਿਆ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੰਝ ਲਗਦਾ ਹੈ ਕਿ ਉਹ ਸੱਚਮੁਚ ਯੂ-ਟਰਨ ਲੈ ਰਹੇ ਹਨ।

ਪਰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਪੂਰਾ ਵੀਡੀਓ ਦੇਖਣ 'ਤੇ ਪਤਾ ਲਗਦਾ ਹੈ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਵੱਖ ਕਰਕੇ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਇਸ ਨਾਲ ਇੱਕ ਰਿਪੋਰਟਰ ਨੇ ਪੁੱਛਿਆ ਕਿ ਕੀ 2019 ਦੀਆਂ ਆਮ ਚੋਣਾਂ 'ਚ ਕਰਜ਼ ਮੁਆਫ਼ੀ ਕਾਂਗਰਸ ਦੀ ਰਣਨੀਤੀ ਦਾ ਹਿੱਸਾ ਹੋਵੇਗਾ?

ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਸਪੋਰਟਿੰਗ ਸਟੈਪ ਹੈ, ਕਰਜ਼ ਮੁਆਫ਼ੀ ਸਲਿਊਸ਼ਨ ਨਹੀਂ ਹੈ। ਸਲਿਊਸ਼ਨ ਜ਼ਿਆਦਾ ਕੰਪਲੈਕਸ ਹੋਵੇਗਾ।"

"ਸਲਿਊਸ਼ਨ ਕਿਸਾਨਾਂ ਨੂੰ ਸਪੋਰਟ ਕਰਨ ਦਾ ਹੋਵੇਗਾ, ਇਨਫਰਾਸਟ੍ਰੱਕਚਰ ਬਣਾਉਣ ਦਾ ਹੋਵੇਗਾ ਅਤੇ ਟੈਕਨੋਲਾਜੀ ਦੇਣ ਦਾ ਹੋਵੇਗਾ ਤੇ ਫਰੈਂਕਲੀ ਮੈਂ ਬੋਲਾਂ ਤਾਂ ਸਲਿਊਸ਼ਨ ਸੌਖਾ ਨਹੀਂ ਹੋਵੇਗਾ। ਸਲਿਊਸ਼ਨ ਚੈਲੰਜਿੰਗ ਚੀਜ਼ ਹੈ ਅਤੇ ਅਸੀਂ ਇਸ ਨੂੰ ਕਰਕੇ ਦਿਖਾਵਾਂਗੇ।"

ਕਿਸਾਨਾਂ ਦਾ ਮੁੱਦਾ

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤਿੰਨਾਂ ਹੀ ਸੂਬਿਆਂ ਦੀਆਂ ਵਿਧਆਨ ਸਭਾ ਚੋਣਾਂ 'ਚ ਕਿਸਾਨਾਂ ਦੀ ਸਮੱਸਿਆ ਇੱਕ ਬਹੁਤ ਵੱਡਾ ਮੁੱਦਾ ਰਹੀ ਹੈ।

ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ।

ਕਿਸਾਨਾਂ ਦੀ ਨਾਰਾਜ਼ਗੀ ਦਾ ਮੁੱਦਾ ਨਰਿੰਦਰ ਮੋਦੀ ਸਰਕਾਰ ਲਈ ਚਿੰਤਾ ਦੀ ਗੱਲ ਰਿਹਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਭਾਜਪਾ ਨਾਲ ਇਸੇ ਤਰ੍ਹਾਂ ਨਾਰਾਜ਼ ਰਹੇ ਤਾਂ ਆਮ ਚੋਣਾਂ 'ਚ ਵੀ ਪਾਰਟੀ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।

ਅਜਿਹੇ ਵਿੱਚ ਇਸ ਛੇੜਛਾੜ ਕੀਤੇ ਗਏ ਵੀਡੀਓ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਕਿਸਾਨਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਹੈ।

ਵੈਸੇ ਹੁਣ ਇਹ ਦੇਖਣਾ ਦਿਲਚਸਪ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੀ ਹੈ ਕਿ ਨਹੀਂ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)